PNB ਕਾਂਡ: ਕੌਣ ਹੈ ਹੀਰਾ ਵਪਾਰੀ ਨੀਰਵ ਮੋਦੀ ?

world economic forum
ਤਸਵੀਰ ਕੈਪਸ਼ਨ,

ਫਰਵਰੀ 2018 'ਚ ਦਾਵੋਸ ਹੋਏ ਵਰਲਡ ਇਕਨਾਮਿਕ ਫੋਰਮ 'ਚ ਪੀਐੱਮ ਮੋਦੀ ਦੇ ਨਾਲ ਇਸ ਤਸਵੀਰ 'ਚ ਨੀਰਵ ਮੋਦੀ ਨੂੰ ਦੇਖਿਆ ਜਾ ਸਕਦਾ ਹੈ।

ਪੰਜਾਬ ਨੈਸ਼ਨਲ ਬੈਂਕ ਵਿੱਚ 11, 500 ਕਰੋੜ ਦਾ ਘੋਟਾਲਾ ਹੁਣ ਸਿਆਸੀ ਤੂਲ ਫੜਨ ਲੱਗਾ ਹੈ।

ਪੰਜਾਬ ਨੈਸ਼ਨਲ ਬੈਂਕ ਨੂੰ ਇਸ ਮਾਮਲੇ ਵਿੱਚ ਸਫ਼ਾਈ ਦੇਣ ਲਈ ਪ੍ਰੈੱਸ ਕਾਨਫਰੰਸ ਕਰਨੀ ਪਈ ਤਾਂ ਕਾਂਗਰਸ ਨੇ ਸਰਕਾਰ ਅਤੇ ਪ੍ਰਧਾਨਮੰਤਰੀ ਮੋਦੀ ਤੋਂ ਕੁਝ ਗੰਭੀਰ ਸਵਾਲ ਪੁੱਛੇ ਹਨ।

ਵੀਰਵਾਰ ਨੂੰ ਅਰਬਪਤੀ ਵਪਾਰੀ ਨੀਰਵ ਮੋਦੀ ਦੇ ਕਈ ਠਿਕਾਨਿਆਂ ਤੇ ਛਾਪੇਮਾਰੀ ਕੀਤੀ ਗਈ।

ਇਹ ਛਾਪੇਮਾਰੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।

ਰਾਜਧਾਨੀ ਦਿੱਲੀ ਵਿੱਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿਆਸੀ ਪਾਰਾ ਵੀ ਪਰਵਾਨ ਚੜ੍ਹਦਾ ਨਜ਼ਰ ਆ ਰਿਹਾ ਹੈ।

ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਕਾਂਗਰਸ ਦੇ 5 ਸਵਾਲ

 • ਨੀਰਵ ਮੋਦੀ ਦਾਵੋਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀ ਕਰ ਰਹੇ ਸਨ?
 • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੱਕ ਦੇ ਹੇਠਾਂ ਦੇਸ ਦੇ ਸਭ ਤੋਂ ਵੱਡੇ ਬੈਂਕ ਨੂੰ ਲੁੱਟਿਆ ਗਿਆ ਹੈ, ਉਸ ਲਈ ਕੌਣ ਜ਼ਿੰਮੇਵਾਰ ਹੈ?
 • ਪ੍ਰਧਾਨ ਮੰਤਰੀ ਨੂੰ ਜੁਲਾਈ ਵਿੱਚ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਮੋਦੀ ਸਰਕਾਰ ਨੇ ਕਿਉਂ ਨਹੀਂ ਕੋਈ ਕਾਰਵਾਈ ਕੀਤੀ?
 • ਪੂਰਾ ਸਿਸਟਮ ਬਾਈਪਾਸ ਕਿਵੇਂ ਹੋ ਗਿਆ। ਹਰ ਆਡੀਟਰ ਅਤੇ ਹਰ ਜਾਂਚਕਰਤਾ ਦੀ ਅੱਖ ਦੇ ਹੇਠਾਂ ਹਜ਼ਾਰਾਂ ਕਰੋੜ ਰੁਪਏ ਦਾ ਬੈਂਕਿੰਗ ਘੁਟਾਲਾ ਕਿਵੇਂ ਛੁੱਟ ਗਿਆ। ਕੀ ਇਹ ਨਹੀਂ ਦਿਖਦਾ ਸੀ ਕਿ ਕੋਈ ਵੱਡਾ ਆਦਮੀ ਇਸ ਘੁਟਾਲੇ ਨੂੰ ਬਚਾਅ ਕਰ ਰਿਹਾ ਸੀ। ਪ੍ਰਧਾਨ ਮੰਤਰੀ ਜੀ ਉਹ ਸ਼ਖ਼ਸ ਕੌਣ ਹੈ?
 • ਦੇਸ ਦੇ ਪੂਰੇ ਬੈਂਕਿੰਗ ਸਿਸਟਮ ਦਾ 'ਰਿਸਕ ਮੈਨੇਜਮੈਂਟ ਸਿਸਟਮ' ਅਤੇ 'ਫ੍ਰਾਡ ਡਿਟੈਕਸ਼ਨ ਐਬਿਲਿਟੀ' ਕਿਵੇਂ ਖ਼ਤਮ ਹੋ ਗਏ। ਮੋਦੀ ਜੀ ਜਵਾਬ ਦਿਓ।

