'ਰੁਜ਼ਗਾਰ ਦੇ ਨਾਂ 'ਤੇ ਔਰਤਾਂ ਦੀ ਡੰਗਰਾਂ ਵਾਂਗ ਸੌਦੇਬਾਜ਼ੀ ਦਾ ਡਰਾਉਣਾ ਸੱਚ'

ਦੇਹ ਵਪਾਰ Image copyright EPA

'ਸਾਨੂੰ 80 ਹਜ਼ਾਰ ਰੁਪਏ 'ਚ ਵੇਚਿਆ ਗਿਆ'

'ਮੈਨੂੰ ਡੇਢ ਲੱਖ ਰੁਪਏ 'ਚ ਵੇਚਿਆ ਗਿਆ'

'ਮੈਨੂੰ ਪੰਜ ਲੱਖ ਰੁਪਏ 'ਚ ਵੇਚਿਆ ਗਿਆ'

ਇਹ ਕੋਈ ਵਸਤਾਂ ਦਾ ਮੁੱਲ ਨਹੀਂ ਬਲਕਿ ਉਨ੍ਹਾਂ ਕੁੜੀਆਂ ਦੀ ਹਕੀਕਤ ਹੈ, ਜਿਨ੍ਹਾਂ ਨੂੰ ਦਲਾਲਾਂ ਨੇ ਦੇਹ ਵਪਾਰੀਆਂ ਕੋਲ ਵੇਚ ਦਿੱਤਾ ਸੀ।

ਆਂਧਰਾ ਪ੍ਰਦੇਸ਼ ਦਾ ਰਾਇਲਸੀਮਾ ਇਲਾਕੇ ਦੇ ਅਨੰਤਪੁਰ ਅਤੇ ਕੁਡੱਪਾ ਜ਼ਿਲ੍ਹੇ ਸੋਕੇ ਨਾਲ ਬੇਹੱਦ ਪ੍ਰਭਾਵਿਤ ਹਨ। ਇੱਥੋਂ ਦੀਆਂ ਬਹੁਤ ਸਾਰੀਆਂ ਕੁੜੀਆਂ ਦੀ ਦਿੱਲੀ, ਮੁੰਬਈ ਅਤੇ ਪੁਣੇ ਆਦਿ ਸ਼ਹਿਰਾਂ ਵਿੱਚ ਤਸਕਰੀ ਕੀਤੀ ਜਾ ਰਹੀ ਹੈ।

19 ਸਾਲ ਦੀ ਕੁੜੀ ਨੇ ਕਿਉਂ ਬਣਾਈ 'ਰੇਪ ਪਰੂਫ਼ ਪੈਂਟੀ'?

ਨਾਬਾਲਗ 'ਪਤਨੀ' ਨਾਲ ਸਰੀਰਕ ਸਬੰਧ ਰੇਪ

ਇਸ ਇਲਾਕੇ ਦੀਆਂ ਤਿੰਨ ਔਰਤਾਂ ਨੇ ਆਪਣੀ ਹੱਡਬੀਤੀ ਸੁਣਾਈ।

ਜਿੱਥੇ ਗ਼ੈਰ ਸਰਕਾਰੀ ਸੰਗਠਨ ਤਸਕਰੀ ਦੇ ਜਾਲ ਨੂੰ ਸਾਊਦੀ ਅਰਬ ਵਰਗੇ ਦੇਸਾਂ ਤੱਕ ਫੈਲਣ ਦਾ ਦਾਅਵਾ ਕਰ ਰਹੇ ਹਨ, ਉੱਥੇ ਇਸ ਇਲਾਕੇ ਦੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਹਾਲਾਤ ਅਜਿਹੇ ਨਹੀਂ ਹਨ।

ਬੀਬੀਸੀ ਦੇ ਪੱਤਰਕਾਰ ਹਰੂਦਯਾ ਵਿਹਾਰੀ ਨੇ ਅਨੰਤਪੁਰ ਜ਼ਿਲ੍ਹੇ ਦੀਆਂ ਤਿੰਨ ਅਜਿਹੀਆਂ ਔਰਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਜਿਸਮਫਰੋਸ਼ੀ ਦੇ ਧੰਦੇ 'ਚੋਂ ਬਾਹਰ ਕੱਢਿਆ ਗਿਆ ਹੈ।

