ਇੰਝ ਹੋਇਆ ਹਜ਼ਾਰਾਂ ਕਰੋੜ ਦਾ ਪੀਐੱਨਬੀ ਘੋਟਾਲਾ!

ਪੰਜਾਬ ਨੈਸ਼ਨਲ ਬੈਂਕ Image copyright Getty Images

ਪੰਜਾਬ ਨੈਸ਼ਨਲ ਬੈਂਕ ਨੇ ਇਸੇ ਹਫ਼ਤੇ ਬੁੱਧਵਾਰ ਨੂੰ ਕਿਹਾ ਕਿ ਬੈਂਕ ਦੀ ਮੁੰਬਈ ਸਥਿਤ ਬ੍ਰੀਚ ਕੈਂਡੀ ਬ੍ਰਾਂਚ 'ਚ 11360 ਕਰੋੜ ਰੁਪਏ ਦਾ ਘੋਟਾਲਾ ਹੋਇਆ।

ਬੈਂਕ ਨੇ ਇਸ ਨਾਲ ਸਬੰਧਤ ਲੋਕਾਂ ਦੇ ਨਾਂ ਜਨਤਕ ਨਹੀਂ ਕੀਤੇ ਪਰ ਬੈਂਕ ਨੇ ਇਸ ਗਲ ਨੂੰ ਸਵੀਕਾਰ ਕੀਤਾ ਹੈ ਕਿ "ਇਸ ਵਿੱਚ ਬੈਂਕ ਦੇ ਕਰਮਚਾਰੀ ਅਤੇ ਖਾਤਾਧਾਰਕਾਂ ਦੀ ਮਿਲੀਭੁਗਤ ਹੈ।"

ਇਸ ਸਬੰਧੀ ਬੈਂਕ ਦੇ ਐੱਮਡੀ ਸੁਨੀਲ ਮਹਿਤਾ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ।

ਉਨ੍ਹਾਂ ਦੱਸਿਆ, "ਘੁਟਾਲਾ 2011 ਤੋਂ ਹੀ ਚੱਲ ਰਿਹਾ ਸੀ ਪਰ ਇਸੇ ਸਾਲ 3 ਜਨਵਰੀ ਨੂੰ ਇਹ ਉਜਾਗਰ ਹੋਇਆ। ਸਬੰਧਤ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।"

ਇਹ ਘੋਟਾਲਾ 2011 ਤੋਂ 2018 ਤੱਕ ਚੱਲਦਾ ਰਿਹਾ ਤੇ ਇਨ੍ਹਾਂ 7 ਸਾਲਾਂ 'ਚ ਕਰੋੜਾਂ ਰੁਪਏ ਦਾ ਟ੍ਰਾਂਜੈਕਸ਼ਨ ਹੋ ਗਿਆ ਹੈ।

ਇਸ ਵਿੱਚ ਪ੍ਰਸਿੱਧ ਹੀਰਾ ਵਪਾਰੀ ਨੀਰਵ ਮੋਦੀ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।

Image copyright Getty Images

ਕਾਂਗਰਸ ਨੇ ਵੀ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪੁੱਛਿਆ, "ਹਰੇਕ ਆਡੀਟਰ ਅਤੇ ਹਰੇਕ ਜਾਂਚਕਰਤਾ ਦੀਆਂ ਨਜ਼ਰਾਂ ਹੇਠ ਹਜ਼ਾਰਾਂ ਕਰੋੜ ਰੁਪਏ ਦਾ ਬੈਂਕਿੰਗ ਘੋਟਾਲਾ ਕਿਵੇਂ ਹੁੰਦਾ ਰਿਹਾ। ਕੀ ਇਹ ਨਹੀਂ ਦਿਖਾਉਂਦਾ ਕਿ ਕਿਸੇ ਵੱਡੇ ਆਦਮੀ ਦੀ ਇਸ ਘੋਟਾਲੇ ਨੂੰ ਸਰਪ੍ਰਸਤੀ ਮਿਲੀ ਸੀ।"

