ਕੀ ਅੰਗਰੇਜ਼ੀ ਦੀ ਡਿਗਰੀ ਹੈ ਵਿਆਹ ਦਾ ਪਾਸਪੋਰਟ?

ਹੁਣ ਪੜ੍ਹਾਈ ਦੀਆਂ ਡਿਗਰੀਆਂ ਵਿਦੇਸ਼ ਜਾਣ ਦਾ ਪਾਸਪੋਰਟ ਬਣ ਗਈਆਂ ਹਨ।
ਤਸਵੀਰ ਕੈਪਸ਼ਨ,

ਹੁਣ ਪੜ੍ਹਾਈ ਦੀਆਂ ਡਿਗਰੀਆਂ ਵਿਦੇਸ਼ ਜਾਣ ਦਾ ਪਾਸਪੋਰਟ ਬਣ ਗਈਆਂ ਹਨ।

ਵਰ, ਵਿਚੋਲੇ ਤੇ ਆਈਲੈੱਟਸ-6:

ਜਦੋਂ ਮੈਂ ਕਾਲਜ ਵਿੱਚ ਪੜ੍ਹਨ ਲੱਗੀ ਤਾਂ ਆਪਣੇ-ਆਪ ਨੂੰ ਬਾਕੀ ਕੁੜੀਆਂ ਵਾਂਗ ਵੱਡੀ ਸਮਝਣ ਲੱਗੀ। ਇਸੇ ਦੌਰਾਨ ਮੇਰੀ ਵੱਡੀ ਭੈਣ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀ.ਐੱਡ ਕਰ ਰਹੀ ਸੀ।

ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਿੱਚ ਖੋਜਾਰਥੀ ਅਤੇ ਕਾਲਜ ਵਿੱਚ ਲੈਕਚਰਾਰ ਅਮਨਦੀਪ ਕੌਰ ਵਿਦੇਸ਼ ਜਾਣ ਦੇ ਰੁਝਾਨ 'ਤੇ ਆਪਣੇ ਨਿੱਜੀ ਤਜ਼ਰਬੇ ਤੇ ਵਿਚਾਰ ਸਾਂਝੇ ਕਰ ਰਹੇ ਹਨ। ਇਹ ਕਹਾਣੀ ਸਾਡੀ ਖਾਸ ਲੜੀ ਵਰ ਵਿਚੋਲੇ ਤੇ ਆਈਲੈੱਟਸ ਦਾ ਹਿੱਸਾ ਹੈ।

ਘਰ ਵਿੱਚ ਮੇਰੇ ਤੋਂ ਲੁਕੋ ਕੇ ਕੁਝ ਗੱਲਾਂ ਹੁੰਦੀਆਂ ਸੀ ਤੇ ਕਈਆਂ ਗੱਲਾਂ ਕਰਕੇ ਮੇਰੀ ਵੱਡੀ ਭੈਣ ਵੀ ਪਰੇਸ਼ਾਨ ਸੀ।

ਉਹ ਪੜ੍ਹਨਾ ਚਾਹੁੰਦੀ ਸੀ ਪਰ ਸਾਡਾ ਬਹੁਤ ਨੇੜਲਾ ਰਿਸ਼ਤੇਦਾਰ ਉਸ ਲਈ ਵਿਦੇਸ਼ੀਂ ਵਸਦੇ ਮੁੰਡੇ ਨਾਲ ਰਿਸ਼ਤਾ ਕਰਵਾਉਣਾ ਚਾਹੁੰਦਾ ਸੀ।

ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਰਿਸ਼ਤਾ ਸਿਰਫ਼ ਮੇਰੀ ਭੈਣ ਲਈ ਨਹੀਂ ਸੀ ਸਗੋਂ ਮਾਮਲਾ ਵੱਡਾ ਹੈ ਤਾਂ ਮੇਰੀ ਸਾਰੀ ਸਿਆਣਪ ਸੁਆਲਾਂ ਦੇ ਘੇਰੇ ਵਿੱਚ ਆ ਗਈ।