ਪੀਐੱਨਬੀ ਦੇ ਐੱਮਡੀ ਸੁਨੀਲ ਮਹਿਤਾ ਦੀ ਸਫ਼ਾਈ

 • ਸਾਨੂੰ ਜਨਵਰੀ ਦੇ ਤੀਜੇ ਹਫ਼ਤੇ ਵਿੱਚ ਇਸ ਧੋਖਾਧੜੀ ਦਾ ਪਤਾ ਲੱਗਿਆ। ਸਾਨੂੰ ਪਤਾ ਲੱਗਿਆ ਕਿ ਸਾਡੇ ਦੋ ਮੁਲਾਜ਼ਮਾਂ ਨੇ ਕੁਝ ਗੈਰ-ਅਧਿਕਾਰਤ ਲੈਣ-ਦੇਣ ਕੀਤੇ ਸਨ। ਬੈਂਕ ਨੇ ਆਪਣੇ ਸਟਾਫ਼ ਦੇ ਖਿਲਾਫ਼ ਅਪਰਾਧਿਕ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ।
 • ਅਸੀਂ ਕਿਸੇ ਵੀ ਗਲਤ ਕੰਮ ਨੂੰ ਉਤਸ਼ਾਹਿਤ ਨਹੀਂ ਕਰਾਂਗੇ। ਅਸੀਂ ਇਸ ਚੀਜ਼ ਨੂੰ (ਪੀਐੱਨਬੀ ਘੋਟਾਲਾ) ਸਾਹਮਣੇ ਲੈ ਕੇ ਆਏ ਹਾਂ।
 • ਸਾਡੇ ਅਧਿਕਾਰੀਆਂ ਨੇ ਇਸ ਘੋਟਾਲੇ ਨੂੰ ਸਭ ਤੋਂ ਪਹਿਲਾਂ 2011 ਵਿੱਚ ਫੜਿਆ ਸੀ। ਉਦੋਂ ਅਸੀਂ ਸਬੰਧਿਤ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।
 • ਬੈਂਕ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਿਹਾ ਹੈ।
 • ਇਹ ਸਿਰਫ਼ ਇੱਕ ਮਾਮਲਾ ਹੈ। ਇਹ ਸਾਡੇ ਬੈਂਕ ਦੀਆਂ ਬ੍ਰਾਂਚਾਂ ਵਿੱਚੋਂ ਸਿਰਫ਼ ਇੱਕ ਬ੍ਰਾਂਚ ਵਿੱਚ ਹੋਇਆ ਹੈ।
 • ਸਾਡਾ ਮਕਸਦ ਸਾਫ਼-ਸੁਥਰੀ ਅਤੇ ਜ਼ਿੰਮੇਵਾਰ ਬੈਂਕਿੰਗ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਸਾਡਾ ਬੈਂਕ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੇ ਕਾਬਿਲ ਹੈ।
 • ਕਲੀਨ ਬੈਂਕਿੰਗ ਤੋਂ ਸਾਡਾ ਮਤਲਬ ਹੈ ਕਿ ਜੇ ਸਾਨੂੰ ਪਤਾ ਲਗੇ ਕਿ ਸਾਡੇ ਸਟਾਫ਼ ਨੇ ਕੋਈ ਗਲਤੀ ਜਾਂ ਅਨੈਤਿਕ ਕੰਮ ਕੀਤਾ ਹੈ ਤਾਂ ਅਸੀਂ ਉਸ ਨੂੰ ਬਖ਼ਸ਼ਾਂਗੇ ਨਹੀਂ। ਅਸੀਂ ਕਿਸੇ ਨੂੰ ਵੀ ਬਖ਼ਸ਼ਾਂਗੇ ਨਹੀਂ ਉਹ ਚਾਹੇ ਸੀਨੀਅਰ ਹੋਵੇ ਜਾਂ ਜੂਨੀਅਰ।
 • ਸਾਡੇ ਐੱਫ਼ਆਈਆਰ ਦੇ ਜਵਾਬ ਵਿੱਚ ਸਬੰਧਿਤ ਸੰਸਥਾਨਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਦਸਤਾਵੇਜ਼ ਅਤੇ ਰਿਕਾਰਡ ਜ਼ਬਤ ਕੀਤੇ ਜਾ ਰਹੇ ਹਨ। ਬੈਂਕ ਦੇ ਵਿੱਤੀ ਹਿੱਤਾਂ ਦੀ ਰਾਖੀ ਲਈ ਕਦਮ ਚੁੱਕੇ ਜਾ ਰਹੇ ਹਨ।

