'ਦਿਲ ਦੁਖਦਾ ਹੈ ਜਦੋਂ ਕੋਈ ਪਾਕਿਸਤਾਨੀ ਕਹਿੰਦਾ ਹੈ'
- ਗੁਰਪ੍ਰੀਤ ਕੌਰ
- ਬੀਬੀਸੀ ਪੱਤਰਕਾਰ

ਜ਼ਕੀਆ ਨੇ ਕਿਹਾ,"ਜਦੋਂ ਵੰਡ ਹੋਈ ਸੀ ਤਾਂ ਬਹੁਤ ਸਾਰੇ ਮੁਸਲਮਾਨਾਂ ਨੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ, ਉਸ ਸਮੇਂ ਤਾਂ ਕਿਸੇ ਨੇ ਉਹਨਾਂ ਨੂੰ ਪਾਕਿਸਤਾਨੀ ਕਹਿ ਕੇ ਨਹੀਂ ਕੱਢਿਆ।"
"70 ਸਾਲ ਬਾਅਦ ਵੀ ਸਾਨੂੰ ਪਾਕਿਸਤਾਨੀ ਕਿਉਂ ਕਿਹਾ ਜਾਂਦਾ ਹੈ ਮੈ ਤਾਂ ਜਿਨਾਹ ਦੇ ਪੈਗਾਮ ਨੂੰ ਵੀ ਠੁਕਰਾ ਦਿੱਤਾ ਸੀ। ਹੁਣ ਤਾਂ ਅਸੀਂ ਤਿਰੰਗਾ ਵੀ ਨਹੀਂ ਲਹਿਰਾ ਸਕਦੇ।"
ਇਹ ਸ਼ਬਦ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦ ਉਦ ਦੀਨ ਓਵੈਸੀ ਨੇ ਸੰਸਦ ਵਿੱਚ ਕਹੇ।
ਉਹਨਾਂ ਨੇ ਸਰਕਾਰ ਤੋਂ ਐਸਸੀ/ਐਸਟੀ ਐਕਟ ਦੀ ਤਰਜ 'ਤੇ ਇੱਕ ਕਾਨੂੰਨ ਲਿਆਉਣ ਦੀ ਮੰਗ ਕੀਤੀ ਤੇ ਕਿਹਾ ਕਿ ਕਿਸੇ ਵੀ ਭਾਰਤੀ ਮੁਸਲਮਾਨ ਨੂੰ ਪਾਕਿਸਤਾਨੀ ਕਹਿਣਾ ਗੈਰ-ਜ਼ਮਾਨਤੀ ਜੁਰਮ ਮੰਨਿਆ ਜਾਵੇ। ਉਹਨਾਂ ਇਸ ਅਧੀਨ ਤਿੰਨ ਸਾਲਾਂ ਦੀ ਕੈਦ ਦਾ ਵੀ ਵਿਧਾਨ ਰੱਖਣ ਦੀ ਮੰਗ ਕੀਤੀ।
ਹਾਲਾਂਕਿ ਭਾਜਪਾ ਦੇ ਆਗੂ ਵਿਨੇ ਕਟਿਆਰ ਦੀ ਇਸ ਬਾਰੇ ਤੁਰੰਤ ਪ੍ਰਤੀਕਿਰਿਆ ਆ ਗਈ। ਉਹਨਾਂ ਕਿਹਾ,ਮੁਸਲਮਾਨ ਨੂੰ ਤਾਂ ਇਸ ਦੇਸ਼ ਵਿੱਚ ਰਹਿਣਾ ਹੀ ਨਹੀਂ ਚਾਹੀਦਾ।
ਉਹਨਾਂ ਨੇ ਘੱਟਗਿਣਤੀ ਦੇ ਆਧਾਰ 'ਤੇ ਦੇਸ ਦਾ ਬਟਵਾਰਾ ਕਰ ਲਿਆ। ਫੇਰ ਇਸ ਦੇਸ ਵਿੱਚ ਰਹਿਣ ਦੀ ਕੀ ਲੋੜ ਸੀ।
ਜਦੋਂ ਉਹਨਾਂ ਨੂੰ ਵੱਖਰੀ ਜ਼ਮੀਨ ਹੀ ਦੇ ਦਿੱਤੀ ਗਈ ਤਾਂ ਬੰਗਲਾਦੇਸ ਜਾਣ ਜਾਂ ਪਾਕਿਸਤਾਨ ਜਾਣ, ਇੱਥੇ ਉਹਨਾਂ ਦਾ ਕੀ ਕੰਮ ਹੈ।"
ਮੁਸਲਿਮ ਇਲਾਕਿਆਂ ਵਿੱਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਕਿਉਂ?