'ਵਿਦੇਸ਼ ਜਾਣ ਲਈ ਵੇਲੇ ਜਾਂਦੇ ਪਾਪੜਾਂ ਵਿੱਚ ਵਿਆਹ'

ਮੇਰੀ ਭੈਣ ਲਈ ਆਉਣ ਵਾਲੇ ਰਿਸ਼ਤੇ ਦੀਆਂ ਸ਼ਰਤਾਂ ਵਿੱਚ ਸ਼ਾਮਿਲ ਸੀ ਕਿ ਕੁੜੀ ਦੀ ਛੋਟੀ ਭੈਣ ਯਾਨਿ ਕਿ ਮੈਂ ਮੁੰਡੇ ਦੇ ਭਰਾ ਨਾਲ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲੈ ਕੇ ਜਾਵਾਂਗੀ।

ਉਸ ਵੇਲੇ ਮੈਂ ਸੋਚਦੀ ਸੀ ਕਿ ਜੇ ਕਿਸੇ ਨੇ ਵਿਦੇਸ਼ ਜਾਣਾ ਹੈ ਤਾਂ ਵਿਆਹ ਦੀ ਕੀ ਲੋੜ ਹੈ? ਬਾਅਦ ਵਿੱਚ ਪਤਾ ਲੱਗਿਆ ਕਿ ਵਿਦੇਸ਼ ਜਾਣ ਲਈ ਵੇਲੇ ਜਾਣ ਵਾਲੇ ਪਾਪੜਾਂ ਵਿੱਚ ਇੱਕ ਵਿਆਹ ਵੀ ਹੈ।

ਕੁਝ ਦਿਨਾਂ ਦੀ ਪਰੇਸ਼ਾਨੀ ਤੋਂ ਬਾਅਦ ਮੇਰੀ ਭੈਣ ਇਸ ਖਲ਼ਜਗਣ ਵਿੱਚੋਂ ਨਿਕਲ ਆਈ ਅਤੇ ਮੇਰੀ ਧਿਰ ਮਜ਼ਬੂਤ ਹੋ ਗਈ।

ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਮੈਂ ਆਪਣੀ ਭੈਣ ਦੀਆਂ ਪੈੜ੍ਹਾਂ ਨੱਪਦੀ ਪੰਜਾਬ ਯੂਨੀਵਰਸਿਟੀ ਪਹੁੰਚ ਗਈ।

ਮੈਂ ਇੰਗਲਿਸ਼ ਡਿਪਾਰਟਮੈਂਟ ਵਿੱਚ ਦਾਖ਼ਲਾ ਲਿਆ ਤਾਂ ਇਹ ਫ਼ਿਕਰਾ ਸੁਣਨ ਨੂੰ ਹਰ ਦੂਜੇ-ਤੀਜੇ ਦਿਨ ਮਿਲ ਜਾਂਦਾ ਸੀ, "ਅੰਗਰੇਜ਼ੀ ਦੀ ਐੱਮ.ਏ. ਤਾਂ ਤੁਹਾਡੇ ਲਈ ਵਿਆਹ ਦਾ ਪਾਸਪੋਰਟ ਹੈ।''

''ਤੁਹਾਡੇ ਵਿੱਚੋਂ ਜ਼ਿਆਦਾਤਰ ਕੁੜੀਆਂ ਨੇ ਵਿਆਹ ਕਰਵਾ ਕੇ ਕੈਨੇਡਾ ਜਾਣਾ ਹੈ।"

ਇਹ ਫ਼ਿਕਰਾ ਸੁਣ ਕੇ ਅਜੀਬ ਜਿਹਾ ਲਗਦਾ ਸੀ ਪਰ ਬਾਕੀ ਦੇ ਰੁਝੇਵਿਆਂ ਕਾਰਨ ਇਸ ਬਾਬਤ ਜ਼ਿਆਦਾ ਨਹੀਂ ਸੋਚਿਆ।

