ਪ੍ਰੈਸ ਰੀਵਿਊ: ਭਾਰਤ ਫੇਰੀ ਦੌਰਾਨ ਖਾਲਿਸਤਾਨ ਮੁੱਦੇ 'ਤੇ ਕੀ ਸਟੈਂਡ ਲੈਣਗੇ ਟਰੂਡੋ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਅੰਗਰੇਜ਼ੀ ਅਖ਼ਬਾਰ ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ 17 ਫਰਵਰੀ ਤੋਂ 23 ਫਰਵਰੀ ਤੱਕ ਦੀ ਭਾਰਤ ਫੇਰੀ ਦੌਰਾਨ 21 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜਣਗੇ।

ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵ 6 ਮੰਤਰੀ, ਜਿਸ ਵਿੱਚ 4 ਪੰਜਾਬੀ ਮੂਲ ਦੇ ਮੰਤਰੀ, ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦਿਸ਼ ਚਘੇਰ ਅਤੇ 35 ਮੀਡੀਆ ਮੈਂਬਰ ਵੀ ਆਉਣਗੇ।

ਉਸ ਦੌਰਾਨ ਸੰਭਾਵਿਤ ਤੌਰ 'ਤੇ ਜਸਟਿਨ ਟਰੂਡੋ ਖਾਲਿਸਤਾਨ ਮੁੱਦੇ ਤੋਂ ਦੂਰੀ ਬਣਾਏ ਰੱਖਣਗੇ। ਅਖਬਾਰ ਨੇ ਓਟਵਾ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਟਰੂਡੋ ਵਲੋਂ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵਾਲਾ ਸਟੈਂਡ ਲੈ ਕੇ ਭਾਰਤ ਵਿਰੋਧੀ ਸ਼ਕਤੀਆਂ ਨੂੰ ਆਪਣੀ ਜ਼ਮੀਨ ਨਾ ਵਰਤਣ ਦੇਣ ਦੀ ਗੱਲ ਦੁਹਰਾਉਣਗੇ।

ਟਰੂਡੋ ਦੀ ਲਿਬਰਲ ਪਾਰਟੀ ਬਾਰੇ ਭਾਰਤ ਵਿੱਚ ਪ੍ਰਭਾਵ ਹੈ ਕਿ ਇਹ ਪਾਰਟੀ ਖਾਲਿਸਤਾਨੀਆਂ ਪੱਖੀ ਨਰਮ-ਰੁਖ ਰੱਖਦੀ ਹੈ। ਇਸ ਲਈ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਬਿਆਨ ਵਿੱਚ ਖਾਲਿਸਤਾਨੀ ਲਹਿਰ ਦਾ ਸ਼ਬਦੀ ਤੌਰ ਉੱਤੇ ਜ਼ਿਕਰ ਕਰਨਗੇ।

ਤਸਵੀਰ ਸਰੋਤ, facebook.com/sandhu.k

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਖਰੜ ਤੋਂ ਆਮ ਆਦਮੀ ਪਾਰਟੀ ਦੇ ਐੱਮਐਲਏ ਕੰਵਰ ਸੰਧੂ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਪੱਤਰ ਲਿਖ ਕੇ ਪੰਜਾਬੀ ਗਾਣੇ ਲਿਖਣ ਵਾਲਿਆਂ ਅਤੇ ਗਾਉਣ ਵਾਲਿਆ ਖ਼ਿਲਾਫ਼ ਅਪਰਾਧਕ ਮਾਮਲੇ ਦਰਜ ਕਰਨ ਖਿਲਾਫ਼ ਵਿਰੋਧ ਪ੍ਰਗਟਾਇਆ ਹੈ।

ਉਨ੍ਹਾਂ ਨੇ ਆਪਣੀ ਲਿਖਤੀ ਅਪੀਲ ਵਿੱਚ "ਮੋਰਲ ਪੋਲਿਸਿੰਗ" ਅਤੇ "ਸੂਬੇ ਦਾ ਫਾਸੀਵਾਦੀ" ਐਕਟ ਦੇ ਤਹਿਤ ਕੇਸ ਦਰਜ ਕਰਨ ਉੱਤੇ ਇਤਰਾਜ਼ ਕੀਤਾ ਹੈ।

