ਕਿਉਂ ਅੰਕਿਤ ਦੇ ਗੁਆਂਢੀ ਮੀਡੀਆ ਤੇ ਸਿਆਸਤਦਾਨਾਂ ਤੋਂ ਦੁਖੀ ਹਨ?

ਅੰਕਿਤ ਸਕਸੈਨਾ Image copyright Ankit Saxena/FACEBOOK
ਫੋਟੋ ਕੈਪਸ਼ਨ ਪੱਛਮੀ ਦਿੱਲੀ ਦੇ ਰਘਬੀਰ ਨਗਰ ਵਿੱਚ 23 ਸਾਲਾ ਫੋਟੋਗ੍ਰਾਫਰ ਅੰਕਿਤ ਸਕਸੈਨਾ ਦਾ ਇੱਕ ਨੌਜਵਾਨ ਕੁੜੀ ਦੇ 4 ਪਰਿਵਾਰਕ ਮੈਂਬਰਾਂ ਨੇ ਬਹਿਸ ਮਗਰੋਂ ਕਤਲ ਕਰ ਦਿੱਤਾ ਸੀ।

14 ਫਰਵਰੀ ਯਾਨੀ ਵੈਲੇਨਟਾਈਨ ਦਿਨ ਦੀ ਉਡੀਕ ਕਰਦੀਆਂ ਫ਼ੁੱਲਾਂ ਨਾਲ ਸਜੀਆਂ ਦੁਕਾਨਾਂ, ਸੜਕਾਂ 'ਤੇ ਭੱਜਦੀਆਂ ਗੱਡੀਆਂ, ਬੱਚਿਆਂ ਦੇ ਹੱਥ ਫ਼ੜ ਕੇ ਸੜਕ ਪਾਰ ਕਰਦੀਆਂ ਮਾਂਵਾਂ ਤੇ ਮੰਦਿਰ 'ਚੋਂ ਆਉਂਦੀ ਕੀਰਤਨ ਦੀ ਆਵਾਜ਼...

ਪੱਛਮੀ ਦਿੱਲੀ ਦੇ ਰਘਬੀਰ ਨਗਰ ਇਲਾਕੇ ਵਿੱਚ ਦਾਖ਼ਲ ਹੁੰਦਿਆਂ ਇਹ ਸਭ ਕੁਝ ਨਜ਼ਰ ਆਉਂਦਾ ਹੈ ਪਰ ਅੱਗੇ ਜਾ ਕੇ ਚੀਜ਼ਾਂ ਬਦਲਣ ਲਗਦੀਆਂ ਹਨ।

ਥਾਂ-ਥਾਂ ਵਰਦੀਧਾਰੀ ਪੁਲਿਸ ਵਾਲੇ ਅਤੇ ਮਾਈਕ ਲੈ ਕੇ ਭੱਜੇ ਫ਼ਿਰਦੇ ਮੀਡੀਏ ਦੇ ਲੋਕ ਦਿਖਣ ਲਗਦੇ ਹਨ।

ਜਿੱਥੇ ਅੰਕਿਤ ਦਾ ਘਰ ਹੈ...

ਥੋੜ੍ਹਾ ਹੋਰ ਨੇੜੇ ਜਾ ਕੇ ਅੰਕਿਤ ਸਕਸੈਨਾ ਦਾ ਖ਼ੌਫਨਾਕ ਕਤਲ, ਆਨਰ ਕਿਲਿੰਗ, ਮੁਸਲਮਾਨ ਅਤੇ ਫ਼ਿਰਕੂ ਤਣਾਅ ਵਰਗੇ ਸ਼ਬਦ ਕੰਨੀਂ ਪੈਦੇ ਹਨ।

ਇੱਥੇ ਸਾਰਿਆਂ ਨੂੰ ਅੰਕਿਤ ਸਕਸੈਨਾ ਦੇ ਘਰ ਦਾ ਪਤਾ ਹੈ। ਉਹੀ ਅੰਕਿਤ ਸਕਸੈਨਾ ਜਿਸ ਦਾ ਦੋ ਦਿਨ ਪਹਿਲਾਂ 'ਗਲੇ 'ਤੇ ਚਾਕੂ ਫੇਰ ਕੇ ਸ਼ਰ੍ਹੇਆਮ ਕਤਲ ਕਰ ਦਿੱਤਾ ਗਿਆ ਸੀ।'