ਯੂਨੀਵਰਸਿਟੀ ਵਿੱਚ ਬਹਿਸਾਂ ਅਤੇ ਸੈਮੀਨਾਰ ਮੇਰੀ ਜ਼ਿੰਦਗੀ ਸਨ ਅਤੇ ਬਾਕੀ ਸਮਾਂ ਦੋਸਤਾਂ ਅਤੇ ਕਿਤਾਬਾਂ ਨਾਲ ਲੰਘ ਜਾਂਦਾ ਸੀ।

ਹੁਣ ਆਪਣੀਆਂ ਹਮ ਜਮਾਤਣਾਂ ਬਾਰੇ ਸੋਚਦੀ ਹਾਂ ਤਾਂ ਜ਼ਿਆਦਾਤਰ ਵਿਦੇਸ਼ੀਂ ਬੈਠੀਆਂ ਹਨ ਅਤੇ ਬੱਚੇ ਪਾਲ ਰਹੀਆਂ ਹਨ।

'ਅੰਗਰੇਜ਼ੀ ਪੜ੍ਹ ਲਈ, ਤਾਂ ਕੈਨੇਡਾ ਮੁੰਡਾ ਪੱਕਾ ਲੱਭ ਜਾਉ'

ਹੁਣ ਸਮਝ ਆਈ ਹੈ ਕਿ ਕਦੇ ਬੇਮਾਅਨਾ ਲੱਗਣ ਵਾਲਾ ਫਿਕਰਾ ਅਧਿਆਪਕਾਂ ਦੇ ਤਜਰਬੇ ਦੀ ਤਰਜ਼ਮਾਨੀ ਕਰਦਾ ਸੀ।

ਮੇਰੀ ਹਾਣ ਦੀਆਂ ਬਹੁਤ ਸਾਰੀਆਂ ਕੁੜੀਆਂ ਆਈਲੈੱਟਸ ਦਾ ਇਮਤਿਹਾਨ ਦੇ ਰਹੀਆਂ ਸਨ ਅਤੇ ਮੈਂ ਇਸ ਰੁਝਾਨ ਦੀ ਫਿਰੋਜ਼ਪੁਰ ਦੇ ਕਾਲਜ ਤੋਂ ਗਵਾਹ ਹਾਂ।

ਮੈਂ ਐੱਮ.ਫ਼ਿਲ ਕਰ ਕੇ ਪੀ.ਐੱਚਡੀ ਕਰ ਰਹੀ ਹਾਂ ਅਤੇ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦੀ ਹਾਂ।

ਮੈਂ ਪੜ੍ਹਾਈ ਅਤੇ ਜ਼ਿੰਦਗੀ ਦੇ ਰਿਸ਼ਤੇ ਬਾਬਤ ਸੋਚਦੀ ਹਾਂ ਤਾਂ ਵਿਆਹ ਦਾ ਸੁਆਲ ਅਹਿਮ ਬਣ ਕੇ ਸਾਹਮਣੇ ਆਉਂਦਾ ਹੈ।

ਮੇਰੇ ਘਰ ਰਿਸ਼ਤੇਦਾਰ ਅਤੇ ਸਾਕ-ਸਬੰਧੀ ਇਹ ਗੱਲ ਕਈ ਵਾਰ ਸੋਚਦੇ ਹਨ ਕਿ ਹੁਣ ਕੁੜੀ ਤਾਂ ਅੰਗਰੇਜ਼ੀ ਪੜ੍ਹ ਗਈ ਹੈ ਤਾਂ ਕੈਨੇਡਾ ਦਾ ਪੱਕਾ ਮੁੰਡਾ ਲੱਭ ਜਾਵੇਗਾ।

