ਫਿਲਮ 'ਪੈਡਮੈਨ' ਦੀ ਨਿਰਮਾਤਾ ਟਵਿੰਕਲ ਖੰਨਾ ਨਾਲ ਫਿਲਮ ਬਾਰੇ ਖ਼ਾਸ ਗੱਲਬਾਤ

ਟਵਿੰਕਲ ਖੰਨਾ Image copyright -/AFP/Getty Images

ਤਿੰਨ ਸਾਲ ਪਹਿਲਾਂ, ਟਵਿੰਕਲ ਖੰਨਾ ਇੱਕ ਕਿਤਾਬ ਲਿਖ ਰਹੀ ਸੀ, ਜਿਸ ਨੂੰ ਉਸ ਨੇ ਵਿਚਾਲੇ ਹੀ ਛੱਡ ਦਿੱਤਾ। ਕਿਤਾਬ ਅਰੁਨਾਚਲਮ ਮੁਰੁਗਾਨੰਥਮ ਨਾਂ ਦੇ ਵਿਅਕਤੀ ਉੱਤੇ ਸੀ। ਇਸ ਨੇ ਪੇਂਡੂ ਭਾਰਤ ਲਈ ਸਸਤੇ ਪੈਡ ਬਣਾਉਣ ਦੀ ਮਸ਼ੀਨ ਬਣਾਈ ਸੀ।

ਟਵਿੰਕਲ ਨੇ ਉਸ ਵਿਆਕਤੀ ਨੂੰ ਮਿਲਣ ਤੋਂ ਬਾਅਦ ਕਿਤਾਬ ਲਿਖਣੀ ਸ਼ੁਰੂ ਕੀਤਾ ਅਅਤੇ ਹੁਣ ਉਨ੍ਹਾਂ 'ਤੇ ਫਿਲਮ ਬਣਾਈ ਹੈ ਜਿਸ ਦਾ ਨਾਂ 'ਪੈਡਮੈਨ' ਹੈ।

ਫਿਲਮ ਦੀ ਨਿਰਮਾਤਾ ਟਵਿੰਕਲ ਅਤੇ ਅਦਾਕਾਰਾ ਸੋਨਮ ਕਪੂਰ ਨੇ ਮਾਹਵਾਰੀ, ਔਰਤਾਂ ਦੇ ਮਸਲਿਆਂ ਅਤੇ ਫਿਲਮ ਬਾਰੇ ਲੰਡਨ ਵਿੱਚ ਬੀਬੀਸੀ ਪੱਤਰਕਾਰ ਰਾਹੁਲ ਜੋਗਲੇਕਰ ਨਾਲ ਗੱਲ ਕੀਤੀ।

ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:

ਸਵਾਲ: ਮਾਹਵਾਰੀ ਦੌਰਾਨ ਪੈਡ ਦਾ ਇਸਤੇਮਾਲ ਅਤੇ ਮਾਹਵਾਰੀ ਨੂੰ ਅਜੇ ਵੀ ਭਾਰਤ ਅਤੇ ਵਿਦੇਸ਼ ਦੇ ਭਾਰਤੀ ਘਰਾਂ ਵਿੱਚ ਮਨ੍ਹਾਹੀ ਵਾਲਾ ਮਾਮਲਾ ਮੰਨਿਆ ਜਾਂਦਾ ਹੈ। ਫਿਲਮ ਲਈ ਖੋਜ ਦੌਰਾਨ ਕੀ ਤੁਸੀਂ ਇਸ ਬਾਰੇ ਸੋਚਿਆ ਸੀ?

ਸੋਨਮ: ਮੈਂ ਇਸ ਆਦਮੀ ਦੀ ਕਹਾਣੀ ਤੋਂ ਬੇਹੱਦ ਪ੍ਰਭਾਵਿਤ ਹੋਈ, ਜਿਹੜਾ ਇੱਕ ਰੂੜੀਵਾਦੀ ਪਿਛੋਕੜ ਤੋਂ ਆਉਂਦਾ ਹੈ ਪਰ ਬਹੁਤ ਅਗਾਂਹਵਧੂ ਸੋਚ ਰੱਖਦਾ ਹੈ। ਭਾਰਤ ਵਿੱਚ ਮੁੰਬਈ ਜਾਂ ਹੋਰ ਵੱਡੇ ਸ਼ਹਿਰਾਂ ਅੰਦਰ ਕਈ ਅਜੀਬੋ ਗਰੀਬ ਪਾਬੰਦੀਆਂ ਲਾਗੂ ਹਨ।