ਇਹ ਲੰਬੇ ਸਮੇਂ ਤੱਕ ਸਰੀਰਕ ਅਤੇ ਭਾਵਨਾਤਮਕ ਪੀੜਾ ਝੱਲਣ ਤੋਂ ਬਾਅਦ ਵਾਪਸ ਪਰਤੀਆਂ ਹਨ।

ਇਨ੍ਹਾਂ ਔਰਤਾਂ ਦੀ ਕਹਾਣੀ ਇਨ੍ਹਾਂ ਦੀ ਜ਼ੁਬਾਨੀ

ਮੇਰਾ ਨਾਂ ਰਮਾਦੇਵੀ ਹੈ। ਮੈਂ ਜਦੋਂ 12 ਸਾਲ ਦੀ ਸਾਂ ਤਾਂ ਮੇਰਾ ਵਿਆਹ ਹੋ ਗਿਆ ਸੀ। ਮੇਰੇ ਸਹੁਰੇ ਘਰ 'ਚ ਮੇਰਾ ਸ਼ੋਸ਼ਣ ਹੋਇਆ ਅਤੇ ਇੱਕ ਕੁੜੀ ਨੂੰ ਜਨਮ ਦੇਣ ਤੋਂ ਬਾਅਦ ਵੀ ਇਹ ਸ਼ੋਸ਼ਣ ਹੁੰਦਾ ਰਿਹਾ।

'ਕਿਮ ਦੀ ਫੌਜ 'ਚ ਰੇਪ ਤੇ ਪੀਰਿਅਡ ਰੁਕਣਾ ਆਮ ਸੀ'

ਮਾਹਵਾਰੀ ਪੈਡ ਕਿਉਂ ਇਕੱਠੇ ਕੀਤੇ ਗਏ ?

ਜਦੋਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਮੈਂ ਆਪਣੇ ਪੇਕੇ ਆ ਗਈ। ਉੱਥੇ ਮੇਰੀ ਮੁਲਾਕਾਤ ਇੱਕ ਪੁਸ਼ਪਾ ਨਾਂ ਦੀ ਔਰਤ ਨਾਲ ਹੋਈ।

ਉਹ ਅਪਾਹਜ ਔਰਤ ਮੇਰੀ ਦੋਸਤ ਬਣ ਗਈ। ਉਹ ਰੋਜ਼ੀ ਰੋਟੀ ਲਈ ਇੱਕ ਹੋਟਲ ਵਿੱਚ ਨੌਕਰੀ ਕਰਦੀ ਸੀ।

ਇੱਕ ਔਰਤ ਰੋਜ਼ ਸਾਡਾ ਹਾਲ-ਚਾਲ ਪੁੱਛਦੀ ਸੀ ਅਤੇ ਇੱਕ ਦਿਨ ਉਹ ਸਾਨੂੰ ਫਿਲਮ ਦਿਖਾਉਣ ਲੈ ਗਈ। ਮੈਂ ਆਪਣੀ ਬੇਟੀ ਨੂੰ ਮਾਂ ਕੋਲ ਛੱਡ ਕੇ ਫਿਲਮ ਦੇਖਣ ਚਲੀ ਗਈ।

ਜਦੋਂ ਸਾਨੂੰ ਹੋਸ਼ ਆਇਆ ਤਾਂ ਦੇਖਿਆ ਅਸੀਂ ਇੱਕ ਅਨਜਾਣ ਥਾਂ 'ਤੇ ਸੀ। ਉੱਥੇ ਲੋਕ ਹਿੰਦੀ ਵਿੱਚ ਗੱਲ ਕਰ ਰਹੇ ਸਨ। ਜੋ ਸਾਡੀ ਸਮਝ ਤੋਂ ਬਾਹਰ ਸੀ। ਤਿੰਨ ਦਿਨ ਲੰਘ ਗਏ।

ਸਾਨੂੰ ਬਾਅਦ ਵਿੱਚ ਲੱਗਾ ਕਿ ਉਸ ਔਰਤ ਨੇ ਮੈਨੂੰ ਅਤੇ ਪੁਸ਼ਪਾ ਨੂੰ 80 ਹਜ਼ਾਰ ਰੁਪਏ ਵਿੱਚ ਮਹਾਰਾਸ਼ਟਰ ਦੇ ਭਿਵੰਡੀ 'ਚ ਵੇਚ ਦਿੱਤਾ ਹੈ।

ਅਸੀਂ ਬਹੁਤ ਮਿੰਨਤਾਂ ਕੀਤੀਆਂ ਪਰ ਕਿਸੇ ਨੂੰ ਸਾਡੇ 'ਤੇ ਰਹਿਮ ਨਹੀਂ ਆਇਆ। ਉਸ ਵੇਲੇ ਮੇਰੀ ਬੇਟੀ ਸਿਰਫ਼ 6 ਸਾਲ ਦੀ ਸੀ।

ਉਨ੍ਹਾਂ ਨੇ ਮੇਰਾ ਸਾਰਾ ਸੋਨਾ ਉਤਾਰ ਲਿਆ ਸੀ। ਇਸ ਵਿੱਚ ਮੇਰਾ ਮੰਗਲਸੂਤਰ ਅਤੇ ਪੈਰਾਂ 'ਚ ਪਾਉਣ ਵਾਲੇ ਚਾਂਦੀ ਦੇ ਬਿਛੂਏ ਵੀ ਸਨ। ਉਨ੍ਹਾਂ ਨੇ ਪੁਸ਼ਪਾ ਨੂੰ ਵੀ ਨਾ ਬਖਸ਼ਿਆ, ਜੋ ਅਪਾਹਜ ਸੀ।