ਕਈ ਤੰਗ ਗਲੀਆਂ 'ਚੋਂ ਲੰਘ ਕੇ ਅਸੀਂ ਅੰਕਿਤ ਦੇ ਘਰ ਪਹੁੰਚੇ।

ਸਾਨੂੰ ਲੋਕਾਂ ਨੇ ਦੱਸਿਆ ਕਿ ਉੱਥੇ ਜਾਣ ਦਾ ਕੋਈ ਲਾਭ ਨਹੀਂ ਹੈ ਕਿਉਂਕ ਅੰਕਿਤ ਦੇ ਪਿਤਾ ਹਰਿਦੁਆਰ ਫੁੱਲ ਪਾਉਣ ਗਏ ਹੋਏ ਹਨ ਤੇ ਮਾਂ ਹਸਪਤਾਲ ਵਿੱਚ ਭਰਤੀ ਹੈ।

ਕੀ ਹੋਇਆ ਸੀ ਅੰਕਿਤ ਸਕਸੈਨਾ ਨਾਲ

ਪੱਛਮੀ ਦਿੱਲੀ ਦੇ ਰਘਬੀਰ ਨਗਰ ਵਿੱਚ 23 ਸਾਲਾ ਫੋਟੋਗ੍ਰਾਫਰ ਅੰਕਿਤ ਸਕਸੈਨਾ ਦਾ ਇੱਕ ਨੌਜਵਾਨ ਕੁੜੀ ਦੇ 4 ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਬਹਿਸ ਮਗਰੋਂ ਕਤਲ ਕਰ ਦਿੱਤਾ ਸੀ। ਉੱਥੇ ਹੀ ਕੁੜੀ ਅੰਕਿਤ ਦੀ ਕਿਸੇ ਮੈਟਰੋ ਸਟੇਸ਼ਨ ਦੇ ਬਾਹਰ ਉਡੀਕ ਕਰ ਰਹੀ ਸੀ।

ਪੁਲਿਸ ਮੁਤਾਬਕ ਮਰਹੂਮ ਦਾ ਇੱਕ ਘੱਟ ਗਿਣਤੀ ਨਾਲ ਸੰਬੰਧਤ ਪਰਿਵਾਰ ਦੀ 29 ਸਾਲਾ ਕੁੜੀ ਨਾਲ ਪਿਆਰ ਦਾ ਰਿਸ਼ਤਾ ਸੀ।

ਪੁਲਿਸ ਮੁਤਾਬਕ ਕੁੜੀ ਦੇ ਪਿਤਾ, ਚਾਚਾ ਅਤੇ ਉਸਦੇ 16 ਸਾਲਾ ਭਰਾ ਨੇ ਇਨ੍ਹਾਂ ਸੰਬੰਧਾਂ ਬਾਰੇ ਇਤਰਾਜ਼ ਜਤਾਇਆ ਤੇ ਅੰਕਿਤ ਨੂੰ ਕੁੜੀ ਤੋਂ ਦੂਰ ਰਹਿਣ ਲਈ ਕਿਹਾ।

ਬਹਿਸ ਮਗਰੋਂ ਕੁੜੀ ਦੇ ਪਿਤਾ ਨੇ 'ਗਲੇ 'ਤੇ ਚਾਕੂ ਫੇਰ ਕੇ ਕਤਲ ਕਰ ਦਿੱਤਾ ਸੀ। ਅੰਕਿਤ ਦੀ ਦੋਸਤ ਦਾ ਘਰ ਨਜ਼ਦੀਕ ਹੀ ਸੀ।

