ਪ੍ਰੈੱਸ ਰੀਵਿਊ: 500 ਤੋਂ ਵੱਧ ਕਿਸਾਨਾਂ ’ਤੇ ਪਰਚੇ ਦਰਜ ਤੇ ਹੋਰ ਖ਼ਬਰਾਂ

ਕਿਸਾਨ
ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਕਿਸਾਨਾਂ ਵੱਲੋਂ ਮੁਕੰਮਲ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੀਤੇ ਜਾ ਰਹੇ ਕਿਸਾਨ ਮੁਜ਼ਾਹਰਿਆਂ ਨੂੰ ਦਿ ਟ੍ਰਿਬਿਊਨ ਅਖ਼ਬਾਰ ਨੇ ਤਰਜੀਹ ਦਿੱਤੀ ਹੈ।

ਖ਼ਬਰ ਮੁਤਾਬਕ 500 ਤੋਂ ਵੱਧ ਕਿਸਾਨਾਂ 'ਤੇ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਬੰਦ ਕਰਨ 'ਤੇ ਮਾਮਲੇ ਦਰਜ ਕੀਤੇ ਗਏ।

ਇਹ ਕੇਸ ਮੋਗਾ, ਬਠਿੰਡਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਹਨ।

ਕਿਸਾਨਾਂ ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 36 ਥਾਵਾਂ 'ਤੇ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਬੰਦ ਕੀਤਾ ਸੀ।

ਕਿਸਾਨ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਦੇ ਵਾਅਦਾ ਖ਼ਿਲਾਫੀ ਨੂੰ ਲੈ ਕੇ ਨਾਰਾਜ਼ ਹਨ।

ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਪੱਖ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ।

ਖ਼ਬਰ ਮੁਤਾਬਕ ਭਾਰਤ ਦਾ ਸੁਪਰੀਮ ਕੋਰਟ ਇਲਾਹਾਬਾਦ ਹਾਈ ਕੋਰਟ ਦੀ ਬਾਬਰੀ ਮਸਜਿਦ ਅਤੇ ਰਾਮ ਜਨਮ ਭੂਮੀ ਦੇ ਹੁਕਮਾਂ ਦੇ ਖ਼ਿਲਾਫ਼ ਅਪੀਲ ਨੂੰ ਸਿਰਫ਼ ਜ਼ਮੀਨੀ ਵਿਵਾਦ ਦੇ ਤੌਰ 'ਤੇ ਦੇਖਦਾ ਹੈ।

ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਅੱਗੇ ਕਿਹਾ ਹੈ ਕਿ ਉਹ ਇਸ ਵਿੱਚ ਕਿਸੇ ਵੀ ਤੀਜੀ ਧਿਰ ਦਾ ਦਖ਼ਲ ਨਹੀਂ ਚਾਹੁੰਦੀ।

ਸੁਪਰੀਮ ਕੋਰਟ ਨੇ ਇਸ ਮਾਮਲੇ ਦੀ 14 ਮਾਰਚ ਨੂੰ ਅੱਗੇ ਸੁਣਵਾਈ ਲਈ ਦਸਤਾਵੇਜ਼ਾਂ ਦਾ ਅੰਗਰੇਜ਼ੀ ਵਿੱਚ ਤਰਜਮਾ ਮੰਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਖ਼ਾਲਿਸਤਾਨ ਪੱਖੀ ਪੈਂਤੜੇ ਦੇ ਹੱਕ ਵਿੱਚ ਖੜ੍ਹਨ ਤੋਂ ਕੋਰੀ ਨਾਂਹ ਕਰਨ ਦਾ ਸੁਆਗਤ ਕੀਤਾ ਹੈ।

ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਮੁਲਕ ਵਿੱਚ ਵੱਖਵਾਦੀ ਤਾਕਤਾਂ ਖ਼ਿਲਾਫ਼ ਢੁਕਵਾਂ ਮਾਹੌਲ ਸਿਰਜਣ ਲਈ ਵਧਾਈ ਵੀ ਦਿੱਤੀ ਹੈ।

ਬੁੱਧਵਾਰ ਨੂੰ ਕੈਨੇਡਾ ਦੀ ਪ੍ਰੈੱਸ ਵਿੱਚ ਛਪੇ ਹਰਜੀਤ ਸੱਜਣ ਦੇ ਬਿਆਨ ਮੁਤਾਬਕ ਉਨ੍ਹਾਂ ਅਤੇ ਕੈਨੇਡਾ ਦੇ ਸਿੱਖ ਮੰਤਰੀ ਅਮਰਜੀਤ ਸੋਹੀ ਨੇ ਨਾ ਤਾਂ ਸਿੱਖ ਕੌਮਪ੍ਰਸਤੀ ਲਹਿਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ.

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਵਿੱਚ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਮੁਲਕ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਨੇਪਾਲ ਵਿੱਚ ਖੱਬੇ ਪੱਖੀ ਗਠਜੋੜ ਨੇ ਚੋਣਾ ਦੌਰਾਨ ਬਹੁਮਤ ਹਾਸਿਲ ਕਰ ਲਿਆ ਹੈ।

ਖੱਬੇ ਪੱਖੀ ਗਠਜੋੜ ਨੇ ਸੰਸਦ ਦੇ ਉਪਰਲੇ ਸਦਨ ਵਿੱਚ 56 ਵਿੱਚੋਂ 40 ਸੀਟਾਂ ਜਿੱਤ ਦਰਜ ਕੀਤੀ ਹੈ।

ਖ਼ਬਰ ਮੁਤਾਬਕ ਸੀਪੀਐੱਨ-ਯੂਐੱਮਐੱਲ ਦੇ ਆਗੂ ਕੇਪੀ ਸ਼ਰਮਾ ਓਲੀ ਦੇ ਪ੍ਰਧਾਨ ਮੰਤਰੀ ਬਣਨ ਦੇ ਅਸਾਰ ਹਨ।

ਉਨ੍ਹਾਂ ਦੀ ਪਾਰਟੀ ਨੇ 27 ਸੀਟਾਂ ਜਿੱਤੀਆਂ ਹਨ। ਜਦਕਿ ਸੀਪੀਐੱਨ-ਮਾਓਬਾਦੀ ਨ 13 ਸੀਟਾਂ ਹਾਸਿਲ ਕੀਤੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)