ਉਨ੍ਹਾਂ ਨੇ ਸਾਨੂੰ ਉੱਥੇ ਆਉਣ ਵਾਲੇ ਮਰਦਾਂ ਦੇ ਮਨੋਰੰਜਨ ਕਰਨ ਲਈ ਤਿਆਰ ਰਹਿਣ ਨੂੰ ਕਿਹਾ।

6 ਮਹੀਨੇ ਨਿਕਲ ਗਏ। ਮੈਂ ਆਪਣੀ ਧੀ ਬਾਰੇ ਸੋਚ ਕੇ ਬਹੁਤ ਰੋਂਦੀ ਸੀ। ਮੈਂ ਇੱਕ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੜੀ ਗਈ। ਉਨ੍ਹਾਂ ਨੇ ਮੇਰੇ ਹੱਥ ਪੈਰ ਬੰਨ੍ਹ ਦਿੱਤੇ।

ਕੀ ਹੈ 'ਮੈਰੀਟਲ ਰੇਪ', ਕਿਉਂ ਹੈ ਵਿਵਾਦ?

'

ਉਹ ਮੇਰੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੰਦੇ ਅਤੇ ਇਹ ਦਰਦ ਬਰਦਾਸ਼ਤ ਤੋਂ ਬਾਹਰ ਸੀ। ਉਨ੍ਹਾਂ ਨੇ ਸਾਨੂੰ ਕਦੀ ਰੱਜਵੀਂ ਰੋਟੀ ਵੀ ਨਹੀਂ ਦਿੱਤੀ। ਇੱਕ ਸਾਲ ਬਿਨਾਂ ਨੀਂਦ ਅਤੇ ਖਾਣੇ ਦੇ ਰਹੀ।

ਮੇਰੇ ਨਿਰੰਤਰ ਵਿਦਰੋਹੀ ਸੁਭਾਅ ਕਾਰਨ ਇੱਕ ਸਾਲ ਬਾਅਦ ਉਹ ਮੈਨੂੰ ਤਾਂ ਛੱਡਣ ਲਈ ਤਿਆਰ ਹੋ ਗਏ ਪਰ ਪੁਸ਼ਪਾ ਨੂੰ ਛੱਡਣ ਲਈ ਤਿਆਰ ਨਹੀਂ ਸਨ। ਮੈਂ ਪੁਸ਼ਪਾ ਲਈ ਲੜਾਈ ਲੜੀ।

ਉਨ੍ਹਾਂ ਨੇ ਸਾਨੂੰ 8 ਹਜ਼ਾਰ ਰੁਪਏ ਦਿੱਤੇ ਅਤੇ ਕਿਹਾ ਕਿ ਇਹ ਤੁਹਾਡੀ ਇੱਕ ਸਾਲ ਦੀ ਕਮਾਈ ਹੈ।

ਜਦੋਂ ਮੈਂ ਵਾਪਸ ਘਰ ਆਈ ਤਾਂ ਮੇਰੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਮੈਂ ਮਰ ਗਈ ਹਾਂ।

ਮੇਰਾ ਪਰਿਵਾਰ ਬੇਹੱਦ ਗਰੀਬੀ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਕੋਲ ਮੇਰਾ ਅਤੇ ਮੇਰੀ ਧੀ ਦਾ ਢਿੱਡ ਭਰਨ ਦਾ ਵੀ ਕੋਈ ਜ਼ਰੀਆ ਨਹੀਂ ਸੀ।

ਮੈਂ ਜਦੋਂ ਉਸ ਨੂੰ ਗੋਦੀ ਲਿਆ ਅਤੇ ਉਸ ਨੂੰ ਪੁੱਛਿਆ ਕਿ ਉਸ ਦੀ ਮਾਂ ਕਿੱਥੇ ਹੈ ਤਾਂ ਉਸ ਨੇ ਵੀ ਇਹੀ ਜਵਾਬ ਦਿੱਤਾ ਕਿ ਉਹ ਮਰ ਗਈ ਹੈ।

ਉਸ ਵੇਲੇ ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕੀ।

ਆਪਣੀ ਧੀ ਦੀ ਗੱਲ ਸੁਣਨ ਤੋਂ ਬਾਅਦ ਮੇਰੇ ਮਨ 'ਚ ਖੁਦਕੁਸ਼ੀ ਦਾ ਖਿਆਲ ਆਇਆ।

ਪਰ ਫੇਰ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਤਰ੍ਹਾਂ ਕਿੰਨੀਆਂ ਹੀ ਹੋਰ ਕੁੜੀਆਂ ਹਨ, ਜੋ ਭਿਵੰਡੀ 'ਚ ਦੁੱਖ ਹੰਢਾ ਰਹੀਆਂ ਹਨ।

