ਪੇਂਡੂ ਓਲੰਪਿਕ: ਉਹ ਖੇਡਾਂ ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋ ਜਾਵੋਗੇ

  • ਦਲਜੀਤ ਅਮੀ
  • ਬੀਬੀਸੀ ਪੱਤਰਕਾਰ
Kila Raipur

ਕਿਲਾ ਰਾਏਪੁਰ ਪੰਜਾਬ ਦੇ ਨਕਸ਼ੇ ਉੱਤੇ ਚਮਕਦਾ ਖੇਡ ਨਿਸ਼ਾਨ ਹੈ। ਇੱਥੇ ਹੁੰਦਾ ਸਾਲਾਨਾ ਖੇਡ ਮੇਲਾ ਇਸ ਵਰ੍ਹੇ 82 ਸਾਲਾਂ ਦਾ ਹੋ ਗਿਆ।

ਆਪਣੀ ਵਿਲੱਖਣ ਪਛਾਣ ਕਾਰਨ ਇਸ ਮੇਲੇ ਦਾ ਦੂਜਾ ਨਾਮ ਪੇਂਡੂ ਓਲੰਪਿਕਸ ਹੈ। ਇਸ ਦਾ ਦੂਜਾ ਅਰਥ ਇਹ ਬਣਦਾ ਹੈ ਕਿ ਕੌਮਾਂਤਰੀ ਪੱਧਰ ਉੱਤੇ ਹੁੰਦੀਆਂ ਓਲੰਪਿਕਸ ਖੇਡਾਂ ਸ਼ਹਿਰੀ ਹਨ ਜਾਂ ਕਿਲਾ ਰਾਏਪੁਰ ਦਾ ਖੇਡ ਮੇਲਾ ਵੱਖਰਾ ਹੈ।

ਵੀਡੀਓ ਕੈਪਸ਼ਨ,

ਕਿਲਾ ਰਾਏਪੁਰ

ਲੁਧਿਆਣਾ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਇਹ ਖੇਡ ਮੇਲਾ ਕਰਵਾਉਂਦੀ ਹੈ। ਇਸ ਮੇਲੇ ਦਾ ਮੁੱਢ ਇੰਦਰ ਸਿੰਘ ਗਰੇਵਾਲ ਨੇ 1933 ਵਿੱਚ ਬੰਨ੍ਹਿਆ ਸੀ।

ਉਨ੍ਹਾਂ ਦਾ ਮਕਸਦ ਖੇਤੀਬਾੜੀ ਦੇ ਧੰਦੇ ਵਿੱਚ ਲੱਗੇ ਜੀਆਂ ਨੂੰ ਆਪਣੀ ਜ਼ੋਰ-ਅਜ਼ਮਾਇਸ਼ ਦਾ ਮੌਕਾ ਦੇਣਾ ਸੀ। ਉਸ ਵੇਲੇ ਆਧੁਨਿਕ ਓਲੰਪਿਕਸ ਸ਼ੁਰੂ ਕਰਨ ਵਾਲੇ ਬੈਰਨ ਡੀ ਕੌਬਰਟਿਨ ਜਿਊਂਦੇ ਸਨ।

ਕੌਬਰਟਿਨ ਨੇ 1896 ਵਿੱਚ ਕੌਮਾਂਤਰੀ ਅਮਨਪਸੰਦੀ ਦੇ ਸੁਨੇਹੇ ਨਾਲ ਓਲੰਪਿਕਸ ਦੀ ਸ਼ੁਰੂਆਤ ਕੀਤੀ ਸੀ ਅਤੇ ਓਲੰਪਿਕ ਖੇਡਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਹਨ।

