ਨਜ਼ਰੀਆ꞉ ਯੂਪੀ ਦੇ 'ਰਾਮ ਭਗਤ' ਡੀਜੀ ਤੇ 'ਸੈਕੁਲਰ' ਡੀਐਮ

ਸੂਰਿਆ ਕੁਮਾਰ ਸ਼ੁਕਲਾ Image copyright Twitter/@IPS_Association
ਫੋਟੋ ਕੈਪਸ਼ਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਛਾਈ ਹੋਈ ਹੈ ਜਿਸ ਵਿੱਚ ਸੂਰਿਆ ਕੁਮਾਰ ਸ਼ੁਕਲਾ (ਕਾਲੇ ਕੋਟ ਵਿੱਚ) ਰਾਮ ਮੰਦਿਰ ਨਿਰਮਾਣ ਦੀ ਸੌਂਹ ਖਾਂਦੇ ਹੋਏ ਦਿਖ ਰਹੇ ਹਨ। ਇਹ ਵੀਡੀਓ IPS Association ਦੇ ਟਵਿੱਟਰ ਅਕਾਊਂਟ ਵਿੱਚੋਂ ਲਿਆ ਗਿਆ ਹੈ। (ਵੀਡੀਓ ਗਰੈਬ)

ਸੂਰਿਆ ਕੁਮਾਰ ਸ਼ੁਕਲਾ ਨੂੰ ਇਹ ਸੌਂਹ ਖਾਂਦੇ ਸਮੇਂ ਆਪਣੀ ਬਾਂਹ ਪੂਰੀ ਸਿੱਧੀ ਕਰਨ ਦੀ ਥਾਂ ਕੂਹਣੀ ਤੋਂ ਮੋੜ ਲੈਣੀ ਚਾਹੀਦੀ ਸੀ। ਸੰਘ ਦੇ ਝੰਡਾ-ਪ੍ਰਣਾਮ ਦੀ ਅਸਲੀ ਵਿਧੀ ਤਾਂ ਇਹੀ ਹੈ।

ਟਾਈ-ਕੋਟ ਵਿੱਚ ਸਜੇ ਉੱਤਰ ਪ੍ਰਦੇਸ਼ ਦੇ ਹੋਮਗਾਰਡ ਦੇ ਮਹਾਂ ਨਿਰਦੇਸ਼ਕ ਸ਼ੁਕਲਾ ਜੀ ਆਖ਼ਰ ਜਲਦੀ ਤੋਂ ਜਲਦੀ ਰਾਮ ਮੰਦਿਰ ਬਣਵਾਉਣ ਦੀ ਸੌਂਹ ਹੀ ਤਾਂ ਖਾ ਰਹੇ ਸਨ।

ਬਾਅਦ ਵਿੱਚ ਉਹਨਾਂ ਕਿਹਾ- "ਇਸ ਵਿੱਚ ਗਲਤ ਕੀ ਹੈ? ਮੈਂ ਰਾਮ ਮੰਦਿਰ ਬਣਾਉਣ ਦੀ ਹੀ ਤਾਂ ਗੱਲ ਕਰ ਰਿਹਾ ਸੀ।"

ਕਹਾਣੀ ਤੁਹਾਨੂੰ ਪਤਾ ਹੀ ਹੈ- 28 ਜਨਵਰੀ ਨੂੰ ਲਖਨਊ ਯੂਨੀਵਰਸਿਟੀ ਵਿੱਚ ਆਰਐੱਸਐੱਸ ਦੇ ਸਹਾਇਕ ਸੰਗਠਨਾਂ ਨੇ ਇੱਕ ਸੈਮੀਨਾਰ ਕਰਵਾਇਆ ਜਿਸ ਦਾ ਵਿਸ਼ਾ ਸੀ- ਰਾਮ ਮੰਦਿਰ ਸਮਸਿੱਆ ਤੇ ਸਮਾਧਾਨ।

ਪੁਲਿਸ ਦੇ ਸੀਨੀਅਰ ਅਫ਼ਸਰ ਸ਼ੁਕਲਾ ਜੀ ਨੂੰ ਸੱਦਿਆ ਗਿਆ। ਉਹਨਾਂ ਨੇ ਬਾਕੀ ਹਾਜਰੀਨਾਂ ਨਾਲ ਉੱਚੀ ਆਵਾਜ਼ ਵਿੱਚ ਜਲਦੀ ਤੋਂ ਜਲਦੀ ਰਾਮ ਮੰਦਿਰ ਬਣਵਾਉਣ ਦੀ ਸੌਂਹ ਖਾਧੀ। ਜੈ ਸ਼੍ਰੀ ਰਾਮ!