ਜਿਵੇਂ ਮੇਰੇ ਦਾਦਾ ਦਾਦੀ ਕਹਿੰਦੇ ਹਨ ਕਿ ਮਾਹਵਾਰੀ ਦੌਰਾਨ ਪੂਜਾ ਵਿੱਚ ਸ਼ਾਮਲ ਨਾ ਹੋਵੋ। ਜੇ ਮੇਰੀ ਨਾਨੀ ਅਚਾਰ ਬਣਾ ਰਹੀ ਹੁੰਦੀ ਸੀ ਤਾਂ ਕਹਿੰਦੀ ਸੀ ਕਿ ਤੇਰੇ ਕਰਕੇ ਅਚਾਰ ਖਰਾਬ ਹੋ ਜਾਏਗਾ।

ਇਸ ਲਈ ਜਦ ਮੈਂ ਇਸ ਦੀ ਕਹਾਣੀ ਸੁਣੀ ਤਾਂ ਬੇਹੱਦ ਪ੍ਰਭਾਵਿਤ ਹੋਈ। ਮੈਨੂੰ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਅਤੇ ਇਸ ਦਾ ਹਿੱਸਾ ਬਣਨ ਦੀ ਸੋਚੀ।

Image copyright Stuart C. Wilson

ਟਵਿੰਕਲ: ਆਪਣੀ ਦੂਜੀ ਕਿਤਾਬ ਲਿਖਦੇ ਹੋਏ ਮੈਂ ਇਸ ਕਹਾਣੀ ਦੇ ਰੂ-ਬ-ਰੂ ਹੋਈ। ਮੈਂ ਅਜੇ ਦਸ ਹੀ ਚੈਪਟਰ ਲਿਖੇ ਸੀ ਕਿ ਕਿਤਾਬ ਵਿਚਕਾਰ ਛੱਡ ਦਿੱਤੀ ਕਿਉਂ ਕਿ ਅਸੀਂ ਉਨ੍ਹਾਂ ਉੱਤੇ ਫਿਲਮ ਬਣਾਉਣ ਦੀ ਸੋਚ ਲਈ ਸੀ।

ਮੈਂ ਪਹਿਲਾਂ ਹੀ ਮੁਰੁਗਾਨੰਥਮ ਬਾਰੇ ਬਹੁਤ ਰਿਸਰਚ ਕੀਤੀ ਸੀ ਅਤੇ ਉਸਨੂੰ ਮਿਲਣ ਤੋਂ ਪਹਿਲਾਂ ਹੀ ਮੈਂ ਉਸ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਫਿਰ ਮੈਂ ਉਨ੍ਹਾਂ ਦਾ ਪਿੱਛਾ ਕਰਨ ਲੱਗ ਪਈ।

ਸਵਾਲ: ਤੁਸੀਂ ਹੱਥ ਧੋ ਕੇ ਉਨ੍ਹਾਂ ਦੇ ਪਿੱਛੇ ਪੈ ਗਏ ਸੀ, ਹੈ ਨਾ?

ਟਵਿੰਕਲ: ਹਾਂ, ਮੈਂ ਉਨ੍ਹਾਂ ਦਾ ਬਹੁਤ ਪਿੱਛਾ ਕੀਤਾ। ਜੇ ਮੈਂ ਮੁੰਡਾ ਹੁੰਦੀ ਤੇ ਉਹ ਕੁੜੀ ਤਾਂ ਸ਼ਾਇਦ ਮੈਂ ਹੁਣ ਤੱਕ ਜੇਲ੍ਹ ਵਿੱਚ ਹੋਣਾ ਸੀ।

ਮੈਂ ਕਦੇ ਕਿਸੇ ਮਰਦ ਦਾ ਪਿੱਛਾ ਨਹੀਂ ਕੀਤਾ ਹੈ। ਉਨ੍ਹਾਂ ਨੂੰ ਲੱਭਣਾ ਬਹੁਤ ਔਖਾ ਸੀ। ਆਖਰਕਾਰ ਮੈਂ ਉਨ੍ਹਾਂ ਨੂੰ ਮਿਲੀ ਅਤੇ ਫਿਲਮ ਲਈ ਮਨਾਇਆ।

ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਕਹਾਣੀ ਨੂੰ ਸਿਰਫ ਖੁਦ ਤਕ ਜਾਂ 'ਬੀਬੀਸੀ' ਜਾਂ 'ਦਿ ਗਾਰਡੀਅਨ' ਤਕ ਰੱਖਣਾ ਮਤਲਬੀ ਹੋਵੇਗਾ। ਇਸ ਨੂੰ ਭਾਰਤ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ ਅਤੇ ਉਹ ਮੰਨ ਗਏ। ਉਹ ਜ਼ਬਰਦਸਤ ਸ਼ਖਸੀਅਤ ਹਨ।

Image copyright STR/AFP/Getty Images

ਸਵਾਲ: ਤੁਹਾਨੂੰ ਲੱਗਦਾ ਹੈ ਕਿ ਫਿਲਮ ਵੇਖਣ ਤੋਂ ਬਾਅਦ ਭਾਰਤੀ ਘਰਾਂ ਅੰਦਰ ਕੁੜੀਆਂ ਤੇ ਔਰਤਾਂ ਇਸ ਮੁੱਦੇ 'ਤੇ ਖੁਲ੍ਹ ਕੇ ਗੱਲ ਕਰਨਾ ਸ਼ੁਰੂ ਕਰਨਗੀਆਂ? ਜੋ ਫਿਲਹਾਲ ਜ਼ਿਆਦਾਤਰ ਨਹੀਂ ਹੁੰਦਾ ਹੈ।

ਟਵਿੰਕਲ: ਤੁਸੀਂ ਭਾਰਤੀ ਫਿਲਮਾਂ ਦੀ ਗੱਲ ਕਰ ਰਹੇ ਹੋ, ਪਰ ਕੀ ਤੁਸੀਂ ਕਦੇ ਹਾਲੀਵੁੱਡ ਫਿਲਮ ਵਿੱਚ ਵੀ ਕਿਸੇ ਨੂੰ ਕਹਿੰਦੇ ਸੁਣਿਆ ਹੈ ਕਿ ਉਸਨੂੰ ਮਾਹਵਾਰੀ ਹੋਈ ਹੈ ਅਤੇ ਉਹ ਘਰ ਜਾ ਕੇ ਕਪੜੇ ਬਦਲਣ ਵਾਲੀ ਹੈ। ਜਾਂ ਤੁਸੀਂ ਸੈਨੇਟਰੀ ਪੈਡ ਵੇਖਿਆ ਹੋਏ, ਮੈਂ ਤਾਂ ਹੱਲੇ ਤਕ ਨਹੀਂ ਵੇਖਿਆ ਹੈ।

ਸੋਨਮ: ਮੇਰੇ ਖਿਆਲ ਨਾਲ ਕੋਈ ਟੀਵੀ ਸ਼ੋਅ ਹੋਏਗਾ, ਪਰ ਉੱਥੇ ਇਸ ਨੂੰ ਸਹੀ ਢੰਗ ਨਾਲ ਨਹੀਂ ਵਿਖਾਇਆ ਜਾਂਦਾ, ਹਮੇਸ਼ਾ ਮਜ਼ਾਕ ਉਡਾਇਆ ਜਾਂਦਾ ਹੈ।

ਸਵਾਲ: ਤੁਹਾਨੂੰ ਲੱਗਦਾ ਹੈ ਕਿ ਇਹ ਹਮੇਸ਼ਾ ਇੱਕ ਮਰਦ ਦੇ ਨਜ਼ਰੀਏ ਤੋਂ ਵਿਖਾਇਆ ਜਾਂਦਾ ਹੈ?

ਸੋਨਮ: ਫਿਲਮ ਇੰਡਸਟਰੀ ਵਿੱਚ ਜ਼ਿਆਦਾਤਰ ਚੀਜ਼ਾਂ ਮਰਦ ਦੇ ਨਜ਼ਰੀਏ ਤੋਂ ਹੀ ਹੁੰਦੀਆਂ ਹਨ।

ਟਵਿੰਕਲ: ਪਰ ਇਹ ਬਦਲ ਰਿਹਾ ਹੈ।

ਬਾਲੀਵੁੱਡ ਬਦਲੇਗਾ ਸੋਚ?

ਸਵਾਲ: ਤੁਸੀਂ ਇਨ੍ਹਾਂ ਫਿਲਮਾਂ ਰਾਹੀਂ ਕੀ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ?

