#HerChoice 'ਮੇਰੇ ਕੁਆਰੇ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ‘ਉਪਲਬਧ’ ਹਾਂ'

ਮੈਂ ਆਪਣੇ ਛੋਟੇ ਭਰਾ ਲਈ ਲਾੜੀ ਲੱਭਣ ਵਾਸਤੇ ਇੱਕ ਅਖ਼ਬਾਰ ਦੇ ਮੈਟ੍ਰੀਮੋਨੀਅਲ ਪੰਨੇ 'ਤੇ ਇਸ਼ਤਿਹਾਰ ਦੇਖ ਰਹੀ ਸੀ। ਸਾਡੇ ਇੱਕ ਰਿਸ਼ਤੇਦਾਰ ਨੇ ਇਸ ਲਾਈਨ- 'ਇੱਕ ਕੁਆਰੀ ਭੈਣ ਹੈ' 'ਤੇ ਲਾਲ ਰੰਗ ਨਾਲ ਗੋਲਾ ਮਾਰਿਆ।
ਉਸ ਨੇ ਕਿਹਾ, "ਵੱਡੀ ਕੁੜੀ ਕੁਆਰੀ ਹੋਵੇ ਤਾਂ ਸਾਡੇ ਮੁੰਡੇ ਲਈ ਕੁੜੀ ਲੱਭਣਾ ਔਖਾ ਹੋ ਜਾਵੇਗਾ।"
ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਮੇਰੇ ਦਿਲ 'ਚ ਤੀਰ ਮਾਰਿਆ ਹੋਵੇ। ਮੈਂ ਦਰਦ ਨਾਲ ਤੜਫ਼ ਗਈ ਪਰ ਮੈਂ ਆਪਣੇ ਹੰਝੂਆਂ 'ਤੇ ਕਾਬੂ ਪਾਇਆ।
ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਉਹ ਕਿਵੇਂ ਇਸ ਤਰ੍ਹਾਂ ਸੋਚ ਸਕਦੇ ਹਨ?
ਮੇਰੇ ਸਾਹ ਭਾਰੀ ਹੋ ਗਏ ਤੇ ਮੇਰਾ ਸਾਹ ਘੁਟਣ ਲੱਗਿਆ ਜਿਵੇਂ ਕਿਸੇ ਨੇ ਮੇਰਾ ਮੂੰਹ ਬੰਦ ਕਰ ਦਿੱਤਾ ਹੋਵੇ ਤੇ ਮੇਰੇ ਹੱਥ ਬੰਨ੍ਹ ਦਿੱਤੇ ਹੋਣ।
'ਮੇਰਾ ਪਰਿਵਾਰ ਮੇਰੇ ਦਰਦ ਤੋਂ ਅਵੇਸਲਾ ਸੀ'
ਮੈਂ ਜ਼ੋਰ ਦੀ ਚੀਕ ਕੇ ਪੁੱਛਣਾ ਚਾਹੁੰਦੀ ਸੀ ਕਿ ਮੇਰਾ ਵਿਆਹ ਨਾ ਕਰਵਾਉਣ ਦਾ ਫੈਸਲਾ ਕਿਉਂ ਮੇਰੇ ਭਰਾ ਲਈ ਜੀਵਨ ਸਾਥਣ ਲੱਭਣ ਦੀ ਰਾਹ ਵਿੱਚ ਰੋੜਾ ਸੀ।
ਹਾਲਾਂਕਿ ਹਾਲਾਤ ਦੇਖਦੇ ਹੋਏ ਚੁੱਪ ਰਹਿਣਾ ਹੀ ਬਿਹਤਰ ਸੀ ਤੇ ਮੈਂ ਚੁੱਪੀ ਧਾਰ ਲਈ।
