ਬੱਚੇ ਕਿਉਂ ਮਜਬੂਰ ਹਨ 'ਅਡਲਟ' ਕੰਟੈਂਟ ਦੇਖਣ ਨੂੰ?

ਬੱਚੇ Image copyright Getty Images

ਭਾਰਤ ਦੇ ਪਹਿਲੇ ਸੁਪਰ ਹੀਰੋ ਦੇ ਤੌਰ 'ਤੇ ਪਛਾਣ ਬਣਾਉਣ ਵਾਲੇ ਮੁਕੇਸ਼ ਖੰਨਾ ਨੇ ਸੂਚਨਾ ਪ੍ਰਸਾਰਣ ਮੰਤਰਾਲੇ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਭਾਰਤੀ ਬਾਲ ਫ਼ਿਲਮ ਸੁਸਾਇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਮੁਕੇਸ਼ ਖੰਨਾ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ।

ਉਨ੍ਹਾਂ ਦਾ ਕਾਰਜਕਾਲ ਇਸ ਸਾਲ ਅਪ੍ਰੈਲ ਵਿੱਚ ਖ਼ਤਮ ਹੋਣ ਵਾਲਾ ਸੀ, ਪਰ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਸਾਰਾਗੜ੍ਹੀ 'ਤੇ ਬਣ ਰਹੀ ਫਿਲਮ 'ਚ ਇੰਝ ਦਿਖਣਗੇ ਅਕਸ਼ੇ

'ਇਹ ਬਾਲੀਵੁੱਡ ਹੈ...ਸੈਕਸ ਦੀ ਗੱਲ ਕਰਨਾ ਮਨ੍ਹਾਂ ਹੈ'

ਮੁਕੇਸ਼ ਨੇ ਮੰਤਰਾਲੇ 'ਤੇ ਬਣਦਾ ਫੰਡ ਨਾ ਦੇਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰਾਲਾ ਬੱਚਿਆਂ ਲਈ ਫ਼ਿਲਮ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਉਂਦਾ।

ਸ਼ਕਤੀਮਾਨ ਵਿੱਚ 'ਸ਼ਕਤੀਮਾਨ' ਅਤੇ ਮਹਾਂਭਾਰਤ ਵਿੱਚ 'ਭੀਸ਼ਮ ਪਿਤਾਮਾ' ਦਾ ਕਿਰਦਾਰ ਨਿਭਾ ਚੁੱਕੇ ਮੁਕੇਸ਼ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਇਸ ਗੱਲ ਦੀ ਸ਼ਿਕਾਇਤ ਕਰ ਚੁੱਕੇ ਸੀ, ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।

Image copyright Getty Images

ਮੁਕੇਸ਼ ਕਹਿੰਦੇ ਹਨ ਕਿ ਬੱਚਿਆਂ ਲਈ ਫ਼ਿਲਮਾਂ ਦੀ ਭਰਮਾਰ ਹੈ, ਪਰ ਇਹ ਫ਼ਿਲਮਾਂ ਕਦੀ ਰਿਲੀਜ਼ ਨਹੀਂ ਹੋਈਆਂ।

ਬੱਚਿਆਂ ਨੂੰ ਕਦੀ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਲਈ ਵੀ ਫ਼ਿਲਮ ਬਣਦੀ ਹੈ।

''ਮੈਨੂੰ ਲਗਦਾ ਹੈ ਕਿ ਮੇਰੇ ਤੋਂ ਪਹਿਲਾਂ ਜੋ ਵੀ ਲੋਕ ਇੱਥੇ ਰਹੇ ਉਨ੍ਹਾਂ ਨੇ ਕਦੀ ਵੀ ਬੱਚਿਆਂ ਲਈ ਫ਼ਿਲਮ ਬਣਾਉਣ ਬਾਰੇ ਸੋਚਿਆ ਹੀ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਜਿਹੜੀਆਂ ਫ਼ਿਲਮਾਂ ਵੱਡੇ ਦੇਖ਼ਦੇ ਹਨ, ਉਹ ਹੀ ਛੋਟੇ ਬੱਚੇ ਦੇਖਦੇ ਹਨ।''

ਜਦੋਂ ਅੰਮ੍ਰਿਤਸਰ ਦਾ ਮੁੰਡਾ ਬੌਂਬੇ 'ਚ ਬਣਿਆ ਸੂਪਰਸਟਾਰ

ਮੁਕੇਸ਼ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ 8 ਫ਼ਿਲਮਾਂ ਬਣਾਈਆਂ ਅਤੇ ਮੰਤਰਾਲੇ ਨੂੰ ਕਿਹਾ ਕਿ ਉਹ ਫੰਡ ਵਿੱਚ ਵਾਧਾ ਕਰੇ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਚਿੱਠੀ ਪ੍ਰਧਾਨ ਮੰਤਰੀ ਤੱਕ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।

