ਪ੍ਰੈੱਸ ਰੀਵਿਊ: ਟਾਈਟਲਰ ਦੀ ਕਥਿਤ ਵੀਡੀਓ ਦਾ ਮੁੱਦਾ ਰਾਜ ਸਭਾ ਵਿੱਚ ਉਠਿਆ

ਟਾਈਟਲਰ Image copyright MANPREET ROMANA/AFP/Getty Images

ਪੰਜਾਬੀ ਟ੍ਰਿਬਿਊਨ ਨੇ ਕਥਿਤ ਤੌਰ 'ਤੇ ਟਾਈਟਲਰ ਦੀ ਨਸ਼ਰ ਹੋਈ ਵੀਡੀਓ ਦੀ ਖ਼ਬਰ ਤਰਜ਼ੀਹ ਦਿੱਤੀ ਹੈ।

ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡੀਓ ਦਾ ਮੁੱਦਾ ਰਾਜ ਸਭਾ 'ਚ 'ਸਿਫ਼ਰ ਕਾਲ' ਦੌਰਾਨ ਉਠਾਇਆ।

ਖ਼ਬਰ ਮੁਤਾਬਕ ਵੀਡੀਓ 'ਚ ਟਾਈਟਲਰ ਨੇ 1984 ਸਿੱਖ-ਵਿਰੋਧੀ ਦੰਗਿਆ ਵਿੱਚ ਆਪਣੀ ਭੂਮਿਕਾ ਬਾਰੇ ਅਤੇ ਹੋਰ ਵੀ ਕਈ ਖ਼ੁਲਾਸੇ ਕੀਤੇ ਸਨ।

ਕਾਂਗਰਸ ਮੈਂਬਰਾਂ ਨੇ ਕੇਸ ਅਦਾਲਤ 'ਚ ਹੋਣ ਦਾ ਹਵਾਲਾ ਦਿੰਦਿਆਂ ਢੀਂਡਸਾ ਵੱਲੋਂ ਉਠਾਏ ਗਏ ਮੁੱਦੇ 'ਤੇ ਇਤਰਾਜ਼ ਜਤਾਇਆ।

ਢੀਂਡਸਾ ਨੇ ਕਿਹਾ ਕਿ ਇੱਕ ਵਿਅਕਤੀ 100 ਵਿਅਕਤੀਆਂ ਨੂੰ ਨਹੀਂ ਮਾਰ ਸਕਦਾ।

ਇਸ ਲਈ ਜੋ ਇੰਕਸ਼ਾਫ਼ ਸੀਡੀ ਵਿੱਚ ਕੀਤੇ ਗਏ ਹਨ, ਉਸ ਮੁਤਾਬਕ ਕਾਂਗਰਸੀ ਆਗੂ ਦੇ ਹੋਰ ਸਾਥੀਆਂ ਦੀ ਜਾਣਕਾਰੀ ਹਾਸਲ ਕਰਨਾ ਲਾਜ਼ਮੀ ਬਣ ਗਿਆ ਹੈ।

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਵਿੱਚ ਸਕੂਲ ਸਿੱਖਿਆ ਵਿਭਾਗ ਦਾ ਪ੍ਰਸਤਾਵ, ਜਿਸ ਵਿੱਚ ਉਨ੍ਹਾਂ ਕੁੜੀਆਂ ਦੇ ਸਕੂਲਾਂ ਵਿੱਚ 50 ਸਾਲ ਦੀ ਉਮਰ ਤੋਂ ਉੱਪਰ ਦੇ ਮਰਦ ਅਧਿਆਪਕ ਹੀ ਲਗਾਉਣ ਦੀ ਗੱਲ ਰੱਖੀ, ਦਾ ਵਿਰੋਧ ਹੋ ਰਿਹਾ ਹੈ।

Image copyright NARINDER NANU/AFP/GettyImages

ਇਹ ਪੇਸ਼ਕਸ਼ ਅਧਿਆਪਕਾਂ ਦੀ ਬਦਲੀ ਵਾਲੇ ਪ੍ਰੋਗਰਾਮ ਦਾ ਹਿੱਸਾ ਸੀ।

ਇਸ ਪ੍ਰਸਤਾਵ ਦੇ ਵਿਰੋਧ 'ਚ ਬੋਲਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਆਗੂ ਦਵਿੰਦਰ ਸਿੰਘ ਪੂਨੀਆ ਨੇ ਕਿਹਾ, "ਅਸੀਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਵਾਂਗ ਸਮਝਦੇ ਹਾਂ।"

ਉਨ੍ਹਾਂ ਕਿਹਾ, "ਜੇ 1 ਫ਼ੀਸਦੀ ਮਰਦ ਅਧਿਆਪਕ ਬੱਚਿਆਂ ਨਾਲ ਗ਼ਲਤ ਕੰਮ ਕਰਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਦੇ ਇਰਾਦੇ ਗ਼ਲਤ ਹਨ।"

ਟਾਈਮਜ਼ ਆਫ਼ ਇੰਡੀਆ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ, ਜਤਿੰਦਰ (75) 'ਤੇ ਉਨ੍ਹਾਂ ਦੀ ਕਜ਼ਿਨ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਦੀ ਖ਼ਬਰ ਨੂੰ ਛਾਪਿਆ ਹੈ।

ਖ਼ਬਰ ਮੁਤਾਬਕ ਉਨ੍ਹਾਂ ਦੀ ਕਜ਼ਿਨ ਨੇ ਦੋਸ਼ ਲਗਾਏ ਹਨ ਕਿ ਸਾਲ 1971 ਵਿੱਚ ਸ਼ਿਮਲਾ ਦੇ ਇੱਕ ਹੋਟਲ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।

Image copyright STR/AFP/Getty Images

ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਉਹ ਉਸ ਵੇਲੇ 18 ਸਾਲ ਦੇ ਸਨ।

ਉਨ੍ਹਾਂ ਜਤਿੰਦਰ, ਅਸਲੀ ਨਾਮ ਰਵੀ ਕਪੂਰ, ਦੇ ਖ਼ਿਲਾਫ਼ ਐਫਆਈਆਰ ਦੀ ਮੰਗ ਵੀ ਕੀਤੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹਰਿਆਣਾ ਦੀ ਯੂਨੀਵਰਸਿਟੀ ਵਿੱਚ ਪੜ੍ਹਦੇ ਇੱਕ ਕਸ਼ਮੀਰੀ ਵਿਦਿਆਰਥੀ ਦੀ ਕਥਿਤ ਤੋਰ 'ਤੇ ਕੁੱਟ ਮਾਰ ਹੋਈ ਹੈ।

ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਇਸ ਘਟਨਾ ਵਿੱਚ ਕਥਿਤ ਤੋਰ 'ਤੇ ਸ਼ਾਮਿਲ ਇੱਕ ਨੌਜਵਾਨ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਖ਼ਬਰ ਮੁਤਾਬਕ ਇਹ ਘਟਨਾ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਦੇ ਅੰਬਾਲਾ ਨੇੜਲੇ ਕੈਂਪਸ ਵਿੱਚ ਹੋਈ।

ਇਸ ਤਰ੍ਹਾਂ ਦੀ ਇੱਕ ਘਟਨਾ ਕੁਝ ਸਮਾਂ ਪਹਿਲਾਂ ਮਹਿੰਦਰਗੜ੍ਹ ਵਿੱਚ ਵੀ ਹੋਈ ਸੀ, ਜਿੱਥੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟ ਮਾਰ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)