ਉਹ 5 ਬਿਆਨ, ਜਦੋਂ ਚਰਚਾ 'ਚ ਰਹੀ ਰੇਣੁਕਾ ਚੌਧਰੀ

ਮੋਦੀ ਅਤੇ ਰੇਣੁਕਾ ਚੌਧਰੀ

ਤਸਵੀਰ ਸਰੋਤ, Getty Images

ਰਾਜ ਸਭਾ ਮੈਂਬਰ ਰੇਣੁਕਾ ਚੌਧਰੀ ਵੱਲੋਂ ਹੱਸਣ ਅਤੇ ਫਿਰ ਪ੍ਰਧਾਨ ਮੰਤਰੀ ਮੋਦੀ ਦੇ ਜਵਾਬ ਦੇਣ ਤੋਂ ਬਾਅਦ ਇਹ ਮੁੱਦਾ ਭਖਿਆ ਹੋਇਆ ਹੈ।

ਬੁੱਧਵਾਰ ਨੂੰ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾ ਰਹੇ ਇੱਕ ਬਿਆਨ ਦੇ ਵਿਚਾਲੇ ਹੀ ਰੇਣੁਕਾ ਚੌਧਰੀ ਨੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ।

ਪੀਐੱਮ ਮੋਦੀ ਸੈਸ਼ਨ ਵਿੱਚ ਇੱਕ ਬਿਆਨ ਦੇ ਰਹੇ ਸੀ ਜਿਸ ਵਿੱਚ ਆਧਾਰ ਸ਼ਬਦ ਬੋਲਦਿਆਂ ਹੀ ਰੇਣੁਕਾ ਚੌਧਰੀ ਨੇ ਹੱਸਣਾ ਸ਼ੁਰੂ ਕਰ ਦਿੱਤਾ। ਰੇਣੁਕਾ ਚੌਧਰੀ ਐਨਾ ਹੱਸੀ ਕਿ ਰਾਜ ਸਭਾ ਸਪੀਕਰ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਹਸਪਤਾਲ ਜਾਣ ਲਈ ਕਹਿ ਦਿੱਤਾ।

ਇਸ ਤੋਂ ਬਾਅਦ ਮੋਦੀ ਨੇ ਕਿਹਾ ਕਿ ਇਨ੍ਹਾਂ ਨੂੰ ਨਾ ਰੋਕੋ। ਰਾਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਸੁਣਨ ਨੂੰ ਮਿਲਿਆ ਹੈ।

ਮੋਦੀ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਨੇ।

ਰੇਣੁਕਾ ਚੌਧਰੀ ਸੈਸ਼ਨ ਵਿੱਚ ਆਪਣੇ ਹਾਸੇ ਨੂੰ ਲੈ ਕੇ ਇੱਕ ਵਾਰ ਮੁੜ ਚਰਚਾ ਵਿੱਚ ਹੈ। ਹਾਲਾਂਕਿ ਰੇਣੁਕਾ ਚੌਧਰੀ ਨੇ ਆਪਣੇ ਇਸ ਹਾਸੇ ਦਾ ਕਾਰਨ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੈਸ਼ਨ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਆਧਾਰ ਕਾਰਡ ਲਾਲ ਕ੍ਰਿਸ਼ਨ ਅਡਵਾਨੀ ਦਾ ਵਿਚਾਰ ਸੀ।

ਤਸਵੀਰ ਸਰੋਤ, Getty Images

ਇਹ ਪਹਿਲੀ ਵਾਰ ਨਹੀਂ ਕਿ ਰੇਣੁਕਾ ਚੌਧਰੀ ਦਾ ਕੋਈ ਬਿਆਨ ਚਰਚਾ ਦਾ ਮੁੱਦਾ ਬਣਿਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਬਿਆਨ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ।