ਰਿਸ਼ਤੇਦਾਰਾਂ ਤੇ ਗੁਆਂਢੀਆਂ ਦਾ ਕੀ ਕਹਿਣਾ ਹੈ

ਅੰਕਿਤ ਦੇ ਨਜ਼ਦੀਕੀ ਤੇ ਗੁਆਂਢੀ ਮੀਡੀਏ ਤੋਂ ਕਾਫ਼ੀ ਦੁਖੀ ਹਨ।

ਫੋਟੋ ਕੈਪਸ਼ਨ ਅੰਕਿਤ ਸਕਸੈਨਾ ਦੇ ਘਰ ਨੂੰ ਜਾਂਦੀ ਗਲੀ

ਗੁਆਂਢ ਦੀ ਇੱਕ ਔਰਤ ਨੇ ਕਿਹਾ, "ਤੁਸੀਂ ਇੱਥੋਂ ਜਾਓ, ਪਲੀਜ਼, ਅਸੀਂ ਕਿਸੇ ਨੂੰ ਨਹੀਂ ਦੇਖਣਾ ਚਾਹੁੰਦੇ। ਅੰਕਿਤ ਦੇ ਮਾਪਿਆਂ ਨੇ ਸਾਨੂੰ ਕਿਸੇ ਨਾਲ ਗੱਲ ਕਰਨ ਤੋਂ ਮਨ੍ਹਾਂ ਕੀਤਾ ਹੈ।"

ਇੱਕ ਹੋਰ ਔਰਤ ਨੇ ਕਿਹਾ, "ਅਸੀਂ ਹਿੰਦੂ-ਮੁਸਲਮਾਨਾਂ ਵਾਲੀ ਗੱਲ ਚੁੱਕੀ ਹੀ ਨਹੀਂ। ਇਹ ਗੱਲਾਂ ਮੀਡੀਆ ਨੇ ਉਛਾਲੀਆਂ ਹਨ। ਸਾਡਾ ਤਾਂ ਮੀਡੀਏ ਤੋਂ ਭਰੋਸਾ ਚੁੱਕਿਆ ਗਿਆ ਹੈ। ਝਗੜਾ ਵਧਾਉਣ ਤਾਂ ਕਈ ਲੋਕ ਆਏ ਪਰ ਅਸੀਂ ਆਪਣੇ ਬੱਚੇ ਦੀ ਮਿੱਟੀ ਖਰਾਬ ਨਹੀਂ ਕਰਨਾ ਚਾਹੁੰਦੇ।"

ਝਗੜਾ ਨਹੀਂ ਵਧਾਉਣਾ...

ਉੱਥੇ ਹੀ ਮੌਜੂਦ ਇੱਕ ਕੁੜੀ ਨੇ ਦੱਸਿਆ, "ਸਾਡੇ ਮੁਹੱਲੇ ਵਿੱਚ ਇੱਕ ਆਦਮੀ ਆਇਆ ਸੀ। ਉਹ ਕਹਿ ਰਿਹਾ ਸੀ, ਤੁਸੀਂ ਇੱਕ ਆਵਾਜ਼ ਉਠਾਓ 100 ਬੰਦੇ ਖੜੇ ਹਨ, ਮਸਜਿਦ ਚਲਦੇ ਹਾਂ। ਅਸੀਂ ਤੁਰੰਤ ਫੋਰਸ ਬੁਲਾਈ ਤਾਂ ਉਹ ਭੱਜ ਗਿਆ।"

ਉਹ ਆਦਮੀ ਕੌਣ ਸੀ? ਇਸ ਦੇ ਜਵਾਬ ਵਿੱਚ ਉਸਨੇ ਕਿਹਾ,"ਪਤਾ ਨਹੀਂ ਉਹ ਕੌਣ ਸੀ...ਉਸ ਤੋਂ ਪਹਿਲਾਂ ਮਨੋਜ ਤਿਵਾਰੀ (ਦਿੱਲੀ ਭਾਜਪਾ ਦੇ ਪ੍ਰਧਾਨ) ਆਏ ਸੀ ਉਹਨਾਂ ਦੇ ਜਾਣ ਤੋਂ ਤੁਰੰਤ ਬਾਅਦ ਆਇਆ ਸੀ। ਸਾਨੂੰ ਕੁਝ ਨਹੀਂ ਪਤਾ, ਅਸੀਂ ਲੜਾਈ ਨਹੀਂ ਵਧਾਉਣੀ।"

ਇਹ ਔਰਤਾਂ ਰੋਣ-ਹਾਕੀਆਂ ਹੋ ਕੇ ਦੱਸਦੀਆਂ ਹਨ, "ਕਿੰਨਾ ਹੱਸਮੁਖ ਲੜਕਾ ਸੀ, ਹਮੇਸ਼ਾ ਹਾਸੀ-ਮਜ਼ਾਕ ਕਰਦਾ ਰਹਿੰਦਾ ਸੀ। ਕਿੰਨਾਂ ਟੈਲੇਂਟਡ ਸੀ। ਤੁਸੀਂ ਕਿਸੇ ਨੂੰ ਵੀ ਪੁੱਛ ਲਓ ਸਾਰੇ ਇਹੀ ਕਹਿਣਗੇ ਜੋ ਅਸੀਂ ਦੱਸ ਰਹੇ ਹਾਂ।"