ਟਵਿੰਕਲ: ਔਰਤਾਂ ਖੁਦ ਸ਼ਰਮਨਾਕ ਮਹਿਸੂਸ ਕਰਦੀਆਂ ਹਨ। ਅਸੀਂ ਪੇਂਡੂ ਅਤੇ ਸ਼ਹਿਰੀ ਔਰਤਾਂ ਬਾਰੇ ਗੱਲ ਕਰ ਰਹੇ ਹਾਂ। ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਮੰਦਿਰ ਜਾਣ ਵੇਲੇ ਮੈਨੂੰ ਆਪਣੀ ਸੋਚ ਨਾਲ ਲੜਣਾ ਪੈਂਦਾ ਹੈ।

ਕੀ ਮੈਂ ਕੁਝ ਗਲਤ ਕਰ ਰਹੀ ਹਾਂ। ਇਹ ਸਵਾਲ ਮੇਰੇ ਮਨ ਵਿੱਚ ਆਉਂਦਾ ਹੈ, ਪਰ ਮੈਂ ਫਿਰ ਵੀ ਜਾਂਦੀ ਹਾਂ। ਜੇ ਮੇਰੀ ਵਰਗੀ ਔਰਤ ਅਜਿਹਾ ਮਹਿਸੂਸ ਕਰ ਰਹੀ ਹੈ, ਤਾਂ ਜਿਨ੍ਹਾਂ ਨੇ ਇਸ ਬਾਰੇ ਇੰਨਾ ਨਹੀਂ ਪੜ੍ਹਿਆ ਹੈ, ਉਹ ਕੀ ਮਹਿਸੂਸ ਕਰਦੀਆਂ ਹੋਣਗੀਆਂ।

ਸੋਨਮ: ਜੇ ਸੱਚ ਕਹਾਂ, ਤਾਂ ਔਰਤਾਂ ਲਈ ਇਹ ਬਹੁਤ ਔਖਾ ਹੈ। ਜ਼ਿਆਦਾਤਰ ਔਰਤਾਂ ਲਈ ਇਹ ਔਖਾ ਹੁੰਦਾ ਹੈ। ਤੁਸੀਂ ਫੁੱਲਿਆ ਹੋਇਆ ਮਹਿਸੂਸ ਕਰਦੇ ਹੋ, ਕੱਪੜੇ ਪੂਰੇ ਨਹੀਂ ਆਉਂਦੇ ਅਤੇ ਦਰਦ ਹੁੰਦਾ ਹੈ। ਇਹ ਬਹੁਤ ਮੁਸ਼ਕਿਲ ਹੈ।

ਪਰ ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਨਾਲ ਕੁਝ ਗਲਤ ਨਹੀਂ ਹੈ। ਤੁਹਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।

Image copyright Stuart C. Wilson

ਟਵਿੰਕਲ: ਦਫਤਰਾਂ ਵਿੱਚ ਵੀ ਮਾਹਵਾਰੀ ਦੌਰਾਨ ਤੁਸੀਂ ਬਾਥਰੂਮ ਵਿੱਚ ਪੂਰਾ ਬੈਗ ਲੈ ਕੇ ਜਾਂਦੇ ਹੋ ਨਾ ਕਿ ਸਿਰਫ਼ ਪੈਡ। ਫਿਲਮ ਵੇਖਣ ਤੋਂ ਬਾਅਦ ਸ਼ਾਇਦ ਇਹ ਸੋਚ ਬਦਲੇਗੀ ਕਿ ਮੈਨੂੰ ਇਸ ਨੂੰ ਛੁਪਾਉਣਾ ਨਹੀਂ ਹੈ।

ਸਵਾਲ: ਟਵਿੰਕਲ ਤੁਸੀਂ ਸੈਨੇਟਰੀ ਪੈਡਸ 'ਤੇ ਜੀਐੱਸਟੀ ਬਾਰੇ ਗੱਲ ਕੀਤੀ ਹੈ, ਕੀ ਸਰਕਾਰ ਤੁਹਾਡੀ ਸੁਣੇਗੀ?

ਟਵਿੰਕਲ: ਵਿੱਤ ਮੰਤਰੀ ਨੇ ਸਾਨੂੰ ਦੱਸਿਆ ਕਿ ਜੀਐੱਸਟੀ ਕਿਵੇਂ ਪੈਡ ਨੂੰ ਸਸਤਾ ਕਰੇਗਾ। ਜਿਸ ਤੋਂ ਬਾਅਦ ਮੈਂ ਮੁਰੁਗਾਨੰਥਮ ਨਾਲ ਬੈਠੀ ਅਤੇ ਹਿਸਾਬ ਲਗਾਇਆ।