ਇਨ੍ਹਾਂ 5 ਗੱਲਾਂ ਕਰਕੇ ਚਰਚਾ 'ਚ ਰਹੀ ਰੇਣੁਕਾ ਚੌਧਰੀ

  • ਸਾਲ 2016 ਵਿੱਚ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿੱਚ ਹੋਏ ਗੈਂਗਰੇਪ ਨੂੰ ਲੈ ਕੇ ਰੇਣੁਕਾ ਚੌਧਰੀ ਨੇ ਵਿਵਾਦਤ ਬਿਆਨ ਦਿੱਤਾ ਸੀ। ਰੇਣੁਕਾ ਨੇ ਕਿਹਾ ਸੀ ਰੇਪ ਤਾਂ ਚੱਲਦੇ ਹੀ ਰਹਿੰਦੇ ਹਨ। ਪਰ ਜੇਕਰ ਪੁਲਿਸ ਕਿਸੇ ਨੂੰ 20 ਦਿਨ ਬਾਅਦ ਗ੍ਰਿਫ਼ਤਾਰ ਕਰਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਸ਼ਾਬਾਸ਼ੀ ਦਈਏ, ਤਾਂ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ। ਰੇਣੁਕਾ ਦੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਵਿਵਾਦ ਛਿੜ ਗਿਆ ਸੀ।
  • ਸਾਲ 2015 ਵਿੱਚ ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਇਟ ਨੇ ਸਿਰਫ਼ ਇਸ ਕਾਰਨ ਦੇਰੀ ਨਾਲ ਉਡਾਣ ਭਰੀ ਸੀ ਕਿਉਂਕਿ ਰੇਣੁਕਾ ਚੌਧਰੀ ਲੇਟ ਹੋ ਗਈ ਸੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਰੇਣੁਕਾ ਚੌਧਰੀ ਖ਼ਰੀਦਦਾਰੀ ਕਰਨ ਵਿੱਚ ਰੁੱਝੀ ਹੋਈ ਸੀ। ਹਾਲਾਂਕਿ ਰੇਣੁਕਾ ਚੌਧਰੀ ਨੇ ਇਸਨੂੰ ਗ਼ਲਤ ਦੱਸਿਆ ਅਤੇ ਫਲਾਈਟ ਦੇ 2 ਘੰਟੇ ਦੇਰੀ ਨਾਲ ਆਉਣ ਦਾ ਤਰਕ ਦਿੱਤਾ।
  • 2 ਸਾਲ ਪਹਿਲਾਂ ਰੇਣੁਕਾ ਚੌਧਰੀ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਉਸ ਫੋਟੋ ਵਿੱਚ ਰੇਣੁਕਾ ਚੌਧਰੀ ਆਪਣੇ ਪਰਿਵਾਰ ਨਾਲ ਖਾਣੇ ਦੇ ਟੇਬਲ 'ਤੇ ਬੈਠ ਕੇ ਖਾਣਾ ਖਾ ਰਹੀ ਹੈ। ਉਨ੍ਹਾਂ ਦੇ ਨਾਲ ਕੁਰਸੀ 'ਤੇ ਇੱਕ ਛੋਟੀ ਬੱਚੀ ਬੈਠੀ ਹੈ ਤੇ ਉਸਦੇ ਪਿੱਛੇ ਨੈਨੀ ਖੜ੍ਹੀ ਹੈ। ਸੋਸ਼ਲ 'ਤੇ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ 'ਤੇ ਬਹੁਤ ਸਵਾਲ ਚੁੱਕੇ ਗਏ ਸੀ।ਸੋਸ਼ਲ 'ਤੇ ਲੋਕਾਂ ਨੇ ਇਸਨੂੰ 'ਆਧੁਨਿਕ ਗ਼ੁਲਾਮੀ' ਕਿਹਾ ਸੀ। ਰੇਣੁਕਾ ਚੌਧਰੀ ਉਸ ਵੇਲੇ ਯੂਪੀਏ ਸਰਕਾਰ ਵਿੱਚ ਸਮਾਜ ਭਲਾਈ ਰਾਜ ਮੰਤਰੀ ਸੀ।
  • ਸਾਲ 2004 ਵਿੱਚ ਬਾਲ ਵਿਕਾਸ ਮੰਤਰੀ ਰਹਿੰਦਿਆਂ ਰੇਣੁਕਾ ਚੌਧਰੀ ਨੇ ਮਾਪਿਆਂ ਵੱਲੋਂ ਬੱਚਿਆਂ ਨੂੰ ਰਿਐਲਟੀ ਸ਼ੋਅ ਵਿੱਚ ਭੇਜਣ 'ਤੇ ਟਿੱਪਣੀ ਕੀਤੀ ਸੀ। ਰੇਣੁਕਾ ਚੌਧਰੀ ਨੇ ਕਿਹਾ ਸੀ,'' ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਰਿਐਲਟੀ ਸ਼ੋਅ ਵਿੱਚ ਭੇਜਣ ਤੋਂ ਬਚਣਾ ਚਾਹੀਦਾ ਹੈ।''
  • ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਵੱਲੋਂ ਮਹਿੰਗੀ ਜੈਕੇਟ ਪਹਿਨਣ 'ਤੇ ਰੌਲਾ ਪੈ ਗਿਆ ਸੀ। ਭਾਜਪਾ ਨੇ ਇਸਨੂੰ 70,000 ਰੁਪਏ ਦੀ ਜੈਕੇਟ ਦੱਸਿਆ ਸੀ। ਇਸ ਦੇ ਜਵਾਬ ਵਿੱਚ ਰੇਣੁਕਾ ਨੇ ਕਿਹਾ ਸੀ,''ਜੇਕਰ ਮੋਦੀ ਚਾਹੁਣ ਤਾਂ ਮੈਂ ਉਨ੍ਹਾਂ ਨੂੰ ਅਜਿਹੀ ਜੈਕੇਟ 700 ਰੁਪਏ ਵਿੱਚ ਲੈ ਦੇਵਾਂ ਪਰ ਉਨ੍ਹਾਂ ਦੀ 56 ਇੰਚ ਦੀ ਛਾਤੀ ਤੋਂ ਇਲਾਵਾ ਮੇਰੇ ਕੋਲ ਉਹਨਾਂ ਦਾ ਕੋਈ ਹੋਰ ਨਾਪ ਨਹੀਂ ਹੈ। ਮੈਂ ਨਹੀਂ ਜਾਣਦੀ ਭਾਜਪਾ ਦੀ ਇਸ ਨਿਰਾਸ਼ਾ 'ਤੇ ਹੱਸਾਂ ਜਾਂ ਰੋਵਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)