ਸੰਸਦ ਤੋਂ ਸੋਸ਼ਲ ਤੱਕ: 'ਅੱਛੇ ਦਿਨ ਕਭ ਆਏਂਗੇ' ਦੇ ਤਾਜ਼ਾ ਵਰਸ਼ਨ ਦੀ ਚਰਚਾ

bhagwant Maan

ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਬਜਟ ਇਜਲਾਸ ਵਿੱਚ ਵਿਅੰਗਮਈ ਕਵਿਤਾ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ।

ਭਗਵੰਤ ਮਾਨ ਦੀ ਇਹ ਕਵਿਤਾ 'ਅੱਛੇ ਦਿਨ ਕਭ ਆਏਗੇ' ਦਾ ਇਹ ਤਾਜ਼ਾ ਵਰਸ਼ਨ ਹੈ। ਜਿਸ ਨੂੰ ਮੁਲਕ ਦੇ ਤਾਜ਼ਾ ਮਸਲਿਆਂ ਮੁਤਾਬਕ ਘੜਿਆ ਗਿਆ ਹੈ।

ਇਸ ਕਵਿਤਾ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਨੇ...

''ਪੈਟ੍ਰੋਲ ਅਤੇ ਡੀਜ਼ਲ ਕੇ ਦਾਮ ਆਮ ਜਨਤਾ ਕੀ ਪਹੁੰਚ ਸੇ ਦੂਰ ਹੋ ਰਹੇ ਹੈਂ,

ਕਿਸਾਨ ਪੂਰੇ ਦੇਸ਼ ਵਿੱਚ ਖੁਦਕੁਸ਼ੀ ਕਰਨੇ ਪਰ ਮਜਬੂਰ ਹੋ ਰਹੇ ਹੈਂ

ਵਪਾਰੀ ਅਜੇ ਉੱਠ ਨਹੀਂ ਪਾਇਆ ਜੀਐੱਸਟੀ ਅਤੇ ਨੋਟਬੰਦੀ ਕੀ ਮਾਰ ਸੇ,

ਮੈਂ ਇੱਕ ਸਵਾਲ ਪੂਛਨਾ ਚਾਹੁੰਤਾ ਹੂੰ ਮੋਦੀ ਸਰਕਾਰ ਸੇ,

ਹੁਣ ਤਾਂ ਤੁਹਾਨੂੰ ਬਣੇ ਹੋਏ ਪੂਰੇ ਚਾਰ ਸਾਲ ਹੋਣ ਵਾਲੇ ਹੈਂ,

ਇੰਨਾਂ ਚਾਰ ਸਾਲਾਂ ਵਿੱਚ ਤੁਸੀਂ ਬਹੁਤ ਜੁਮਲੇ ਸੁਣਾ ਡਾਲੇ ਹੈਂ,

ਇੱਕ ਵਾਰ ਸੱਚ ਸੱਚ ਦੱਸ ਦੋ ਕਿ ਅੱਛੇ ਦਿਨ ਕੱਦ ਆਨੇ ਵਾਲੇ ਹੈਂ''

ਭਗਵੰਤ ਮਾਨ ਨੇ ਇਹ ਕਵਿਤਾ ਵੀਡੀਓ ਯੂ-ਟਿਊਬ ਅਤੇ ਫੇਸਬੁੱਕ ਉੱਤੇ ਸਾਂਝੀ ਕੀਤੀ ਹੈ, ਜਿਸ ਉੱਤੇ ਲੋਕ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਮਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਪੀਟ ਬੈਂਸ ਲਿਖਦੇ ਹਨ, ''ਸਾਡੇ ਹੱਕਾਂ ਲਈ ਖੜਾ ਹੋਣ ਲਈ ਧੰਨਵਾਦ। ਪੰਜਾਬ ਦੀ ਰਾਜਨੀਤੀ ਵਿੱਚ ਜੋ ਤੁਸੀਂ ਕਰ ਰਹੇ ਹੋ ਉਹ ਕੋਈ ਨਹੀਂ ਕਰ ਰਿਹਾ।''

ਅਮਰੀਕ ਗੌਨਡਾਰਾ ਨੇ ਕਿਹਾ, ''ਪੰਜਾਬ ਵਾਸੀਓ ਫਿਰ ਨਾ ਕਿਹੋ ਕਿ ਐੱਮ ਪੀ ਸਾਬ ਨੇ ਸੰਸਦ 'ਚ ਪੰਜਾਬ ਦਾ ਕੋਈ ਮੁੱਦਾ ਨਹੀਂ ਚੁੱਕਿਆ।''

ਆਰਕੇ ਬਹਾਦੁਰ ਨੇ ਲਿਖਿਆ, ''ਭਗਵੰਤ ਜੀ ਤੁਹਾਨੂੰ ਤਾਂ 20 ਸਾਲ ਪਹਿਲਾਂ ਹੀ ਰਾਜਨੀਤੀ ਵਿੱਚ ਆ ਜਾਣਾ ਚਾਹੀਦਾ ਸੀ।''

ਸੁੱਖ ਜੱਟਿਜ਼ਮ ਨੇ ਲਿਖਿਆ, ''ਬੈਂਕ ਵਿੱਚ ਜਾਓ ਕਦੇ ਟਰਾਂਸਫਰ ਦੇ ਨਾਂ ਤੇ, ਕਦੇ ਏਟੀਐਮ ਦੇ ਨਾਂ ਤੇ, ਕਦੇ ਚੈੱਕ ਬੁੱਕ ਦੇ ਨਾਂ ਅਤੇ ਕਦੀ ਮੈਸੇਜ ਅਲਰਟ ਦੇ ਨਾਂ ਤੇ ਪੈਸੇ ਕੱਟ ਲੈਂਦੇ ਹਨ, ਚੰਗੇ ਦਿਨ ਕਦੋਂ ਆਉਣਗੇ?''

ਭਗਵੰਤ ਮਾਨ ਅਕਸਰ ਕਵਿਤਾ ਰਾਹੀਂ ਸੰਸਦ ਅਤੇ ਸੋਸ਼ਲ ਮੀਡੀਆ 'ਤੇ ਮੁੱਦੇ ਚੁੱਕਦੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)