ਇਹ ਆਵਾਜ਼ਾਂ ਤਾਂ ਲੋਕਾਂ ਦੇ ਚੁਣੇ ਹੋਏ ਨੁੰਮਾਇੰਦਿਆਂ ਦੀਆਂ ਸਨ ਪਰ ਕੀ ਅਜਿਹੀ ਬਹਿਸ ਆਮ ਲੋਕਾਂ ਵਿੱਚ ਵੀ ਹੁੰਦੀ ਹੈ। ਇਹੀ ਦੇਖਣ ਲਈ ਅਸੀਂ ਕੁਝ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਨਾਲ ਗੱਲਬਾਤ ਕੀਤੀ।
"ਕੋਈ ਪਾਕਿਸਤਾਨੀ ਕਹਿੰਦਾ ਹੈ ਤਾਂ ਤਕਲੀਫ਼ ਹੁੰਦੀ ਹੈ"
ਇੱਕ ਮੁਸਲਮਾਨ ਨੌਜਵਾਨ ਆਤਿਫ਼ ਨੇ ਦੱਸਿਆ ਕਿ ਉਹਨਾਂ ਨੂੰ ਕਈ ਵਾਰ ਪਾਕਿਸਤਾਨੀ ਕਿਹਾ ਗਿਆ ਹੈ। ਆਤਿਫ਼ ਦੇ ਅਨੁਸਾਰ ਉਸ ਦੇ ਕਲਾਸਮੇਟ ਵੀ ਉਸ ਨੂੰ ਪਾਕਿਸਤਾਨੀ ਕਹਿੰਦੇ ਹਨ ਅਤੇ ਜਦੋਂ ਕੋਈ ਅਜਿਹਾ ਕਹਿੰਦਾ ਹੈ ਤਾਂ ਬਹੁਤ ਬੁਰਾ ਲਗਦਾ ਹੈ।
ਆਤਿਫ਼ ਨੇ ਦੱਸਿਆ ਕਿ ਉਹਨਾਂ ਨੂੰ ਕਈ ਵਾਰ ਪਾਕਿਸਤਾਨੀ ਕਿਹਾ ਗਿਆ ਹੈ।
"ਮੈਂ ਇੱਕ ਭਾਰਤੀ ਮੁਸਲਮਾਨ ਹਾਂ। ਮੁਸਲਮਾਨਾਂ ਨੇ ਇਸ ਦੇਸ ਨੂੰ ਖੂਨ ਦਿੱਤਾ ਹੈ ਤੇ ਬਦਲੇ ਵਿੱਚ ਇਸ ਦੇਸ ਨੇ ਵੀ ਮੁਸਲਮਾਨਾਂ ਨੂੰ ਬਹੁਤ ਕੁਝ ਦਿੱਤਾ ਹੈ। ਹਾਂ ਜਦੋਂ ਕੋਈ ਪਾਕਿਸਤਾਨੀ ਕਹਿੰਦਾ ਹੈ ਤਾਂ ਤਕਲੀਫ਼ ਹੁੰਦੀ ਹੈ।"
ਆਤਿਫ ਅਸਦ ਉਦ ਦੀਨ ਓਵੈਸੀ ਨਾਲ ਸਹਿਮਤ ਹਨ। ਉਹਨਾਂ ਦਾ ਕਹਿਣਾ ਹੈ ਕਾਨੂੰਨ ਹੋਣਾ ਚਾਹੀਦਾ ਹੈ ਜਿਸ ਤਹਿਤ ਭਾਰਤੀ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ ਵਾਲੇ ਖਿਲਾਫ਼ ਕਾਰਵਾਈ ਹੋਵੇ ਤੇ ਸਜ਼ਾ ਮਿਲੇ।
ਇੱਕ ਮੁਸਲਮਾਨ ਮੁਟਿਆਰ ਗੁੱਸੇ ਵਿੱਚ ਕਹਿੰਦੀ ਹੈ ਕਿ, ਕੀ ਮੈਨੂੰ ਮੇਰੇ ਹਿਜ਼ਾਬ ਕਰਕੇ ਪਾਕਿਸਤਾਨੀ ਕਿਹਾ ਜਾਂਦਾ ਹੈ? ਪਤਾ ਨਹੀਂ ਇਹ ਕਹਿ ਕੇ ਉਹਨਾਂ ਨੂੰ ਕੀ ਸੰਤੁਸ਼ਟੀ ਮਿਲਦੀ ਹੈ?
