ਪ੍ਰੈੱਸ ਰੀਵਿਊ: ਅਮਰੀਕਾ 'ਚ ਗੋਲੀ ਲੱਗਣ ਨਾਲ ਪੰਜਾਬੀ ਦੀ ਮੌਤ ਤੇ ਹੋਰ ਖ਼ਬਰਾਂ

ਫਾਇਰਿੰਗ 'ਚ ਪੰਜਾਬੀ ਦੀ ਮੌਤ

ਹਿੰਦੂਸਤਾਨ ਟਾਇਮਜ਼ ਵਿੱਚ ਛਪੀ ਖ਼ਬਰ ਮੁਤਾਬਕ ਅਮਰੀਕਾ ਦੇ ਜੋਰਜੀਆ ਵਿੱਚ ਬੀਤੇ ਦਿਨੀਂ ਇੱਕ ਸ਼ਖ਼ਸ ਵੱਲੋਂ ਸਟੋਰ 'ਤੇ ਫਾਇਰਿੰਗ ਕੀਤੀ ਗਈ। ਹਾਦਸੇ ਵਿੱਚ ਇੱਕ ਪੰਜਾਬੀ ਦੀ ਮੌਤ ਹੋ ਗਈ।

ਗੋਲੀਬਾਰੀ ਵਿੱਚ ਉੱਥੇ ਰਹਿ ਰਹੇ 44 ਸਾਲਾ ਪਰਮਜੀਤ ਸਿੰਘ ਦੀ ਮੌਤ ਗਈ। ਹਾਦਸੇ ਵਿੱਚ ਕੁਝ ਲੋਕ ਜ਼ਖ਼ਮੀ ਵੀ ਹੋਏ ਹਨ।

ਸ਼ੱਕੀ ਨੂੰ ਕਤਲ ਅਤੇ ਲੁੱਟ ਸਮੇਤ ਕਈ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਜਗਦੀਸ਼ ਟਾਇਟਲਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦਿ ਇੰਡੀਅਨ ਐਕਸਪ੍ਰੈਸ ਨੇ ਇਸ ਖ਼ਬਰ ਨੂੰ ਛਾਪਿਆ ਹੈ।

ਬੀਤੇ ਦਿਨੀਂ ਹਰਸਿਮਰਤ ਕੌਰ ਨੇ ਨਰੇਸ਼ ਗੁਜਰਾਲ ਦੇ ਨਾਲ ਰਾਜਨਾਥ ਸਿੰਘ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਅਤੇ ਕਾਂਗਰਸੀ ਲੀਡਰ ਜਗਦੀਸ਼ ਟਾਇਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਮੰਗ ਪੱਤਰ ਦੇ ਨਾਲ ਉਨ੍ਹਾਂ ਨੇ ਸਟਿੰਗ ਆਪਰੇਸ਼ਨ ਵਾਲੀ ਉਹ ਵੀਡੀਓ ਵੀ ਸਾਹਮਣੇ ਰੱਖੀ ਜਿਸ ਵਿੱਚ ਕਥਿਤ ਤੌਰ 'ਤੇ 1984 ਸਿੱਖ ਦੰਗਿਆਂ ਨੂੰ ਲੈ ਕੇ ਉਹ ਆਪਣੀ ਭੂਮਿਕਾ ਕਬੂਲ ਕਰ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਟਾਇਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਲਾਈ-ਡਿਟੈਕਟਰ ਟੈਸਟ ਕਰਵਾਇਆ ਜਾਵੇ।

ਦਿ ਟ੍ਰਿਬਿਊਨ'ਚ ਛਪੀ ਖ਼ਬਰ ਮੁਤਾਬਕ ਮੌੜ ਮੰਡੀ ਬਲਾਸਟ ਮਾਮਲੇ ਵਿੱਚ ਐੱਸਆਈਟੀ ਨੇ ਬੀਤੇ ਦਿਨੀਂ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਗੁਰਤੇਜ ਸਿੰਘ ਕਾਲਾ, ਜੋ ਕਿ ਹਰਿਆਣਾ ਦੇ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਵਿੱਚ ਵਰਕਸ਼ਾਪ ਦਾ ਇੰਚਾਰਜ ਹੈ। ਇਸ ਤੋਂ ਇਲਾਵਾ ਮਾਨਸਾ ਦੇ ਅਮਰੀਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਬੀਤੇ ਦਿਨੀਂ ਤਲਵੰਡੀ ਸਾਬੋ ਦੀ ਅਦਾਲਤ ਵਿੱਚ 4 ਗਵਾਹਾਂ ਨੂੰ ਪੇਸ਼ ਕੀਤਾ ਸੀ।

