ਵੱਡੇ ਘੱਲੂਘਾਰੇ ਦੇ ਪਿੰਡ ਕੁਤਬਾ 'ਚ ਸਿਆਸੀ 'ਵਾਅਦਾ-ਖ਼ਿਲਾਫ਼ੀ'

  • ਸੁਖਚਰਨ ਪ੍ਰੀਤ
  • ਬੀਬੀਸੀ ਪੰਜਾਬੀ ਲਈ, ਬਰਨਾਲਾ ਤੋਂ

ਸੰਨ 1761 ਈਸਵੀ ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਹੱਟਿਆਂ ਨੂੰ ਹਰਾਉਣ ਤੋਂ ਬਾਅਦ ਜਦੋਂ ਅਬਦਾਲੀ ਆਪਣੇ ਦੇਸ਼ ਪਰਤ ਰਿਹਾ ਸੀ। ਸਿੱਖ ਫ਼ੌਜਾਂ ਨੇ ਉਸ 'ਤੇ ਹਮਲੇ ਕਰਕੇ ਨਾ ਸਿਰਫ਼ ਕੈਦੀ ਔਰਤਾਂ ਨੂੰ ਛੁਡਾਇਆ ਸਗੋਂ ਉਸਦਾ ਲੁੱਟਿਆ ਮਾਲ ਵੀ ਖੋਹ ਲਿਆ ਸੀ।

ਸੰਨ 1762 ਜੰਡਿਆਲਾ ਤੋਂ ਵਾਪਸ ਜਾ ਰਹੀਆਂ ਸਿੱਖ ਫ਼ੌਜਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੱਪ ਰਹੀੜਾ ਵਿੱਚ ਰੁਕੀਆਂ ਹੋਈਆਂ ਸਨ।

ਅਬਦਾਲੀ ਦੀ ਫ਼ੌਜ ਨੇ ਉਨ੍ਹਾਂ 'ਤੇ ਪੰਜ ਫਰਵਰੀ ਨੂੰ ਹਮਲਾ ਕਰ ਦਿੱਤਾ।

ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖਾਂ ਨੇ ਟਾਕਰਾ ਕੀਤਾ ।

ਗਹਿਗੱਚ ਯੁੱਧ ਕਰਦੀਆਂ ਦੋਹੇ ਧਿਰਾਂ ਕੁੱਪ ਰਹੀੜੇ ਤੋਂ ਹੁੰਦੀਆਂ ਹੋਈਆਂ ਕੁਤਬਾ ਪਿੰਡ ਪਹੁੰਚ ਗਈਆਂ।

ਕੁਤਬਾ ਨੇੜਲੀ ਢਾਬ 'ਤੇ ਸਿੱਖ ਫ਼ੌਜਾਂ ਨੇ ਪਾਣੀ ਪੀਤਾ ਤੇ ਇਸ ਵਹੀਰ ਨੇ ਬਰਨਾਲੇ ਵੱਲ ਕੂਚ ਕੀਤਾ। ਉਸ ਸਮੇਂ ਉਨ੍ਹਾਂ ਨਾਲ ਬੱਚੇ, ਔਰਤਾਂ ਅਤੇ ਬਜ਼ੁਰਗਾਂ ਵੀ ਸਨ।

ਇਸ ਜੰਗ ਵਿੱਚ ਬੱਚੇ, ਬੁੱਢੇ ਅਤੇ ਔਰਤਾਂ ਸਮੇਤ 35 ਹਜ਼ਾਰ ਸਿੱਖ ਮਾਰੇ ਗਏ।

ਉਨ੍ਹਾਂ ਦੀ ਯਾਦ ਵਿੱਚ ਪਿੰਡ ਕੁਤਬਾ ਵਿੱਚ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ।

ਸਿੱਖ ਇਤਿਹਾਸ ਵਿਚ ਇਸ ਘਟਨਾ ਨੂੰ ਵੱਡੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਸਿਆਸੀ ਵਾਅਦੇ ਜੋ ਵਫ਼ਾ ਨਾ ਹੋਏ

ਇਸ ਵੱਡੇ ਘੱਲੂਘਾਰੇ ਦੀ ਯਾਦ ਵਿੱਚ ਹੁੰਦੇ ਸਮਾਗਮਾਂ ਸਮੇਂ ਸੱਤਾਧਾਰੀ ਆਗੂਆਂ ਵੱਲੋਂ ਪਿੰਡ ਵਿੱਚ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਉਣ, ਨੂੰ ਲੈ ਕੇ ਕਈ ਵਾਅਦੇ ਕੀਤੇ ਗਏ।

ਪਿੰਡ ਵਿੱਚ ਕੁੜੀਆਂ ਦਾ ਕਾਲਜ ਬਣਾਉਣ, ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਨ ਅਤੇ ਸੜਕ ਨਾਲ ਜੋੜਨ ਸਮੇਤ ਕਈ ਐਲਾਨ ਕੀਤੇ ਗਏ ਪਰ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ।

ਇਨ੍ਹਾਂ ਵਾਅਦਿਆਂ ਦੀ ਯਾਦ ਵਜੋਂ ਦੋ ਨੀਂਹ ਪੱਥਰ ਪਿੰਡ ਵਿੱਚ ਮੌਜੂਦ ਹਨ।

ਪਹਿਲਾ ਨੀਂਹ ਪੱਥਰ 8 ਫਰਵਰੀ 2006 ਨੂੰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਇੱਕ ਅਜੂਬੇ ਦੇ ਨਿਰਮਾਣ ਦਾ ਰੱਖਿਆ ਗਿਆ ਸੀ।