ਪਰ ਮੈਂ ਆਪਣੀ ਪਸੰਦ ਦਾ ਕੰਮ ਕਰਨ ਲਈ ਪੜ੍ਹਾਈ ਕਰਦੀ ਹਾਂ ਅਤੇ ਉਹ ਮੇਰੀ ਪੜ੍ਹਾਈ ਦਾ ਵਿਆਹ ਦੀ ਮੰਡੀ ਵਿੱਚ ਮੁੱਲ ਪਾਉਂਦੇ ਹਨ।

ਮੇਰੇ ਹੋਸਟਲ ਅਤੇ ਹੋਰ ਜਾਣੂ ਘੇਰੇ ਵਿੱਚ ਕੁਝ ਗੱਲਾਂ ਲਗਾਤਾਰ ਸੁਣੀਦੀਆਂ ਹਨ। ਡੌਲੀ ਨੇ ਫੈਸ਼ਨ ਤਕਨਾਲੋਜੀ ਵਿੱਚ ਮਾਸਟਰਜ਼ ਕਰ ਲਈ ਹੈ ਅਤੇ ਆਈਲੈੱਟਸ ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਹੈ।

'ਜੱਦੀ-ਪੁਸ਼ਤੀ ਕੰਮਾਂ ਵਿੱਚ ਨਾ ਆਮਦਨ ਬਚੀ'

ਉਸ ਦਾ ਭਰਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡਾ ਵਿੱਚ ਪੱਕਾ ਕਰਵਾਉਣ ਵਿੱਚ ਸਹਾਈ ਹੋ ਸਕਣ ਵਾਲੀ ਕੁੜੀ ਦੀ ਭਾਲ ਹੋ ਰਹੀ ਹੈ। ਇਹ ਪੂਰਾ ਮਾਮਲਾ ਪੇਚੀਦਾ ਹੈ।

ਮੇਰਾ ਇੱਕ ਵਿਦਿਆਰਥੀ ਬਲਵਿੰਦਰ ਸਿੰਘ ਬੀ.ਏ. ਵਿੱਚ ਪੜ੍ਹਦਾ ਹੈ ਅਤੇ ਵਿਦੇਸ਼ ਜਾਣ ਦਾ ਚਾਹਵਾਨ ਹੈ। ਉਹ ਕਹਿੰਦਾ ਹੈ, "ਜੱਦੀ-ਪੁਸ਼ਤੀ ਕੰਮਾਂ ਵਿੱਚ ਨਾ ਆਮਦਨ ਬਚੀ ਹੈ ਅਤੇ ਨਾ ਮੈਂ ਉਹ ਕਰਨਾ ਚਾਹੁੰਦਾ ਹਾਂ। ਅਸੀਂ ਤਾਂ ਆਪਣੀ ਜਾਇਦਾਦ ਵੇਚ ਕੇ ਕੈਨੇਡਾ ਜਾਂ ਆਸਟਰੇਲੀਆ ਚਲੇ ਜਾਣਾ ਹੈ।"

ਉਹ ਤਫ਼ਸੀਲ ਵਿੱਚ ਗੱਲ ਕਰਦਾ ਹੈ ਕਿ ਉਹ ਆਪਣੇ ਮਾਪਿਆਂ ਵਾਂਗ ਹੱਡ-ਭੰਨਵੀ ਮਿਹਨਤ ਕਰ ਕੇ ਗੁਜ਼ਾਰਾ ਨਹੀਂ ਕਰਨਾ ਚਾਹੁੰਦਾ ਸਗੋਂ ਚੰਗੀ ਤਰ੍ਹਾਂ ਜਿਉਣਾ ਚਾਹੁੰਦਾ ਹੈ।