ਡੀਜੀਪੀ(ਇੰਟੈਲੀਜੈਂਸ) ਦਿਨਕਰ ਗੁਪਤਾ ਮੁਤਾਬਕ,'' ਗੁਰਤੇਜ ਸਿੰਘ ਅਤੇ ਅਮਰੀਕ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।''

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕਰੀਬ ਚਾਰ ਦਿਨ ਪਹਿਲਾਂ 31 ਜਨਵਰੀ 2017 ਨੂੰ ਇਹ ਕਾਰ ਧਮਾਕਾ ਹੋਇਆ ਸੀ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਹੋਏ ਸੀ।

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਕ ਪੈਪਸੀਕੋ ਦੀ ਚੇਅਰਮੈਨ ਅਤੇ ਸੀਈਓ ਇੰਦਰਾ ਨੂਈ ਨੂੰ ਇੰਟਰਨੈਸ਼ਨਲ ਕ੍ਰਿਕਟ ਕੌਂਸਿਲ(ICC) ਦੀ ਪਹਿਲੀ ਇੰਡੀਪੈਂਡੇਂਟ ਮਹਿਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਇੰਦਰਾ ਨੂਈ ਜੂਨ ਮਹੀਨੇ ਤੋਂ ਆਈਸੀਸੀ ਬੋਰਡ ਦਾ ਚਾਰਜ ਸੰਭਾਲਣਗੇ। ਜੂਨ 2017 ਵਿੱਚ ਆਈਸੀਸੀ ਨੇ ਮਹਿਲਾ ਇੰਡੀਪੈਂਡੇਂਟ ਚੇਅਰਮੈਨ ਦੀ ਨਿਯੁਕਤੀ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ।

ਇੰਦਰਾ ਨੂਈ ਨੂੰ 2 ਸਾਲ ਲਈ ਨਿਯੁਕਤ ਕੀਤਾ ਗਿਆ ਹੈ, ਪਰ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ।

ਇੰਦਰਾ ਨੂਈ ਮੁਤਾਬਕ,'' ਉਨ੍ਹਾਂ ਨੂੰ ਕ੍ਰਿਕਟ ਨਾਲ ਬਹੁਤ ਪਿਆਰ ਹੈ ਅਤੇ ਉਹ ਕਾਲਜ ਦੇ ਦਿਨਾਂ ਤੋਂ ਹੀ ਕ੍ਰਿਕਟ ਖੇਡਿਆ ਕਰਦੀ ਸੀ।''

ਦਿ ਹਿੰਦੂਦੀ ਖ਼ਬਰ ਮੁਤਾਬਕ ਜਸਟਿਸ ਲੋਇਆ ਦੀ ਮੌਤ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਵਿਰੋਧੀ ਸਾਂਸਦਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਕਈ ਸਾਂਸਦ ਇਸ ਮਾਮਲੇ ਵਿੱਚ ਅਸਹਿਜ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਤੋਂ ਕਰਾਉਣੀ ਚਾਹੀਦੀ ਹੈ।

ਸੀਬੀਆਈ ਦੇ ਸਪੈਸ਼ਲ ਜੱਜ ਬੀਐੱਚ ਲੋਇਆ ਦੀ ਮੌਤ 1 ਦਸੰਬਰ 2014 ਨੂੰ ਨਾਗਪੁਰ ਵਿੱਚ ਹਾਰਟਅਟੈਕ ਨਾਲ ਹੋਈ ਸੀ।

ਉਹ ਸੋਹਰਾਬੂਦੀਨ ਐਨਕਾਊਂਟਰ ਮਾਮਲੇ ਦੀ ਸੁਣਵਾਈ ਕਰ ਰਹੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)