ਜ਼ਕੀਆ ਨੇ ਕਿਹਾ," ਜਦੋਂ ਵੰਡ ਹੋਈ ਸੀ ਤਾਂ ਬਹੁਤ ਸਾਰੇ ਮੁਸਲਮਾਨਾਂ ਨੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ, ਉਸ ਸਮੇਂ ਤਾਂ ਕਿਸੇ ਨੇ ਉਹਨਾਂ ਨੂੰ ਪਾਕਿਸਤਾਨੀ ਕਹਿ ਕੇ ਨਹੀਂ ਕੱਢਿਆ। ਫੇਰ ਹੁਣ ਲੋਕ ਅਜਿਹਾ ਕਿਉਂ ਕਰ ਰਹੇ ਹਨ ਮੈਨੂੰ ਸਮਝ ਨਹੀਂ ਆਉਂਦਾ।"
ਜ਼ਕੀਆ ਕਹਿੰਦੀ ਹੈ ਕਿ ਹੁਣ ਉਹਨਾਂ ਨੂੰ ਪਾਕਿਸਤਾਨੀ ਸੁਣਨ ਦੀ ਆਦਤ ਹੋ ਗਈ ਹੈ। ਹਾਂ ਉਹਨਾਂ ਦੇ ਕਈ ਦੋਸਤਾਂ ਨੂੰ ਪਾਕਿਸਤਾਨੀ ਸੁਣ ਕੇ ਬਹੁਤ ਬੁਰਾ ਲਗਦਾ ਹੈ।
ਉਹ ਕਹਿੰਦੀ ਹੈ ਕਿ "ਅਸੀਂ ਭਾਰਤ ਦੇ ਨਾਗਰਿਕ ਹਾਂ ਸਾਡੇ ਕੋਲ ਦਸਤਾਵੇਜ਼ ਹਨ ਪਰ ਇਸ ਦੇ ਬਾਵਜੂਦ ਸਾਨੂੰ ਭਾਰਤੀ ਨਹੀਂ ਸਮਜਝਿਆ ਜਾਂਦਾ। ਉਸਨੇ ਕੁਝ ਉੱਚੀ ਆਵਾਜ਼ ਵਿੱਚ ਕਿਹਾ ਕਿ ਇਸ ਦੇਸ ਦੇ ਉਸੇ ਤਰ੍ਹਾਂ ਹਿੱਸਾ ਹਾਂ ਜਿਵੇਂ ਉਹ ਹਨ।"
ਜੇ ਹਿੰਦੂ ਧਰਮ ਦਾ ਜਨਮ ਇਸ ਧਰਤੀ ਤੇ ਹੋਇਆ ਹੈ ਤਾਂ ਇਸ ਦਾ ਅਰਥ ਇਹ ਤਾਂ ਨਹੀਂ ਕਿ ਸਾਰੇ ਹਿੰਦੂ ਹੋ ਗਏ। ਜਾਂ ਇੱਥੇ ਸਿਰਫ਼ ਹਿੰਦੂ ਹੀ ਰਹਿ ਸਕਦੇ ਹਨ। ਭਾਰਤ ਇੱਕ ਬਹੁਸੱਭਿਆਚਾਰਕ ਦੇਸ ਹੈ।
ਉਹ ਕਹਿੰਦੀ ਹੈ, "ਮੈਨੂੰ ਸਮਝ ਨਹੀਂ ਆਉਂਦਾ ਕਿ ਅੱਜ ਦੇ ਸਮੇਂ ਵਿੱਚ ਵੀ ਕਿਉਂ ਲੋਕ ਪਾਕਿਸਤਾਨ ਅਤੇ ਭਾਰਤ ਵਿੱਚ ਉਲਝੇ ਹਨ। ਸਿਆਸੀ ਲੜਾਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਾਲੇ ਹੈ ਨਾ ਕਿ ਲੋਕਾਂ ਵਿੱਚ।"
ਸਜ਼ਾ ਬਾਰੇ ਉਹਨਾਂ ਕਿਹਾ ਕਿ ਜੋ ਸਹੀ ਲੱਗੇ ਉਹ ਕੀਤਾ ਜਾਵੇ ਸਾਡੀ ਤਾਂ ਪਹਿਲਾਂ ਹੀ ਕੋਈ ਨਹੀਂ ਸੁਣਦਾ ਪਰ ਇਸ ਬਾਰੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