ਇਸ ਨੂੰ ਕੁਤਬਾ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ।

ਦੂਸਰਾ ਨੀਂਹ ਪੱਥਰ ਉਸ ਤੋਂ ਤਿੰਨ ਸਾਲ ਬਾਅਦ 8 ਫਰਵਰੀ 2009 ਨੂੰ ਰੱਖਿਆ ਗਿਆ।

ਘੱਲੂਘਾਰਾ ਸ਼ਹੀਦੀ ਮਾਰਗ ਦਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ।

ਇਸ ਉੱਤੇ ਉਸ ਸਮੇਂ ਦੇ ਐਮ ਪੀ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਨਾਂ ਵੀ ਲਿਖੇ ਹੋਏ ਹਨ।

ਤੀਸਰੇ ਨੀਂਹ ਪੱਥਰ ਦਾ ਸਿਰਫ਼ ਢਾਂਚਾ ਹੀ ਮੌਜੂਦ ਹੈ ਜਦਕਿ ਨੀਂਹ ਪੱਥਰ ਆਪਣੀ ਇਬਾਰਤ ਸਮੇਤ ਗ਼ਾਇਬ ਹੈ।

ਪਿੰਡ ਵਾਸੀ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕਰਮਜੀਤ ਸਿੰਘ ਨੇ ਦੱਸਿਆ, ''ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੰਨ 1998 ਵਿੱਚ ਇੱਥੇ ਆਏ ਸਨ, ਉਨ੍ਹਾਂ ਵੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਜਿਹੜਾ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦਾ ਗਿਆ।''

ਯਾਦਗਾਰ ਬਣਾਉਣ ਲਈ ਸਰਕਾਰ ਵੱਲੋਂ ਮੰਗੀ ਗਈ 2 ਕਿੱਲੇ ਜਗ੍ਹਾ ਵੀ ਪਿੰਡ ਵੱਲੋਂ ਉਪਲਬਧ ਕਰਵਾ ਦਿੱਤੀ ਗਈ ਸੀ।"

ਸ਼ਹੀਦੀ ਸਮਾਗਮ ਵਿੱਚ ਸ਼ਾਮਲ ਇੱਕ ਹੋਰ ਪਿੰਡ ਵਾਸੀ ਬਲਵੀਰ ਸਿੰਘ ਮੁਤਾਬਿਕ, "ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕਈ ਸਾਲ ਪਹਿਲਾਂ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤਾ ਗਿਆ ਸੀ ਪਰ ਸਕੂਲ ਹਾਲੇ ਤੱਕ ਅਪਗ੍ਰੇਡ ਨਹੀਂ ਕੀਤਾ ਗਿਆ"।

ਕੁਤਬਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਸੈਕਟਰੀ ਜਗਜੀਤ ਸਿੰਘ ਮੁਤਾਬਕ, "ਕੁਤਬਾ ਵਿੱਚ ਬਣਨ ਵਾਲੀ ਸ਼ਹੀਦੀ ਯਾਦਗਾਰ ਸਿਆਸਤ ਦੀ ਭੇਂਟ ਚੜ ਗਈ ਅਤੇ ਉਹ ਕੁੱਪ ਰਹੀੜਾ ਵਿੱਚ ਬਣਾ ਦਿੱਤੀ ਗਈ। ਇਸ ਵਾਰ ਵੀ ਸਾਡੀ ਇਹੀ ਮੰਗ ਹੈ ਕਿ ਸ਼ਹੀਦਾਂ ਦੀ ਯਾਦਗਾਰ ਦੇ ਨਾਲ-ਨਾਲ ਇੱਥੇ ਕੁੜੀਆਂ ਲਈ ਕਾਲਜ ਵੀ ਬਣਨਾ ਚਾਹੀਦਾ ਹੈ"।

ਕਰਵਾਏ ਗਏ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਹੁਤ ਸਾਰੇ ਸੀਨੀਅਰ ਆਗੂ ਅਤੇ ਐਸਜੀਪੀਸੀ ਮੈਂਬਰ ਪਹੁੰਚੇ ਹੋਏ ਸਨ ਪਰ ਕਿਸੇ ਆਗੂ ਵੱਲੋਂ ਕਿਸੇ ਮੰਗ ਸੰਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ।

ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, ਇਤਿਹਾਸਕਾਰਾਂ ਮੁਤਾਬਿਕ ਵੱਡਾ ਘੱਲੂਘਾਰਾ ਕੁੱਪ ਪਿੰਡ ਤੋਂ ਹੀ ਸ਼ੁਰੂ ਹੋਇਆ ਸੀ ਇਸ ਲਈ ਇਤਿਹਾਸਕਾਰਾਂ ਦੀ ਰਾਇ ਮੁਤਾਬਿਕ ਹੀ ਕੁੱਪ ਰਹੀੜਾ ਵਿੱਚ ਯਾਦਗਾਰ ਬਣਾਈ ਗਈ ਹੈ ਪਰ ਕੁਤਬਾ ਵਿਖੇ ਵੀ ਐਸਜੀਪੀਸੀ ਵੱਲੋਂ ਯਾਦਗਾਰ ਜ਼ਰੂਰ ਬਣਾਈ ਜਾਵੇਗੀ"।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