Image copyright Getty Images

ਉਹ ਕਹਿੰਦੇ ਹਨ, ''ਮੈਂ ਫ਼ਿਲਮਾਂ ਡਿਸਟ੍ਰੀਬਿਊਟ ਕਰਨਾ ਚਾਹੁੰਦਾ ਹਾਂ, ਪਰ ਉਹ ਕਹਿੰਦੇ ਹਨ ਇਸਨੂੰ ਟੈਂਡਰ ਕਰ ਦਿਓ। ਤੁਸੀਂ ਖ਼ੁਦ ਹੀ ਸੋਚੋ ਜਿਸ ਦੇਸ ਵਿੱਚ ਬੱਚਿਆਂ ਦੀ ਫ਼ਿਲਮ ਨੂੰ ਲੈ ਕੇ ਐਨੀ ਉਦਾਸੀਨਤਾ ਹੋਵੇ, ਉੱਥੇ ਟੈਂਡਰ ਕੱਢ ਕੇ ਕੀ ਮਿਲੇਗਾ।''

''ਕਈ ਵਾਰ ਚੇਅਰਪਰਸਨ ਹੋਣ ਦੇ ਬਾਵਜੂਦ ਮੈਨੂੰ ਫ਼ੈਸਲੇ ਲੈਣ ਵਿੱਚ ਦਿੱਕਤ ਆਈ, ਪਰ ਸਭ ਤੋਂ ਵੱਡੀ ਦਿੱਕਤ ਪੈਸੇ ਦੀ ਹੈ। ਮੈਂ ਇੱਥੇ 25 ਫ਼ਿਲਮਾਂ ਮਨਜ਼ੂਰ ਕਰਕੇ ਬੈਠਾ ਹਾਂ, ਪਰ ਮੇਰੇ ਕੋਲ ਪੈਸੇ ਸਿਰਫ਼ 4 ਫ਼ਿਲਮਨਾਂ ਲਈ ਹਨ।''

ਮੁਕੇਸ਼ ਕਹਿੰਦੇ ਹਨ ਕਿ ਵੱਡੇ-ਵੱਡੇ ਨਿਰਦੇਸ਼ਕ ਜਿਵੇਂ ਅਨੁਪਮ ਖੇਰ, ਰਾਜਕੁਮਾਰ ਸੰਤੋਸ਼ੀ, ਨੀਰਜ ਪਾਂਡੇ ਸਾਂਝੇ ਤੌਰ 'ਤੇ ਬੱਚਿਆਂ ਲਈ ਫ਼ਿਲਮ ਬਣਾਉਣਾ ਚਾਹੁੰਦੇ ਸੀ, ਪਰ ਉਨ੍ਹਾਂ ਨੂੰ ਦੇਣ ਲਈ ਸਾਡੇ ਕੋਲ ਪੈਸਾ ਹੀ ਨਹੀਂ ਹੈ।

Image copyright cfsindia.org

''ਬੱਚਿਆਂ ਕੋਲ ਆਪਣੀਆਂ ਫ਼ਿਲਮਾਂ ਨਹੀਂ ਹਨ। ਅਜਿਹੇ ਵਿੱਚ ਉਹ ਮਜਬੂਰੀ 'ਚ ਸੱਸ-ਨੂੰਹ ਵਾਲੇ ਸੀਰੀਅਲ ਦੇਖ ਰਹੇ ਹਨ ਜਾਂ ਫਿਰ ਅਸ਼ਲੀਲ ਫ਼ਿਲਮਾਂ।''

ਐਨੀ ਦੇਰੀ ਨਾਲ ਪ੍ਰਤੀਕਿਰਿਆ ਕਿਉਂ?

ਜੇਕਰ ਤੁਹਾਨੂੰ ਲੱਗ ਰਿਹਾ ਸੀ ਮੰਤਰਾਲਾ ਤੁਹਾਡਾ ਸਾਥ ਨਹੀਂ ਦੇ ਰਿਹਾ, ਤਾਂ ਤੁਸੀਂ ਐਨੀ ਦੇਰੀ ਨਾਲ ਅਸਤੀਫ਼ਾ ਕਿਉਂ ਦਿੱਤਾ?

