ਪ੍ਰੈੱਸ ਰੀਵਿਊ - ਕੇਂਦਰ ਸਰਕਾਰ ਨੇ ਵਿਰੋਧੀ ਧਿਰ ਨੂੰ ਅੱਤਵਾਦੀ ਬਣਾ ਦਿੱਤਾ ਹੈ: ਗੁਲਾਮ ਨਬੀ ਆਜ਼ਾਦ

ਗੁਲਾਮ ਨਬੀ ਆਜ਼ਾਦ Image copyright Getty Images

ਅਜੀਤ ਦੀ ਖ਼ਬਰ ਮੁਤਾਬਕ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਨੂੰ ਦਬਾ ਰਹੀ ਹੈ ਅਤੇ ਉਨ੍ਹਾਂ ਦੇ ਫੋਨ ਟੈਪ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੇ ਸਮੇਂ 'ਚ ਅੱਤਵਾਦੀਆਂ ਦੇ ਫ਼ੋਨ ਟੈਪ ਕੀਤੇ ਜਾਂਦੇ ਸਨ, ਪਰ ਸਰਕਾਰ ਅੱਜ ਵਿਰੋਧੀ ਧਿਰ ਦੇ ਆਗੂਆਂ ਦੇ ਫ਼ੋਨ ਟੇਪ ਕਰ ਰਹੀ ਹੈ। ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਰੋਧੀ ਧਿਰ ਨੂੰ ਅੱਤਵਾਦੀ ਬਣਾ ਦਿੱਤਾ ਹੈ।

Image copyright Getty Images

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੁਣ ਪੰਜਾਬ ਸਰਕਾਰ ਦੇ ਵਿਧਾਇਕ ਵੀ ਆਉਣਗੇ ਟੈਕਸ ਦੇ ਦਾਇਰੇ ਵਿੱਚ।

ਪੰਜਾਬ ਦੀ ਮਾਲੀ ਹਾਲਤ ਕਮਜ਼ੋਰ ਹੋਣ ਕਾਰਨ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਵਿਧਾਇਕ ਵੀ ਇਨਕਮ ਟੈਕਸ ਭਰਨਗੇ।

ਇਹ ਪ੍ਰਸਤਾਵ ਪਹਿਲੀ ਵਾਰ ਅਕਤੂਬਰ ਵਿੱਚ ਪੰਜਾਬ ਦੇ ਵਿੱਚ ਵਿਭਾਗ ਵੱਲੋਂ ਸੁਝਾਇਆ ਗਿਆ ਸੀ ਪਰ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬੀਨੇਟ ਦੀ ਉੱਪ ਕਮੇਟੀ ਦੀ ਬੈਠਕ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

Image copyright Getty Images

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਕਹਿੰਦੀ ਹੈ ਕਿ ਬਗਦਾਦ ਵੱਲੋਂ ਇਸਲਾਮਿਕ ਸਟੇਟ 'ਤੇ ਜਿੱਤ ਦੇ ਐਲਾਨ ਤੋਂ ਬਾਅਦ ਅਮਰੀਕਾ ਨੇ ਇਰਾਕ ਵਿੱਚੋਂ ਆਪਣੇ ਸੈਨਿਕਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

ਅਮਰੀਕਾ ਦੇ 8892 ਸੈਨਿਕਾਂ ਵਿੱਚੋਂ ਕਰੀਬ 4000 ਸੈਨਿਕ ਉੱਥੇ ਬਗਦਾਦ ਦੀ ਆਰਮੀ ਨੂੰ ਸਿਖਲਾਈ ਦੇਣ ਲਈ ਰਹਿਣਗੇ ਅਤੇ ਬਾਕੀ ਵਾਪਸ ਆ ਜਾਣਗੇ।

ਖ਼ਬਰ ਮੁਤਾਬਕ ਬਗਦਾਦ ਵਿੱਚ ਇਰਾਕੀ ਸਰਕਾਰ ਦੇ ਬੁਲਾਰੇ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਅਮਰੀਕੀ ਸੈਨਾ ਦੀ ਰੁਖ਼ਸਤੀ ਸ਼ੁਰੂ ਹੋ ਗਈ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ੈਰ-ਕਾਨੂੰਨੀ ਖਣਨ ਅਤੇ ਇਸ ਨਾਲ ਸਬੰਧਤ ਟੈਕਸਾਂ ਦੀ ਚੋਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਵਿਸ਼ੇਸ਼ ਬਹੁ-ਵਿਭਾਗੀ ਸਾਂਝੀਆਂ ਟੀਮਾਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ।

ਕੈਪਟਨ ਨੇ ਕਿਹਾ ਕਿ ਗ਼ੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਸਹਿਣ ਨਹੀਂ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)