ਪ੍ਰੈਸ ਰਿਵੀਊ: ਅਸੀਂ ਤਿੰਨ ਦਿਨਾਂ 'ਚ ਫੌਜ ਖੜ੍ਹੀ ਕਰ ਸਕਦੇ ਹਾਂ - ਮੋਹਨ ਭਾਗਵਤ

ਮੋਹਨ ਭਾਗਵਤ

ਤਸਵੀਰ ਸਰੋਤ, Getty Images

ਬਿਹਾਰ ਤੇ ਝਾਰਖੰਡ ਦੇ ਆਰਐੱਸਐੱਸ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸੰਗਠਨ ਜੇ ਦੇਸ ਨੂੰ ਲੋੜ ਪਵੇ ਤਾਂ ਤਿੰਨ ਦਿਨਾਂ ਵਿੱਚ ਹੀ ਫ਼ੌਜ ਖੜ੍ਹੀ ਕਰ ਸਕਦਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੰਘ ਮੁਖੀ ਮੁਜ਼ੱਫਰਪੁਰ ਵਿੱਚ ਸੰਘ ਦੇ ਵੱਖ-ਵੱਖ ਵਿੰਗਾਂ ਦੀ ਨਜ਼ਰਸਾਨੀ ਬੈਠਕ ਮਗਰੋਂ ਬੋਲ ਰਹੇ ਸਨ। ਇਹ ਬੈਠਕ ਪਿਛਲੇ ਦਸ ਦਿਨਾਂ ਤੋਂ ਚੱਲ ਰਹੀ ਸੀ। ਖ਼ਬਰ ਮੁਤਾਬਕ ਮੋਹਨ ਭਾਗਵਤ ਨੇ ਕਿਹਾ ਕਿ ਬੇਸ਼ੱਕ ਸਾਡਾ ਢਾਂਚਾ ਫ਼ੌਜ ਵਾਲਾ ਨਹੀਂ ਹੈ ਪਰ ਅਨੁਸ਼ਾਸਨ ਫੌਜ ਵਰਗਾ ਹੈ।

ਤਸਵੀਰ ਸਰੋਤ, Getty Images

ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਹੋਣ ਮਗਰੋਂ ਪੰਜਾਬ ਵਿੱਚ ਬੰਦ ਪਏ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰਾਂ ਵਿੱਚ ਨਾਮ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ। ਇਹ ਨਾਮ ਚਰਚਾਵਾਂ ਸਥਾਨਕ ਪ੍ਰਸਾਸ਼ਨ ਦੀ ਜ਼ੁਬਾਨੀ ਮਨਜ਼ੂਰੀ ਮਿਲਣ ਮਗਰੋਂ ਸ਼ੁਰੂ ਹੋਈ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਇਹ ਮਨਜ਼ੂਰੀ ਇਸ ਸ਼ਰਤ 'ਤੇ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਖ਼ਬਰ ਮੁਤਾਬਕ ਸਲਾਬਤਪੁਰਾ ਵਿੱਚ 14 ਜਨਵਰੀ ਤੋਂ ਅਤੇ ਬਠਿੰਡਾ-ਮਲੋਟ ਮਾਰਗ 'ਤੇ ਪੈਂਦੇ ਡੇਰੇ 'ਚ ਇਹ ਐਤਵਾਰ ਤੋਂ ਸ਼ੁਰੂ ਹੋਈ ਹੈ।

ਬਠਿੰਡਾ ਰੇਂਜ ਦੇ ਆਈਜੀ ਸੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਲਾਬਤਪੁਰਾ ਡੇਰੇ ਦੇ ਨੁਮਾਇੰਦਿਆਂ ਨੇ ਇਹ ਆਗਿਆ ਮੰਗੀ ਸੀ।