ਗੁਆਂਢੀਆਂ ਨੇ ਦੱਸਿਆ ਕਿ ਅੰਕਿਤ ਦੇ ਮਾਤਾ-ਪਿਤਾ ਪੂਰੀ ਰਾਤ ਰੋਂਦੇ ਰਹੇ ਤੇ ਸਾਰੀ ਰਾਤ ਘਰ ਵਿੱਚੋਂ ਰੋਣ ਦੀਆਂ ਆਵਾਜ਼ਾਂ ਆਈ ਗਈਆਂ।

ਫੋਟੋ ਕੈਪਸ਼ਨ ਉਹ ਥਾਂ ਜਿੱਥੇ ਅੰਕਿਤ ਨੇ ਆਖਰੀ ਸਾਹ ਲਏ

ਅੰਕਿਤ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ, "ਹੁਣ ਅਸੀਂ ਇਨ੍ਹਾਂ ਨੂੰ ਇੱਥੇ ਨਹੀਂ ਰਹਿਣ ਦੇਵਾਂਗੇ ਇੱਕੋ ਤਾਂ ਮੁੰਡਾ ਸੀ ਹੁਣ ਕਿਸਦਾ ਮੂੰਹ ਦੇਖ ਕੇ ਜਿਉਣਗੇ?"

ਅੰਕਿਤ ਦੇ ਦੋਸਤਾਂ ਦੀ ਜ਼ੁਬਾਨੀ

ਅੰਕਿਤ ਦੇ ਘਰ ਕੋਲ ਇੱਕ ਮੋਬਾਈਲ ਫੋਨਾਂ ਦੀ ਦੁਕਾਨ ਹੈ। ਸੋਸ਼ਲ ਮੀਡੀਆ 'ਤੇ ਇਸੇ ਦੁਕਾਨ ਸਾਹਮਣੇ ਖੜੇ ਅੰਕਿਤ ਦੀ ਤਸਵੀਰ ਮਿਲ ਰਹੀ ਹੈ।

ਉਹ ਇਸ ਦੁਕਾਨ 'ਤੇ ਅਕਸਰ ਆਇਆ ਕਰਦਾ ਸੀ। ਦੁਕਾਨ ਵਿੱਚ ਕੰਮ ਕਰਦਾ ਇੱਕ ਲੜਕਾ ਉਸਦਾ ਦਾ ਕਰੀਬੀ ਦੋਸਤ ਹੈ।

ਉਹ ਅੰਕਿਤ ਦੇ ਯੂਟਿਊਬ ਚੈਨਲ 'ਆਵਾਰਾ ਬੁਆਇਜ਼' ਲਈ ਵੀ ਕੰਮ ਕਰਦਾ ਸੀ।

ਫੋਟੋ ਕੈਪਸ਼ਨ ਹਰ ਥੋੜ੍ਹੀ ਥੋੜ੍ਹੀ ਥਾਂ ਉੱਤੇ ਮੀਡੀਏ ਵਾਲੇ ਖੜ੍ਹੇ ਹਨ

ਉਸ ਨੇ ਦੱਸਿਆ, "ਉਸ ਦਿਨ ਅੰਕਿਤ ਲੈਪਟਾਪ ਲੈ ਕੇ ਇੱਥੇ ਆਇਆ ਸੀ। ਤਕਰੀਬਨ ਇੱਕ ਘੰਟਾ ਰੁਕਿਆ। ਆਪਣੇ ਯੂਟਿਊਬ ਚੈਨਲ ਦੀਆਂ ਵੀਡੀਓਜ਼ ਐਡਿਟ ਕਰ ਰਿਹਾ ਸੀ। ਸ਼ਾਮ ਨੂੰ ਜਦੋਂ ਇੱਥੇ ਝਗੜਾ ਹੋਇਆ ਉਸ ਤੋਂ ਕੁਝ ਮਿੰਟ ਪਹਿਲਾਂ ਇੱਥੇ ਖੜ੍ਹਾ ਹੋ ਕੇ ਫੋਨ 'ਤੇ ਗੱਲ ਕਰ ਰਿਹਾ ਸੀ।"