ਪ੍ਰਣਾਮ ਤੋਂ ਪ੍ਰਾਰਥਨਾ ਤੱਕ

ਸੈਮੀਨਾਰ ਵਿੱਚ ਜੇ ਸ਼ੁਕਲਾ ਜੀ ਝੰਡਾ-ਪ੍ਰਣਾਮ ਕਰ ਵੀ ਲੈਂਦੇ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ?

ਭਗਵੇਂ ਪਹਿਰਾਵੇ ਵਾਲੇ ਯੋਗੀ ਆਦਿਤਿਆ ਨਾਥ ਸਾਰੇ ਸੂਬੇ ਨੂੰ ਭਗਵਾਂ ਰੰਗਣਾ ਚਾਹੁੰਦੇ ਹਨ ਤਾਂ ਫੇਰ ਰਾਮ ਭਗਤ ਹੋਣ ਦਾ ਫ਼ਖਰ ਸਿਰਫ਼ ਸੂਰਿਆ ਕੁਮਾਰ ਸ਼ੁਕਲਾ ਨੂੰ ਹੀ ਕਿਉਂ ਮਿਲੇ?

ਕੀ ਇਹ ਮੌਕਾ ਸੂਬੇ ਦੀ ਪੁਲਿਸ ਦੇ ਸਾਰੇ ਕਰਮਚਾਰੀਆਂ ਨੂੰ ਮਿਲਣਾ ਚਾਹੀਦਾ?

Image copyright Getty Images

ਸੋਚੋ ਕਿਆ ਨਜ਼ਾਰਾ ਹੋਵੇਗਾ ਜਦੋਂ ਸਾਰੇ ਅਧਿਕਾਰੀ ਤੇ ਸਿਪਾਹੀ ਆਪਣੇ-ਆਪਣੇ ਹਥਿਆਰ ਲੈ ਕੇ ਭਗਵੇਂ ਝੰਡੇ ਦੇ ਸਾਹਮਣੇ ਖੜ੍ਹੇ ਹੋ ਕੇ ਇੱਕ ਸੁਰ ਵਿੱਚ ਸੰਘ ਦੀ ਪ੍ਰਾਰਥਨਾ ਗਾਉਣ꞉ ਨਮਸਤੇ ਸਦਾ ਵਾਤਸਲੇ ਮਾਤ੍ਰਭੂਮੇ....!

ਸ਼ੁਰੂ ਚ ਕੁਝ ਧਰਮ ਨਿਰਪੱਖ ਮੀਡੀਏ ਵਾਲੇ ਰੌਲਾ-ਗੌਲਾ ਕਰਨਗੇ ਪਰ ਉਹਨਾਂ ਨੂੰ ਤਾਂ ਪੁਛਿਆ ਜਾ ਸਕਦਾ ਹੈ ਕਿ ਕੀ ਹੁਣ ਪੁਲਿਸ ਵਾਲਿਆਂ ਨੂੰ ਮਾਤ ਭੂਮੀ ਦੀ ਪੂਜਾ ਕਰਨ ਦਾ ਵੀ ਹੱਕ ਨਹੀਂ ਹੈ।

ਸੰਘ ਦੀ ਪ੍ਰਾਰਥਨਾ ਵਿੱਚ ਅਜਿਹਾ ਹੈ ਹੀ ਕੀ ਜਿਸਨੂ ਠਾਣਿਆਂ, ਸਰਕਾਰੀ ਦਫ਼ਤਰਾਂ, ਸੀਆਰਪੀਐਫ਼ ਅਤੇ ਫ਼ੌਜ ਦੇ ਬੈਰਕਾ ਵਿੱਚ ਨਾ ਗਾਇਆ ਜਾ ਸਕੇ? ਰਾਸ਼ਟਰ ਪੂਜਾ ਕਰਨਾ ਕੋਈ ਪਾਪ ਹੈ?

ਇੱਕ ਹੋਰ ਸਵਾਲ ਪੁੱਛਿਆ ਜਾ ਸਕਦਾ ਹੈ- ਜੇ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਹਿੰਦੂਆਂ ਦੇ ਹੱਕ ਵਿੱਚ ਆਪਣੀ ਗੱਲ ਰੱਖਣੀ ਚਾਹੁੰਦਾ ਹੈ ਤਾਂ ਉਸਨੂੰ ਕਿਉਂ ਰੋਕਿਆ ਜਾਵੇ?

