ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਸਿਰਸਾ ਪੁਲਿਸ ਕੋਲ ਹੋਈ ਪੇਸ਼

ਵਿਪਾਸਨਾ Image copyright Prabhudayal/bbc
ਫੋਟੋ ਕੈਪਸ਼ਨ ਸਿਰਸਾ ਦੇ ਪੁਲਿਸ ਮੁਖੀ ਦੇ ਦਫ਼ਤਰ ਤੋਂ ਬਾਹਰ ਆਉਂਦੀ ਹੋਈ ਡੇਰੇ ਦੀ ਚੇਅਰਪਰਸਨ ਵਿਪਾਸਨਾ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਮਗਰੋਂ ਸਿਰਸਾ ਵਿੱਚ ਹੋਈ ਭੰਨ-ਤੋੜ ਦੇ ਮਾਮਲੇ ਵਿੱਚ ਪੁਲਿਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਆਪਣੀ ਜਾਂਚ ਵਿੱਚ ਸ਼ਾਮਲ ਕੀਤਾ ਹੈ।

ਡੇਰੇ ਦੀ ਚੇਅਰਪਰਸਨ ਵਿਪਾਸਨਾ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ(ਐਸਆਈਟੀ) ਦੇ ਦਫ਼ਤਰ ਵਿੱਚ ਪੇਸ਼ ਹੋਈ।

ਦੇਰ ਸ਼ਾਮ ਤੱਕ ਐਸਆਈਟੀ ਦੇ ਇੰਚਾਰਜ ਡੀ.ਐਸ.ਪੀ. ਅਜੈ ਸ਼ਰਮਾ ਵੱਲੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਇਸੇ ਦੌਰਾਨ ਪੰਚਕੂਲਾ ਪੁਲਿਸ ਵੀ ਸਿਰਸਾ ਪਹੁੰਚ ਗਈ ਅਤੇ ਕਿਸੇ ਵੀ ਸਮੇਂ ਉਸ ਦੀ ਰਸਮੀਂ ਗ੍ਰਿਫ਼ਤਾਰੀ ਪਾਈ ਜਾ ਸਕਦੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਨੇ ਵਿਪਾਸਨਾ ਤੋਂ ਭੰਨ-ਤੋੜ ਮਾਮਲੇ ਤੋਂ ਇਲਾਵਾ ਡੇਰੇ ਵਿੱਚੋਂ ਗਾਇਬ ਹੋਏ ਸਾਮਾਨ ਬਾਰੇ ਵੀ ਪੁੱਛਗਿੱਛ ਕੀਤੀ।

ਇਸ ਮਾਮਲੇ ਵਿੱਚ ਅਜੈ ਸ਼ਰਮਾ ਵੱਲੋਂ 2 ਦਿਨ ਪਹਿਲਾਂ ਹੀ ਵਿਪਾਸਨਾ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਐਸਆਈਟੀ ਸਾਹਮਣੇ ਪੇਸ਼ ਹੋਈ।

ਜ਼ਿਕਰਯੋਗ ਹੈ ਕਿ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਵਿਪਾਸਨਾ ਨੂੰ ਅਹਿਮ ਕੜੀ ਮੰਨਦੇ ਹੋਏ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।

ਗ੍ਰਿਫ਼ਤਾਰੀ ਦੇ ਡਰ ਤੋਂ ਵਿਪਾਸਨਾ ਕਈ ਦਿਨਾਂ ਤੋਂ ਪੁਲਿਸ ਦੀ ਨਜ਼ਰ ਤੋਂ ਬਚ ਰਹੀ ਸੀ।

ਪੁਲਿਸ ਮੁਤਾਬਕ ਵਿਪਾਸਨਾ ਤੋਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਪੁੱਛਗਿਛ ਕੀਤੀ ਗਈ ਹੈ ਤੇ ਲੋੜ ਪੈਣ 'ਤੇ ਉਸ ਨੂੰ ਦੁਬਾਰਾ ਵੀ ਬੁਲਾਇਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