ਉਕਤ ਸਵਾਲ ਦੇ ਜਵਾਬ ਦੀ ਭਾਲ ਵਿੱਚ ਬੀਬੀਸੀ ਪੱਤਰਕਾਰ ਮੋਹਨਲਾਲ ਸ਼ਰਮਾ ਨੇ ਗੱਲ ਕੀਤੀ ਬੈਂਕ ਆਫ ਬੜੌਦਾ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਆਰ.ਕੇ. ਬਖ਼ਸ਼ੀ ਨਾਲ ਅਤੇ ਪੁੱਛਿਆ ਕਿ ਆਖ਼ਰ ਕਿਵੇਂ ਇਸ ਘੋਟਾਲੇ ਨੂੰ ਅੰਜ਼ਾਮ ਦਿੱਤਾ ਗਿਆ।

ਆਰਕੇ ਬਖ਼ਸ਼ੀ ਦਾ ਨਜ਼ਰੀਆ

ਇਹ ਜੋ ਘੋਟਾਲਾ ਹੋਇਆ ਹੈ ਇਸ ਬੁਨਿਆਦੀ ਚੀਜ਼ ਹੈ 'ਲੈਟਰ ਆਫ ਅੰਡਰਟੇਕਿੰਗ' (LoU) ਹੈ ਜੋ ਆਮ ਤੌਰ 'ਤੇ ਇਸਤੇਮਾਲ ਹੁੰਦਾ ਹੈ।

ਭਾਰਤ ਵਿੱਚ ਜੇਕਰ ਕੋਈ ਦੇਸ ਦੇ ਬਾਹਰੋਂ ਸਾਮਾਨ ਦਰਾਮਦ ਕਰਦਾ ਹੈ ਤਾਂ ਉਸ ਨੂੰ ਵਿਦੇਸ਼ ਵਿੱਚ ਹੀ ਬਰਾਮਦਕਰਤਾ ਨੂੰ ਪੈਸਿਆਂ ਦਾ ਭੁਗਤਾਨ ਕਰਨਾ ਹੁੰਦਾ ਹੈ।

ਜੇਕਰ ਇਸ ਲਈ ਦਰਾਮਦਕਾਰਾਂ ਕੋਲ ਪੈਸੇ ਨਹੀਂ ਹਨ ਜਾਂ ਕਿਸੇ ਕਾਰਨ ਉਹ ਕ੍ਰੇਡਿਟ ਜਾਂ ਉਧਾਰ ਪੀਰੀਅਡ ਦਾ ਲਾਭ ਚੁੱਕਣਾ ਚਾਹੁੰਦੇ ਹਨ ਤਾਂ ਬੈਂਕ ਬਰਾਮਦਕਰਤਾ ਲਈ ਵਿਦੇਸ਼ 'ਚ ਮੌਜੂਦ ਕਿਸੇ ਬੈਂਕ ਨੂੰ ਲੈਟਰ ਆਫ ਅੰਡਰਟੇਕਿੰਗ ਦੇ ਦਿੰਦਾ ਹੈ।

ਇਸ ਲੈਟਰ 'ਚ ਗਾਰੰਟੀ ਵਜੋਂ ਵਾਅਦਾ ਕਰਦਾ ਹੈ ਕਿ ਇੱਕ ਸਾਲ ਬਾਅਦ ਮਿਥੇ ਸਮੇਂ 'ਤੇ ਵਿਆਜ ਨਾਲ ਸਾਰਾ ਭੁਗਤਾਨ ਕਰ ਦਿੱਤਾ ਜਾਵੇਗਾ।

ਇੱਕ ਸਾਲ ਬਾਅਦ ਜੋ ਦਰਾਮਦਕਰਤਾ ਪੀਐੱਨਬੀ ਨੂੰ ਭੁਗਤਾਨ ਕਰੇਗਾ ਉਸ ਨਾਲ ਬੈਂਕ ਅੱਗੇ ਵਿਦੇਸ਼ੀ ਬੈਂਕ ਨੂੰ ਵਿਆਜ ਸਮੇਤ ਉਨ੍ਹਾਂ ਦਾ ਪੈਸਾ ਵਾਪਸ ਕਰ ਦੇਵੇਗਾ।