ਦੁਕਾਨ ਮਾਲਿਕ ਦਾ ਦਾਅਵਾ

ਦੁਕਾਨ ਦੇ ਮਾਲਿਕ ਨੇ ਸਾਨੂੰ ਸੀਸੀਟੀਵੀ ਦੀਆਂ ਤਸਵੀਰਾਂ ਦਿਖਾਈਆਂ। ਹਾਂ ਇਹ ਤਸਵੀਰਾਂ ਦੇਣ ਤੋਂ ਉਹਨਾਂ ਨੇ ਮਨ੍ਹਾਂ ਕਰ ਦਿੱਤਾ ਕਿਉਂਕਿ ਪੁਲਿਸ ਨੇ ਰੋਕਿਆ ਹੋਇਆ ਹੈ।

ਤਸਵੀਰਾਂ ਦੁਕਾਨਦਾਰ ਦੀ ਕਹਾਣੀ ਦੀ ਤਸਦੀਕ ਕਰਦੀਆਂ ਹਨ।

ਦੁਕਾਨ ਦੇ ਮਾਲਿਕ ਨੇ ਸਾਨੂੰ ਦੱਸਿਆ, "ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਕੁੜੀ ਦੋ ਦਿਨਾਂ ਦੀ ਲਾਪਤਾ ਸੀ। ਅਜਿਹਾ ਕੁਝ ਨਹੀਂ ਹੈ। ਉਹ ਉਸੇ ਦਿਨ ਸ਼ਾਮ ਨੂੰ ਘਰੋਂ ਨਿਕਲੀ ਸੀ ਵਾਪਸੀ 'ਚ ਦੇਰ ਹੋ ਗਈ ਤਾਂ ਉਸਦੇ ਘਰਵਾਲਿਆਂ ਨੇ ਅੰਕਿਤ ਨੂੰ ਸੜਕ 'ਤੇ ਰੋਕ ਲਿਆ।"

ਬਹਿਸ ਹੋਣ ਲੱਗ ਪਈ...

ਦੁਕਾਨ ਦੇ ਮਾਲਿਕ ਨੇ ਦੱਸਿਆ, "ਅੰਕਿਤ ਦੀ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਬਹਿਸ ਹੋਣ ਲੱਗ ਪਈ। ਉਸ ਨੂੰ ਫੜ ਕੇ ਕੁੱਟਣ ਲੱਗ ਪਏ ਇਸੇ ਦੌਰਾਨ ਕਿਸੇ ਨੇ ਅੰਕਿਤ ਦੇ ਘਰ ਜਾਣਕਾਰੀ ਦੇ ਦਿੱਤੀ। ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਵੀ ਕੀਤੀ।"

ਫੋਟੋ ਕੈਪਸ਼ਨ ਘਟਨਾ ਇੱਥੇ ਹੀ ਹੋਈ ਸੀ ਤੇ ਉਸ ਮਗਰੋਂ ਇਹ ਦੁਕਾਨਾਂ ਬੰਦ ਹਨ

"ਅੰਕਿਤ ਨੇ ਕਿਹਾ ਅੰਕਲ ਤੁਸੀਂ ਥਾਣੇ ਚੱਲੋ ਗੁਲਰੋਜ਼ (ਬਦਲਿਆ ਨਾਮ) ਮੇਰੇ ਨਾਲ ਨਹੀਂ ਸੀ। ਅਸੀਂ ਵੀ ਪੁਲਿਸ ਬੁਲਾਉਣ ਨੂੰ ਕਿਹਾ ਤਾਂ ਝਗੜਾ ਕੁਝ ਸ਼ਾਂਤ ਹੋਇਆ ਤੇ ਦੋਵੇਂ ਪਾਸੇ ਵੱਖ-ਵੱਖ ਹੋ ਕੇ ਖੜ੍ਹੇ ਹੋ ਗਏ। ਮੈਂ ਅੰਕਿਤ ਨੂੰ ਦੁਕਾਨ ਵਿੱਚ ਵਾਪਸ ਲੈ ਆਇਆ।"