ਜੇ ਉਹ ਹਿੰਦੂਆਂ ਦੀ ਗੱਲ ਭਾਰਤ ਵਿੱਚ ਨਹੀਂ ਕਰਨਗੇ ਤਾਂ ਕੀ ਪਾਕਿਸਤਾਨ ਵਿੱਚ ਕਰਨਗੇ?

ਦੂਜੇ ਅਧਿਕਾਰੀ ਵੀ ਤਾਂ ਹਨ

ਇਹ ਇੱਕਲੀ ਦਿੱਕਤ ਨਹੀਂ ਹੈ। ਅਸਲੀ ਗੱਲ ਤਾਂ ਇਹ ਹੈ ਕਿ ਰਾਘਵੇਂਦਰ ਵਿਕਰਮ ਸਿੰਘ ਵਰਗੇ ਕੁਝ ਅਫ਼ਸਰਾਂ ਨੂੰ ਸੋਸ਼ਲ ਮੀਡੀਏ 'ਤੇ ਸੈਕੁਲਰ ਨਾਮ ਨਾਲ ਪਛਾਣਿਆ ਜਾਂਦਾ ਹੈ।

Image copyright R VIKKRAM SINGH/FACEBOOK
ਫੋਟੋ ਕੈਪਸ਼ਨ ਰਾਘਵੇਂਦਰ ਵਿਕਰਮ ਸਿੰਘ ਅੱਠ ਸਾਲ ਫ਼ੌਜ ਵਿੱਚ ਰਹੇ

ਬਰੇਲੀ ਦੇ ਜ਼ਿਲ੍ਹਾ ਮਜਿਸਟਰੇਟ ਸਿੰਘ ਅੱਜ ਵੀ ਮੁਸਲਮਾਨਾਂ ਨੂੰ ਖ਼ੁਸ਼ ਕਰਨ ਵਾਲੇ ਪੁਰਾਣੇ ਤੇ ਅਨਫੈਸ਼ਨੇਬਲ ਨਹਿਰੂ-ਗਾਂਧੀ ਵਿਚਾਰਾਂ 'ਤੇ ਤੁਰ ਰਹੇ ਹਨ।

ਕਾਸਗੰਜ ਦੇ ਫਸਾਦਾਂ ਮਗਰੋਂ ਉਹਨਾਂ ਲਿਖਿਆ- "ਇੱਥੇ ਰਹਿ ਰਹੇ ਮੁਸਲਮਾਨ ਸਾਡੇ ਭਾਈ ਹਨ। ਸਾਡੀਆਂ ਰਗਾਂ ਵਿੱਚ ਇੱਕੋ-ਜਿਹਾ ਖੂਨ ਵਗ ਰਿਹਾ ਹੈ। ਸਾਡਾ ਡੀਐਨਏ ਇੱਕ ਹੈ।"

ਅਜਿਹੀ ਸੋਚ ਲਈ ਤਾਂ ਮਹਾਤਮਾਂ ਗਾਂਧੀ ਨੂੰ ਵੀ ਮਾਫ਼ ਨਹੀਂ ਕੀਤਾ ਗਿਆ ਰਾਘਵੇਂਦਰ ਵਿਕਰਮ ਸਿੰਘ ਕੀ ਚੀਜ਼ ਹੈ!

ਪਾਰਟੀ ਦੇ ਬੁਲਾਰੇ ਵਾਂਗ

ਸਾਫ਼ ਹੈ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਰਾਘਵੇਂਦਰ ਵਿਕਰਮ ਸਿੰਘ ਦੀ ਇਹ 'ਵਿਗੜੀ ਹੋਈ ਧਰਮ ਨਿਰਪੇਖਤਾ' ਪਸੰਦ ਨਹੀਂ ਆਈ ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ- ਉਹ(ਰਾਘਵੇਂਦਰ ਵਿਕਰਮ ਸਿੰਘ) ਕਿਸੇ ਪਾਰਟੀ ਦੇ ਬੁਲਾਰੇ ਵਾਂਗ ਬੋਲਦੇ ਦਿਖਾਈ ਦੇ ਰਹੇ ਹਨ। ਜਦ ਕਿ ਸਰਕਾਰੀ ਕਰਮਚਾਰੀ ਕੁਝ ਨੇਮਾਂ ਨਾਲ ਬੰਨੇ ਹੋਏ ਹੁੰਦੇ ਹਨ।"