Image copyright World Economic Forum
ਫੋਟੋ ਕੈਪਸ਼ਨ ਫਰਵਰੀ 2018 'ਚ ਦਾਵੋਸ ਹੋਏ ਵਰਲਡ ਇਕਨਾਮਿਕ ਫੋਰਮ 'ਚ ਪੀਐੱਮ ਮੋਦੀ ਦੇ ਨਾਲ ਇਸ ਤਸਵੀਰ 'ਚ ਨੀਰਵ ਮੋਦੀ ਨੂੰ ਦੇਖਿਆ ਜਾ ਸਕਦਾ ਹੈ।

ਨਹੀਂ ਜਾਰੀ ਹੋਇਆ ਸੀ ਐਲਓਯੂ

ਪਰ ਇਸ ਮਾਮਲੇ ਵਿੱਚ ਬੈਂਕ ਨੇ ਲੈਟਰ ਆਫ ਅੰਡਰਟੇਕਿੰਗ ਜਾਰੀ ਹੀ ਨਹੀਂ ਕੀਤਾ ਬਲਕਿ ਬੈਂਕ ਦੇ ਦੋ ਕਰਮੀਆਂ ਨੇ ਫਰਜ਼ੀ ਐੱਲਓਯੂ ਬਣਾ ਕੇ ਦਿੱਤੇ ਹਨ। ਇਨ੍ਹਾਂ ਕਰਮੀਆਂ ਕੋਲ ਇੱਕ ਸਵਿਫਟ ਸਿਸਟਮ ਦਾ ਕੰਟ੍ਰੋਲ ਸੀ।

  • ਇਹ ਇੱਕ ਕੌਮਾਂਤਰੀ ਕਮਿਊਨੀਕੇਸ਼ਨ ਸਿਸਟਮ ਹੈ ਤੇ ਦੁਨੀਆਂ ਭਰ ਦੇ ਸਾਰੇ ਬੈਂਕਾਂ ਨੂੰ ਆਪਸ ਵਿੱਚ ਜੋੜਦਾ ਹੈ।
  • ਇਹ ਇੱਕ ਉੱਚ ਤਕਨੀਕੀ ਸਿਸਟਮ ਹੁੰਦਾ ਹੈ ਅਤੇ ਇਸ ਵਿੱਚ ਸੰਦੇਸ਼ ਕੋਡ ਰਾਹੀਂ ਭੇਜੇ ਜਾਂਦੇ ਹਨ ਜਾਂ ਹਾਸਲ ਹੁੰਦੇ ਹਨ।
  • ਇਹੀ ਕਾਰਨ ਹੈ ਕਿ ਜੋ ਸੰਦੇਸ਼ ਜਾਂਦੇ ਸਨ ਤਾਂ ਉਨ੍ਹਾਂ ਬੈਂਕਾਂ ਨੂੰ ਅਧਿਕਾਰਤ ਸੰਦੇਸ਼ ਹੀ ਲੱਗਦੇ ਸਨ ਅਤੇ ਉਹ ਇਸ 'ਤੇ ਸ਼ੱਕ ਨਹੀਂ ਕਰਦੇ।

'ਸਿਸਟਮ ਨੂੰ ਸਾਂਭਣ ਵਾਲੇ ਦੋ ਵਿਅਕਤੀ'

ਪੀਐੱਨਬੀ ਵਿੱਚ ਕੰਮ ਨੂੰ ਕਰਨ ਵਾਲੇ ਦੋ ਮੁਲਾਜ਼ਮ ਸਨ, ਇੱਕ ਕਲਰਕ ਜੋ ਡਾਟਾ ਸੰਭਾਲਦਾ ਸੀ ਅਤੇ ਦੂਜਾ ਇਸ ਜਾਣਕਾਰੀ ਦੀ ਅਧਿਕਾਰਤ ਪੁਸ਼ਟੀ ਕਰਦਾ ਸੀ।