ਓਲੰਪਿਕ ਤੇ ਕਿਲਾ ਰਾਏਪੁਰ ਦੀ ਸਾਂਝ

ਕਿਲਾ ਰਾਏਪੁਰ ਦੀਆਂ ਖੇਡਾਂ ਨਾਲ ਕੌਮਾਂਤਰੀ ਓਲੰਪਿਕ ਖੇਡਾਂ ਦੀ ਸਾਂਝ ਮਹਿਜ਼ ਖੇਡਾਂ ਤੋਂ ਜ਼ਿਆਦਾ ਹੈ। ਦੋਵਾਂ ਖੇਡਾਂ ਦਾ ਨਾਅਰਾ ਇੱਕੋ ਹੈ ਜੋ ਲਾਤੀਨੀ ਬੋਲੀ ਦੇ ਸ਼ਬਦ ਹਨ: ਸੀਟੀਅਸ, ਐਲਟੀਅਸ, ਫੋਰਟੀਅਸ (ਹੋਰ ਤੇਜ਼, ਹੋਰ ਉੱਚਾ, ਹੋਰ ਜ਼ੋਰ) (Citius, Altius, Fortius)।

ਇਸ ਤੋਂ ਇਲਾਵਾ ਦੋਵੇਂ ਮੇਲੇ ਆਪਣੇ-ਆਪਣੇ ਵਿਲੱਖਣ ਖ਼ਾਸੇ ਦੇ ਬਾਵਜੂਦ ਪੁਰਾਣੀ ਲਾਤੀਨੀ ਧਾਰਨਾ ਦੀ ਵਕਾਲਤ ਕਰਦੇ ਹਨ; ਸਿਹਤਮੰਦ ਦਿਮਾਗ਼ ਸਿਹਤਮੰਦ ਸਰੀਰ ਵਿੱਚ ਵਾਸ ਕਰਦਾ ਹੈ (Mens sana in corpore sano)।

ਇਸ ਲਿਹਾਜ਼ ਨਾਲ ਇੰਦਰ ਸਿੰਘ ਗਰੇਵਾਲ ਪੇਂਡੂ ਓਲੰਪਿਕਸ ਦੇ ਬੈਰਨ ਡੀ. ਕੌਬਰਟਿਨ ਹਨ। ਦੋਵਾਂ ਓਲੰਪਿਕਸ ਦੇ ਨਿਸ਼ਾਨ ਇਨ੍ਹਾਂ ਦੀ ਵਿਲੱਖਣਤਾ ਦੀ ਨਿਸ਼ਾਨਦੇਹੀ ਕਰਦੇ ਹਨ।

ਓਲੰਪਿਕਸ ਦਾ ਨਿਸ਼ਾਨ ਪੰਜ ਰੰਗੇ ਪੰਜ ਚੱਕਰਾਂ ਦੀ ਕੁੰਡਲੀ ਹੈ ਜੋ ਪੰਜ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਕਿਲਾ ਰਾਏਪੁਰ ਦੀਆਂ ਖੇਡਾਂ ਦਾ ਨਿਸ਼ਾਨ ਬਲਦਾਂ ਦੀ ਗੱਡੀ ਹੈ ਜੋ ਮਨੁੱਖ ਅਤੇ ਪਸ਼ੂ, ਕੰਮ ਅਤੇ ਖੇਡ ਦੇ ਰਿਸ਼ਤਿਆਂ ਦੀ ਨੁਮਾਇੰਦਗੀ ਕਰਦਾ ਹੈ।

ਕਿਲਾ ਰਾਏਪੁਰ ਖੇਡਾਂ 'ਚ ਪੰਜਾਬ ਦੀ ਰੂਹ

ਕਿਲਾ ਰਾਏਪੁਰ ਦਾ ਖੇਡ ਮੇਲਾ ਇਸੇ ਨਿਸ਼ਾਨ ਦਾ ਵਿਰਾਟ ਰੂਪ ਹੈ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਤੋਂ ਛੇ ਸਾਲ ਬਾਅਦ ਪੈਦਾ ਹੋਏ ਪ੍ਰਿੰਸੀਪਲ ਸਰਵਣ ਸਿੰਘ ਪਿਛਲੇ ਪੰਜਾਹ ਸਾਲ ਤੋਂ ਇਨ੍ਹਾਂ ਖੇਡਾਂ ਦੇ ਗਵਾਹ ਹਨ।