ਮੈਂ ਉਨ੍ਹਾਂ ਦਾ ਜੀਵਨ ਬਚਾਉਣ ਦਾ ਫੈ਼ਸਲਾ ਲਿਆ ਅਤੇ ਅਸੀਂ ਹੁਣ ਤੱਕ ਉੱਥੋਂ 30 ਔਰਤਾਂ ਨੂੰ ਬਚਾ ਲਿਆ ਹੈ।

ਰਮਾਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਉਸ ਤੋਂ ਸਨਮਾਨਿਤ ਜੀਵਨ ਖੋਹ ਲਿਆ ਹੈ।

ਉਹ ਬਾਬਾ ਜਿਸ ’ਤੇ ਰੇਪ ਦੇ ਦਰਜਨਾਂ ਇਲਜ਼ਾਮ

10 ਰਿਪੋਰਟਾਂ: ਔਰਤਾਂ ਦੀ ਜ਼ਿੰਦਗੀ ਦੇ

ਰਮਾ ਦੇਵੀ ਹੁਣ ਆਪਣੇ ਪਤੀ ਨਾਲ ਰਹਿ ਰਹੀ ਹੈ ਅਤੇ ਦੋਵੇਂ ਮਜ਼ਦੂਰੀ ਕਰਦੇ ਹਨ।

ਰਮਾ ਉਸ ਨਰਕ ਤੋਂ ਸਾਲ 2010 'ਚ ਨਿਕਲ ਆਈ ਸੀ। ਹਾਲਾਂਕਿ ਉਸ ਨੂੰ ਸਰਕਾਰੀ ਸਹਾਇਤਾ ਮਿਲਣ ਵਿੱਚ ਦੋ ਸਾਲ ਲੱਗ ਗਏ। ਸਾਲ 2012 ਵਿੱਚ ਉਸ ਨੂੰ 10 ਹਜ਼ਾਰ ਰੁਪਏ ਦੀ ਆਰਥਿਕ ਮਦਦ ਮਿਲੀ।

ਉਹ ਵਾਪਸ ਪਰਤ ਆਈ ਪਰ ਉਸ ਦੇ ਜੀਵਨ ਪੱਧਰ 'ਚ ਕੋਈ ਸੁਧਾਰ ਨਹੀਂ ਆਇਆ। ਉਹ ਰੋਜ਼ੀ ਰੋਟੀ ਲਈ ਕੋਈ ਰੁ਼ਜ਼ਗਾਰ ਹਾਸਲ ਨਹੀਂ ਕਰ ਸਕੀ।

ਮੇਰੇ ਪਤੀ ਨੂੰ ਲਕਵਾ ਮਾਰ ਗਿਆ ਸੀ। ਘਰ ਚਲਾਉਣ ਲਈ ਮੈਂ ਨੌਕਰਾਣੀ ਦਾ ਕੰਮ ਕਰਨ ਲਈ ਸਾਊਦੀ ਅਰਬ ਚਲੀ ਗਈ। ਮੈਂ ਸੋਚਿਆ ਕੁਝ ਪੈਸੇ ਕਮਾਵਾਂਗੀ ਤਾਂ, ਮੇਰਾ ਘਰ ਚੱਲੇਗਾ।

ਮੇਰਾ ਨਾਮ ਪਾਰਵਤੀ ਹੈ ਤੇ ਮੇਰੇ 2 ਬੱਚੇ ਹਨ। ਇਕ ਦਲਾਲ ਨੇ ਮੈਨੂੰ ਰੁਜ਼ਗਾਰ ਦੇ ਨਾਂ 'ਤੇ ਸਾਊਦੀ ਅਰਬ ਵਿੱਚ ਇੱਕ ਪਰਿਵਾਰ ਨੂੰ ਵੇਚ ਦਿੱਤਾ।

ਸ਼ੁਰੂਆਤ ਵਿੱਚ ਇੱਕ ਹਫ਼ਤੇ ਤੱਕ ਮੈਨੂੰ ਘਰ ਰੱਖਿਆ ਗਿਆ। ਪਰ ਇਸ ਤੋਂ ਬਾਅਦ ਮੈਨੂੰ ਜਿੱਥੇ ਭੇਜਿਆ ਗਿਆ ਉਹ ਨਰਕ ਸੀ।

ਉਸ ਘਰ ਵਿੱਚ ਕਈ ਮਰਦ ਰਹਿੰਦੇ ਸੀ। ਇੱਕ 90 ਸਾਲ ਦੇ ਬਜ਼ੁਰਗ ਨੇ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸਦੇ ਚੰਗੁਲ ਵਿੱਚੋਂ ਬਚ ਨਿਕਲੀ।

ਅਗਲੇ ਦਿਨ ਘਰ ਦੇ ਮਾਲਿਕ ਦੇ ਮੁੰਡੇ ਨੇ ਮੇਰਾ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੇਰੇ ਸਰੀਰ ਨੂੰ ਸਿਗਰੇਟ ਨਾਲ ਸਾੜ ਦਿੱਤਾ ਸੀ।