ਇਸ ਸਵਾਲ ਦੇ ਜਵਾਬ 'ਚ ਮੁਕੇਸ਼ ਕਹਿੰਦੇ ਹਨ, ''ਮੇਰੇ ਕੋਲ 12 ਫ਼ਿਲਮਾਂ ਸੀ। ਉਨ੍ਹਾਂ ਦਾ ਬਜਟ ਪਾਸ ਕਰਵਾਉਣਾ ਮੇਰੀ ਜ਼ਿੰਮੇਵਾਰੀ ਸੀ। ਇਸਦੇ ਨਾਲ ਹੀ ਇਹ ਸਾਰੀਆਂ ਦਿੱਕਤਾਂ ਇੱਕ ਸਾਲ ਤੋਂ ਵੱਧ ਰਹੀਆਂ ਹਨ।''

ਮੁਕੇਸ਼ ਮੰਨਦੇ ਹਨ, ''ਇੱਥੇ ਲੋਕਾਂ ਦੀ ਸੋਚ ਹੈ ਫ਼ਿਲਮਾਂ ਬਣਾ ਕੇ ਗੁਦਾਮ ਵਿੱਚ ਪਾ ਦਿਓ। ਉਹ ਕਿੱਥੇ ਲੱਗਣਗੀਆ, ਲੋਕਾਂ ਤੱਕ ਕਿਵੇਂ ਪੁੱਜਣਗੀਆਂ ਇਸ 'ਤੇ ਕਿਸੇ ਦਾ ਧਿਆਨ ਨਹੀਂ ਹੁੰਦਾ।"

ਕਿਉਂ ਨਹੀਂ ਚੁਣਿਆ ਕੋਈ ਦੂਜਾ ਰਾਹ?

ਮੁਕੇਸ਼ ਕਹਿੰਦੇ ਹਨ, ''ਆਨਲਾਈਨ ਬਦਲ ਹੈ, ਪਰ ਇਸ ਨਾਲ ਸੀਐਫ਼ਐਸਆਈ ਦਾ ਕੋਈ ਭਲਾ ਨਹੀਂ ਹੋਵੇਗਾ। ਡਿਜ਼ਟਲ ਪਲੈਟਫਾਰਮ ਰਾਹੀਂ ਬੱਚਿਆਂ ਤੱਕ ਫ਼ਿਲਮਾਂ ਤਾਂ ਪਹੁੰਚ ਜਾਣਗੀਆਂ, ਪਰ ਇਸ ਨਾਲ ਕਿਸੇ ਨੂੰ ਸੀਐਫ਼ਐਸਆਈ ਦੇ ਬਾਰੇ ਨਹੀਂ ਪਤਾ ਲੱਗੇਗਾ। ਫ਼ਿਲਮ ਦਾ ਹਿੱਟ ਹੋਣਾ ਜ਼ਰੂਰੀ ਹੈ, ਤਾਂ ਹੀ ਲੋਕਾਂ ਨੂੰ ਸਮਝ ਆਵੇਗਾ ਕਿ ਬੱਚਿਆਂ ਲਈ ਫ਼ਿਲਮਾਂ ਬਣਨੀਆਂ ਜ਼ਰੂਰੀ ਹਨ।''

ਵੱਡਿਆਂ ਦਾ ਕੰਟੈਂਟ ਬੱਚਿਆਂ ਲਈ ਕਿਵੇਂ ਹੋ ਸਕਦਾ ਹੈ?

ਮੁਕੇਸ਼ ਦਾ ਕਹਿਣਾ ਹੈ, ''ਅੱਜ ਦੇ ਦੌਰ ਵਿੱਚ ਇਸ ਤੋਂ ਵੱਧ ਖ਼ਤਰਨਾਕ ਕੁਝ ਨਹੀਂ ਹੈ। ਚੌਥੀ ਕਲਾਸ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੇ ਤੋਂ ਦੁੱਗਣੀ ਉਮਰ ਦੀਆਂ ਉਹ ਗੱਲਾਂ ਪਤਾ ਹੁੰਦੀਆਂ ਹਨ ਜੋ ਉਸ ਸਮੇਂ ਨਹੀਂ ਪਤਾ ਹੋਣੀਆਂ ਚਾਹੀਦੀਆਂ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਬੱਚਿਆਂ ਤੇ ਗ਼ਲਤ ਅਸਰ ਪਾਉਂਦੀਆਂ ਹਨ।''

