''ਗੋਆ ਵਾਲਿਆਂ ਨੂੰ ਉੱਤਰ ਭਾਰਤੀ ਲੋਕਾਂ ਨਾਲ ਕੀ ਦਿੱਕਤ ਹੈ ?''

ਗੋਆ

ਤਸਵੀਰ ਸਰੋਤ, INDRANIL MUKHERJEE/AFP/Getty Images

ਗੋਆ ਦੇ ਟਾਊਨ ਐਂਡ ਕੰਟਰੀ ਪਲੈਨਿੰਗ ਮੰਤਰੀ ਵਿਜੇ ਸਰਦੇਸਾਈ ਨੇ ਬਿਆਨ ਦਿੱਤਾ ਹੈ ਕਿ ਉੱਤਰ ਭਾਰਤ ਦੇ ਲੋਕ ਗੰਦੇ ਕੀੜੇ ਹਨ ਜੋ ਗੋਆ ਨੂੰ ਹਰਿਆਣਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ।

ਬਹਿਸ ਇਸ ਮੁੱਦੇ 'ਤੇ ਚੱਲ ਰਹੀ ਹੈ ਕਿ ਇਸ ਬਿਆਨ ਵਿੱਚ ਕਿੰਨਾ ਸੱਚ ਅਤੇ ਕਿੰਨਾ ਝੂਠ ਹੈ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ''ਮੈਂ ਕਸ਼ਮੀਰ, ਚੰਡੀਗੜ੍ਹ, ਦਿੱਲੀ, ਹਿਮਾਚਲ ਵਿੱਚ ਰਹਿਣ ਤੋਂ ਬਾਅਦ ਇਹ ਕਹਿ ਸਕਦੀ ਹਾਂ ਕਿ ਗੋਆ ਦੇ ਮੰਤਰੀ ਸਹੀ ਹਨ। ਹਰਿਆਣਾ, ਉੱਤਰ ਪ੍ਰਦੇਸ਼ ਦੇ ਮਰਦ ਸਭ ਤੋਂ ਮਾੜੇ ਹਨ।''

''ਦੱਖਣ ਵਿੱਚ ਮੇਰੇ ਕਪੜਿਆਂ ਕਰਕੇ ਮੈਨੂੰ ਕਦੇ ਵੀ ਘੂਰਿਆ ਨਹੀਂ ਗਿਆ। ਜਦ ਮਰਦ ਮੈਨੂੰ ਘੂਰਨ ਲੱਗਦੇ ਹਨ, ਤਾਂ ਮੈਂ ਸਮਝ ਜਾਂਦੀ ਹਾਂ ਕਿ ਮੈਂ ਉੱਤਰ ਵਿੱਚ ਹਾਂ।''

ਜਯੰਤ ਸਿੰਘ ਨੇ ਲਿਖਿਆ, ''ਉਨ੍ਹਾਂ ਨੇ ਸਿੱਧੇ ਤੌਰ 'ਤੇ ਇਹ ਕਹਿ ਦਿੱਤਾ। ਪਰ ਉੱਤਰੀ ਭਾਰਤ ਦਾ ਹੋਣ ਨਾਤੇ ਮੈਂ ਇਹ ਕਹਿ ਸਕਦਾ ਹਾਂ ਕਿ ਉੱਤਰ ਭਾਰਤੀ ਕਾਨੂੰਨ ਤੋੜਣ ਵਿੱਚ ਅੱਵਲ ਹਨ।''

ਆਦਿਤਿਯਾ ਗੁਪਤਾ ਨੇ ਟਵੀਟ ਕੀਤਾ, ''ਕੀ ਗਲਤ ਕਿਹਾ? ਉੱਤਰ ਭਾਰਤੀਆਂ ਨੂੰ ਤਮੀਜ਼ ਨਹੀਂ ਹੁੰਦੀ, ਉਹ ਹਰ ਥਾਂ ਹੁੜਦੰਗ ਮਚਾ ਦਿੰਦੇ ਹਨ।''

ਦੂਜੀ ਤਰਫ ਕੁਝ ਯੂਜ਼ਰਸ ਨੇ ਇਸ ਬਿਆਨ ਦੀ ਨਿੰਦਾ ਵੀ ਕੀਤੀ। ਐਲੋਰਾ ਨੇ ਲਿਖਿਆ, ''ਤੁਸੀਂ ਇਹ ਚੀਜ਼ ਹਰ ਉੱਤਰ ਭਾਰਤੀ ਬਾਰੇ ਨਹੀਂ ਕਹਿ ਸਕਦੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ।''

ਕੁਮਾਰ ਲਿਖਦੇ ਹਨ, ''ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਡੀ ਆਰਥਕਤਾ ਸਾਡੇ ਕਰਕੇ ਬਚੀ ਹੋਈ ਹੈ। ਇਸ ਰਾਜਨੀਤੀ ਤੋਂ ਬਾਹਰ ਆਓ ਅਤੇ ਗੋਆ ਲਈ ਕੁਝ ਕਰੋ। ਕੀ ਗੋਆ ਦੇ ਰਹਿਣ ਵਾਲਿਆਂ ਤੋਂ ਇਲਾਵਾ ਬਾਕੀਆਂ 'ਤੇ ਤੁਹਾਨੂੰ ਸ਼ਰਮ ਆਉਂਦੀ ਹੈ?''

ਵਾਰਿਅਰ ਨੇ ਟਵੀਟ ਕੀਤਾ, ''ਤੁਹਾਨੂੰ ਰੂਸੀਆਂ ਨਾਲ ਕੋਈ ਦਿੱਕਤ ਨਹੀਂ ਜੋ ਨਸ਼ੇ ਅਤੇ ਸ਼ਰਾਬ ਲੈ ਕੇ ਆਉਂਦੇ ਹਨ ਪਰ ਉੱਤਰ ਭਾਰਤੀਆਂ ਨਾਲ ਹੈ?''

ਇਸ ਤੋਂ ਇਲਾਵਾ ਗੋਆ ਦੇ ਸੀਐਮ ਮਨੋਹਰ ਪਾਰਿਕਰ ਨੇ ਇਹ ਬਿਆਨ ਵੀ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿਉਂਕਿ ਕੁੜੀਆਂ ਵੀ ਬੀਅਰ ਪੀਣ ਲੱਗ ਪਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)