ਜੰਮੂ: ਆਰਮੀ ਕੈਂਪ 'ਤੇ ਅੱਤਵਾਦੀ ਹਮਲਾ, 2 ਜਵਾਨਾਂ ਦੀ ਮੌਤ

  • ਮੋਹਿਤ ਕੰਧਾਰੀ
  • ਜੰਮੂ ਤੋਂ ਬੀਬੀਸੀ ਹਿੰਦੀ ਲਈ

ਜੰਮੂ ਦੇ ਸੁੰਜਵਾਨ ਆਰਮੀ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਹੈ। ਜੰਮੂ ਰੇਂਜ ਦੇ ਆਈਜੀ ਡਾਕਟਰ ਐਸਡੀ ਜਮਵਾਲ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ।

ਜੰਮੂ-ਕਸ਼ਮੀਰ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਅਬਦੁਲ ਰਹਿਮਾਨ ਵੀਰੀ ਨੇ ਇਸ ਅੱਤਵਾਦੀ ਹਮਲੇ ਵਿੱਚ ਜੇਸੀਓ ਮਦਨ ਲਾਲ ਚੌਧਰੀ ਅਤੇ ਮੁਹੰਮਦ ਅਸ਼ਰਫ਼ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਮਦਨ ਲਾਲ ਚੌਧਰੀ ਦੀ ਕੁੜੀ ਨੇਹਾ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੈ। ਇਸਦੇ ਨਾਲ ਹੀ ਏਆਰ ਵੀਰੀ ਨੇ ਕਰਨਲ ਰੋਹਿਤ ਸੋਲੰਕੀ, ਲਾਂਸ ਨਾਇਕ ਬਹਾਦੁਰ ਸਿੰਘ ਅਤੇ ਸਿਪਾਹੀ ਅਬਦੁਲ ਹਾਮਿਦ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ।

ਕੈਂਪ ਵਿੱਚ ਅਜੇ ਵੀ ਸੁਰੱਖਿਆ ਦਸਤਿਆਂ ਦਾ ਆਪਰੇਸ਼ਨ ਜਾਰੀ ਹੈ।

ਕੈਂਪ ਤੋਂ ਅਜੇ ਵੀ ਰੁੱਕ-ਰੁੱਕ ਕੇ ਗੋਲੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਹਨ।

ਇਹ ਆਰਮੀ ਕੈਂਪ ਜੰਮੂ ਬਾਈਪਾਸ ਰੋਡ ਦੇ ਨੇੜੇ ਹੈ। ਜਿੱਥੇ ਸਕੂਲ ਅਤੇ ਆਰਮੀ ਕੁਆਟਰ ਵੀ ਹਨ।

ਆਰਮੀ ਕੈਂਪ ਦੇ ਉੱਪਰ ਫੌਜ ਦਾ ਹੈਲੀਕਾਪਟਰ ਮੰਡਰਾ ਰਿਹਾ ਹੈ। ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਤਸਵੀਰ ਕੈਪਸ਼ਨ,

ਜੰਮੂ ਵਿੱਚ ਸੁੰਜਵਾਨ ਆਰਮੀ ਕੈਂਪ ਬਾਹਰ ਦੀ ਇੱਕ ਤਸਵੀਰ

ਖ਼ਬਰ ਏਜੰਸੀ ਪੀਟੀਆਈ ਨੇ ਅਫ਼ਸਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਕੈਂਪ 'ਤੇ ਹਮਲਾ ਜੈਸ਼-ਏ-ਮੁਹੰਮਦ ਕੱਟੜਪੰਥੀ ਜਥੇਬੰਦੀ ਨੇ ਕਰਵਾਇਆ ਹੈ

ਗ੍ਰਹਿ ਮੰਤਰੀ ਰਾਜਨਾਥ ਸਿੰਘ ਲਗਾਤਾਰ ਜੰਮੂ ਦੇ ਡੀਜੀ ਅਤੇ ਕਸ਼ਮੀਰ ਪੁਲਿਸ ਦੇ ਸੰਪਰਕ ਵਿੱਚ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜੰਮੂ ਦੇ ਸੁੰਜਵਾਨ ਆਰਮੀ ਕੈਂਪ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਕਿਹਾ, "ਜੰਮੂ ਕਸ਼ਮੀਰ ਮਸਲੇ ਨੂੰ ਸਹੀ ਤਰੀਕੇ ਨਾਲ ਨਾ ਨਜਿੱਠਣ ਲਈ ਭਾਜਪਾ ਨੂੰ ਦੇਸ ਤੋਂ ਮੁਆਫ਼ੀ ਮੰਗੀ ਚਾਹੀਦੀ ਹੈ।"

ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਘਾਟੀ ਜਾ ਸਰਹੱਦ ਨੂੰ ਭੁੱਲ ਜਾਓ, ਤੁਹਾਡੇ ਅੰਦਰ ਤਾਂ ਜੰਮੂ ਸ਼ਹਿਰ ਵੀ ਸੁਰੱਖਿਅਤ ਨਹੀਂ ਹੈ।"

ਇਸ ਤੋਂ ਪਹਿਲਾਂ 28 ਜੂਨ 2003 ਨੂੰ ਸੁੰਜਵਾਨ ਆਰਮੀ ਕੈਂਪ ਨੂੰ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਸੀ। ਉਸ ਵੇਲੇ ਹਮਲੇ ਵਿੱਚ 12 ਜਵਾਨ ਮਾਰੇ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)