ਕਾਨੂੰਨ ਮੰਤਰੀ ਨੇ ਕੀ ਕਿਹਾ?

ਕੇਂਦਰ ਸਰਕਾਰ ਵੱਲੋਂ ਕਾਨੂੰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਅਤੇ ਸਰਕਾਰ ਦਾ ਪੱਖ ਰੱਖਿਆ।

ਉਨ੍ਹਾਂ ਕਿਹਾ:

-ਅਸੀਂ ਸਪਸ਼ਟ ਕਹਿਣਾ ਚਾਹੁੰਦੇ ਹਾਂ ਕਿ ਨੀਰਵ ਮੋਦੀ, ਉਨ੍ਹਾਂ ਦੇ ਗਰੁੱਪ, ਉਨ੍ਹਾਂ ਦੇ ਸਹਿਯੋਗੀਆਂ ਨੇ ਬੈਂਕਿੰਗ ਦੇ ਇਸਟੈਬਿਲਿਸ਼ਡ ਚੈਨਲ ਨੂੰ ਬਾਈਪਾਸ ਕਰਕੇ ਇਹ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਵਿਸਥਾਰ ਨਾਲ ਜਾਂਚ ਹੋਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

-ਦਾਵੋਸ ਵਿੱਚ ਨੀਰਵ ਮੋਦੀ ਪ੍ਰਧਾਨ ਮੰਤਰੀ ਮੋਦੀ ਦੇ ਵਫ਼ਦ ਦਾ ਹਿੱਸਾ ਨਹੀਂ ਸਨ। ਸਾਡੀ ਜਾਣਕਾਰੀ ਮੁਤਾਬਕ ਉਹ ਖੁਦ ਦਾਵੋਸ ਪਹੁੰਚੇ ਸਨ ਅਤੇ ਸੀਆਈਆਈ ਦੇ ਗਰੁੱਪ ਫੋਟੋਗ੍ਰਾਫ਼ ਇਵੰਟ ਵਿੱਚ ਉਹ ਖੁਦ ਆਏ ਸਨ। ਨਾ ਤਾਂ ਪ੍ਰਧਾਨ ਮੰਤਰੀ ਦੀ ਉਨ੍ਹਾਂ ਨਾਲ ਕੋਈ ਮੁਲਾਕਾਤ ਹੋਈ ਅਤੇ ਨਾ ਹੀ ਹੋਈ ਗੱਲਬਾਤ ਹੋਈ।

