'ਅਕਾਲੀ ਰਾਜ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਕੇਸ ਬਦਲਾਖ਼ੋਰੀ ਸੀ'

ਸੇਵਾ ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਹੁਣ ਤੱਕ 258 ਮਾਮਲੇ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ Image copyright Punjab govt/twitter
ਫੋਟੋ ਕੈਪਸ਼ਨ ਸੇਵਾ ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਹੁਣ ਤੱਕ 258 ਮਾਮਲੇ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ

ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਅਕਾਲੀ ਸਰਕਾਰ ਸਮੇਂ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਅਕਾਲੀ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸਾਂ ਦੀ ਜਾਂਚ ਲਈ ਬਣੇ ਕਮਿਸ਼ਨ ਦੇ ਮੁਖੀ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਆਪਣੀ ਪੰਜਵੀਂ ਅਤੇ ਅੰਤਿਮ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ।

ਰਿਪੋਰਟ ਵਿੱਚ ਦਾਦੂਵਾਲ ਸਮੇਤ 41 ਮਾਮਲਿਆਂ ਵਿੱਚ ਦਰਜ ਕੀਤੀਆਂ ਐਫਆਈਆਰ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।

258 ਮਾਮਲਿਆਂ ਲਈ ਕੀਤੀ ਸਿਫਾਰਿਸ਼

ਕਮਿਸ਼ਨ ਹੁਣ ਤੱਕ 258 ਮਾਮਲਿਆਂ ਵਿੱਚ ਦਰਜ ਕੀਤੀਆਂ ਗਈਆਂ ਐਫਆਈਆਰ ਨੂੰ ਰੱਦ ਕਰਨ ਦੀ ਸਿਫ਼ਾਰਿਸ਼ ਕਰ ਚੁੱਕਾ ਹੈ। ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ 10 ਨਵੰਬਰ 2015 ਨੂੰ ਇੱਕ ਸਮਾਗਮ ਦੌਰਾਨ ਬਗਾਵਤੀ ਤਕਰੀਰ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਕਮਿਸ਼ਨ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਇਸ ਭਾਸ਼ਣ ਵਿੱਚ ਕੁਝ ਵੀ ਗ਼ਲਤ ਨਹੀਂ ਸੀ।

ਆਪਣੀ ਪੰਜਵੀਂ ਰਿਪੋਰਟ ਵਿੱਚ ਕਮਿਸ਼ਨ ਨੇ ਗੁਰਦਾਸਪੁਰ ਦੇ ਸਬ-ਡਵੀਜ਼ਨ ਮੈਜਿਸਟ੍ਰੇਟ ਵਿਜੇ ਸਿਆਲ ਖਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਵੀ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ।

Image copyright Raveen/twitter

ਵਿਜੇ ਸਿਆਲ ਨੂੰ ਫ਼ਰੀਦਕੋਟ ਵਿਜੀਲੈਂਸ ਬਿਊਰੋ ਵੱਲੋਂ ਝੂਠਾ ਮੁਕੱਦਮਾ ਦਰਜ ਕਰ ਕੇ ਫਸਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਸੁਖਬੀਰ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਬੱਸ ਔਰਬਿਟ ਦਾ ਚਲਾਨ ਕੀਤਾ ਸੀ ਅਤੇ ਉਸ ਸਮੇਂ ਗ੍ਰਹਿ ਵਿਭਾਗ ਵੀ ਉਹਨਾਂ ਕੋਲ ਸੀ।

ਇਹਨਾਂ ਦੋਵਾਂ ਕੇਸਾਂ ਨੂੰ ਕਮਿਸ਼ਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ਲਈ ਬਦਲਾਖੋਰੀ ਵਜੋਂ ਦਰਜ ਕੀਤੇ ਹੋਇਆ ਦੱਸਿਆ ਹੈ।

ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਹੁਣ ਤੱਕ ਕੁੱਲ 655 ਸ਼ਿਕਾਇਤਾਂ ਦਾ ਜਾਇਜ਼ਾ ਲੈ ਚੁੱਕਾ ਹੈ। ਕਮਿਸ਼ਨ ਨੇ 258 ਕੇਸਾਂ ਵਿੱਚ ਰਾਹਤ ਦੀ ਸਿਫ਼ਾਰਿਸ਼ ਕੀਤੀ ਹੈ ਜਦਕਿ ਬਾਕੀ 397 ਰੱਦ ਕਰ ਦਿੱਤੀਆਂ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)