Image copyright Getty Images

ਸਹੀ ਗੱਲ ਹੈ। ਸਰਕਾਰੀ ਕਰਮਚਾਰੀ ਨੇਮਾਂ ਨਾਲ ਬੰਨੇ ਹੋਏ ਹੋਏ ਹਨ ਪਰ ਹਿੰਦੂਤਵ ਦੀ ਗੱਲ ਕਰਨ ਵਾਲੇ ਸਰਕਾਰੀ ਕਰਮਚਾਰੀ ਨਹੀਂ।

ਜੇ ਸਰਕਾਰੀ ਕਰਮਚਾਰੀ ਹੁੰਦੇ ਹੋਏ ਤੁਸੀਂ ਝੰਡਾ-ਪ੍ਰਣਾਮ ਕਰ ਲਵੋਂ, ਸੰਘ ਦੀ ਪ੍ਰਾਰਥਨਾ ਗਾ ਲਵੋਂ ਜਾਂ ਰਾਮ ਮੰਦਿਰ ਨਿਰਮਾਣ ਦੀ ਸੌਂਹ ਖਾਂਦੇ ਹੋਏ ਅੰਤ ਵਿੱਚ ਹਿੰਦੂਤਵ ਦਾ ਨਾਅਰਾ 'ਜੈ ਸ਼੍ਰੀ ਰਾਮ' ਲਾ ਦਿਉਂ ਤਾਂ ਤੁਹਾਡੇ ਤੇ ਕੋਈ ਸੇਵਾ ਨਿਯਮ ਲਾਗੂ ਨਹੀਂ ਹੋਣਗੇ।

ਅਜਿਹਾ ਕਰਕੇ ਤਾਂ ਤੁਸੀਂ ਸਦਾ ਹੀ ਮਮਤਾਮਈ ਰਹਿਣ ਵਾਲੀ ਮਾਤ ਭੂਮੀ ਦੀ ਭਗਤੀ ਕਰ ਰਹੇ ਹੋਵੋਂਗੇ। ਨਾਲੇ ਕੀ ਤੁਹਾਨੂੰ ਆਪਣੇ ਰਾਸ਼ਟਰ ਦੀ ਮਹਿਮਾ ਗਾਉਣਾ ਕੋਈ ਜੁਰਮ ਹੈ?

ਹਾਂ ਜੇ ਤੁਸੀਂ ਕਾਨੂੰਨ ਪ੍ਰਬੰਧ ਬਣਾਈ ਰੱਖਣ ਲਈ ਜ਼ਿੰਮੇਵਾਰ ਕੋਈ ਅਧਿਕਾਰੀ ਹਿੰਦੂ-ਮੁਸਲਿਮ ਏਕਤਾ ਕਾਇਮ ਰੱਖਣ ਦੀ ਗੱਲ ਕਰੇ ਤਾਂ ਉਸਨੂੰ ਉੱਪ ਮੁੱਖ ਮੰਤਰੀ ਸੇਵਾ ਸ਼ਰਤਾਂ ਯਾਦ ਕਰਵਾਉਂਦੇ ਹਨ ਕਿਉਂਕਿ ਹਿੰਦੂ-ਮੁਸਲਿਮ ਏਕਤਾ ਇੱਕ ਅਜਿਹਾ ਲਾਲ ਕੱਪੜਾ ਹੈ ਜਿਸ ਨੂੰ ਦੇਖ ਕੇ ਹਿੰਦੂਤਵ ਦਾ ਝੋਟਾ ਕਿੱਲਾ ਤੁੜਾ ਕੇ ਮਾਰਨ ਨੂੰ ਪੈਂਦਾ ਹੈ।

ਹਿੰਦੂਤਵ ਦੇ ਪ੍ਰਚਾਰਕ ਅਧਿਕਾਰੀ

ਰਾਜਸਥਾਨ ਦੇ ਆਈਐਸ ਅਧਿਕਾਰੀ ਸੰਜੇ ਦੀਕਸ਼ਤ ਨੂੰ ਤੁਹਾਡੇ ਵਿੱਚੋਂ ਕਈ ਨਹੀਂ ਜਾਣਦੇ ਹੋਣੇ ਪਰ ਉਹਨਾਂ ਦੇ ਟਵਿੱਟਰ ਅਕਾਊਂਟ ਜਾਂ ਫੇਸਬੁੱਕ ਸਫ਼ੇ ਤੇ ਨਿਗਾਹ ਮਾਰੀਏ ਤਾਂ ਸਮਝ ਵਿੱਚ ਆ ਜਾਵੇਗਾ ਕਿ ਹਿੰਦੂਤਵ ਦਾ ਪ੍ਰਚਾਰਕ ਅਫ਼ਸਰ ਕੀ ਸੋਚਦਾ ਹੈ।