ਕੁਝ ਦੇਰ ਬਾਅਦ ਅੰਕਿਤ ਉੱਥੋਂ ਚਲਿਆ ਗਿਆ।

ਅਗਲੀ ਕਾਰਵਾਈ ਦੁਕਾਨਦਾਰ ਨੇ ਆਪ ਤਾਂ ਨਹੀਂ ਦੇਖੀ ਪਰ ਆਸਪਾਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਸਦਾ ਕਹਿਣਾ ਹੈ ਕਿ ਕਿਸੇ ਨੇ ਆ ਕੇ ਅੰਕਿਤ ਨੂੰ ਕਿਹਾ ਸੀ ਕਿ ਗੁਲਰੋਜ਼ ਦੀ ਮਾਂ ਨੇ ਉਸਦੀ ਮਾਂ ਨੂੰ ਧੱਕਾ ਦੇ ਦਿੱਤਾ ਹੈ।

ਅੰਕਿਤ ਉਸ ਪਾਸੇ ਭੱਜਿਆ ਤੇ ਜਿਵੇਂ ਹੀ ਉਹ ਆਪਣੀ ਮਾਂ ਨੂੰ ਚੁੱਕਣ ਲਈ ਝੁਕਿਆ, ਉਸੇ ਸਮੇਂ ਕੁੜੀ ਦੀ ਮਾਂ ਤੇ ਮਾਮੇ ਨੇ ਉਸਦੀਆਂ ਬਾਹਾਂ ਫੜ ਲਈਆਂ ਤੇ ਗੁਲਰੋਜ਼ ਦੇ ਪਿਤਾ ਨੇ ਕਸਾਈ ਵਾਲੀ ਛੁਰੀ ਅੰਕਿਤ ਦੇ ਗਲੇ 'ਤੇ ਫੇਰ ਦਿੱਤੀ।

ਇਹ ਸੁਣਦਿਆਂ ਹੀ ਉਹ ਸਾਰੇ ਅੰਕਿਤ ਵੱਲ ਭੱਜੇ।

ਕੀ ਲੋਕਾਂ ਨੇ ਨਹੀਂ ਬਚਾਇਆ?

ਦੁਕਾਨਦਾਰ ਨੇ ਦੱਸਿਆ ਕਿ ਅੰਕਿਤ ਧੋਖੇ ਨਾਲ ਮਾਰਿਆ ਗਿਆ ਜੇ ਉਸ ਦੇ ਸਾਹਮਣਿਓਂ ਹਮਲਾ ਕੀਤਾ ਜਾਂਦਾ ਤਾਂ ਉਹ ਇੱਕਲਾ ਹੀ ਚਾਰ ਬੰਦਿਆਂ 'ਤੇ ਭਾਰੂ ਪੈਂਦਾ। ਉਸ ਸਮੇਂ ਐਨਾ ਖ਼ੂਨ ਵਹਿ ਰਿਹਾ ਸੀ ਕਿ ਪੁੱਛੋ ਨਾ।

ਪੱਛਮੀ ਦਿੱਲੀ ਦੇ ਡੀਐਸਪੀ ਵਿਜੇ ਕੁਮਾਰ ਨੇ ਦੱਸਿਆ ਕਿ ਗੁਲਰੋਜ਼ ਦਾ ਪਰਿਵਾਰ ਹਿਰਾਸਤ ਵਿੱਚ ਹੈ ਤੇ ਗੁਲਰੋਜ਼ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ।

ਲੜਕੀ ਦਾ ਘਰ

ਗੁਲਰੋਜ਼ ਦਾ ਘਰ ਅੰਕਿਤ ਦੇ ਘਰ ਤੋਂ ਬਹੁਤੀ ਦੂਰ ਨਹੀਂ ਹੈ। ਗਲੀ ਦੇ ਅਖ਼ੀਰ ਵਿੱਚ ਤੀਜੀ ਮੰਜ਼ਿਲ 'ਤੇ ਹੈ। ਘਰ ਤਾਲਾ ਲੱਗਿਆ ਹੋਇਆ ਹੈ ਤੇ ਗੁਆਂਢੀਆਂ ਨੇ ਦੱਸਿਆ ਕਿ ਘਰੇ ਕੋਈ ਨਹੀਂ ਹੈ।