ਹਾਲਾਂਕਿ, ਇਹ ਸ਼ਿਕਾਇਤਾਂ ਸਾਰਿਆਂ ਮੁਸਲਮਾਨਾਂ ਦੀਆਂ ਨਹੀਂ ਹਨ। ਕਈ ਮੁਸਲਮਾਨ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਕਦੇ ਕਿਸੇ ਗੈਰ-ਮੁਸਲਿਮ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।
ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਰਹਿਣ ਵਾਲੇ ਮੋਹੰਮਦ ਇਨਾਮ ਕਹਿੰਦੇ ਹਨ ਕਿ ਉਸ ਇਲਾਕੇ ਵਿੱਚ ਹਿੰਦੂ਼-ਮੁਸਲਮਾਨ ਮਿਲਜੁਲ ਕੇ ਰਹਿੰਦੇ ਹਨ। ਸਾਰੇ ਤਿਉਹਾਰ ਮਨਾਉਂਦੇ ਹਨ। ਉਹ ਕਹਿੰਦੇ ਹਨ ਕਿ ਉਹਨਾਂ ਨੂੰ ਕਿਸੇ ਨੇ ਪਾਕਿਸਤਾਨੀ ਕਹਿ ਕੇ ਨਹੀਂ ਬੁਲਾਇਆ।
ਮੋਹੰਮਦ ਇਨਾਮ ਵਾਂਗ ਹੀ ਮੋਹੰਮਦ ਹਸਨ ਨੂੰ ਵੀ ਕਿਸੇ ਪਾਕਿਸਤਾਨੀ ਨਹੀਂ ਕਿਹਾ। ਉਹ ਅਕਸਰ ਉਹ ਅਖ਼ਬਾਰਾਂ ਤੇ ਟੀਵੀ ਤੇ ਅਜਿਹੀਆਂ ਖ਼ਬਰਾਂ ਸੁਣਦੇ ਰਹਿੰਦੇ ਹਨ। ਅਜਿਹੀਆਂ ਖ਼ਬਰਾਂ ਪੜ੍ਹ ਕੇ ਬਿਲਕੁਲ ਵੀ ਵਧੀਆ ਨਹੀਂ ਲਗਦਾ।
ਉਹ ਕਹਿੰਦੇ ਹਨ ਕਿ ਅਸੀਂ ਭਾਰਤੀ ਹਾਂ ਤੇ ਭਾਰਤ ਨੂੰ ਪਿਆਰ ਕਰਦੇ ਹਾਂ। ਭਾਰਤ ਇੱਕ ਧਰਮ ਨਿਰਪੱਖ ਦੇਸ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਦਾ ਬਰਾਬਰ ਹੱਕ ਹੈ।
ਹਸਨ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਭਾਰਤੀ ਮੁਸਲਮਾਨ ਵਫ਼ਾਦਾਰ ਹੈ। ਉਹ ਧਰਮ ਦਾ ਪਾਲਣ ਵੀ ਕਰਦਾ ਹੈ ਤੇ ਆਪਣੇ ਦੇਸ ਨਾਲ ਪਿਆਰ ਵੀ ਕਰਦਾ ਹੈ।
ਮਜ਼ਾਕ ਵਿੱਚ ਕਹਿ ਦਿੰਦੇ ਹਨ ਪਾਕਿਸਤਾਨੀ
ਮੁਸਲਿਮ ਮੁਟਿਆਰ ਅਜ਼ੀਮਾ ਸ਼ਫਕ ਕਹਿੰਦੀ ਹੈ ਕਿ ਉਸਨੂੰ ਸਿੱਧੇ ਤੌਰ ਤੇ ਤਾਂ ਕਿਸੇ ਨੇ ਪਾਕਿਸਤਾਨੀ ਨਹੀਂ ਕਿਹਾ ਪਰ ਮਜ਼ਾਕ ਵਿੱਚ ਕਹਿ ਦਿੰਦੇ ਹਨ।
ਅਜ਼ੀਮਾ ਸ਼ਫਕ ਨੇ ਕਿਹਾ ਕਿ ਲੋਕ ਮਜ਼ਾਕ ਵਿੱਚ ਕਹਿ ਪਾਕਿਸਤਾਨੀ ਕਹਿ ਦਿੰਦੇ ਹਨ।
