ਅਫ਼ਜ਼ਲ ਦੀ ਬਰਸੀ 'ਤੇ ਅਫ਼ਸੋਸ ਪ੍ਰਗਟਾਉਣ ਵਾਲੀ ਪੀਡੀਪੀ ਨੂੰ ਵੀ ਭਾਜਪਾ ਦੇਸ਼ ਵਿਰੋਧੀ ਐਲਾਨੇਗੀ?

  • ਮਾਜਿਦ ਜਹਾਂਗੀਰ
  • ਸ਼੍ਰੀਨਗਰ ਤੋਂ ਬੀਬੀਸੀ ਹਿੰਦੀ ਲਈ
ਅਫ਼ਜ਼ਲ ਗੁਰੂ

ਤਸਵੀਰ ਸਰੋਤ, sajjanhussain/getty IMAGES

ਸੰਸਦ 'ਤੇ 2001 ਵਿੱਚ ਹੋਏ ਹਮਲੇ 'ਚ ਦੋਸ਼ੀ ਪਾਏ ਗਏ ਅਫ਼ਜ਼ਲ ਗੁਰੂ ਨੂੰ ਜੰਮੂ-ਕਸ਼ਮੀਰ ਦੀ ਸੱਤਾਧਾਰੀ ਪਾਰਟੀ ਪੀਡੀਪੀ 'ਸ਼ਹੀਦ' ਮੰਨਦੀ ਰਹੀ ਹੈ, ਪੀਡੀਪੀ ਨੇ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਅਤੇ ਸਰਕਾਰ 'ਚ ਆਉਣ ਤੋਂ ਪਹਿਲਾਂ ਤਕ ਗੁਰੂ ਦੀ ਬਰਸੀ 'ਤੇ ਕਈ ਸਮਾਗਮ ਕਰਦੀ ਰਹੀ।

ਭਾਜਪਾ ਨਾਲ ਮਿਲ ਕੇ ਸੂਬੇ 'ਚ ਗੱਠਜੋੜ ਸਰਕਾਰ ਚਲਾ ਰਹੀ ਪੀਡੀਪੀ ਹੁਣ ਪਹਿਲਾਂ ਵਾਂਗ ਬੰਦ ਦਾ ਸਮਾਗਮ ਤਾਂ ਨਹੀਂ ਕਰਦੀ ਪਰ ਪਾਰਟੀ ਦੇ ਨੇਤਾ ਅਤੇ ਬੁਲਾਰੇ ਇਹ ਜ਼ਰੂਰ ਕਹਿੰਦੇ ਹਨ ਕਿ ਫਾਂਸੀ ਦਿੱਤੇ ਜਾਣਾ ਗਲਤ ਸੀ।

9 ਫਰਵਰੀ ਨੂੰ ਅਫ਼ਜ਼ਲ ਗੁਰੂ ਦੀ ਬਰਸੀ 'ਤੇ ਜੰਮੂ-ਕਸ਼ਮੀਰ 'ਚ ਵੱਖਵਾਦੀ ਪਾਰਟੀਆਂ ਨੇ ਬੰਦ ਦਾ ਐਲਾਨ ਕੀਤਾ ਅਤੇ ਇਹ ਦਿਨ ਸੱਤਾਧਾਰੀ ਗੱਠਜੋੜ ਲਈ ਕਾਫੀ ਚੁਣੌਤੀ ਭਰਿਆ ਹੁੰਦਾ ਹੈ ਕਿਉਂਕਿ ਇਹ ਦੋਵਾਂ ਭਾਈਵਾਲ ਪਾਰਟੀਆਂ ਨਾਲ ਜੁੜੇ ਸਭ ਤੋਂ ਅਸਹਿਜ ਸਵਾਲ ਦੀ ਯਾਦ ਦੁਆਉਂਦਾ ਹੈ।

ਅਫ਼ਜ਼ਲ ਗੁਰੂ ਦੇ ਮਾਮਲੇ 'ਤੇ ਦੇਸ਼ ਭਗਤੀ ਦਾ ਦਾਅਵਾ ਕਰਨ ਵਾਲੀ ਭਾਜਪਾ ਅਤੇ ਗੁਰੂ ਦੀ ਫਾਂਸੀ ਨੂੰ ਬੇ-ਇਨਸਾਫੀ ਦੱਸਣ ਵਾਲੀ ਪੀਡੀਪੀ ਦਾ ਰੁਖ਼ ਇੱਕ-ਦੂਜੇ ਦੇ ਬਿਲਕੁਲ ਉਲਟ ਹੈ।

