ਪ੍ਰੈਸ ਰਿਵੀਊ: 'ਹਰਿਮੰਦਰ ਸਾਹਿਬ ਦੀ ਨਕਲ ਜਿਉਂ ਦੀ ਤਿਉਂ'

Image copyright Getty Images

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁ. ਮਸਤੂਆਣਾ ਸਾਹਿਬ ਕੰਪਲੈਕਸ ਵਿੱਚ ਹਰਿਮੰਦਰ ਸਾਹਿਬ ਦੀ ਨਕਲ 'ਤੇਉਸਾਰੀ ਇਮਾਰਤ ਬਾਰੇ ਬਣੀ ਜਾਂਚ ਕਮੇਟੀ ਨੇ ਕਿਹਾ ਹੈ ਕਿ ਇਮਾਰਤ ਦਾ ਢਾਂਚਾ ਹਾਲੇ ਵੀ ਉਸੇ ਤਰ੍ਹਾਂ ਮੌਜੂਦ ਹੈ

ਜਾਂਚ ਕਮੇਟੀ ਮੁਤਾਬਕ ਇਸ ਮਾਮਲੇ ਵਿੱਚ ਅਕਾਲ ਤਖਤ ਦੇ 2009 ਵਿੱਚ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।

20 ਜੁਲਾਈ, 2009 ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਐੱਸਜੀਪੀਸੀ ਨੂੰ ਹੁਕਮ ਦਿੱਤੇ ਗਏ ਸੀ ਕਿ ਮਸਤੂਆਣਾ ਸਾਹਿਬ ਵਿੱਚ ਮੌਜੂਦ ਸਰੋਵਰ ਨੂੰ ਪੂਰਿਆ ਜਾਵੇ ਅਤੇ ਦਰਬਾਰ ਹਾਲ ਨੂੰ ਜੋੜਨ ਵਾਲਾ ਪੁਲ ਵੀ ਤੋੜਿਆ ਜਾਏ।

ਅਖ਼ਬਾਰ ਮੁਤਾਬਕ ਜਾਂਚ ਪੈਨਲ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ ਜਿਸ ਨੂੰ ਜਲਦ ਹੀ ਐੱਸਜੀਪੀਸੀ ਪ੍ਰਧਾਨ ਨੂੰ ਸੌਂਪਿਆ ਜਾਵੇਗਾ। ਜਾਂਚ ਪੈਨਲ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਸਾਰੇ ਬਦਲਾਅ ਕਰਨ ਲਈ ਤਾਰੀਖ ਤੈਅ ਕਰਨ ਦੀ ਸਿਫਾਰਿਸ਼ ਵੀ ਕਰੇਗੀ।

Image copyright Getty Images

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲੇ ਨਾਲ ਸੰਬੰਧਿਤ ਪਾਠ ਜਲਦੀ ਹੀ ਸਕੂਲੀ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਵਿਚਾਰ ਉਹਨਾਂ ਨੇ ਸ਼ਾਮ ਸਿੰਘ ਅਟਾਰੀ ਵਾਲੇ ਦੀ 172 ਵੀਂ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਸ਼ਰਧਾਂਜਲੀ ਦੇਣ ਮਗਰੋਂ ਪ੍ਰਗਟ ਕੀਤੇ।

ਉਹਨਾਂ ਨੇ ਇਸ ਮੌਕੇ 10 ਫਰਵਰੀ 1846 ਦੀ ਐਂਗਲੋ ਸਿੱਖ ਲੜਾਈ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਦੇ ਲਾਸਾਨੀ ਯੋਗਦਾਨ ਨੂੰ ਯਾਦ ਕੀਤਾ ਤੇ ਉਹਨਾਂ ਦੀ ਯਾਦ ਵਿੱਚ ਖੇਡ ਸਹੂਲਤਾਂ ਤੇ ਅਜਾਇਬ ਘਰ ਲਈ ਦਸ ਲੱਖ ਦੀ ਰਕਮ ਵੀ ਮਨਜ਼ੂਰ ਕੀਤੀ।

Image copyright Getty Images

ਲੁਧਿਆਣਾ ਵਿੱਚ 16 ਸਾਲਾ ਨਾਬਾਲਗ ਦਲਿਤ ਕੁੜੀ ਨਾਲ ਚਲਦੀ ਕਾਰ ਵਿੱਚ ਚਾਰ ਬੰਦਿਆਂ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਨਾਬਾਲਿਗ ਕੁੜੀ ਬਿਊਟੀਸ਼ਨ ਵਜੋਂ ਕੰਮ ਕਰਦੀ ਸੀ।