"ਕਈ ਵਾਰ ਲੋਕ ਪੁੱਛਦੇ ਹਨ ਕਿ ਕੀ ਮੇਰੇ ਪਾਕਿਸਤਾਨ ਵਿੱਚ ਰਿਸ਼ਤੇਦਾਰ ਹਨ। ਕੀ ਜੇ ਮੈਂ ਮੁਸਲਮਾਨ ਹਾਂ ਤਾਂ ਮੇਰਾ ਪਾਕਿਸਤਾਨ ਨਾਲ ਕਨੈਕਸ਼ਨ ਹੋਣਾ ਜ਼ਰੂਰੀ ਹੈ।"
ਸੋਚ ਬਦਲਣ ਦੀ ਜ਼ਰੂਰਤ
ਅਜ਼ੀਮਾ ਦਾ ਕਹਿਣਾ ਹੈ ਕਿ ਜੇ ਕਾਨੂੰਨ ਆਉਣ ਨਾਲ ਸੋਚ ਬਦਲਦੀ ਹੈ ਤਾਂ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ। ਇਹ ਸੋਚ ਆਮ ਹੈ ਤੇ ਬੱਚੇ-ਬੱਚੇ ਵਿੱਚ ਹੈ।
"ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ ਤਾਂ ਸਕੂਲ ਵਿੱਚ ਮੇਰੇ ਨਾਲ ਬਹੁਤ ਜ਼ਿਆਦਾ ਹੁੰਦਾ ਸੀ ਕਿਉਂਕਿ ਸਕੂਲ ਵਿੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਲੋਕਾਂ ਵਿੱਚ ਕੀ ਬੋਲਣਾ ਹੈ ਤੇ ਕੀ ਨਹੀਂ। ਵੱਡੇ ਹੋ ਕੇ ਵੀ ਉਹਨਾਂ ਦੀ ਸੋਚ ਕਾਇਮ ਹੈ। ਹੁਣ ਉਹ ਬੱਸ ਮੂੰਹੋਂ ਨਹੀਂ ਬੋਲਦੇ। ਇਸ ਲਈ ਜ਼ਰੂਰਤ ਹੈ ਕਿ ਇਹਨਾਂ ਗੱਲਾਂ ਦੀਆਂ ਜੜਾਂ ਦਿਮਾਗ ਵਿੱਚੋਂ ਕੱਢੀਆਂ ਜਾਣ।"
ਆਓ ਹੁਣ ਦੇਖੀਏ ਗੈਰ-ਮੁਸਲਿਮ ਲੋਕਾਂ ਦਾ ਕੀ ਕਹਿਣਾ ਹੈ
ਮੱਧ ਪ੍ਰਦੇਸ਼ ਤੋਂ ਦਿੱਲੀ ਪੜ੍ਹਨ ਆਏ ਹਿੰਦੂ ਨੌਜਵਾਨ ਸ਼ਿਸ਼ਿਰ ਅਗਰਵਾਲ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਨੇ ਕਿਸੇ ਮੁਸਲਮਾਨ ਨੂੰ ਕਦੇ ਪਾਕਿਸਤਾਨੀ ਸਮਝਿਆ ਹੈ ਤੇ ਨਾ ਕਦੇ ਕਿਹਾ ਹੈ।
ਹਾਂ ਉਹਨਾਂ ਦੇ ਸਾਹਮਣੇ ਕਈ ਵਾਰ ਮੁਸਲਮਾਨਾਂ ਨੂੰ ਪਾਕਿਸਤਾਨੀ ਕਿਹਾ ਹੈ।
ਉਹ ਕਹਿੰਦੇ ਹਨ ਕਿ ਉਹ ਸਤਾਨਾ ਦੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਧਾਰਮਿਕ ਜਨੂੰਨ ਦੇ ਕਈ ਮਾਮਲੇ ਹੁੰਦੇ ਰਹਿੰਦੇ ਹਨ। ਅਜਿਹੇ ਹਾਲਾਤ ਵਿੱਚ ਇਹ ਸਭ ਕਿਹਾ-ਸੁਣਿਆ ਜਾਣਾ ਆਮ ਗੱਲ ਹੈ।