ਮੈਨੂੰ ਉਮੀਦ ਸੀ ਕਿ ਮੇਰਾ ਭਰਾ ਤੇ ਪਿਤਾ ਇਸ ਦਾ ਵਿਰੋਧ ਕਰਨਗੇ ਪਰ ਹੋਰਨਾਂ ਰਿਸ਼ਤੇਦਾਰਾਂ ਵਾਂਗ ਉਹ ਮੇਰੇ ਦਰਦ ਤੋਂ ਅਵੇਸਲੇ ਸਨ।
ਮੇਰੀ ਮਾਂ ਹਮੇਸ਼ਾ ਮੈਨੂੰ ਸਮਝਦੀ ਰਹੀ ਹੈ ਤੇ ਗੱਲਬਾਤ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕਰਦੀ ਰਹੀ ਹੈ।
ਪਰ ਉਹ ਖੁਸ਼ ਸੀ ਕਿ ਉਨ੍ਹਾਂ ਦਾ ਪੁੱਤਰ ਵਿਆਹ ਕਰਵਾ ਰਿਹਾ ਸੀ। ਇੱਕ ਸਮਾਂ ਸੀ ਜਦੋਂ ਮੇਰੇ ਮਾਪਿਆਂ ਨੇ ਮੇਰੇ ਵਿਆਹ ਦੇ ਸੁਫ਼ਨੇ ਵੀ ਦੇਖੇ ਸਨ।
------------------------------------------------------------------------------------------------------------------------------------
#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'
ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀ ਹੈ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀ ਹੈ।
------------------------------------------------------------------------------------------------------------------------------------
ਦੋਹਾਂ ਵਿੱਚੋਂ ਉਮਰ 'ਚ ਵੱਡੀ ਹੋਣ ਕਰਕੇ ਇਹ ਤੈਅ ਸੀ ਕਿ ਮੇਰਾ ਹੀ ਪਹਿਲਾਂ ਵਿਆਹ ਹੋਵੇਗਾ ਪਰ ਮੈਂ ਅਜਿਹਾ ਨਹੀਂ ਕੀਤਾ।
ਇਹ ਮੇਰੇ ਮਾਪਿਆਂ ਨੂੰ ਉਸ ਖੁਸ਼ੀ ਤੋਂ ਵਰਜਣਾ ਸੀ ਜਿਸ ਲਈ ਉਨ੍ਹਾਂ ਦੀ ਬਹੁਤ ਵੱਡੀ ਖਾਹਿਸ਼ ਸੀ। ਇਸੇ ਕਰਕੇ ਪਿਛਲੇ ਕੁਝ ਸਾਲਾਂ 'ਚ ਸਾਡੇ ਵਿਚਾਲੇ ਤਣਾਅ ਰਿਹਾ।