ਇਸੇ ਤਰ੍ਹਾਂ ਮੇਰਾ ਇੱਕ ਹੋਰ ਵਿਦਿਆਰਥੀ ਇਸ ਰੁਝਾਨ ਨੂੰ ਅਰਥਚਾਰੇ ਨਾਲ ਜੋੜ ਦਿੰਦਾ ਹੈ, "ਨਿੱਜੀਕਰਨ ਕਾਰਨ ਨੌਕਰੀਆਂ ਘੱਟ ਗਈਆਂ ਹਨ ਅਤੇ ਕੰਪਨੀਆਂ ਦੀਆਂ ਚੰਗੀਆਂ ਨੌਕਰੀਆਂ ਅਮੀਰਾਂ ਦੀਆਂ ਹੋ ਗਈਆਂ ਹਨ।"

'ਮੈਨੂੰ ਆਪਣਾ ਭਵਿੱਖ ਇੱਥੇ ਮਹਿਫੂਜ਼ ਨਹੀਂ ਲੱਗਦਾ'

ਅੰਗਰੇਜ਼ੀ ਵਿੱਚ ਐੱਮ.ਫਿਲ ਕਰਦਾ ਪ੍ਰਦੀਪ ਸ਼ਰਮਾ ਕਹਿੰਦਾ ਹੈ, "ਮੈਂ ਕਹਿਣ ਨੂੰ ਉੱਚੀ ਜਾਤ ਨਾਲ ਸਬੰਧ ਰੱਖਦਾ ਪਰ ਮੇਰੀ ਵਿੱਤੀ ਹਾਲਤ ਦੀ ਸਮਝ ਭਾਰਤੀ ਸਮਾਜ ਜਾਂ ਨਿਜ਼ਾਮ ਨੂੰ ਨਹੀਂ ਹੈ। ਮੈਨੂੰ ਆਪਣਾ ਭਵਿੱਖ ਇਸ ਥਾਂ ਉੱਤੇ ਮਹਿਫ਼ੂਜ਼ ਨਹੀਂ ਲੱਗਦਾ।"

ਉਸ ਦੀਆਂ ਗੱਲਾਂ ਤੋਂ ਇਹ ਸਮਝ ਆਉਂਦੀ ਹੈ ਕਿ ਬਿਮਾਰੀ, ਗ਼ੁਰਬਤ ਅਤੇ ਮੰਦਹਾਲੀ ਬੰਦੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਲਿਜਾਂਦੀ ਹੈ।

ਇਸੇ ਰੁਝਾਨ ਦੀਆਂ ਕਹਾਣੀਆਂ ਸੁਣਨ ਲਈ ਚੰਡੀਗੜ੍ਹ ਦੀਆਂ ਲੇਬਰ ਕਾਲੋਨੀਆਂ ਦੇ ਵਾਸੀਆਂ ਨੂੰ ਮਿਲਿਆ ਜਾ ਸਕਦਾ ਹੈ। ਉਹ ਦੱਸਦੇ ਹਨ ਕਿ ਕਿਵੇਂ ਉਹ ਵੱਖ-ਵੱਖ ਸੂਬਿਆਂ ਤੋਂ ਮੌਜੂਦਾ ਹਾਲਾਤ ਵਿੱਚ ਇੱਥੇ ਪਹੁੰਚੇ ਹਨ।

ਇਸੇ ਰੁਝਾਨ ਦਾ ਦੂਜਾ ਪੱਖ ਅਖ਼ਬਾਰਾਂ ਅਤੇ ਟੈਲੀਵਿਜ਼ਨ ਉੱਤੇ ਨਸ਼ਰ ਹੁੰਦੇ ਵਿਆਹਾਂ ਅਤੇ ਵਿਦੇਸ਼ ਜਾਣ ਦੇ ਮੌਕਿਆਂ ਦੇ ਇਸ਼ਤਿਹਾਰਾਂ ਵਿੱਚੋਂ ਸਮਝ ਹੁੰਦਾ ਹੈ। ਆਪਣੀ-ਆਪਣੀ ਗੁੰਜਾਇਸ਼ ਮੁਤਾਬਕ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੁਰੇ ਫਿਰਦੇ ਹਨ।