ਅਫ਼ਜ਼ਲ ਗੁਰੂ ਨੂੰ ਸਾਲ 2013 ਵਿੱਚ ਭਾਰਤੀ ਸੰਸਦ 'ਤੇ ਹਮਲੇ ਦੇ ਦੋਸ਼ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਗਈ ਸੀ।

ਤਸਵੀਰ ਸਰੋਤ, epa/farooqkhan

ਅਫ਼ਜ਼ਲ ਦੀ ਫਾਂਸੀ ਤੋਂ ਪਹਿਲਾਂ ਜੰਮੂ-ਕਸ਼ਮੀਰ ਦੀ ਮੌਜੂਦਾ ਸਰਕਾਰ ਪੀਡੀਪੀ ਵਿਰੋਧੀ ਧਿਰ ਦੇ ਤੌਰ 'ਤੇ ਮੌਜੂਦ ਸੀ।

ਅਫ਼ਜ਼ਲ ਦੀ ਫਾਂਸੀ ਨੂੰ ਉਹ ਇੱਕ ਰਾਜਨੀਤਿਕ ਮੁੱਦਾ ਕਹਿੰਦੀ ਰਹੀ ਹੈ। ਪੀਡੀਪੀ ਦੀ ਦਲੀਲ ਸੀ ਕਿ ਅਫ਼ਜ਼ਲ ਨੂੰ ਫਾਂਸੀ ਚੋਣਵੇ ਆਧਾਰ 'ਤੇ ਦਿੱਤੀ ਗਈ ਸੀ।

ਜੰਮੂ-ਕਸ਼ਮੀਰ 'ਚ ਫਿਲਹਾਲ ਭਾਜਪਾ ਅਤੇ ਪੀਡੀਪੀ ਦੀ ਗੱਠਜੋੜ ਸਰਕਾਰ ਹੈ। ਜਿੱਥੇ ਭਾਜਪਾ ਅਫ਼ਜ਼ਲ ਨੂੰ ਫਾਂਸੀ ਦੇਣ ਦੀ ਮੰਗ ਕਰਦੀ ਰਹੀ ਹੈ, ਉੱਥੇ ਹੀ ਸਰਕਾਰ 'ਚ ਉਨ੍ਹਾਂ ਦੀ ਭਾਈਵਾਲ ਪੀਡੀਪੀ, ਅਫ਼ਜ਼ਲ ਦੀ ਫਾਂਸੀ ਦਾ ਵਿਰੋਧ ਕਰਦੀ ਰਹੀ ਹੈ।

ਪਰ ਸੱਤਾ 'ਚ ਆਉਣ ਤੋਂ ਬਾਅਦ ਪੀਡੀਪੀ ਨੇ ਇਸ ਮੁੱਦੇ 'ਤੇ ਚੁੱਪੀ ਸਾਧ ਲਈ ਹੈ। ਹਾਲਾਂਕਿ ਪੀਡੀਪੀ ਦਾ ਅੱਜ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਫ਼ਜ਼ਲ ਦੀ ਫਾਂਸੀ 'ਤੇ ਅਫ਼ਸੋਸ ਹੈ ਅਤੇ ਅਫ਼ਜ਼ਲ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਹਮਦਰਦੀ ਹੈ।

ਪੀਡੀਪੀ ਦੇ ਬੁਲਾਰੇ ਰਫ਼ੀ ਅਹਿਮਦ ਮੀਰ ਕਹਿੰਦੇ ਹਨ, ''ਜਦੋਂ ਅਫ਼ਜ਼ਲ ਗੁਰੂ ਨੂੰ ਫਾਂਸੀ ਹੋਈ ਸੀ, ਤਾਂ ਅਸੀਂ ਉਸ ਉੱਤੇ ਹੰਗਾਮਾ ਕੀਤਾ ਸੀ। ਹੁਣ ਤਾਂ ਅਫ਼ਜ਼ਲ ਨੂੰ ਫਾਂਸੀ ਹੋ ਚੁੱਕੀ ਹੈ, ਹੁਣ ਤਾਂ ਇਸ 'ਤੇ ਫਰਕ ਪਵੇਗਾ ਹੀ।