'ਇੱਕ ਪੇਸ਼ਕਸ਼ ਨੇ ਹੈਰਾਨ ਕਰ ਦਿੱਤਾ'
ਇਹੀ ਤਣਾਅ ਮੇਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਵੀ ਪਹੁੰਚਿਆ। ਕੁਝ ਲੋਕਾਂ ਨੂੰ ਇਹੀ ਉਮੀਦ ਸੀ ਪਰ ਕਈ ਰਿਸ਼ਤੇਦਾਰਾਂ ਲਈ ਇਹ ਹੈਰਾਨ ਕਰਨ ਵਾਲਾ ਸੀ।
ਇੱਕ ਦਿਨ ਇੱਕ ਪੁਰਾਣੇ ਸਕੂਲ ਦੇ ਦੋਸਤ ਨੇ ਮੈਨੂੰ ਫੋਨ ਕੀਤਾ ਤੇ ਕਿਹਾ, "ਮੈਨੂੰ ਪਤਾ ਹੈ ਤੂੰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਪਰ ਤੇਰੀ ਕੁਝ ਜ਼ਰੂਰਤਾਂ' ਹੋਣਗੀਆਂ। ਜੇ ਤੂੰ ਚਾਹੇ ਤਾਂ ਮੈਂ ਉਹ ਪੂਰੀਆਂ ਕਰਨ ਵਿੱਚ ਮਦਦ ਕਰ ਸਕਦਾ ਹਾਂ।"
ਉਸ ਨੇ ਕਿਹਾ ਉਸ ਨੂੰ ਇਹ ਕਰਨਾ ਵੀ ਪਸੰਦ ਹੈ। ਸਿਰਫ਼ ਇੱਕ ਸ਼ਰਤ 'ਤੇ ਕਿ ਇਸ ਬਾਰੇ ਉਸ ਦੀ ਪਤਨੀ ਤੇ ਉਸ ਦੇ ਬੱਚਿਆਂ ਨੂੰ ਕਦੇ ਪਤਾ ਨਹੀਂ ਲਗਣਾ ਚਾਹੀਦਾ। ਮੈਂ ਹੈਰਾਨ ਸੀ।
ਮੈਨੂੰ ਆਪਣੀਆਂ 'ਲੋੜਾਂ' ਬਾਰੇ ਨਹੀਂ ਪਤਾ ਸੀ ਤੇ ਉਸ ਲਈ ਇੱਕ ਸਾਥੀ ਦੀ ਲੋੜ ਪਏਗੀ।
ਕੋਈ ਵੀ ਕਲਪਨਾ ਕਰ ਸਕਦਾ ਸੀ ਕਿ ਮੈਂ 'ਮੌਜੂਦ' ਹਾਂ, ਮੈਨੂੰ ਇਹ ਮਨਜ਼ੂਰ ਨਹੀਂ ਸੀ।
ਇਸ ਤੋਂ ਇਲਾਵਾ ਸਕੂਲ ਦਾ ਇੱਕ ਪੁਰਾਣਾ ਦੋਸਤ ਮੈਨੂੰ ਇਸ ਤਰ੍ਹਾਂ ਦੀ ਪੇਸ਼ਕਸ਼ ਕਰ ਸਕਦਾ ਹੈ, ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ।
ਮੈਨੂੰ ਲੱਗਦਾ ਹੈ ਕਿ ਇਸ ਪੇਸ਼ਕਸ਼ ਨੇ ਮੈਨੂੰ ਗੁੱਸਾ ਨਹੀਂ ਚੜ੍ਹਾਇਆ ਸੀ ਸਗੋਂ ਇਸ ਤਰ੍ਹਾਂ ਦੇ ਵਿਚਾਰ ਨੇ ਮੈਨੂੰ ਨਿਰਾਸ਼ ਕਰ ਦਿੱਤਾ ਸੀ।
ਇਹ ਬਹੁਤ ਹੀ ਹਾਸੋ-ਹੀਣਾ ਸੀ ਕਿ ਉਸ ਨੇ ਇਸ ਨੂੰ ਇੱਕ ਤਰ੍ਹਾਂ ਦੀ ਮਦਦ ਜਾਂ ਸੇਵਾ ਕਰਾਰ ਦਿੱਤਾ ਸੀ।