ਇਸ ਮਾਮਲੇ 'ਤੇ ਅਸੀਂ ਸਾਬਕਾ ਚੇਅਰਮੈਨ ਅਮੋਲ ਗੁਪਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ , ਪਰ ਉਨ੍ਹਾਂ ਨੇ ਰੁੱਝੇ ਹੋਏ ਹੋਣ ਦੀ ਗੱਲ ਕਹਿ ਕੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਇਸ ਮਾਮਲੇ 'ਤੇ ਜਦੋਂ ਸੀਐਫ਼ਐਸਆਈ ਦੇ ਪ੍ਰਬੰਧਕੀ ਅਫ਼ਸਰ ਰਾਜੇਸ਼ ਗੋਹਿਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕਰ ਸਕਦੇ।

''ਅਸੀਂ ਲੋਕ ਸਰਕਾਰੀ ਕਰਮਚਾਰੀ ਹਾਂ ਅਤੇ ਅਜੇ ਇਹ ਮਾਮਲਾ ਉਨ੍ਹਾਂ ਦੇ ਅਤੇ ਮੰਤਰਾਲੇ ਵਿਚਕਾਰ ਹੈ। ਅਜਿਹੇ ਵਿੱਚ ਅਸੀਂ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਫ਼ਿਲਹਾਲ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ।''

ਸੈਨੇਟਰੀ ਪੈਡ ਨਾਲ ਤਸਵੀਰ ਸਾਂਝੀ ਕਰ ਰਹੇ ਸਿਤਾਰੇ

ਸੀਨੀਅਰ ਫ਼ਿਲਮ ਸਮੀਖਿਅਕ ਅਤੇ ਲੇਖਕ ਗੌਤਮ ਕੌਲ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਪਹਿਲਾਂ ਤਾਂ ਕਦੀ ਸੁਣੀ ਨਹੀਂ, ਪਰ ਮੁਕੇਸ਼ ਖੰਨਾ ਦੀ ਗੱਲ ਨੂੰ ਸਿਰੇ ਤੋਂ ਖ਼ਾਰਜ ਵੀ ਨਹੀਂ ਕੀਤਾ ਜਾ ਸਕਦਾ।

Image copyright Getty Images

''ਖੰਨਾ ਜੀ ਜੋ ਕਹਿ ਰਹੇ ਹਨ, ਉਹ ਅੱਧਾ ਸੱਚ ਹੋ ਸਕਦਾ ਹੈ, ਪਰ ਪੂਰਾ ਸੱਚ ਨਹੀਂ ਹੈ। ਇਸ ਵਿੱਚ ਇੱਕ ਦੂਜਾ ਪੱਖ ਇਹ ਵੀ ਹੋ ਸਕਦਾ ਹੈ ਕਿ ਉਹ ਇੱਕ ਵਾਰ ਮੁੜ ਕਮਰਸ਼ੀਅਲ ਐਂਟਰਟੇਨਮੈਂਟ ਵੱਲ ਵਾਪਸੀ ਕਰਨਾ ਚਾਹੁੰਦੇ ਹੋਣ। ਇਸ ਅਹੁਦੇ 'ਤੇ ਰਹਿੰਦੇ ਹੋਏ ਉਹ ਇਸਨੂੰ ਆਜ਼ਾਦੀ ਨਾਲ ਨਾ ਕਰ ਸਕਦੇ ਹੋਣ।''

ਕੀ ਹੈ ਸੀਐਫਐਸਆਈ?

ਸੀਐਫਐਸਆਈ ਦੀ ਸਥਾਪਨਾ ਆਜ਼ਾਦੀ ਤੋਂ ਕੁਝ ਸਮੇਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਕੀਤੀ ਗਈ ਸੀ।

ਸੀਐਫਐਸਆਈ ਦਾ ਮਕਸਦ ਬੱਚਿਆਂ ਲਈ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨਾ ਹੈ ਜੋ ਉਨ੍ਹਾਂ ਦੇ ਵਿਕਾਸ ਵਿੱਚ ਮਦਦਗਾਰ ਹੋਣ।

ਸੀਐਫਐਸਆਈ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ ਹੁਣ ਤੱਕ 10 ਵੱਖ-ਵੱਖ ਭਾਸ਼ਾਵਾਂ 'ਚ 250 ਫ਼ਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ।

ਪਰ ਸਵਾਲ ਇਹ ਹੈ ਕਿ ਭਾਰਤ ਵਿੱਚ ਬੱਚਿਆਂ ਦੇ ਮਨੋਰੰਜਨ ਦੀ ਭਾਰੀ ਕਮੀ ਹੈ ਤੇ ਇਸੇ ਕਰਕੇ ਉਹ ਵੱਡਿਆਂ ਦਾ ਕੰਟੈਂਟ ਦੇਖਣ ਲਈ ਮਜਬੂਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)