ਗੁਰਦਾਸਪੁਰ: 2 ਨੌਜਵਾਨਾਂ ਦੀ ਮੌਤ ਤੋਂ ਬਾਅਦ ਡੇਰਾ ਬਾਬਾ ਨਾਨਕ 'ਚ ਕਰਫਿਊ ਵਰਗੇ ਹਾਲਾਤ

ਡੇਰਾ ਬਾਬਾ ਨਾਨਕ ਵਿੱਚ ਤਣਾਅ Image copyright GURPREET CHAWALA/BBC

ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਥਿਤ ਤੌਰ 'ਤੇ ਦੋ ਸਕੂਟਰ ਸਵਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੋ ਗਿਆ ਹੈ।

ਕਸਬੇ ਦੇ ਹਾਲਾਤ ਕਰਫਿਉ ਵਰਗੇ ਹਨ ਅਤੇ ਦੂਜੇ ਦਿਨ ਵੀ ਤਣਾਅ ਬਣਿਆ ਹੋਇਆ ਹੈ। ਬੁੱਧਵਾਰ ਨੂੰ ਵੀ ਰੋਸ ਵਜੋ ਲੋਕਾਂ ਨੇ ਦੁਕਾਨਾਂ ਨਹੀਂ ਖੋਲੀਆਂ ਅਤੇ ਰੋਸ ਮਾਰਚ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਮੰਗ ਕੀਤੀ।

ਮੰਗਲਵਾਰ ਦੀ ਘਟਨਾ ਵਿੱਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਰੋਸ ਵਜੋਂ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਦੀਆਂ ਦੋਵੇਂ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਸ਼ਰਾਬ ਦੇ ਠੇਕਿਆਂ ਨੂੰ ਵੀ ਸਾੜ ਦਿੱਤਾ ਸੀ।

ਅੱਜ ਵੀ ਇਲਾਕੇ 'ਚ ਕਰਫਿਊ ਵਰਗਾ ਮਾਹੌਲ ਹੈ। ਸਾਰੇ ਬਾਜ਼ਾਰ ਬੰਦ ਹਨ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਐਸਡੀਐੱਮ ਵਿਜੈ ਸਿਆਲ ਦਾ ਕਹਿਣਾ ਸੀ ਕਿ ਬੀਤੇ ਕੱਲ੍ਹ ਤਣਾਅ ਤੋਂ ਬਾਅਦ ਕਸਬੇ 'ਚ ਪ੍ਰਸਾਸ਼ਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕੁਝ ਸਮੇਂ ਬਾਅਦ ਹੀ ਹਾਲਾਤ 'ਤੇ ਕਾਬੂ ਪਾ ਲਿਆ ਗਿਆ ਸੀ। ਉਹਨਾਂ ਕਿਹਾ ਕਿ ਅੱਜ ਵੀ ਹਾਲਾਤ ਕਾਬੂ ਹੇਠ ਹਨ। ਉਹ ਅਤੇ ਪੁਲਿਸ ਦੇ ਹੋਰ ਆਲਾ ਅਧਿਕਾਰੀਆਂ ਹਾਲਾਤ 'ਤੇ ਨਿਗਰਾਨੀ ਰੱਖ ਰਹੇ ਹਨ।

ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ

ਅੱਜ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਵਿੱਚ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਗੱਡੀ ਦੇ ਡਰਾਈਵਰ ਬਿੱਲਾ, ਸਿੰਗਲਾ ਗਰੁੱਪ ਦੇ ਡੇਰਾ ਬਾਬਾ ਨਾਨਕ ਸ਼ਰਾਬ ਦੇ ਠੇਕਿਆਂ ਦੇ ਇੰਚਾਰਜ ਨਿਰਮਲ ਸਿੰਘ ਰੰਧਾਵਾ, ਜਗਤਾਰ ਸਿੰਘ, ਅਮਨ ਅਤੇ ਸੁਰਜੀਤ ਸਿੰਘ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Image copyright GURPREET CHAWALA/BBC

ਇਸ ਤੋਂ ਬਾਅਦ ਰੋਹ ਵਿੱਚ ਆਈ ਭੀੜ ਨੇ ਬਾਜ਼ਾਰ ਵੀ ਬੰਦ ਕਰਵਾ ਦਿੱਤੇ। ਹਾਲਾਤ 'ਤੇ ਕਾਬੂ ਪਾਉਣ ਦੇ ਲਈ ਬਟਾਲਾ ਦੇ ਐਸਐਸਪੀ ਉਪੇਂਦਰਜੀਤ ਸਿੰਘ ਵੱਲੋਂ ਪੁਲਿਸ ਫੋਰਸ ਨਾਲ ਡੇਰਾ ਬਾਬਾ ਨਾਨਕ ਪਹੁੰਚੇ ਤੇ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ਬੁੱਝਾਈ ਗਈ।

ਮ੍ਰਿਤਕ ਸੁਬੇਗ ਸਿੰਘ ਤੇ ਸੰਜੀਵ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਦੋਵੇਂ ਨੌਜਵਾਨਾਂ ਨੂੰ ਸਥਾਨਕ ਸ਼ਰਾਬ ਦੇ ਠੇਕੇਦਾਰਾਂ ਨੇ ਜਾਣ ਬੁੱਝ ਕੇ ਟੱਕਰ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

Image copyright Gurpreet chawala/bbc
ਫੋਟੋ ਕੈਪਸ਼ਨ 2 ਨੌਜਵਾਨਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਰੋਹ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਅੱਗ ਲਾਈ

ਬੀਤੀ ਕੱਲ ਬਟਾਲਾ ਦੇ ਐਸਐਸਪੀ ਓਪੇਂਦਰਜੀਤ ਸਿੰਘ ਨੇ ਦੱਸਿਆ ਸੀ, "ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਸ਼ਰਾਬ ਦੇ ਠੇਕੇਦਾਰ ਦੇ ਚਾਰ ਅਣਪਛਾਤੇ ਕਰਿੰਦਿਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।''

ਉਨ੍ਹਾਂ ਕਿਹਾ, "ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਤੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।''

ਕੀ ਹਨ ਪੀੜਤ ਪਰਿਵਾਰਾਂ ਦੇ ਇਲਜ਼ਾਮ?

ਮ੍ਰਿਤਕ ਸੁਬੇਗ ਸਿੰਘ ਦੇ ਰਿਸ਼ਤੇਦਾਰ ਅਸ਼ੋਕ ਕੁਮਾਰ ਨੇ ਇਲਜ਼ਾਮ ਲਾਇਆ, "ਦੋਵੇਂ ਮ੍ਰਿਤਕ ਨੌਜਵਾਨ ਕਿਸੇ ਦੂਜੇ ਸ਼ਰਾਬ ਦੇ ਠੇਕੇਦਾਰਾਂ ਕੋਲ ਕੰਮ ਕਰਦੇ ਸੀ। ਮੁਲਜ਼ਮ ਸ਼ਰਾਬ ਦੇ ਠੇਕੇਦਾਰ ਨੂੰ ਇਸ ਗੱਲ ਤੋਂ ਪ੍ਰੇਸ਼ਾਨੀ ਸੀ। ਇਸੇ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।''

ਮ੍ਰਿਤਕ ਸੰਜੀਵ ਦੇ ਰਿਸ਼ਤੇਦਾਰ ਦਵਿੰਦਰ ਪਾਲ ਨੇ ਮੁਲਜ਼ਮ ਠੇਕੇਦਾਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