ਸਲਾਬਤਪੁਰਾ ਡੇਰੇ ਦੇ ਪ੍ਰਬੰਧਕ ਤੇ ਸਰਪੰਚ ਦੀ ਪਿਛਲੇ ਦਿਨੀਂ ਹੀ ਜਮਾਨਤ 'ਤੇ ਰਿਹਾਈ ਹੋਈ ਹੈ। ਅਖ਼ਬਾਰ ਮੁਤਾਬਕ ਸੂਬੇ ਦੀ ਕਾਂਗਰਸ ਸਰਕਾਰ ਡੇਰੇ ਪ੍ਰਤੀ ਨਰਮ ਰਵੱਈਆ ਅਪਣਾ ਰਹੀ ਹੈ ਜਿਸ ਕਰਕੇ ਅਧਿਕਾਰੀ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ।

ਤਸਵੀਰ ਸਰੋਤ, Getty Images

ਬੀਤੀ ਰਾਤ ਇੱਕ 22 ਸਾਲਾ ਐੱਮਬੀਏ ਵਿਦਿਆਰਥਣ ਦੀ ਵਿਆਹ ਦੌਰਾਨ ਚਲਾਈ ਗੋਲੀ ਨਾਲ ਮੌਤ ਹੋ ਗਈ। ਦਿ ਟ੍ਰਿਬਿਊਨ ਦੀ ਖਬਰ ਮੁਤਾਬਕ ਹੁਸ਼ਿਆਰਪੁਰ ਦੀ ਵਸਨੀਕ ਸ਼ਾਕਸ਼ੀ ਅਰੋੜਾ ਆਪਣੇ ਗੁਆਂਢੀ ਦੀ ਧੀ ਦਾ ਵਿਆਹ ਆਪਣੇ ਘਰ ਦੀ ਛੱਤ ਤੋਂ ਦੇਖ ਰਹੀ ਸੀ।

ਅਚਾਨਕ ਲਾੜੀ ਦੇ ਪਿਤਾ ਅਤੇ ਉਸਦੇ ਦੋਸਤਾਂ ਵੱਲੋਂ ਦੁਨਾਲੀ ਬੰਦੂਕ ਨਾਲ ਚਲਾਈ ਇੱਕ ਗੋਲੀ ਉਸ ਦੇ ਲੱਗੀ। ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।

ਪੁਲਿਸ ਨੇ ਗੁਆਂਢੀ ਅਸ਼ੋਕ ਖੋਸਲਾ ਸ਼ੋਂਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਉਸ ਦਾ ਦੋਸਤ ਫਰਾਰ ਹੈ। ਮਰਹੂਮ ਸਾਕਸ਼ੀ ਅਰੋੜਾ ਜਲੰਧਰ ਦੇ ਏਪੀਜੇ ਕਾਲਜ ਤੋਂ ਐਮਬੀਏ ਕਰ ਰਹੀ ਸੀ। ਲਾਸ਼ ਦੇ ਪੋਸਟਮਾਰਟਮ ਦੌਰਾਨ ਗੋਲੀ ਦੇ ਛੱਰੇ ਬਰਾਮਦ ਕਰ ਲਏ ਗਏ ਹਨ।

ਤਸਵੀਰ ਸਰੋਤ, Getty Images

ਸਰਕਾਰ ਦੇ ਹੁੰਗਾਰੇ ਦੀ ਉਡੀਕ ਵਿੱਚ ਭਾਰਤ ਦੀਆਂ 24 ਹਾਈ ਕੋਰਟ ਵਿੱਚ ਜੱਜਾਂ ਦੀਆਂ 1079 ਵਿੱਚੋਂ 403 ਅਸਾਮੀਆਂ ਖਾਲੀ ਪਈਆਂ ਹਨ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਅੰਕੜੇ ਕਾਨੂੰਨ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ।

ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਕਰਨਾਟਕਾ ਹਾਈ ਕੋਰਟ ਵਿੱਚ ਪੰਜ ਐਡੀਸ਼ਨਲ ਜੱਜਾਂ ਦੀ ਨਿਯੁਕਤੀ ਨੂੰ ਮਨਜੂਰੀ ਦੇ ਦਿੱਤੀ ਹੈ ਜਦਕਿ ਵੱਖ-ਵੱਖ ਪੱਧਰ 'ਤੇ ਹੋਰ ਨਿਯੁਕਤੀਆਂ ਲਈ ਪ੍ਰਵਾਨਗੀ ਆਉਣਾ ਬਾਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)