ਉਹ ਕਹਿੰਦੇ ਹਨ, "ਜੇ ਕਿਸੇ ਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਢੁੱਕਵਾਂ ਮੌਕਾ ਹੁੰਦਾ ਹੈ। ਇੱਥੇ ਪੰਜਾਬ ਗਾਉਂਦਾ ਹੈ, ਨੱਚਦਾ ਹੈ, ਖੇਡਦਾ ਹੈ, ਧੁੰਮਾਂ ਪਾਉਂਦਾ ਹੈ। ਕਿਸੇ ਪਾਸੇ ਦੌੜਾਂ ਹੋ ਰਹੀਆਂ ਹਨ, ਕਿਸੇ ਪਾਸੇ ਕਬੱਡੀ ਪੈਂਦੀ ਹੈ ਅਤੇ ਕਿਸੇ ਪਾਸੇ ਭੰਗੜਾ ਪੈ ਰਿਹਾ ਹੈ।"

ਕਿਲਾ ਰਾਏਪੁਰ ਦੇ ਖੇਡ ਮੈਦਾਨ ਦੇ ਲਾਗੇ ਦਾਣਾ-ਮੰਡੀ ਹੈ। ਇਸ ਥਾਂ ਉੱਤੇ ਮਜ਼ਦੂਰ ਟਰਾਲੀਆਂ ਵਿੱਚੋਂ ਅਨਾਜ ਉਤਾਰਦੇ ਹਨ। ਬੋਰੀਆਂ ਵਿੱਚ ਭਰਦੇ ਹਨ ਅਤੇ ਬੋਰੀਆਂ ਟਰੱਕਾਂ-ਟਰਾਲੀਆਂ ਵਿੱਚ ਲੱਦ ਦਿੰਦੇ ਹਨ।

ਇਸ ਮੇਲੇ ਉੱਤੇ ਆ ਕੇ ਇਹੋ ਕੰਮ ਖੇਡ ਬਣ ਜਾਂਦਾ ਹੈ। ਖੇਤਾਂ ਵਿੱਚ ਕਿਸਾਨ ਹੱਲ ਚਲਾਉਂਦੇ ਹਨ, ਸੁਹਾਗਾ ਮਾਰਦੇ ਹਨ। ਇਸ ਕੰਮ ਵਿੱਚ ਕਾਹਲ ਅਤੇ ਸੁਹਜ ਦਾ ਤਵਾਜ਼ਨ ਕਾਇਮ ਰੱਖਣ ਦੀ ਲੋੜ ਲਗਾਤਾਰ ਰਹਿੰਦੀ ਹੈ।

ਇਹੋ ਕੰਮ ਖੇਡ ਮੇਲੇ ਵਿੱਚ ਖੇਡ ਬਣ ਜਾਂਦੇ ਹਨ। ਸੁਹਾਗਾ ਦੌੜਾਂ ਅਤੇ ਟਰੈਕਟਰਾਂ ਨਾਲ ਜੁੜੇ ਹੁਨਰਾਂ ਦੀ ਨੁਮਾਇਸ਼ ਖੇਡ ਮੁਕਾਬਲਿਆਂ ਦਾ ਰੂਪ ਧਾਰ ਜਾਂਦੀ ਹੈ।

ਸਰਕਸੀ ਖੇਡਾਂ ਖਿੱਚ ਦਾ ਕੇਂਦਰ

ਬੱਲਦਾਂ ਅਤੇ ਕੁੱਤਿਆਂ ਦੀਆਂ ਦੌੜਾਂ, ਰੱਸਾਕਸ਼ੀ ਦੇ ਮੁਕਾਬਲੇ ਬੰਦੇ ਅਤੇ ਜਾਨਵਰਾਂ ਦੇ ਰਿਸ਼ਤਿਆਂ ਦਾ ਜਸ਼ਨ ਹੋ ਨਿਬੜਦੇ ਹਨ। ਊਠ, ਹਾਥੀ ਅਤੇ ਘੋੜੇ ਸਜ-ਧਜ ਕੇ ਆਉਂਦੇ ਹਨ ਅਤੇ ਢੋਲ ਦੇ ਡੱਗੇ ਉੱਤੇ ਨੱਚਦੇ ਹਨ।