'ਮੈਂ ਕਾਮਯਾਬੀ ਦੀਆਂ ਸਿਖ਼ਰਾਂ ਤੱਕ ਪਹੁੰਚੀ'
ਇਸ ਨੇ ਸਭ ਕੁਝ ਖ਼ਤਮ ਕਰ ਦਿੱਤਾ। ਸਾਡੀ ਦੋਸਤੀ ਵਿੱਚ ਹੁਣ ਕੋਈ ਮਿਠਾਸ ਨਹੀਂ ਹੈ। ਉਸ ਨੂੰ ਮਿਲਣ ਦਾ ਵਿਚਾਰ ਵੀ ਮੈਨੂੰ ਡਰਾ ਦਿੰਦਾ ਹੈ। ਮੈਂ ਉਸ ਨੂੰ ਅਜੇ ਵੀ ਮਿਲਣ ਤੋਂ ਝਿਜਕਦੀ ਹਾਂ।
ਲੋਕਾਂ ਨੂੰ ਜਦੋਂ ਮੇਰੇ ਕੁਆਰੇ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੀ ਵਿਚਾਰਧਾਰਾ ਮੇਰੇ ਬਾਰੇ ਬਦਲ ਜਾਂਦੀ ਹੈ। ਉਨ੍ਹਾਂ ਦਾ ਗੱਲਬਾਤ ਦਾ ਤਰੀਕਾ ਵੀ ਬਦਲ ਜਾਂਦਾ ਹੈ। ਕੌਫ਼ੀ ਜਾਂ ਦੁਪਹਿਰ ਦੇ ਖਾਣਾ ਦਾ ਸੱਦਾ ਦੇ ਦਿੰਦੇ ਹਨ।
ਮੈਨੂੰ ਇਸ ਤੋਂ ਕੋਈ ਮੁਸ਼ਕਿਲ ਨਹੀਂ ਹੈ। ਮੈਂ ਇਸ ਦੀ ਆਦੀ ਹੋ ਚੁੱਕੀ ਹਾਂ। ਮੈਂ ਆਪਣੇ ਫੈਸਲੇ ਖੁਦ ਲੈਂਦੀ ਹਾਂ। ਮੈਂ ਖੁਦ ਚੁਣਦੀ ਤੇ ਠੁਕਰਾ ਦਿੰਦੀ ਹਾਂ।
ਮੈਂ ਹੁਣ 37 ਸਾਲ ਦੀ ਹਾਂ ਤੇ ਮੈਨੂੰ ਕੁਆਰੀ ਰਹਿਣ 'ਤੇ ਕੋਈ ਇਤਰਾਜ਼ ਨਹੀਂ ਹੈ।
ਜਦੋਂ ਮੈਂ ਪਹਿਲੀ ਵਾਰੀ ਆਪਣੀ ਮਾਂ ਨੂੰ ਵਿਆਹ ਲਈ ਨਾਂਹ ਕੀਤੀ ਤਾਂ ਮੈਂ 25 ਸਾਲ ਦੀ ਸੀ।
ਮੈਂ ਉਦੋਂ ਕਮਾਉਣਾ ਸ਼ੁਰੂ ਹੀ ਕੀਤਾ ਸੀ ਤੇ ਆਪਣੇ ਸੁਫ਼ਨੇ ਪੂਰੇ ਕਰਨਾ ਚਾਹੁੰਦੀ ਸੀ ਤੇ ਨਵੀਂਆਂ ਬੁਲੰਦੀਆਂ ਛੂਹਣਾ ਚਾਹੁੰਦੀ ਸੀ।
ਮੈਨੂੰ ਲੱਗਦਾ ਹੈ ਕਿ ਉਹ ਮੇਰੀ ਗੱਲ ਸਮਝ ਗਏ ਸਨ ਪਰ ਹੋਰਨਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਉਹ ਲਾਚਾਰ ਸਨ।
"ਤੁਸੀਂ ਆਪਣੀ ਧੀ ਦਾ ਵਿਆਹ ਕਦੋਂ ਕਰ ਰਹੇ ਹੋ?"