ਅਰਥਸ਼ਾਸਤਰ ਵਿੱਚ ਐੱਮ.ਫਿਲ ਕਰਦੀ ਅਮਨਦੀਪ ਕੌਰ ਇਸ ਰੁਝਾਨ ਦੀ ਇੱਕ ਹੋਰ ਪਰਤ ਖੋਲ੍ਹਦੀ ਹੈ, "ਮੈਂ ਜਿਸ ਰੂੜੀਵਾਦੀ ਸਮਾਜ ਵਿੱਚ ਰਹਿੰਦੀ ਹਾਂ ਅਤੇ ਜਿਸ ਤਰ੍ਹਾਂ ਦੀ ਪੜ੍ਹਾਈ ਕਰਦੀ ਹਾਂ ਇਨ੍ਹਾਂ ਵਿੱਚ ਕੋਈ ਮੇਲ ਨਹੀਂ ਬਣਦਾ।

ਭਾਰਤੀ ਰੂੜੀਵਾਦੀ ਸਮਾਜ ਆਪਣੇ ਹੀ ਪੜ੍ਹੇ-ਲਿਖੇ ਬੱਚਿਆਂ ਦੀ ਖੁੱਲ੍ਹਨਜ਼ਰੀ ਨੂੰ ਕਬੂਲ ਨਹੀਂ ਕਰ ਸਕਦਾ। ਇਸੇ ਕਾਰਨ ਵੱਡੇ ਪੱਧਰ 'ਤੇ ਹਿੰਸਾ ਹੁੰਦੀ ਹੈ ਅਤੇ ਕੋਈ ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਦੂਜੇ ਮੁਲਕਾਂ ਦੀ ਤਿਆਰੀ ਕਰ ਲੈਂਦਾ ਹੈ।"

ਪੀੜ੍ਹੀਆਂ ਵਿਚਲਾ ਪਾੜ੍ਹਾ ਵੀ ਹੈ ਕਾਰਨ

ਅਮਨਦੀਪ ਨੂੰ ਰੂੜ੍ਹੀਵਾਦੀ ਸਮਾਜ ਤੋਂ ਨਿਜ਼ਾਤ ਅਤੇ ਜ਼ਿੰਦਗੀ ਦੀ ਆਜ਼ਾਦੀ ਚਾਹੀਦੀ ਹੈ। ਉਹ ਪੱਛਮੀ ਸੱਭਿਆਚਾਰ ਵਿੱਚ ਵਿਆਹ ਦੇ ਲਚਕੀਲੇਪਣ ਨੂੰ ਬਿਹਤਰ ਮੰਨਦੀ ਹੈ।

ਰਸਾਇਣ ਸ਼ਾਸਤਰ ਵਿੱਚ ਐੱਮ.ਫਿਲ ਕਰ ਰਹੀ ਨਵਪ੍ਰੀਤ ਦੀ ਦਲੀਲ ਹੈ ਕਿ ਪੁਰਾਣੀ ਅਤੇ ਨਵੀਂ ਪੀੜ੍ਹੀ ਦੀ ਸਮਝ ਵਿਚਲਾ ਪਾੜਾ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਰਾਹ ਤੋਰਦਾ ਹੈ।

ਸਾਡੀ ਇੱਕ ਸਾਂਝੀ ਦੋਸਤ ਵਿਦੇਸ਼ ਜਾ ਰਹੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਪੰਜਾਬੀ ਸਮਾਜ ਉਸ ਨੂੰ ਆਪਣੀ ਪਸੰਦ ਦੇ ਮੁੰਡੇ ਨਾਲ ਵੱਖਰੇ ਧਰਮ ਕਾਰਨ ਵਿਆਹ ਦੀ ਇਜਾਜ਼ਤ ਨਹੀਂ ਦੇਵੇਗਾ।