ਉਨ੍ਹਾਂ ਨੇ ਘਰ ਰਹਿਣ ਵਾਲੇ ਲੋਕਾਂ ਦੀ ਗੱਲ ਸੁਣਨ ਲਈ ਮੈਨੂੰ ਮਜਬੂਰ ਕਰ ਦਿੱਤਾ। ਮੈਨੂੰ ਅਜਿਹੇ ਮੁੰਡੇ ਨਾਲ ਸੌਣਾ ਪਿਆ ਜੋ ਮੇਰੀ ਉਮਰ ਦਾ ਸੀ। ਉਸ ਮੁੰਡੇ ਨੇ ਜਦੋਂ ਮੇਰਾ ਰੇਪ ਕੀਤਾ ਉਸ ਵੇਲੇ ਉਸਦਾ ਬਾਪ ਮੋਬਾਈਲ ਤੇ ਪੋਰਨ ਵੀਡੀਓ ਦਿਖਾ ਰਿਹਾ ਸੀ।

ਉਨ੍ਹਾਂ ਨੇ ਇੱਕ ਹਫ਼ਤੇ ਤੱਕ ਮੈਨੂੰ ਰੋਟੀ ਖਾਣ ਨੂੰ ਨਹੀਂ ਦਿੱਤੀ ਅਤੇ ਮੈਨੂੰ ਬਾਥਰੂਮ ਦੀ ਟੈਂਕੀ ਪਾਣੀ ਪੀਣਾ ਪਿਆ। ਮੈਂ ਉਨ੍ਹਾਂ ਦੀ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਉਨ੍ਹਾਂ ਨੇ ਮੈਨੂੰ ਅਜਿਹੇ ਘਰ ਵਿੱਚ ਭੇਜ ਦਿੱਤਾ ਜੋ ਨਰਕ ਤੋਂ ਵੀ ਮਾੜਾ ਸੀ।

ਮੈਨੂੰ ਪਰਿਵਾਰ ਦੇ ਸਾਰੇ ਜੀਆਂ ਨਾਲ ਸੌਣਾ ਪਿਆ। ਇਸ ਵਿੱਚ ਪਿਓ ਤੇ ਮੁੰਡੇ ਦੋਵੇਂ ਸ਼ਾਮਲ ਸਨ।

ਹਰ ਰੋਜ਼ ਹੋ ਰਹੇ ਇਸ ਅੱਤਿਆਚਾਰ ਤੋਂ ਦੁਖ਼ੀ ਹੋ ਕੇ ਮੈਂ ਸੋਚਿਆ ਕਿ ਮੈਂ ਜ਼ਹਿਰ ਖਾ ਕੇ ਆਪਣੀ ਜਾਨ ਦੇ ਦੇਵਾਂ। ਉਹ ਪੀਰੀਅਡ ਦੌਰਾਨ ਵੀ ਮੈਨੂੰ ਨਹੀਂ ਛੱਡਦੇ ਸੀ। ਘਰ ਵਿੱਚ ਜੋ ਵੀ ਮਹਿਮਾਨ ਆਉਂਦੇ ਸੀ, ਉਹ ਵੀ ਮੇਰਾ ਸ਼ੋਸ਼ਣ ਕਰਦੇ ਸੀ।

ਉਹ ਦਿਨ ਵਿੱਚ ਮੇਰੇ ਤੋਂ ਨੌਕਰਾਣੀ ਦਾ ਕੰਮ ਕਰਵਾਉਂਦੇ ਤੇ ਰਾਤ ਨੂੰ ਮੇਰਾ ਸਰੀਰਕ ਸ਼ੋਸ਼ਣ ਕਰਦੇ। ਜਦੋਂ ਮੈਂ ਇਹ ਗੱਲ ਆਪਣੇ ਦਲਾਲ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਤੈਨੂੰ ਪੰਜ ਲੱਖ ਰੁਪਏ 'ਚ ਵੇਚਿਆ ਗਿਆ ਹੈ।

ਮੈਂ ਉਸ ਘਰੋਂ ਬਾਹਰ ਨਿਕਲਣ ਤੇ ਉਨ੍ਹਾਂ ਖ਼ਿਲਾਫ਼ ਵਿਰੋਧ ਕਰਨ ਦਾ ਫ਼ੈਸਲਾ ਲਿਆ। ਅਖ਼ੀਰ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਪੁਲਿਸ ਦੀ ਮਦਦ ਨਾਲ ਮੈਂ ਭਾਰਤ ਪੁੱਜੀ।

ਹੁਣ ਅਸੀਂ ਸਿਰਫ਼ ਬਾਜਰੇ ਦਾ ਖ਼ਮੀਰ ਖਾ ਕੇ ਜੀਅ ਰਹੇ ਹਾਂ। ਮੈਂ ਅਤੇ ਮੇਰੇ ਪਤੀ ਨੇ ਕੇਰਲ ਜਾ ਕੇ ਮਜ਼ਦੂਰੀ ਕਰਨ ਦਾ ਫ਼ੈਸਲਾ ਲਿਆ।