ਪੰਜਾਬੀ ਨਾਚਾਂ ਦੀ ਵੰਨ-ਸਵੰਨਤਾ ਪੰਜਾਬ ਦੇ ਵਿਰਾਸਤੀ ਨਾਚਾਂ ਦੀ ਨਵੀਂ ਪੀੜ੍ਹੀ ਨਾਲ ਜਾਣ-ਪਛਾਣ ਕਰਵਾਉਂਦੀ ਹੈ।

ਖੇਡ, ਕੰਮ ਅਤੇ ਵਿਰਾਸਤ ਦੇ ਇਸ ਜੋੜ ਮੇਲ ਬਾਬਤ ਸਰਵਣ ਸਿੰਘ ਕਹਿੰਦੇ ਹਨ, "ਇੱਥੇ ਓਲੰਪਿਕ ਕਾਇਦੇ ਦੀਆਂ ਖੇਡਾਂ ਤੋਂ ਇਲਾਵਾ ਦੇਸੀ ਖੇਡਾਂ ਹੁੰਦੀਆਂ ਹਨ। ਮੁਕਾਬਲੇ ਵਾਲੀਆਂ ਖੇਡਾਂ ਦੇ ਨਾਲ-ਨਾਲ ਤਮਾਸ਼ਾ ਖੇਡਾਂ ਹੁੰਦੀਆਂ ਹਨ।"

ਸਰਵਣ ਸਿੰਘ ਤਮਾਸ਼ਾ ਖੇਡਾਂ ਨੂੰ ਸਰਕਸੀ ਖੇਡਾਂ ਵੀ ਕਹਿੰਦੇ ਹਨ। ਮੂੰਗਲੀਆਂ ਫੇਰਦੇ, ਡੰਡ ਬੈਠਕਾਂ ਮਾਰਦੇ, ਮੋਟਰਸਾਈਕਲਾਂ ਉੱਤੇ ਕਰਤਬ ਦਿਖਾਉਂਦੇ, ਕੰਡ ਨਾਲ ਸਰੀਆ ਮੋੜਦੇ, ਦੰਦਾਂ ਨਾਲ ਮੋਟਰਸਾਈਕਲ ਖਿੱਚਦੇ ਅਤੇ ਬੋਤਲ ਉੱਤੇ ਹੱਥਾਂ ਭਾਰ ਖੜ੍ਹੋ ਜਾਂਦੇ ਪੋਲੀਓ ਮਾਰੇ ਸਰੀਰ ਨੂੰ ਦੇਖ ਕੇ ਸਰਵਣ ਸਿੰਘ ਹੁਰਾਂ ਦੀ ਦਲੀਲ ਸਮਝ ਆਉਂਦੀ ਹੈ।

ਇਸ ਖੇਡ ਮੇਲੇ ਨਾਲ ਇਸ਼ਤਿਹਾਰ ਸਨਅਤ ਵੀ ਜੁੜੀ ਹੋਈ ਹੈ। ਇੱਕ ਟਾਇਰ ਬਣਾਉਣ ਵਾਲੀ ਕੰਪਨੀ ਖੇਡ ਮੇਲੇ ਵਿੱਚ ਇੱਕ ਪਾਸੇ ਵਿੱਤੀ ਹਿੱਸਾ ਪਾਉਂਦੀ ਹੈ, ਦੂਜੇ ਪਾਸੇ ਮੈਦਾਨ ਦੇ ਆਲੇ-ਦੁਆਲੇ ਆਪਣਾ ਸਾਮਾਨ ਸਜਾਉਂਦੀ ਹੈ ਅਤੇ ਤੀਜੇ ਪਾਸੇ ਖੇਡਾਂ ਵਿੱਚ ਨਵੇਂ ਮੁਕਾਬਲੇ ਜੋੜ ਦਿੰਦੀ ਹੈ।