ਅਸੀਂ ਜਾਣਦੀਆਂ ਹਾਂ ਕਿ ਇਹ ਮੁੰਡਾ-ਕੁੜੀ ਵਿਦੇਸ਼ ਜਾਣ ਲਈ ਪਿਛਲੇ ਇੱਕ ਸਾਲ ਤੋਂ ਆਈਲੈੱਟਸ ਦੀਆਂ ਦੁਕਾਨਾਂ ਦੇ ਚੱਕਰ ਕੱਟ ਰਹੇ ਹਨ।

ਮੇਰੇ ਨਾਲ ਦੀਆਂ ਕਈ ਸਿਆਣੀਆਂ ਕੁੜੀਆਂ ਅਤੇ ਵਿਦਿਆਰਥੀ ਵਿਦੇਸ਼ ਦੇ ਰੁਝਾਨ ਨੂੰ ਪਾਗ਼ਲਪਨ ਕਰਾਰ ਦਿੰਦੇ ਹਨ।

ਮੇਰੀਆਂ ਯਾਦਾਂ ਮੈਨੂੰ ਆਪਣੇ ਬਚਪਨ ਵਿੱਚ ਲੈ ਜਾਂਦੀਆਂ ਹਨ ਤਾਂ ਕਈ ਗੱਲਾਂ ਸਮਝ ਆਉਂਦੀਆਂ ਹਨ ਜੋ ਉਸ ਵੇਲੇ ਸਮਝ ਨਹੀਂ ਆਈਆਂ ਸਨ।

ਇਹ ਪਾਗ਼ਲਪਣ ਤਾਂ ਨਵਾਂ ਨਹੀਂ ਹੈ ਤਾਂ ਇਸ ਦਾ ਦੋਸ਼ ਤਾਂ ਨੌਜਵਾਨਾਂ ਸਿਰ ਨਹੀਂ ਮੜ੍ਹਿਆ ਜਾ ਸਕਦਾ। ਮੇਰੇ ਅਧਿਆਪਕ ਉਂਝ ਹੀ ਤਾਂ ਨਹੀਂ ਕਹਿੰਦੇ ਸੀ ਕਿ ਸੱਤਰ ਫ਼ੀਸਦੀ ਕੁੜੀਆਂ ਅੰਗਰੇਜ਼ੀ ਵਿਦੇਸ਼ ਜਾਣ ਲਈ ਪੜ੍ਹਦੀਆਂ ਹਨ।

ਮੇਰੇ ਕੋਲ ਕੋਈ ਅੰਕੜਾ ਤਾਂ ਨਹੀਂ ਪਰ ਮੇਰੀਆਂ ਹਮ ਜਮਾਤਣਾਂ ਨੇ ਉਨ੍ਹਾਂ ਦੀ ਸਮਝ ਦੀ ਤਸਦੀਕ ਹੀ ਕੀਤੀ ਹੈ।

ਮੇਰੇ ਦੋਸਤੀ ਦੇ ਘੇਰੇ ਵਿੱਚ ਜ਼ਿਆਦਾਤਰ ਕੁੜੀਆਂ-ਮੁੰਡੇ ਆਪਣੀ ਸੋਚ ਰੱਖਦੇ ਹਨ ਅਤੇ ਲੋੜ ਪੈਣ ਉੱਤੇ ਸਮਾਜਿਕ ਰੀਤੀ-ਰਿਵਾਜ਼ ਉੱਤੇ ਸੁਆਲ ਕਰਦੇ ਹਨ।

ਅਸੀਂ ਕਈ ਵਾਰ ਗੱਲ ਕਰਦੀਆਂ ਹਾਂ ਕਿ ਵਿਦੇਸ਼ ਜਾਣਾ ਕਿਸੇ ਨਾ ਕਿਸੇ ਤਰ੍ਹਾਂ ਦੀ ਕਮਜ਼ੋਰੀ ਦਾ ਨਤੀਜਾ ਹੈ। ਜਦੋਂ ਮੈਂ ਸ਼ਾਂਤ ਮਨ ਨਾਲ ਸੋਚਦੀ ਹਾਂ ਕਿ ਸਾਡੀ ਸਮਝ ਆਪਣੇ-ਆਪ ਨੂੰ ਧੁਰਾ ਸਮਝ ਕੇ ਬਣਾਈ ਗਈ ਹੈ।