ਸਾਨੂੰ ਪਤਾ ਲੱਗਿਆ ਕਿ ਜੇ ਤੁਸੀਂ ਲਾਗਤ ਨਹੀਂ ਵੀ ਜੋੜਦੇ ਫਿਰ ਵੀ ਇਹ ਗਾਹਕ ਲਈ ਸਸਤਾ ਪੈਂਦਾ ਹੈ। ਉਹ ਆਪਣੀ ਥਾਂ 'ਤੇ ਠੀਕ ਹੋਣਗੇ ਪਰ ਹਿਸਾਬ ਲਗਾਉਣ 'ਤੇ ਸਾਨੂੰ ਇਹ ਪਤਾ ਲੱਗਿਆ।

ਪਰ ਇਸ ਨੂੰ ਲਗਜ਼ਰੀ ਆਈਟਮ ਕਹਿਣਾ ਗਲਤ ਹੈ, ਕਿਉਂਕਿ ਇਸ ਤੋਂ ਬਿਨਾਂ ਅਸੀਂ ਕੰਮ 'ਤੇ ਨਹੀਂ ਜਾ ਸਕਦੇ, ਨਾ ਹੀ ਪੜ੍ਹਣ ਬੈਠ ਸਕਦੇ ਹਾਂ।

ਬਾਲੀਵੁੱਡ ਵਿੱਚ ਜਿਨਸੀ ਸੋਸ਼ਣ?

ਸਵਾਲ: ਮੈਂ ਹਾਰਵੀ ਵੀਨਸਟੀਨ ਬਾਰੇ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਜਿਸ ਕਰਕੇ ਕਾਫੀ ਚੀਜ਼ਾਂ ਸਾਹਮਣੇ ਆਈਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਬਾਲੀਵੁੱਡ ਵਿੱਚ ਵੀ ਅਸੀਂ ਉਸ ਮੁਕਾਮ 'ਤੇ ਹਾਂ ਜਿੱਥੇ ਮਰਦ ਅਤੇ ਔਰਤਾਂ ਜਿਨਸੀ ਸੋਸ਼ਣ ਬਾਰੇ ਬੋਲਣਗੇ। ਜਾਂ ਅਜੇ ਵੀ ਇਨ੍ਹਾਂ ਚੀਜ਼ਾਂ ਬਾਰੇ ਬੋਲਣਾ ਨਹੀਂ ਚਾਹੁੰਦੇ?

ਸੋਨਮ: ਭਾਰਤ ਇਸ ਮਾਮਲੇ ਵਿੱਚ ਬਹੁਤ ਪਿੱਛੇ ਹੈ ਕਿਉਂਕਿ ਸਾਡਾ ਮਰਦ ਪ੍ਰਧਾਨ ਸਮਾਜ ਹੈ।

ਸਵਾਲ: ਕੀ ਸੋਨਮ ਅਤੇ ਅਕਸ਼ੇ ਫਿਲਮ ਤੋਂ ਬਰਾਬਰ ਕਮਾ ਰਹੇ ਹਨ?

ਸੋਨਮ: ਉਹ ਬਰਾਬਰ ਇਸ ਲਈ ਨਹੀਂ ਹੈ ਕਿਉਂਕਿ ਜੇ ਅਕਸ਼ੇ ਦੀ ਸੋਲੋ ਰਿਲੀਜ਼ ਹੁੰਦੀ ਹੈ ਤਾਂ ਉਹ ਮੇਰੀ ਸੋਲੋ ਰਿਲੀਜ਼ ਤੋਂ ਕਿਤੇ ਵੱਧ ਕਮਾਏਗੀ। ਜੇ ਮੈਂ ਆਯੁਸ਼ਮਾਨ ਖੁਰਾਣਾ ਨਾਲ ਫਿਲਮ ਕਰ ਰਹੀ ਹਾਂ ਤਾਂ ਮੈਨੂੰ ਵੱਧ ਪੈਸੇ ਮਿਲਣੇ ਚਾਹੀਦੇ ਹਨ, ਜੇ ਮੈਂ ਸਿੱਧਾਰਥ ਮਲਹੋਤਰਾ ਨਾਲ ਕੰਮ ਕਰ ਰਹੀ ਹਾਂ ਤਾਂ ਮੈਨੂੰ ਬਰਾਬਰ ਪੈਸੇ ਮਿਲਣੇ ਚਾਹੀਦੇ ਹਨ।

Image copyright SUJIT JAISWAL/AFP/Getty Images

ਟਵਿੰਕਲ: ਇਹ ਅਰਥਸ਼ਾਸਤਰ ਹੈ, ਜੇ ਤੁਹਾਨੂੰ ਭਰੋਸਾ ਹੈ ਕਿ ਤੁਸੀਂ ਹਰ ਵਾਰ ਵੱਧ ਕਮਾਈ ਕਰੋਗੇ, ਫਿਰ ਤੁਹਾਨੂੰ ਵੱਧ ਪੈਸੇ ਵੀ ਮਿਲਣਗੇ।

ਸਵਾਲ: ਪਰ ਇਸ ਵਿੱਚ ਖਾਮੀਆਂ ਹਨ?