"ਜੇ ਤੁਹਾਨੂੰ 'ਯੋਗ' ਵਰ ਨਹੀਂ ਲੱਭ ਰਿਹਾ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।"
ਜਿਵੇਂ ਮੈਂ ਕਰੀਅਰ ਵਿੱਚ ਤਰੱਕੀ ਫੜ੍ਹੀ ਮੇਰੇ ਲਈ ਵਰ ਦੀ ਭਾਲ ਤੇਜ਼ ਹੋ ਗਈ।
'ਮੈਂ 15 ਮੁੰਡੇ ਵੇਖੇ'
ਸਭ ਨੇ ਜੋ ਮੇਰੇ ਮਾਪਿਆਂ ਨੂੰ ਕਿਹਾ ਉਸ ਦੇ ਉਲਟ ਮੈਂ ਕਿਸੇ ਨਾਲ ਸਿਰਫ਼ ਇਸ ਲਈ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਮੈਨੂੰ ਸੁਰੱਖਿਅਤ ਰੱਖ ਸਕਦਾ ਸੀ।
ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਮੇਰੇ ਮਾਪੇ ਕਿਨ੍ਹਾਂ ਹਾਲਤਾਂ 'ਚੋਂ ਲੰਘ ਰਹੇ ਹੋਣਗੇ ਕਿਉਂਕਿ ਉਨ੍ਹਾਂ ਦੀ ਧੀ ਵਿਆਹ ਲਈ ਤੈਅ ਉਮਰ ਪਾਰ ਕਰ ਰਹੀ ਸੀ ਤੇ ਅਜੇ ਵੀ ਉਨ੍ਹਾਂ ਨਾਲ ਰਹਿ ਰਹੀ ਸੀ।
ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ 'ਸੈੱਟਲ' ਹੋ ਜਾਵਾਂ। ਇਸ ਲਈ ਮੈਂ ਇੱਕ, ਦੋ ਜਾਂ ਤਿੰਨ ਨਹੀਂ 15 ਮੁੰਡੇ ਦੇਖੇ। ਮੈਂ ਉਨ੍ਹਾਂ ਦੀ ਫਿਕਰ ਦਾ ਸਨਮਾਨ ਕੀਤਾ ਤੇ ਮੁੰਡਿਆਂ ਨੂੰ ਮਿਲੀ। ਹਾਲਾਂਕਿ ਮੈਂ ਕਿਸੇ ਨੂੰ ਨਹੀਂ ਚੁਣਿਆ।
ਇੱਕ ਤਰੀਕੇ ਨਾਲ ਇਸ ਤਰ੍ਹਾਂ ਮੈਂ ਸਮਝਾ ਸਕੀ ਕਿ ਮੈਂ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ। ਮੇਰੇ ਮਾਪਿਆਂ ਨੇ ਮੇਰਾ ਸਾਥ ਦਿੱਤਾ ਪਰ ਦੂਜੇ ਲੋਕ ਮੇਰੀ ਚੋਣ ਦੀ ਪਰਖ ਕਰਦੇ ਹਨ।
'ਮੈਨੂੰ ਘੁਮੰਡੀ, ਗਵਾਰ ਤੇ ਵਹਿਮੀ ਕਿਹਾ ਗਿਆ'
ਉਹ ਇਸ ਨੂੰ 'ਨਖ਼ਰਾ' ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ 'ਮੈਂ ਬਹੁਤ ਘੁਮੰਡੀ', 'ਜ਼ਿਆਦਾ ਆਜ਼ਾਦ' ਤੇ 'ਆਪਣੇ ਮਾਪਿਆਂ ਦਾ ਜ਼ਰਾ ਵੀ ਕਹਿਣਾ ਨਹੀਂ ਮੰਨਦੀ' ਹਾਂ।
'ਬੇਵਕੂਫ਼', 'ਗਵਾਰ', 'ਵਹਿਮੀ' ਕੁਝ ਅਜਿਹੇ ਲੇਬਲ ਹਨ ਜੋ ਮੇਰੇ 'ਤੇ ਲਾਏ ਜਾਂਦੇ ਹਨ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ?