-ਪੀਐੱਨਬੀ ਸਕੈਮ ਦੀ ਸ਼ੁਰੂਆਤ 2011 ਵਿੱਚ ਹੋਈ ਸੀ। ਕੁਝ ਲੋਕਾਂ ਨੇ ਸਿਸਟਮ ਨੂੰ ਬਾਈਪਾਸ ਕੀਤਾ ਹੈ। ਕਿਤੇ ਨਾ ਕਿਤੇ ਸਬੰਧਤ ਬੈਂਕ ਦੀ ਬ੍ਰਾਂਚ ਦੇ ਮੁਲਾਜ਼ਮ ਸ਼ਾਮਿਲ ਸਨ। ਜੇ ਕਿਸੇ ਨੇ ਉਨ੍ਹਾਂ ਨੂੰ ਉੱਪਰੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਕੌਣ ਹਨ ਨੀਰਵ ਮੋਦੀ?

 • ਨੀਰਵ ਮੋਦੀ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਸਬੰਧ ਰਖਦੇ ਹਨ ਅਤੇ ਬੈਲਜ਼ੀਅਮ ਦੇ ਐਂਟਵਰਪ ਸ਼ਹਿਰ ਵਿੱਚ ਉਨ੍ਹਾਂ ਦਾ ਪਾਲਨ-ਪੋਸ਼ਣ ਹੋਇਆ ਹੈ।
 • ਗਹਿਣਿਆਂ ਦੇ ਡਿਜ਼ਾਈਨਰ ਨੀਰਵ ਮੋਦੀ 2.3 ਅਰਬ ਡਾਲਰ ਦੇ ਫਾਇਰਸਟਾਰ ਡਾਇਮੰਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੇ ਗਾਹਕਾਂ ਵਿੱਚ ਦੁਨੀਆਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਿਲ ਹਨ।
 • ਨੀਰਵ ਮੋਦੀ ਦੇ ਡਿਜ਼ਾਈਨਰ ਗਹਿਣਿਆਂ ਦੇ ਬੂਟੀਕ ਲੰਡਨ, ਨਿਊਯਾਰਕ, ਲਾਸ ਵੇਗਾਸ, ਹਵਾਈ, ਸਿੰਗਾਪੁਰ, ਬੀਜਿੰਗ ਅਤੇ ਮਕਾਊ ਵਿੱਚ ਹਨ। ਭਾਰਤ ਵਿੱਚ ਉਨ੍ਹਾਂ ਦੇ ਸਟੋਰ ਮੁੰਬਈ ਅਤੇ ਦਿੱਲੀ ਵਿੱਚ ਹਨ।
 • ਨੀਰਵ ਮੋਦੀ ਨੇ ਆਪਣੇ ਹੀ ਨਾਮ ਤੋਂ ਸਾਲ 2010 ਵਿੱਚ ਗਲੋਬਲ ਡਾਇਮੰਡ ਜੂਲਰੀ ਹਾਊਸ ਦਾ ਨੀਂਹ ਪੱਥਰ ਰੱਖਿਆ ਸੀ।
 • ਭਾਰਤ ਵਿੱਚ ਵਸਣ ਅਤੇ ਡਾਇਮੰਡ ਟ੍ਰੇਡਿੰਗ ਬਿਜ਼ਨੈੱਸ ਦੇ ਸਾਰੇ ਪਹਿਲੂਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸਾਲ 1999 ਵਿੱਚ ਉਨ੍ਹਾਂ ਨੇ ਫਾਇਰਸਟਾਰ ਦਾ ਨੀਂਹ ਪੱਥਰ ਰੱਖਿਆ।
 • ਉਨ੍ਹਾਂ ਦੀ ਕੰਪਨੀ ਦੇ ਡਿਜ਼ਾਈਨ ਕੀਤੇ ਗਹਿਣੇ ਕੇਟ ਵਿੰਸਲੇਟ, ਰੋਜ਼ੀ ਹੰਟਿੰਗਟਨ-ਵਹਾਟਲੀ, ਨਾਓਮੀ ਵਾਟਸ, ਕੋਕੋ ਰੋਸ਼ਾ, ਲੀਜ਼ਾ ਹੇਡਨ ਅਤੇ ਐਸ਼ਵਰਿਆ ਰਾਏ ਵਰਗੇ ਭਾਰਤੀ ਅਤੇ ਕੌਮਾਂਤਰੀ ਸਟਾਈਲ ਆਈਕਨ ਪਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)