ਮੈਂ ਸੁਣਿਆ ਹੈ ਕਿ ਕੇਰਲ ਵਿੱਚ 500 ਰੁਪਏ ਮਜ਼ਦੂਰੀ ਮਿਲਦੀ ਹੈ। ਜੇਕਰ ਕੰਮ ਮਿਲ ਗਿਆ, ਤਾਂ ਮੈਂ ਉੱਥੇ ਜਾਵਾਂਗੀ।

ਜੇ ਨਹੀਂ, ਤਾਂ ਮੈਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਾਂਗੀ। ਮੇਰੇ ਕੋਲ ਹੁਣ ਕੋਈ ਹੋਰ ਰਸਤਾ ਨਹੀਂ ਹੈ।

ਪਾਰਵਤੀ ਨੂੰ ਸਾਲ 2016 ਵਿੱਚ ਸਾਊਦੀ ਅਰਬ ਤੋਂ ਛੁਡਾਇਆ ਗਿਆ ਸੀ। ਸਾਲ 2017 ਵਿੱਚ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੀ ਸਰਕਾਰੀ ਮਦਦ ਦਿੱਤੀ ਗਈ ਸੀ। ਹੁਣ ਉਹ ਕੇਰਲ ਜਾ ਕੇ ਰੁਜ਼ਗਾਰ ਲੱਭਣ ਦੀ ਯੋਜਨਾ ਬਣਾ ਰਹੀ ਹੈ।

ਅਜਿਹੇ ਹੀ ਜਾਲ ਵਿੱਚ ਫਸੀ ਇੱਕ ਮਹਿਲਾ ਹੈ ਲਕਸ਼ਮੀ। ਲਕਸ਼ਮੀ ਨੇ ਆਪਣੇ ਹੀ ਮਾਮੇ ਨਾਲ ਵਿਆਹ ਕਰਵਾਇਆ ਸੀ। ਦੱਖਣ-ਭਾਰਤ ਦੇ ਕਈ ਜ਼ਿਲ੍ਹਿਆ ਵਿੱਚ ਅਜਿਹੇ ਵਿਆਹਾਂ ਦਾ ਰਿਵਾਜ ਹੈ।

ਲਕਸ਼ਮੀ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਭਾਵੇਂ ਹੀ ਉਸਦਾ ਮਾਮਾ ਸੀ ਪਰ ਉਹ ਹਮੇਸ਼ਾ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਅਤੇ ਉਸਦਾ ਸ਼ੋਸ਼ਣ ਕਰਦਾ ਸੀ।

ਇੱਕ ਦਿਨ ਉਨ੍ਹਾਂ ਨੇ ਮੇਰੇ ਸਰੀਰ 'ਤੇ ਕੈਰੋਸੀਨ ਪਾ ਦਿੱਤਾ। ਉਹ ਮੈਨੂੰ ਅੱਗ ਲਗਾਉਂਦਾ ਕਿ ਇਸ ਤੋਂ ਪਹਿਲਾਂ ਹੀ ਮੈਂ ਘਰੋਂ ਭੱਜ ਗਈ।

Image copyright Getty Images

ਫਿਰ ਵੀ ਉਸ ਨੇ ਮੈਨੂੰ ਨਹੀਂ ਛੱਡਿਆ। ਸੜਕ ਦੇ ਵਿਚਕਾਰ ਮੈਨੂੰ ਨੰਗਾ ਕਰਕੇ ਖੜ੍ਹਾ ਕਰ ਦਿੱਤਾ। ਇੱਕ ਔਰਤ ਨੇ ਮੇਰੇ ਹਾਲਾਤ ਦੇਖੇ।

ਉਸ ਨੇ ਮੈਨੂੰ ਹੈਦਰਾਬਾਦ ਵਿੱਚ ਕੰਮ ਦਿਵਾਉਣ ਦੀ ਗੱਲ ਕਹੀ। ਉਹ ਮੈਨੂੰ ਸਮਝਾਉਂਦੀ ਸੀ ਜੇਕਰ ਮੈਂ ਨੌਕਰੀ ਲਈ ਹੈਦਰਾਬਾਦ ਚਲੀ ਜਾਵਾਂ ਤਾਂ 10 ਹਜ਼ਾਰ ਰੁਪਏ ਮਹੀਨਾ ਮਿਲਣਗੇ।

ਮੈਂ ਕਦੇ ਹੈਦਰਾਬਾਦ ਨਹੀਂ ਦੇਖਿਆ ਸੀ, ਮੈਂ ਉਸ ਔਰਤ ਨਾਲ ਆ ਗਈ ਸੀ। ਅਸੀਂ ਧਰਮਾਵਰਮ ਪੁੱਜੇ ਜਿੱਥੇ ਉਸ ਨੇ ਮੇਰੀ ਮੁਲਾਕਾਤ 2 ਲੋਕਾਂ ਨਾਲ ਕਰਵਾਈ।