ਪੰਜਾਬ ਪੁਲਿਸ ਨੇ ਪਹਿਲਾਂ ਹੀ ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਤੱਕ ਪਹੁੰਚ ਕਰਕੇ ਗੀਤਾਂ 'ਚ ਨਸ਼ੇ ਅਤੇ ਹਥਿਆਰਾਂ ਦੇ ਕਬੂਲਦੇ ਪ੍ਰਭਾਵ ਖ਼ਿਲਾਫ ਇੱਕ ਮੁਹਿੰਮ ਵਿੱਢੀ ਹੈ

ਤਸਵੀਰ ਸਰੋਤ, Getty Images

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਨੂੰ ਭਰੋਸਾ ਦਿੱਤਾ ਕਿ ਉਹ 'ਗੁੰਡਾ ਟੈਕਸ' ਅਤੇ ਨਾਜਾਇਜ਼ ਖਣਨ ਨੂੰ ਜੜ੍ਹੋਂ ਖ਼ਤਮ ਦੀ ਜ਼ਿੰਮੇਵਾਰੀ ਖੁਦ ਲੈਂਦੇ ਹਨ ਅਤੇ ਇਸ ਨੂੰ ਜਲਦ ਹੀ ਰੋਕ ਦਿੱਤੇ ਜਾਣ ਦੀ ਗੱਲ ਆਖੀ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਬਠਿੰਡਾ ਵਿੱਚ 'ਗੁੰਡਾ ਟੈਕਸ' ਵਸੂਲਣ ਦਾ ਮਾਮਲਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਉਠਾਉਂਦਿਆਂ ਇਸ ਨੂੰ ਹਰ ਹੀਲੇ ਰੋਕਣ ਦਾ ਜ਼ੋਰ ਦਿੱਤਾ।

ਇਸ 'ਤੇ 'ਗੁੰਡਾ ਟੈਕਸ' ਅਤੇ ਰੇਤੇ ਦਾ ਨਜਾਇਜ਼ ਖਣਨ ਰੋਕਣ ਲਈ ਮੁੱਖ ਮੰਤਰੀ ਜ਼ਿੰਮੇਵਾਰੀ ਲਈ ਹੈ।

ਤਸਵੀਰ ਸਰੋਤ, Getty Images

ਰੋਜ਼ਾਨਾ ਸਪੋਕਸਮੈਨ ਮੁਤਾਬਕ ਅਮਰੀਕਾ ਦੇ ਸੂਬੇ ਇਲੀਨੋਇਸ ਵਿੱਚ ਇੱਕ ਸਿੱਖ ਉਬੇਰ ਡਰਾਈਵਰ ਨਾਲ ਨਸਲੀ ਭੇਦਭਾਵ ਦਾ ਮਾਮਲਾ ਸਾਹਮਣੇ ਆਇਆ ਹੈ।

ਗੁਰਜੀਤ ਸਿੰਘ ਨਾਂ ਦੇ ਸਿੱਖ ਡਰਾਈਵਰ ਨਾਲ ਬੀਤੇ ਦਿਨੀਂ ਟੈਕਸੀ 'ਚ ਸਵਾਰ ਯਾਤਰੀ ਵੱਲੋਂ ਨਸਲੀ ਟਿੱਪਣੀਆਂ ਅਤੇ ਧਮਦੀਆਂ ਦਿੱਤੀਆਂ ਗਈਆਂ ਹਨ।

ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ਸਿੰਖ ਕੋਲੀਸ਼ਨ ਨੇ ਇਸ ਮੁੱਦੇ ਨੂੰ ਚੁੱਕਦਿਆਂ ਪੁਲਿਸ ਨੂੰ ਮੁਜ਼ਰਮ ਜਲਦ ਗ੍ਰਿਫ਼ਤਾਰ ਕਰਨ ਲਈ ਕਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)