ਸ਼ਿਸ਼ਰ ਦਾ ਇਹ ਵੀ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਕਿਸੇ ਖ਼ਾਸ ਸੰਗਠਨ ਦੇ ਲੋਕ ਹੁੰਦੇ ਹਨ। ਸਾਰੇ ਹਿੰਦੂ ਮੁਸਲਮਾਨਾਂ ਬਾਰੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ।
"ਧਰਮ ਕਰਕੇ ਕਿਸੇ ਨੂੰ ਪਾਕਿਸਤਾਨੀ ਕਹਿਣਾ ਗਲਤ ਹੈ"
ਉਹ ਕਹਿੰਦੇ ਹਨ, ਜਿਸ ਦੇਸ ਵਿੱਚ ਪਦਮਾਵਤ ਵਰਗੀਆਂ ਫਿਲਮਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ ਤੇ ਹੰਗਾਮਾ ਹੋ ਜਾਂਦਾ ਹੈ, ਕਾਨੂੰਨ ਹੱਥ ਵਿੱਚ ਲੈ ਲਿਆ ਜਾਂਦਾ ਹੈ। ਉਸ ਦੇਸ ਵਿੱਚ ਕੋਈ ਇਹ ਕਿਉਂ ਨਹੀਂ ਸੋਚਦਾ ਕਿ ਸਿਰਫ਼ ਧਰਮ ਕਰਕੇ ਕਿਸੇ ਨੂੰ ਪਾਕਿਸਤਾਨੀ ਕਹੇ ਜਾਣ ਨਾਲ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇਗੀ।"
ਸ਼ਿਸ਼ਿਰ ਅਗਰਵਾਲ ਮੱਧ ਪ੍ਰਦੇਸ਼ ਤੋਂ ਦਿੱਲੀ ਪੜ੍ਹਨ ਆਏ ਹਨ
ਸ਼ਿਸ਼ਰ ਵੀ ਅਸਦ ਉਦ ਦੀਨ ਓਵੈਸੀ ਨਾਲ ਸਹਿਮਤ ਹਨ ਕਿ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ ਖਿਲਾਫ਼ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ। ਹਾਲਾਂਕਿ ਉਹ ਤਿੰਨ ਸਾਲ ਦੀ ਕੈਦ ਨੂੰ ਜ਼ਿਆਦਾ ਮੰਨਦੇ ਹਨ ਪਰ ਜੁਰਮਾਨਾ ਲਾਇਆ ਜਾ ਸਕਦਾ ਹੈ।
ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਓਵੈਸੀ
ਇੱਕ ਹੋਰ ਹਿੰਦੂ ਨੌਜਵਾਨ ਮੁਕੁੰਦ ਠਾਕੁਰ ਦਾ ਕਹਿਣਾ ਹੈ ਕਿ ਓਵੈਸੀ ਸਿਆਸੀ ਲਾਹੇ ਲਈ ਕਾਨੂੰਨ ਲਿਆਉਣ ਦੀ ਗੱਲ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਜੇ ਕੋਈ ਖ਼ਾਸ ਪਾਰਟੀ ਕਿਸੇ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਰਦੀ ਹੈ ਤਾਂ ਇਸ ਪਿੱਛੇ ਗੰਦੀ ਸਿਆਸਤ ਹੁੰਦੀ ਹੈ।
ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦ ਉਦ ਦੀਨ ਓਵੈਸੀ ਬੀਬੀਸੀ ਦੇ ਦਫ਼ਤਰ ਵਿੱਚ (ਫਾਈਲ ਫੋਟੋ)
ਮੁਕੁੰਦ ਦਾ ਕਹਿਣਾ ਹੈ ਕਿ ਹਿੰਦੀ, ਸੂਫ਼ੀ ਸਾਹਿਤ ਤੋਂ ਲੈ ਕੇ ਹਰ ਖਿੱਤੇ ਵਿੱਚ ਮੁਸਲਮਾਨਾਂ ਦਾ ਯੋਗਦਾਨ ਹੈ। ਉਹ ਵੀ ਸਾਡਾ ਹਿੱਸਾ ਹਨ, ਉਹਨਾਂ ਨਾਲ ਬਦਸਲੂਕੀ ਨਹੀਂ ਕਰ ਸਕਦੇ।
ਫੇਰ ਵੀ ਮੁਕੁੰਦ ਕਾਨੂੰਨ ਦੇ ਪੱਖ ਵਿੱਚ ਨਹੀਂ ਹਨ। ਉਹ ਕਹਿੰਦੇ ਹਨ ਕਿ ਸ਼ਿਕਾਇਤ ਤਾਂ ਕੋਈ ਵੀ ਭਾਰਤੀ ਨਾਗਰਿਕ ਕਿਸੇ ਦੇ ਵੀ ਖਿਲਾਫ ਕਰ ਸਕਦਾ ਹੈ। ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਹੱਕ ਦਿੰਦਾ ਹੈ।
ਸਤਯਵੀਰ ਸਿੰਘ ਕਹਿੰਦੇ ਹਨ ਕਿ ਉਹਨਾਂ ਦੇ ਦਿਲ ਵਿੱਚ ਕਦੇ ਵੀ ਕੋਈ ਨਫਰਤ ਦੀ ਭਾਵਨਾ ਨਹੀਂ ਆਈ। ਬਚਪਨ ਤੋਂ ਹੀ ਉਹਨਾਂ ਦੇ ਕਈ ਮੁਸਲਮਾਨ ਦੋਸਤ ਹਨ ਜਿਨ੍ਹਾਂ ਨਾਲ ਉਹ ਬਹੁਤ ਖਾਂਦੇ ਤੇ ਖੇਡਦੇ ਸਨ।
ਸਤਿਯਵੀਰ ਕਹਿੰਦੇ ਹਨ ਕਿ ਉਹ ਅੱਜ ਵੀ ਆਪਣੇ ਬਚਪਨ ਦੇ ਮੁਸਲਮਾਨ ਦੋਸਤਾਂ ਨਾਲ ਉਸੇ ਜੋਸ਼ ਨਾਲ ਮਿਲਦੇ ਹਨ।
ਸਤਯਵੀਰ ਕਹਿੰਦੇ ਹਨ ਕਿ ਉਹ ਅੱਜ ਵੀ ਉਨ੍ਹਾਂ ਦੋਸਤਾਂ ਨਾਲ ਉਸੇ ਜੋਸ਼ ਨਾਲ ਮਿਲਦੇ ਹਨ। ਉਹਨਾਂ ਨੂੰ ਅਜੀਬ ਲਗਦਾ ਹੈ ਕਿ ਲੋਕ ਕਿਹੋ-ਜਿਹੀਆਂ ਗੱਲਾਂ ਕਰਦੇ ਹਨ ਤੇ ਕਿਹੋ-ਜਿਹੇ ਮੁੱਦੇ ਲੈ ਕੇ ਆਏ ਹਨ।
ਸਤਯਵੀਰ ਦਾ ਮੰਨਣਾ ਹੈ ਕਿ ਓਵੈਸੀ ਵਰਗੇ ਕੁਝ ਆਗੂ ਘੜੀ ਦੇਖ ਕੇ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਅਜਿਹੇ ਨੇਤਾ ਦੇਸ ਦੀ ਏਕਤਾ ਲਈ ਖ਼ਤਰੇ ਵਰਗੇ ਹਨ।