ਉਨ੍ਹਾਂ ਨੇ ਮੈਨੂੰ ਬੁਰਕਾ ਪਾਉਣ ਲਈ ਕਿਹਾ। ਮੈਂ ਪੁੱਛਿਆ ਕਿਉਂ? ਤਾਂ ਉਨ੍ਹਾਂ ਨੇ ਕਿਹਾ ਜੇਕਰ ਕਿਸੇ ਨੇ ਤੁਹਾਨੂੰ ਦੇਖ਼ ਲਿਆ ਤਾਂ ਆਪਣੇ ਨਾਲ ਲੈ ਜਾਣਗੇ।

ਉੱਥੋਂ ਅਸੀਂ ਰੇਲ ਗੱਡੀ 'ਚ ਬੈਠ ਕੇ ਚਲੇ ਗਏ। ਮੈਨੂੰ ਅਹਿਸਾਸ ਹੋਇਆ ਕਿ ਮੈਂ ਹੈਦਰਾਬਾਦ ਦੀ ਦੱਸੀ ਥਾਂ ਪੁੱਜ ਗਈ ਹਾਂ।

ਗੱਡੀ 'ਚੋਂ ਉਤਰਨ ਤੋਂ ਬਾਅਦ ਇੱਕ ਹੋਰ ਮਹਿਲਾ ਸਾਨੂੰ ਆਪਣੇ ਘਰ ਲੈ ਗਈ। ਉਸਦੇ ਘਰ 40 ਹੋਰ ਕੁੜੀਆਂ ਸਨ। ਸਾਰੀਆਂ ਨੇ ਜੀਂਸ ਅਤੇ ਮਿੰਨੀ ਸਕਰਟ ਪਾਈ ਹੋਈ ਸੀ ਅਤੇ ਲਿਪਸਟਿਕ ਲਗਾਈ ਹੋਈ ਸੀ।

ਉਹ ਦਿੱਲੀ ਦਾ ਜੀਬੀ ਰੋਡ ਸੀ।

ਇੱਕ ਸ਼ਾਮ ਉਹ ਮੈਨੂੰ ਬਿਊਟੀ ਪਾਰਲਰ ਲੈ ਕੇ ਗਈ। ਜਦੋਂ ਮੈਂ ਪੁੱਛਿਆ ਤਾਂ ਜਵਾਬ ਮਿਲਿਆ ਕਿ ਤੈਨੂੰ ਉਨ੍ਹਾਂ ਕੁੜੀਆਂ ਦੀ ਤਰ੍ਹਾਂ ਬਣਾਉਣਾ ਹੈ।

ਮੇਰੇ ਨਾਲ ਜੋ ਹੋ ਰਿਹਾ ਸੀ ਮੈਂ ਉਸਦਾ ਇੱਕ ਮਹੀਨੇ ਤੱਕ ਵਿਰੋਧ ਕੀਤਾ। ਮੈਨੂੰ ਭੁੱਖਾ ਰੱਖਿਆ ਗਿਆ ਸੀ। ਉਨ੍ਹਾਂ ਨੇ ਮੈਨੂੰ ਕੁਰਸੀ 'ਤੇ ਬਿਠਾ ਕੇ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਸੀ।

ਮੇਰੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸੀ ਅਤੇ ਜ਼ਬਰਦਸਤੀ ਮੇਰੇ ਮੂੰਹ ਵਿੱਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਇਸ ਨਾਲ ਮੇਰਾ ਮੂੰਹ ਸੜ ਗਿਆ ਤੇ ਇੱਕ ਮਹੀਨੇ ਤੱਕ ਚੰਗੀ ਤਰ੍ਹਾਂ ਮੇਰੇ ਕੋਲੋਂ ਕੁਝ ਖਾਧਾ ਨਹੀਂ ਗਿਆ।

ਆਖ਼ਰਕਾਰ ਮੈਂ ਹਾਰ ਗਈ। ਜਾਨ ਬਚਾਉਣ ਲਈ ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ। ਜਦੋਂ ਮੈਨੂੰ ਗਾਹਕਾਂ ਕੋਲ ਭੇਜਿਆ ਗਿਆ ਤਾਂ ਇਹ ਕਿਸੇ ਨਰਕ ਤੋਂ ਘੱਟ ਨਹੀਂ ਸੀ। ਉਹ ਸਿਗਰੇਟ ਨਾਲ ਮੇਰਾ ਸਰੀਰ ਸਾੜ ਦਿੰਦੇ। ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਮੈਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ।

ਜਿਹੜੀਆਂ ਕੁੜੀਆਂ ਗੱਲ ਨਹੀਂ ਮੰਨਦੀਆਂ, ਉਨ੍ਹਾਂ ਵਿੱਚ ਸੈਕਸ ਇੱਛਾ ਜਗਾਉਣ ਲਈ ਟੀਕੇ ਲਗਾਏ ਜਾਂਦੇ ਸੀ। ਮੇਰੇ ਨਾਲ ਵੀ ਅਜਿਹਾ ਕੀਤਾ ਗਿਆ।