ਅਜਿਹਾ ਲੱਗਦਾ ਹੈ ਇਹ ਦੋਵੇਂ 5-6 ਸਾਲ ਤੋਂ ਇੱਕੋ ਡੈਸਕ 'ਤੇ ਕੰਮ ਕਰ ਰਹੇ ਸਨ, ਜੋ ਨਹੀਂ ਹੋਣਾ ਚਾਹੀਦਾ ਸੀ।

ਇਸ ਅਹੁਦੇ 'ਤੇ ਕੰਮ ਕਰਨ ਵਾਲਿਆਂ ਦੀ ਅਦਲਾ-ਬਦਲੀ ਹੁੰਦੀ ਰਹਿਣੀ ਚਾਹੀਦੀ ਹੈ।

ਇੱਕ ਹੋਰ ਘਾਟ

ਪੀਐੱਨਬੀ ਵਿੱਚ ਜੋ ਇੱਕ ਹੋਰ ਘਾਟ ਸਾਹਮਣੇ ਆਈ ਇਹ ਹੈ ਕਿ ਇਹ ਜੋ ਸੰਦੇਸ਼ ਭੇਜਿਆ ਗਿਆ ਉਸ ਦੀ ਤਸਦੀਕ ਨਹੀਂ ਮਿਲਦੀ ਯਾਨਿ ਸਵਿਫਟ ਸਿਸਟਮ ਕੋਰ ਬੈਂਕਿੰਗ ਨਾਲ ਜੁੜਿਆ ਨਹੀਂ ਸੀ।

Image copyright Getty Images

ਕੋਰ ਬੈਂਕਿੰਗ ਵਿੱਚ ਪਹਿਲਾਂ ਐੱਲਓਯੂ ਬਣਾਇਆ ਜਾਂਦਾ ਹੈ ਅਤੇ ਫਿਰ ਉਹ ਸਵਿਫਟ ਦੇ ਸੰਦੇਸ਼ ਨਾਲ ਚਲਾ ਜਾਂਦਾ ਹੈ।

ਇਸ ਕਾਰਨ ਕੋਰ ਬੈਂਕਿੰਗ ਵਿੱਚ ਇੱਕ ਕੋਂਟਰਾ ਐਂਟਰੀ ਬਣ ਜਾਂਦੀ ਹੈ ਕਿ ਇਸ ਦਿਨ ਬੈਂਕ ਨੇ ਇਸ ਰਾਸ਼ੀ ਦਾ ਕਰਜ਼ ਦੇਣ ਨੂੰ ਮਨਜ਼ੂਰੀ ਦਿੱਤੀ ਹੈ।

ਅਗਲੇ ਦਿਨ ਜਦੋਂ ਬੈਂਕ ਮੈਨੇਜਰ ਆਪਣੀਆਂ ਫਾਈਲਾਂ ਜਾਂ ਬੈਲੈਂਸ ਸ਼ੀਟਾਂ ਦੇਖਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਬੈਂਕ ਨੇ ਬੀਤੇ ਦਿਨ ਕਿੰਨੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ।

ਪਰ ਇਸ ਮਾਮਲੇ ਵਿੱਚ ਸਵਿਫਟ ਕੋਰ ਬੈਂਕਿੰਗ ਨਾਲ ਜੁੜਿਆ ਹੋਇਆ ਨਹੀਂ ਸੀ।

ਜਿਵੇਂ ਦੋਵੇਂ ਕਰਮੀਆਂ ਨੇ ਸਵਿਫਟ ਨਾਲ ਫਰਜ਼ੀ ਸੰਦੇਸ਼ ਭੇਜਿਆ ਸੀ, ਸੰਦੇਸ਼ ਗਾਇਬ ਕਰ ਦਿੱਤਾ ਅਤੇ ਇਸ ਦੀ ਕੋਰ ਬੈਂਕਿੰਗ ਵਿੱਚ ਐਂਟਰੀ ਨਹੀਂ ਕੀਤੀ ਤਾਂ ਕੁਝ ਪਤਾ ਹੀ ਨਹੀਂ ਲੱਗਿਆ।

ਬੈਂਕ ਦਾ ਪੂਰਾ ਸਿਸਟਮ ਕਿਵੇਂ ਬਾਪਾਸ ਹੋ ਗਿਆ?