ਪੀੜਤ ਦੇ ਬਿਆਨਾਂ ਮੁਤਾਬਕ ਪੰਜ ਫਰਵਰੀ ਨੂੰ ਚਾਰੋਂ ਮੁਲਜ਼ਮ ਉਸ ਦੇ ਘਰ ਆਏ ਤੇ ਕਿਸੇ ਵਿਆਹ ਲਈ ਲਾੜੀ ਨੂੰ ਸਜਾਉਣ ਦੇ ਬਹਾਨੇ ਪੀੜਤ ਨੂੰ ਨਾਲ ਲੈ ਗਏ। ਪੀੜਤ ਮੁਤਾਬਕ ਚਾਰੋਂ ਮੁਲਜ਼ਮ ਉਸ ਦੇ ਜਾਣਕਾਰ ਸਨ। ਚਾਰੋ ਮੁਲਜ਼ਮਾਂ ਨੇ ਕੁੜੀ ਨਾਲ ਚੱਲਦੀ ਕਾਰ ਵਿੱਚ ਬਲਾਤਕਾਰ ਕੀਤਾ।

ਵਾਰਦਾਤ ਤੋਂ ਬਾਅਦ ਮੁਲਜ਼ਮ ਪੀੜਤ ਨੂੰ ਜਲੰਧਰ ਬਾਈਪਾਸ ਕੋਲ ਛੱਡ ਗਏ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੁਲਜ਼ਮਾਂ ਵੱਲੋਂ ਧਮਕਾਉਣ ਕਰਕੇ ਪਹਿਲਾਂ ਤਾਂ ਲੜਕੀ ਨੇ ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਿਆ ਪਰ ਬਾਅਦ ਵਿੱਚ ਉਸਨੇ ਆਪਣੇ ਮਾਪਿਆਂ ਨੂੰ ਸਾਰਾ ਕੁਝ ਦੱਸ ਦਿੱਤਾ।

ਉਸ ਤੋਂ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਖਿਲਾਫ਼ ਐਸੀ/ਐਸਟੀ ਐਕਟ ਤੇ ਬੱਚਿਆਂ ਖਿਲਾਫ਼ ਜਿਨਸੀ ਹਿੰਸਾ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਚਾਰੋ ਮੁਲਜ਼ਮ ਅਜੇ ਫਰਾਰ ਹਨ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਾਬਕਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ਾਹਿਦ ਅਫ਼ਰੀਦੀ ਨੇ ਉਸ ਵੇਲੇ ਸਭ ਨੂੰ ਖੁਸ਼ ਕਰ ਦਿੱਤਾ ਜਦੋਂ ਉਹਨਾਂ ਨੇ ਇੱਕ ਭਾਰਤੀ ਫੈਨ ਨੂੰ ਤਿਰੰਗਾ ਸਹੀ ਤਰੀਕੇ ਨਾਲ ਫ਼ੜਨ ਲਈ ਕਿਹਾ।

Image copyright Getty Images

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਫ਼ਰੀਦੀ ਨੇ ਤਸਵੀਰ ਖਿਚਵਾਉਣ ਦੇ ਚਾਹਵਾਨ ਆਪਣੇ ਇੱਕ ਭਾਰਤੀ ਫੈਨ ਨੂੰ ਕਿਹਾ ਕਿ ਆਪਣਾ ਝੰਡਾ ਸਿੱਧਾ ਫੜੋ।

ਉਹਨਾਂ ਦੀ ਇਸ ਗੱਲ ਲਈ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਸ਼ਲਾਘਾ ਹੋਈ ਹੈ। ਉਹ ਸਵਿਟਜ਼ਰਲੈਂਡ ਵਿੱਚ ਸਾਬਕਾ ਖਿਡਾਰੀਆਂ ਦੇ ਸੰਤ ਮਾਰੀਆ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸੀ।

ਇਸ ਮੌਕੇ ਦਰਸ਼ਕ ਭਾਰੀ ਗਿਣਤੀ ਵਿੱਚ ਸਾਬਕਾ ਖਿਡਾਰੀਆਂ ਨੂੰ ਬਰਫ਼ ਉੱਪਰ ਕ੍ਰਿਕਟ ਖੇਡਦਿਆਂ ਦੇਖਣ ਪਹੁੰਚੇ ਹੋਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)