ਜਦੋਂ ਬਾਕੀ ਸਭ ਕੁਝ ਅਸਫ਼ਲ ਹੋ ਜਾਂਦਾ ਹੈ ਤਾਂ ਉਹ ਮੇਰੇ 'ਚਰਿੱਤਰ' 'ਤੇ ਚਰਚਾ ਕਰਨ ਲੱਗ ਜਾਂਦੇ ਹਨ ਪਰ ਮੇਰਾ ਵਿਚਾਰ ਸਪਸ਼ਟ ਹੈ।
ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਕੁਝ ਵੀ ਗਲਤ ਨਹੀਂ ਹੈ। ਸਮੇਂ ਨਾਲ ਦੁਨੀਆਂ ਨੇ ਤਰੱਕੀ ਕੀਤੀ ਹੈ।
ਮੈਂ ਆਪਣੀ ਮਰਜ਼ੀ ਨਾਲ 'ਮਜ਼ੇਦਾਰ ਚੀਜ਼ਾਂ' ਕਰ ਸਕਦੀ ਹਾਂ। ਔਰਤਾਂ ਹੁਣ ਖੁਦ ਨੂੰ ਕੈਦ ਵਿੱਚ ਨਹੀਂ ਰੱਖਦੀਆਂ।
ਮੈਂ ਸਿਰਫ਼ ਆਜ਼ਾਦ ਰਹਿਣਾ ਚਾਹੁੰਦੀ ਹਾਂ। ਵਿਆਹ ਇੱਕ ਤਰ੍ਹਾਂ ਦਾ ਬੰਧਨ ਹੈ। ਮੈਂ ਅਸਮਾਨ ਵਿੱਚ ਇੱਕ ਪੰਛੀ ਵਾਂਗ ਆਜ਼ਾਦ ਘੁੰਮਣਾ ਚਾਹੁੰਦੀ ਹਾਂ। ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣਾ ਚਾਹੁੰਦੀ ਹਾਂ।
ਸਾਰਾ ਦਿਨ ਘਰ ਵਿੱਚ ਰਹਿਣਾ ਜਾਂ ਫਿਰ ਸਾਰੀ ਰਾਤ ਬਾਹਰ ਰਹਿਣਾ। ਆਪਣੀ ਮਰਜ਼ੀ ਮੁਤਾਬਕ ਨਾਈਟ ਕਲੱਬ, ਡਿਸਕੋ, ਮੰਦਿਰ ਜਾਂ ਪਾਰਕ ਜਾਣਾ ਚਾਹੁੰਦੀ ਹਾਂ।
ਘਰ ਦੇ ਕੰਮ ਕਰਨਾ ਜਾਂ ਨਾ ਕਰਨਾ ਜਾਂ ਖਾਣਾ ਪਕਾਉਣਾ ਸਭ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੀ ਹਾਂ।
ਮੈਂ ਸਵੇਰੇ ਆਪਣੀ ਸੱਸ ਲਈ ਚਾਹ ਬਣਾਉਣ ਜਾਂ ਆਪਣੇ ਪਤੀ ਲਈ ਸਵੇਰ ਦਾ ਖਾਣਾ ਪਕਾਉਣ ਜਾਂ ਬੱਚਿਆਂ ਨੂੰ ਸਕੂਲ ਭੇਜਣ ਦੀ ਫਿਕਰ ਤੋਂ ਦੂਰ ਰਹਿਣਾ ਚਾਹੁੰਦੀ ਹਾਂ।
'ਮੇਰੀ ਕਾਮਯਾਬੀ ਦੀ ਸ਼ਲਾਘਾ ਹੋਈ'
ਮੈਨੂੰ ਕੁਆਰਾ ਰਹਿਣਾ ਪਸੰਦ ਹੈ। ਮੈਨੂੰ ਆਪਣੀ ਆਜ਼ਾਦੀ ਪਸੰਦ ਹੈ। ਜਿੰਨੀ ਦੇਰ ਕਿਸੇ ਨੂੰ ਇਹ ਸਮਝ ਨਹੀਂ ਆ ਜਾਂਦਾ ਮੈਂ ਉਨੀ ਦੇਰ ਤੱਕ ਇਹ ਗੱਲ ਦੁਹਰਾ ਸਕਦੀ ਹਾਂ।