ਦੀਕਸ਼ਤ ਰਾਜਸਥਾਨ ਸਰਕਾਰ ਦੇ ਚੀਫ਼ ਸੈਕਟਰੀ ਦੇ ਉੱਚ ਅਹੁਦੇ 'ਤੇ ਤੈਨਾਤ ਹਨ। ਉਹਨਾਂ ਦੇ ਵਧੇਰੇ ਟਵੀਟ ਹਿੰਦੂਵਾਦੀ ਵਿਚਾਰਧਾਰਾ ਦੇ ਪੱਖ ਵਿੱਚ ਹੁੰਦੇ ਹਨ।

ਉਹ ਲੱਭ-ਲੱਭ ਕੇ ਉਹ ਟਵੀਟ ਦੁਬਾਰਾ ਟਵੀਟ ਕਰਦੇ ਹਨ ਜਿਨ੍ਹਾਂ ਵਿੱਚ ਮੁਸਲਮਾਨਾਂ, ਵਾਮਪੰਥੀਆਂ, ਉਦਾਰਵਾਦੀਆਂ 'ਤੇ ਹਮਲਾ ਕੀਤਾ ਗਿਆ ਹੋਵੇ।

ਮੈਂ ਨਹੀਂ ਜਾਣਦਾ ਕਿ ਵਸੂੰਧਰਾਰਾਜੇ ਸਿੰਧਿਆ ਦੀ ਸਰਕਾਰ ਨੇ ਕਿੰਨੀ ਵਾਰ ਸੰਜੇ ਦਿਕਸ਼ਿਤ ਨੂੰ ਸਰਕਾਰੀ ਕਰਮਚਾਰੀਆਂ ਦੀ ਸੇਵਾ ਸ਼ਰਤਾਂ ਦੀ ਯਾਦ ਦਵਾਈ ਹੋਵੇਗੀ।

Image copyright Twitter/Sanjay_Dixit

ਪਰ ਰਾਘਵੇਂਦਰ ਵਿਕਰਮ ਸਿੰਘ ਨੂੰ ਸਰਕਾਰੀ ਸੇਵਾ ਸ਼ਰਤਾਂ ਦੇ ਤਹਿਤ ਜਵਾਬ ਤਲਬੀ ਦੀ ਧਮਕੀ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਨ ਦੀ ਗ਼ਲਤੀ ਕਰ ਰਹੇ ਹਨ।

ਉਹ ਵੀ ਅਜਿਹੇ ਦੌਰ ਵਿੱਚ ਜਦੋਂ ਭਾਰਤੀ ਮੁਸਲਮਾਨਾਂ ਦੇ ਅਧਿਕਾਰਾਂ ਦੀ ਗੱਲ ਕਰਨ ਜਾਂ ਉਨ੍ਹਾਂ ਨੂੰ ਇੱਕ ਨਾਗਰਿਕ ਦੇ ਸਾਰੇ ਅਧਿਕਾਰ ਦਿੱਤੇ ਜਾਣ ਦੀ ਵਕਾਲਤ ਕਰਨ ਨੂੰ ਲਗਭਗ ਜ਼ੁਰਮ ਜਿਹਾ ਬਣਾ ਦਿੱਤਾ ਗਿਆ ਹੈ ਅਤੇ ਇਸਨੂੰ 'ਫੁਸਲਾਉਣਾ' ਕਹਿ ਕੇ ਸਵੀਕਾਰ ਨਹੀਂ ਕੀਤਾ ਗਿਆ।

ਖ਼ੁਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਦੇ ਸ਼ਬਦਾਂ ਵਿੱਚ 'ਫੁਸਲਾਉਣ' ਦੀ ਨੀਤੀ ਦੇ ਖ਼ਿਲਾਫ਼ ਸੰਦੇਸ਼ ਦੇਣ ਵਾਲੇ ਹੋਰ ਕੋਈ ਨਹੀਂ ਬਲਕਿ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