ਬੀਤੇ ਵਕਤ ਨਾਲ ਰੂਪ ਬਦਲਿਆ

ਕੋਈ ਕਿੰਨੀ ਗਿਣਤੀ ਵਿੱਚ ਟਾਇਰ ਚੁੱਕ ਸਕਦਾ ਹੈ, ਕੋਈ ਕਿੰਨੀ ਦੇਰ ਤੱਕ ਟਾਇਰ ਹੱਥਾਂ ਉੱਤੇ ਤੋਲ ਸਕਦਾ ਹੈ ਅਤੇ ਕੋਈ ਟਾਇਰ ਭਜਾ ਕੇ ਦੌੜ ਜਿੱਤ ਸਕਦਾ ਹੈ।

ਅਦਾਲਤੀ ਪਾਬੰਦੀ ਕਾਰਨ ਕੁਝ ਸਾਲਾਂ ਤੋਂ ਕਿਲਾ ਰਾਏਪੁਰ ਵਿੱਚ ਬੱਲਦਾਂ ਦੀਆਂ ਦੌੜਾਂ ਨਹੀਂ ਹੁੰਦੀਆਂ। ਇਸ ਪਾਬੰਦੀ ਨੂੰ ਹਟਾਉਣ ਦੀ ਮੰਗ ਅਦਾਲਤੀ ਕਾਰਵਾਈ ਤੋਂ ਸਿਆਸੀ ਮੰਚਾਂ ਰਾਹੀਂ ਪੇਸ਼ ਹੁੰਦੀ ਰਹਿੰਦੀ ਹੈ।

ਇੱਕ ਦਲੀਲ ਇਹ ਵੀ ਹੈ ਕਿ ਬੱਲਦਾਂ ਦੀਆਂ ਦੌੜਾਂ ਉੱਤੇ ਪਾਬੰਦੀ ਕਾਰਨ ਕਿਲਾ ਰਾਏਪਰ ਦੀਆਂ ਖੇਡਾਂ ਦੀ ਖਿੱਚ ਘਟੀ ਹੈ। ਜੇ ਇਤਿਹਾਸ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਸ ਮੇਲੇ ਨੂੰ ਕਈ ਤਰ੍ਹਾਂ ਦੇ ਖ਼ਦਸ਼ੇ ਦਰਪੇਸ਼ ਹੁੰਦੇ ਰਹੇ ਹਨ।

ਹਰ ਵਾਰ ਇਸ ਮੇਲੇ ਨੇ ਆਪਣਾ ਰੂਪ ਵਟਾਇਆ ਹੈ ਪਰ ਰਵਾਇਤੀ ਦਿੱਖ ਕਾਇਮ ਰੱਖੀ ਹੈ। ਹਵਾ ਵਿੱਚ ਉੱਡਦੇ ਗਲੇਡੀਏਟਰ ਇਸ ਮੇਲੇ ਜਿੰਨੇ ਪੁਰਾਣੇ ਨਹੀਂ ਹਨ ਪਰ ਇਸ ਦੇ ਖ਼ਾਸੇ ਵਿੱਚ ਢੁਕਦੇ ਹਨ।

ਇਸੇ ਤਰ੍ਹਾਂ ਟਰੈਕਟਰਾਂ ਦੀਆਂ ਖੇਡਾਂ ਦਾ ਪੰਜਾਹ ਸਾਲ ਪਹਿਲਾਂ ਕੋਈ ਵਜੂਦ ਨਹੀਂ ਸੀ ਪਰ ਹੁਣ ਇਸ ਮੇਲੇ ਦਾ ਅਟੁੱਟ ਹਿੱਸਾ ਹਨ।