ਫੋਟੋ ਕੈਪਸ਼ਨ ਲੜਕੀ ਦੇ ਘਰ ਨੂੰ ਜਾਂਦੀ ਗਲੀ 'ਤੇ ਵੀ ਪੁਲਿਸ ਲੱਗੀ ਹੋਈ ਹੈ

ਛੱਤ 'ਤੇ ਖੜੀ ਇੱਕ ਲੜਕੀ ਨੇ ਦੱਸਿਆ, "ਇਹ ਬਹੁਤ ਹੀ ਵਧੀਆ ਲੋਕ ਸਨ। ਅਸੀਂ ਕੁਝ ਦਿਨ ਪਹਿਲਾਂ ਹੀ ਇੱਥੇ ਆਏ ਹਾਂ ਤੇ ਸਾਰਿਆਂ ਨੇ ਸਾਡੀ ਬੜੀ ਮਦਦ ਕੀਤੀ। ਮੈਨੂੰ ਭਰੋਸਾ ਹੀ ਨਹੀਂ ਹੋ ਰਿਹਾ ਕਿ ਉਹ ਅਜਿਹਾ ਕਰ ਸਕਦੇ ਹਨ।"

ਇੱਕ ਹੋਰ ਗੁਆਂਢਣ ਨੇ ਦੱਸਿਆ, "ਅੰਕਿਤ ਤੇ ਗੁਲਰੋਜ਼ ਦਾ ਅਫੇਅਰ ਸੀ ਪਰ ਕਦੇ ਕਿਸੇ ਨੇ ਉਹਨਾਂ ਨੂੰ ਇਕੱਠਿਆਂ ਨਹੀਂ ਦੇਖਿਆ। ਦੋਵੇਂ ਹੀ ਸ਼ਾਲੀਨ ਬੱਚੇ ਸਨ।"

ਉਸ ਨੇ ਇੱਕ ਹਉਕਾ ਲੈ ਕੇ ਕਿਹਾ, "ਜੋ ਹੋਇਆ ਉਸ ਨਾਲ ਕਿਸੇ ਦਾ ਲਾਭ ਨਹੀਂ ਹੋਇਆ। ਦੋ ਪਰਿਵਾਰ ਤਬਾਹ ਹੋ ਗਏ। ਕਾਸ਼, ਦੋਹਾਂ ਦਾ ਵਿਆਹ ਹੋ ਜਾਂਦਾ। ਹੁਣ ਗੁਲਰੋਜ਼ ਦਾ ਪਰਿਵਾਰ ਵਾਪਸ ਆਇਆ ਵੀ ਤਾਂ ਅਸੀਂ ਉਹਨਾਂ ਨੂੰ ਇੱਥੇ ਨਹੀਂ ਰਹਿਣ ਦੇਵਾਂਗੇ। ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਨਹੀਂ ਪਾ ਸਕਦੇ।"

ਤੁਰਦੇ-ਤੁਰਦੇ ਸਾਡਾ ਧਿਆਨ ਉਸ ਘਰ ਦੀ ਛੱਤ ਵੱਲ ਗਿਆ ਜਿੱਥੇ ਹਰਾ ਝੰਡਾ ਲੱਗਿਆ ਹੋਇਆ ਸੀ। ਉਸ ਘਰ ਦੀ ਕੱਪੜੇ ਸੁੱਕਣੇ ਪਾਉਣ ਵਾਲੀ ਤਾਰ ਉਸ ਬਾਲਕੋਨੀ ਦੇ ਛੱਜੇ ਨਾਲ ਬੰਨ੍ਹੀ ਹੋਈ ਸੀ ਜਿੱਥੇ ਤੁਲਸੀ ਦਾ ਬੂਟਾ ਲੱਗਿਆ ਹੋਇਆ ਸੀ। ਤਾਰ 'ਤੇ ਦੋਹਾਂ ਘਰਾਂ ਦੇ ਕੱਪੜੇ ਇਕੱਠੇ ਸੁੱਕ ਰਹੇ ਸਨ।

ਸਾਡੇ ਅੰਕਿਤ ਦੇ ਰਿਸ਼ਤੇਦਾਰਾਂ ਦੀ ਕਹੀ ਗੱਲ ਯਾਦ ਆਈ,"ਇਹ ਹਿੰਦੂ-ਮੁਸਲਮਾਨ ਦਾ ਮਾਮਲਾ ਨਹੀਂ ਹੈ, ਬੱਸ ਇਨਸਾਫ਼ ਤੇ ਬੇਇਨਸਾਫ਼ੀ ਦਾ ਹੈ..."

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)