ਉਂਝ ਇੱਥੇ ਰਹਿਣ ਅਤੇ ਕੁਝ ਉਸਾਰੂ ਕਰਨ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਹੈ।

ਇਸ ਮਾਹੌਲ ਵਿੱਚ ਗਿਣਤੀਆਂ-ਮਿਣਤੀਆਂ ਨਾਲ ਮਾਪਿਆਂ-ਰਿਸ਼ਤੇਦਾਰਾਂ ਦੇ ਤੈਅ ਕੀਤੇ ਰਿਸ਼ਤਿਆਂ ਦੀ ਯੋਗਤਾ ਜੇ ਪਾਸਪੋਰਟ ਉੱਤੇ ਲੱਗੀਆਂ ਮੋਹਰਾਂ ਜਾਂ ਅੰਗਰੇਜ਼ੀ ਪੜ੍ਹ ਕੇ ਪੂਰੀ ਹੋਣੀ ਹੈ ਤਾਂ ਸਮਾਜਿਕ ਅਤੇ ਵਿਦਿਅਕ ਅਦਾਰੇ ਆਪਣੇ ਟੀਚੇ ਤੋਂ ਖੁੰਝ ਗਏ ਹਨ।

ਇਸ ਤੋਂ ਬਾਅਦ ਅਖ਼ਬਾਰਾਂ ਵਿੱਚ ਆਉਂਦੇ ਕੱਚੇ, ਕਾਗ਼ਜ਼ੀ ਅਤੇ ਸ਼ਰਤਾਂ ਵਾਲੇ ਵਿਆਹਾਂ ਦੇ ਇਸ਼ਤਿਹਾਰ ਜਾਂ ਆਈਲੈੱਟਸ ਦਾ ਵਧਦਾ ਕਾਰੋਬਾਰ ਹੈਰਾਨ ਨਹੀਂ ਕਰਦਾ ਪਰ ਪਰੇਸ਼ਾਨ ਤਾਂ ਕਰਦਾ ਹੈ।

ਹੁਣ ਤਾਂ ਮੈਨੂੰ ਪੜ੍ਹਨ-ਪੜ੍ਹਾਉਣ ਦਾ ਬਹੁਤ ਸੁਆਦ ਆਉਂਦਾ ਹੈ ਪਰ ਮੌਜੂਦਾ ਮਾਹੌਲ ਵਿੱਚ ਕਦੇ ਵੀ ਇਹ ਸੁਆਲ ਆ ਸਕਦਾ ਹੈ ਕਿ ਅੰਗਰੇਜ਼ੀ ਪੜ੍ਹ ਕੇ ਵਿਦੇਸ਼ ਕਿਉਂ ਨਹੀਂ ਗਈ?

ਮੈਨੂੰ ਨਹੀਂ ਪਤਾ ਕਿ ਮੈਂ ਇਹ ਜੁਆਬ ਕਦੋਂ ਤੱਕ ਦੇ ਸਕਦੀ ਹਾਂ ਕਿ ਮੈਂ ਆਪਣੀ ਪਸੰਦ ਦੇ ਲੋਕਾਂ ਵਿੱਚ ਆਪਣੀ ਪਸੰਦ ਦਾ ਕੰਮ ਕਰਦੀ ਹਾਂ।

(ਅਮਨਦੀਪ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੰਗਰੇਜ਼ੀ ਦੀ ਖੋਜਾਰਥੀ ਹੈ ਅਤੇ ਕਾਲਜ ਵਿੱਚ ਪੜ੍ਹਾਉਂਦੀ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)