ਸੁਫ਼ਨੇ ਅਮਨਪਸੰਦੀ ਤੇ ਤੰਦਰੂਸਤੀ ਨਾਲ ਜੁੜੇ

ਇਸ ਮੇਲੇ ਦਾ ਇਤਿਹਾਸ ਸੁਝਾਉਂਦਾ ਹੈ ਕਿ ਇਹ ਮੇਲਾ ਖੇਡ ਉਦਮ ਦਾ ਨਮੂਨਾ ਹੈ ਜੋ ਲਗਾਤਾਰ ਵਿਗਸਦਾ ਰਹਿੰਦਾ ਹੈ।

ਇਸ ਵਿਗਾਸ ਵਿੱਚ ਪੁਰਾਣੇ ਨਾਅਰੇ ਅਤੇ ਧਾਰਨਾਵਾਂ ਝਲਕਦੀਆਂ ਰਹਿੰਦੀਆਂ ਹਨ। ਕਬੱਡੀ ਖੇਡਦਿਆਂ ਨੂੰ ਹੱਲਾਸ਼ੇਰੀ ਦਿੰਦੇ ਬਜ਼ੁਰਗ ਕੁੜੀਆਂ ਦੀਆਂ ਦੌੜਾਂ ਉੱਤੇ ਅਸ਼ਕੇ ਜਾਂਦੇ ਹਨ।

ਇਸ ਖੇਡ ਮੇਲੇ ਵਿੱਚ ਮੂੰਗਲੀਆਂ ਫੇਰਦੇ ਤੰਦਰੁਸਤ ਜੁੱਸਿਆਂ ਦੀਆਂ ਵੇਲਾਂ ਹੁੰਦੀਆਂ ਹਨ। ਤਿੰਨ ਪਹੀਆਂ ਵਾਲੇ ਸਾਈਕਲਾਂ ਦੀਆਂ ਦੌੜਾਂ ਅਤੇ ਬੈਸਾਖੀਆਂ ਰਾਹੀਂ ਭੱਜਦੇ ਜੀਆਂ ਦੇ ਮੁਕਾਬਲੇ ਦਰਸਾਉਂਦੇ ਹਨ ਕਿ ਖੇਡ ਹਰ ਤਰ੍ਹਾਂ ਦੀਆਂ ਯੋਗਤਾਵਾਂ ਵਾਲੇ ਜੀਆਂ ਦੇ ਖੇੜੇ ਦਾ ਸਬੱਬ ਬਣਦੀ ਹੈ।

ਇਸੇ ਥਾਂ ਉੱਤੇ ਇੰਦਰ ਸਿੰਘ ਗਰੇਵਾਲ ਅਤੇ ਬੈਰਨ ਡੀ ਕੌਬਰਟਿਨ ਦੇ ਸੁਫ਼ਨੇ ਇੱਕ ਹੋ ਜਾਂਦਾ ਹੈ। ਇਹ ਸੁਫ਼ਨੇ ਅਮਨਪਸੰਦੀ ਅਤੇ ਮਨੁੱਖੀ ਤੰਦਰੁਸਤੀ ਨਾਲ ਜੁੜੇ ਹੋਏ ਹਨ।

ਪੇਂਡੂ ਓਲੰਪਿਕਸ ਦੀ ਅਹਿਮੀਅਤ ਇਨ੍ਹਾਂ ਸਦੀਵੀ ਸਰੋਕਾਰਾਂ ਨਾਲ ਜੁੜੀ ਹੋਈ ਹੈ ਜੋ ਬਦਲਦੇ ਮਾਹੌਲ ਵਿੱਚ ਇਸ ਨੂੰ ਪੰਜਾਬ ਦੇ ਨਕਸ਼ੇ ਉੱਤੇ ਚਮਕਦਾ ਰੱਖਣ ਦੇ ਸਮਰੱਥ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)