ਘਰ ਦੀ ਰਖਵਾਲੀ ਕਰਨ ਵਾਲੇ ਗਾਰਡ ਨੇ ਇੱਕ ਦਿਨ ਇੱਕ ਹਜ਼ਾਰ ਰੁਪਏ ਦੇ ਕੇ ਮੈਨੂੰ ਭਜਾ ਦਿੱਤਾ। ਜਦੋਂ ਮੈਂ ਵਾਪਸ ਆਪਣੇ ਮਾਮੇ ਦੇ ਘਰ ਆਈ ਤਾਂ ਉਸਨੇ ਮੈਨੂੰ ਅਪਣਾਇਆ ਨਹੀਂ।

ਮੈਂ ਕੁਝ ਦਿਨ ਇਕੱਲੀ ਰਹੀ ਅਤੇ ਫਿਰ ਜਿਸ ਨੇ ਮੇਰਾ ਸੌਦਾ ਕਰਵਾਇਆ ਸੀ ਉਸਦੇ ਖਿ਼ਲਾਫ਼ ਕੇਸ ਦਰਜ ਕਰਵਾ ਦਿੱਤਾ। ਪੁਲਿਸ ਨੇ ਕੁਝ ਸਮੇਂ ਬਾਅਦ ਹੀ ਉਸ ਨੂੰ ਛੱਡ ਦਿੱਤਾ।

ਸਾਲ 2017 ਵਿੱਚ ਲਕਸ਼ਮੀ ਨੂੰ ਵੀ 20 ਹਜ਼ਾਰ ਰੁਪਏ ਦੀ ਸਰਕਾਰੀ ਮਦਦ ਮਿਲੀ। ਉਹ ਹੁਣ ਇਕੱਲੀ ਰਹਿੰਦੀ ਹੈ ਤੇ ਮਜ਼ਦੂਰੀ ਕਰਦੀ ਹੈ।

Image copyright BHANUJA

ਦੇਸ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਮਹਿਲਾਵਾਂ ਦੀ ਤਸਕਰੀ ਹੋ ਰਹੀ ਹੈ। ਰੇਡਜ਼ ਸੰਸਥਾ ਨਾਲ ਜੁੜੀ ਭਨੂਜਾ ਕਹਿੰਦੀ ਹੈ ਕਿ ਰਾਇਲਸੀਮਾ ਇਲਾਕੇ ਵਿੱਚ ਜੋ ਤਸਕਰੀ ਹੋ ਰਹੀ ਹੈ ਉਸਦੇ ਪਿੱਛੇ ਵਿਸ਼ੇਸ਼ ਕਾਰਨ ਹੈ।

ਉਨ੍ਹਾਂ ਦੀ ਸੰਸਥਾ ਪਿਛਲੇ 20 ਸਾਲ ਤੋਂ ਤਸਕਰੀ ਦੀਆਂ ਸ਼ਿਕਾਰ ਔਰਤਾਂ ਦੀ ਮਦਦ ਕਰ ਰਹੀ ਹੈ।

ਭਨੂਜਾ ਦੱਸਦੀ ਹੈ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ 318 ਮਹਿਲਾਵਾਂ ਨੂੰ ਭਿਵੰਡੀ, ਦਿੱਲੀ ਅਤੇ ਮੁੰਬਈ ਤੋਂ ਬਚਾ ਚੁੱਕੀ ਹੈ। ਉਹ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਮਦਦ ਨਾਲ ਅਜਿਹਾ ਕਰ ਪਾਉਂਦੇ ਹਨ।

Image copyright SP.P.R.O, ANANNTAPURAM

ਅਨੰਤਪੁਰ ਜ਼ਿਲ੍ਹੇ ਦੇ ਐੱਸਪੀ ਜੀਵੀਜੀ ਅਸ਼ੋਕ ਇਹ ਤਾਂ ਮੰਨਦੇ ਹਨ ਕਿ ਇੱਥੋਂ ਪਹਿਲਾਂ ਤਸਕਰੀ ਹੁੰਦੀ ਰਹੀ ਹੈ ਪਰ ਹੁਣ ਹਾਲਾਤ ਅਜਿਹੇ ਨਹੀਂ ਹਨ।

ਅਸ਼ੋਕ ਦਾ ਦਾਅਵਾ ਹੈ ਕਿ ਪੁਲਿਸ ਨੇ ਇਸ ਮਾਮਲੇ 'ਤੇ ਬਹੁਤ ਧਿਆਨ ਦਿੱਤਾ ਹੈ ਅਤੇ ਹੁਣ ਤਸਕਰੀ ਨੂੰ ਖ਼ਤਮ ਕਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਹੁਣ ਮਹਿਲਾਵਾਂ ਦੀ ਖਾੜੀ ਦੇਸਾਂ ਵਿੱਚ ਤਸਕਰੀ ਕੀਤੇ ਜਾਣ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)