ਅਸੀਂ ਉਸ ਸਮੇਂ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਅਫ਼ਜ਼ਲ ਦਾ ਨੰਬਰ ਤਾਂ 29 ਹੈ, ਅਤੇ ਸਾਨੂੰ ਇਹ ਲੱਗਿਆ ਸੀ ਕਿ ਇਹ ਸਿਆਸਤ ਦੀ ਖੇਡ ਹੈ। ਅੱਜ ਦੇ ਦਿਨ 'ਚ ਇਸ ਉੱਤੇ ਹੋਰ ਕੀ ਕੀਤਾ ਜਾ ਸਕਦਾ ਹੈ?''

ਇਹ ਪੁੱਛਣ 'ਤੇ ਕਿ ਕੀ ਬੀਜੇਪੀ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਪੀਡੀਪੀ ਨੇ ਆਪਣਾ ਰੁਖ਼ ਬਦਲ ਦਿੱਤਾ, ਤਾਂ ਮੀਰ ਕਹਿੰਦੇ ਹਨ, ''ਅਫ਼ਜਲ ਗੁਰੂ ਤਾਂ ਹੁਣ ਜ਼ਿੰਦਾ ਹੈ ਨਹੀਂ, ਹੁਣ ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਅਫ਼ਜ਼ਲ ਨੂੰ ਫਾਂਸੀ ਕਿਉਂ ਦਿੱਤੀ?

ਫਾਂਸੀ ਤਾਂ ਹੋ ਗਈ, ਅਸੀਂ ਉਸ ਸਮੇਂ ਇਸ ਉੱਤੇ ਸਵਾਲ ਖੜੇ ਕੀਤੇ, ਪਰ ਘੁੰਮ-ਫਿਰ ਕਿ ਉੱਥੇ ਹੀ ਆ ਜਾਂਦੇ ਹਾਂ। ਅਸੀਂ ਇਸ ਤੋਂ ਅੱਗੇ ਵੱਧਣਾ ਚਾਹੁੰਦੇ ਹਾਂ, ਸਾਨੂੰ ਅਫ਼ਸੋਸ ਹੈ, ਉਸ ਸਮੇਂ ਜੋ ਹੋਇਆ ਸੋ ਹੋਇਆ। ਇਸ ਦੇ ਲਈ ਉਸ ਵਕਤ ਦੀ ਸਰਕਾਰ ਜ਼ਿੰਮੇਵਾਰ ਹੈ।''

ਤਸਵੀਰ ਸਰੋਤ, prakashsingh/afp/gettyimages

ਮੀਰ ਦਾ ਇਹ ਵੀ ਕਹਿਣਾ ਸੀ ਕਿ ਅਫ਼ਜ਼ਲ ਨੂੰ ਫਾਂਸੀ ਦੇਣ ਦਾ ਮਤਲਬ ਇਹ ਨਹੀਂ ਕਿ ਮਾਮਲਾ ਦਫ਼ਨ ਹੋ ਗਿਆ। ਉਹ ਕਹਿੰਦੇ ਹਨ, ''ਸਾਡਾ ਇਹ ਕਹਿਣਾ ਹੈ ਕਿ ਅਜਿਹਾ ਦੁਬਾਰਾ ਨਹੀਂ ਹੋਣਾ ਚਾਹੀਦਾ।''

ਪੀਡੀਪੀ ਨੇ ਅਫ਼ਜ਼ਲ ਨੂੰ ਫਾਂਸੀ ਦੇਣ ਤੋਂ ਬਾਅਦ ਹਮੇਸ਼ਾ ਇਹ ਮੰਗ ਕੀਤੀ ਕਿ ਉਹ ਤਿਹਾੜ ਜੇਲ੍ਹ ਤੋਂ ਉਨ੍ਹਾਂ ਦੀ ਲਾਸ਼ ਵਾਪਿਸ ਲਿਆਉਣ ਦੀ ਮੰਗ ਕਰਦੀ ਰਹੇਗੀ।