ਮੈਂ ਕਈ ਵਿਆਹੁਤਾ ਔਰਤਾਂ ਦੇਖੀਆਂ ਹਨ ਜਿਨ੍ਹਾਂ ਦੇ ਬੱਚੇ ਹਨ ਤੇ ਵੱਡੇ ਪਰਿਵਾਰ ਹਨ ਫਿਰ ਵੀ ਉਹ ਇਕੱਲਾ ਮਹਿਸੂਸ ਕਰਦੀਆਂ ਹਨ।
ਜਦੋਂ ਕਿ ਮੈਂ ਇਕੱਲਾ ਮਹਿਸੂਸ ਨਹੀਂ ਕਰਦੀ। ਮੇਰਾ ਪਰਿਵਾਰ ਤੇ ਦੋਸਤ ਹਨ। ਜੋ ਰਿਸ਼ਤੇ ਮੈਨੂੰ ਖੁਸ਼ੀ ਦਿੰਦੇ ਹਨ ਮੈਂ ਉਨ੍ਹਾਂ ਦਾ ਸਨਮਾਨ ਕਰਦੀ ਹਾਂ।
ਸਾਡੇ ਸਮਾਜ ਵਿੱਚ ਕੁਆਰੀ ਕੁੜੀ ਨੂੰ ਬੋਝ ਸਮਝਿਆ ਜਾਂਦਾ ਹੈ ਪਰ ਮੈਂ ਕਦੇ ਵੀ ਬੋਝ ਨਹੀਂ ਸੀ।
ਮੈਂ ਦੁਨੀਆਂ ਘੁੰਮਦੀ ਹਾਂ। ਮੈਂ ਆਪਣਾ ਪੈਸਾ ਕਮਾਉਂਦੀ ਹਾਂ ਤੇ ਸਾਰੇ ਫੈਸਲੇ ਖੁਦ ਲੈਂਦੀ ਹਾਂ ਕਿ ਮੈਂ ਪੈਸੇ ਕਿੱਥੇ ਖਰਚ ਕਰਨੇ ਹਨ।
ਮੈਂ ਕੰਮ ਜ਼ਰੀਏ ਖੁਦ ਨੂੰ ਕਾਮਯਾਬ ਬਣਾਇਆ ਹੈ ਤੇ ਮੇਰੀ ਸ਼ਲਾਘਾ ਵਿੱਚ ਕਈ ਲੇਖ ਵੀ ਲਿਖੇ ਗਏ ਹਨ।
ਉਹੀ ਅਖ਼ਬਾਰ ਜੋ ਮੇਰੇ ਕੁਆਰੇ ਹੋਣ ਦਾ ਮਜ਼ਾਕ ਬਣਾਉਂਦੇ ਸਨ ਉਹ ਹੁਣ ਮੇਰੇ ਕੁਆਰੇ ਹੋਣ ਦੀ ਸ਼ਲਾਘਾ ਕਰਦੇ ਹਨ।
ਮੇਰੇ ਮਾਪਿਆਂ ਨੂੰ ਮੇਰੇ 'ਤੇ ਮਾਣ ਹੈ ਤੇ ਉਨ੍ਹਾਂ ਦੇ ਦੋਸਤ ਆਪਣੀਆਂ ਧੀਆਂ ਨੂੰ ਮੇਰੀ ਕਾਮਯਾਬੀ ਦੀ ਉਦਾਹਰਨ ਦਿੰਦੇ ਹਨ। ਲੋਕਾਂ ਨੇ ਮੇਰੇ ਫੈਸਲੇ ਬਾਰੇ ਕੀ ਸੋਚਿਆ ਆਖਰ ਵਿੱਚ ਇਸ ਨਾਲ ਕੋਈ ਫਰਕ ਨਹੀਂ ਪਿਆ।
ਮੈਂ ਜੋ ਕੀਤਾ ਆਪਣੇ ਲਈ ਕੀਤਾ ਤੇ ਮੈਂ ਇਸ ਨੂੰ ਸਾਬਿਤ ਵੀ ਕਰ ਦਿਖਾਇਆ।
(ਇਹ ਉੱਤਰ-ਪੱਛਮੀ ਭਾਰਤ ਦੀ ਇੱਕ ਔਰਤ ਦੀ ਕਹਾਣੀ ਹੈ ਜੋ ਬੀਬੀਸੀ ਪੱਤਰਕਾਰ ਅਰਚਨਾ ਸਿੰਘ ਨਾਲ ਸਾਂਝੀ ਕੀਤੀ ਗਈ ਹੈ ਤੇ ਦਿਵਿਆ ਆਰੀਆ ਨੇ ਪ੍ਰੋਡਿਊਸ ਕੀਤੀ ਹੈ। ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।)