ਟਵਿੰਕਲ: ਕਿਉਂਕਿ ਅਸੀਂ ਇੱਕ ਮਰਦ ਪ੍ਰਧਾਨ ਸਮਾਜ ਹਨ। ਟੌਪ ਅਦਾਕਾਰ ਅਦਾਕਾਰਾਂ ਨਾਲ ਕਈ ਵੱਧ ਫਿਲਮਾਂ ਕਰਦੇ ਹਨ। ਉਹ ਬਿਜ਼ਨਸ ਵੀ ਆਪ ਕਰਦੇ ਹਨ ਜਿਵੇਂ ਕਿ ਡਿਸਟ੍ਰੀਬਿਊਟਰਸ ਨਾਲ ਗੱਲ ਕਰਨਾ, ਸਕਰੀਨਜ਼ ਦਾ ਪ੍ਰਬੰਧ ਕਰਨਾ । ਇਸ ਲਈ ਉਨ੍ਹਾਂ ਨੂੰ ਵੱਧ ਪੈਸੇ ਮਿਲਦੇ ਹਨ।

ਕੀ ਬਾਲੀਵੁੱਡ ਫਿਲਮਕਾਰ ਆਜ਼ਾਦੀ ਨਾਲ ਫਿਲਮਾਂ ਬਣਾ ਸਕਦੇ ਹਨ?

ਸਵਾਲ: ਭਾਰਤ ਵਿੱਚ ਫਿਲਮਕਾਰਾਂ ਦੀ ਕਲਾਤਮਕ ਆਜ਼ਾਦੀ ਬਾਰੇ ਗੱਲ ਕਰਦੇ ਹਾਂ। 'ਪਦਮਾਵਤ' ਨੂੰ ਵੇਖੋ, ਤੁਹਾਨੂੰ ਲੱਗਦਾ ਹੈ ਕਿ ਫਿਲਮਕਾਰਾਂ ਨੂੰ ਫਿਲਮ ਬਣਾਉਣ ਤੋਂ ਪਹਿਲਾਂ ਡਰ ਲੱਗਦਾ ਹੈ ਜਾਂ ਫਿਰ ਉਹ ਹੁਣ ਖੁਲ੍ਹ ਕੇ ਇਸ ਬਾਰੇ ਗੱਲਾਂ ਕਰ ਰਹੇ ਹਨ?

ਸੋਨਮ: ਤੁਹਾਨੂੰ ਕਦੇ ਵੀ ਕਿਸੇ ਚੀਜ਼ ਨੂੰ ਕਰਨ ਲਈ ਡਰ ਨਹੀਂ ਮਹਿਸੂਸ ਹੋਣਾ ਚਾਹੀਦਾ। ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਕਰ ਸਕਦੇ ਹੋ।

ਟਵਿੰਕਲ: ਇਹ ਬਹੁਤ ਹੈਰਾਨੀਜਨਕ ਹੈ। ਲੋਕਾਂ ਨੂੰ ਆਪਣੇ ਪਸੰਦ ਦਾ ਕੰਮ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਦੁਖਦ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੋਨਮ: ਮੈਂ ਸੈਂਸਰਸ਼ਿਪ ਵਿੱਚ ਵਿਸ਼ਵਾਸ ਨਹੀਂ ਕਰਦੀ। ਮੇਰੀ ਮਾਂ ਨੇ ਮੈਨੂੰ ਸਿਖਾਇਆ ਸੀ ਕਿ ਜਿੰਨਾ ਮੈਂ ਤੈਨੂੰ ਦਬਾਵਾਂਗੀ, ਉੱਨਾ ਹੀ ਤੂੰ ਉਸ ਵੱਲ ਜਾਵੇਗੀ। ਦਰਸ਼ਕ ਸਮਝਦਾਰ ਹਨ ਅਤੇ ਆਪਣੇ ਫੈਸਲੇ ਲੈ ਸਕਦੇ ਹਨ।

ਫਿਲਮ 'ਪੈਡਮੈਨ' 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)