ਤਸਵੀਰ ਸਰੋਤ, str/afp/gettyimages

ਉਧਰ ਭਾਜਪਾ ਨੇਤਾ ਤੇ ਵਿਧਾਇਕ ਰਵਿੰਦਰ ਰੈਨਾ ਦਾ ਕਹਿਣਾ ਹੈ ਕਿ ਅਫ਼ਜ਼ਲ ਗੁਰੂ ਦੇ ਮਾਮਲੇ 'ਚ ਉਨ੍ਹਾਂ ਦਾ ਸਟੈਂਡ ਇਹ ਹੈ ਕਿ ''ਜਿਹੜਾ ਵੀ ਦੇਸ਼ ਦੇ ਖਿਲਾਫ਼ ਕੁਝ ਕਰੇਗਾ, ਆਮ ਲੋਕਾਂ ਦਾ ਕਤਲ ਕਰੇਗਾ, ਸੰਸਦ 'ਤੇ ਹਮਲਾ ਕਰੇਗਾ, ਇਹ ਸਭ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।'

ਜੇ ਪੀਡੀਪੀ ਨੇ ਅਫ਼ਜ਼ਲ ਦੀ ਲਾਸ਼ ਦੀ ਮੰਗ ਕੀਤੀ ਤਾਂ ਇਸ ਬਾਰੇ ਉਹ ਕੀ ਕਹਿਣਗੇ?

ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਦਾ ਕਹਿਣਾ ਸੀ, ''ਇਹ ਤਾਂ ਹੁਣ ਬੀਤੀ ਹੋਈ ਗੱਲ ਹੈ, ਅੱਜ ਸਰਕਾਰ 'ਚ ਹਰ ਕੋਈ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਿਹਾ ਹੈ।''

ਸਰਕਾਰ ਨੇ ਵੱਖਵਾਦੀਆਂ ਦੇ ਪ੍ਰਦਰਸ਼ਨ ਦੀ ਅਪੀਲ ਨਾਲ ਨਜਿੱਠਣ ਲਈ ਕਸ਼ਮੀਰ ਦੇ ਕਈ ਇਲਾਕਿਆਂ 'ਚ ਰੋਕ ਲਗਾਈ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤਿਆਂ ਨੂੰ ਤੈਨਾਤ ਕੀਤਾ ਗਿਆ ਸੀ।

ਬੰਦ ਦੀ ਅਪੀਲ ਦੇ ਕਾਰਨ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸੜਕਾਂ 'ਤੇ ਗੱਡੀਆਂ ਦੀ ਆਵਾਜਾਈ ਵੀ ਠੱਪ ਰਹੀ।

ਤਸਵੀਰ ਸਰੋਤ, tauseefmustafa/afp/gettyimages

ਵੱਖਵਾਦੀ ਨੇਤਾ ਸਯੱਦ ਅਲੀ ਸ਼ਾਹ ਗੀਲਾਨੀ ਅਤੇ ਮੀਰਵਾਈਜ਼ ਉਮਰ ਫਾਰੁਖ਼ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਜਦ ਕਿ ਯਾਸੀਨ ਮਾਲਿਕ ਨੂੰ ਸ਼੍ਰੀਨਗਰ ਦੀ ਸੈਂਟਰਲ ਜੇਲ੍ਹ 'ਚ ਬੰਦ ਰੱਖਿਆ ਗਿਆ।

ਕਿਸੇ ਤਰ੍ਹਾਂ ਦੇ ਕੱਟੜਪੰਥੀ ਹਮਲੇ ਦੇ ਖ਼ਦਸ਼ੇ ਦੇ ਕਾਰਨ ਸ਼ੁੱਕਰਵਾਰ ਕਸ਼ਮੀਰ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ।

ਖ਼ਬਰਾਂ ਅਨੁਸਾਰ, ਪੁਲਿਸ ਨੂੰ ਇਸ ਗੱਲ ਦਾ ਖ਼ਦਸ਼ਾ ਸੀ ਕਿ ਜੈਸ਼ ਦਾ ਅਫ਼ਜ਼ਲ ਗੁਰੂ ਗਰੁੱਪ ਇਸ ਦਿਨ ਕਸ਼ਮੀਰ 'ਚ ਕਿਤੇ ਵੀ ਹਮਲਾ ਕਰ ਸਕਦਾ ਹੈ, ਜਿਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਵੀ ਵੱਧ ਚੁਸਤ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)