ਜੇਕਰ ਕੋਈ ਸ਼ੱਕ ਕਰਦਾ ਤਾਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕਦੀ ਹੈ ਪਰ ਅਜਿਹਾ ਹੋਇਆ ਹੀ ਨਹੀਂ।

ਇਹ ਬੈਂਕ ਤੋਂ ਪੈਸਾ ਲੈਂਦੇ ਰਹੇ ਤੇ ਦੂਜੇ ਨੂੰ ਚੁਕਾਉਂਦੇ ਰਹੇ।

Image copyright Getty Images

ਜਿਵੇਂ ਅੱਜ 50 ਮਿਲੀਅਨ ਦੇ ਐੱਲਓਯੂ ਖੋਲ੍ਹੇ ਅਤੇ ਜਦੋਂ ਅਗਲੇ ਸਾਲ ਵਾਪਸ ਕਰਨ ਦੀ ਵਾਰੀ ਆਈ ਤਾਂ ਕਿਸੇ ਹੋਰ ਬੈਂਕ ਤੋਂ ਉਨ੍ਹਾਂ ਨੇ 100 ਮਿਲੀਅਨ ਹੋਰ ਕਰਜ਼ਾ ਲੈ ਲਿਆ। ਇਸੇ ਤਰ੍ਹਾਂ ਸਾਲ ਦਰ ਸਾਲ ਕਰਜ਼ ਦੀ ਰਾਸ਼ੀ ਵਧਦੀ ਰਹੀ।

ਬੈਂਕ ਅਜਿਹਾ ਕਰਦਾ ਤਾਂ ਘੋਟਾਲਾ ਫੜਿਆ ਜਾ ਸਕਦਾ ਸੀ?

ਪੀਐੱਨਬੀ ਵਿੱਚ ਹਰੇਕ ਟ੍ਰਾਂਜੇਕਸ਼ਨ ਦੀ ਐਂਟਰੀ ਪੂਰੇ ਬੈਂਕ ਵਿੱਚ ਇਕੋ ਥਾਂ ਹੀ ਸੀ, ਜੋ ਸਵਿਫਟ ਸੰਦੇਸ਼ ਸੀ ਅਤੇ ਇਹ ਸੰਦੇਸ਼ ਤਾਂ ਚਲੇ ਗਏ ਸਨ।

ਅਜਿਹੇ ਸਾਰੇ ਸਵਿਫਟ ਟ੍ਰਾਂਜੈਕਸ਼ਨਾਂ ਦੀ ਇੱਕ ਕਾਪੀ ਫਾਇਲ ਵਿੱਚ ਉਸ ਨਾਲ ਸਬੰਧਤ ਦਸਤਾਵੇਜ਼ਾਂ ਨਾਲ ਰੱਖੀ ਜਾਂਦੀ ਹੈ ਅਤੇ ਇਸ ਦੀ ਇੱਕ ਲੌਗ ਰਿਪੋਰਟ ਵੀ ਰੱਖੀ ਜਾਂਦੀ ਹੈ।

'ਸ਼ਾਇਦ ਪੀਐੱਨਬੀ ਬੈਂਕ ਵਿੱਚ ਦੋ ਕਮੀਆਂ ਸਨ'

  • ਪਹਿਲਾਂ ਇਹ ਕਿ ਇਹ ਕੋਰ ਬੈਂਕਿੰਗ ਨਾਲ ਜੁੜਿਆ ਨਹੀਂ ਸੀ।
  • ਦੂਜਾ ਕਿਸੇ ਅਧਿਕਾਰੀ ਨੂੰ ਰੋਜ਼ ਜਾਂਚ ਕਰਨੀ ਚਾਹੀਦੀ ਹੈ, ਸਾਰਾ ਦਿਨ ਕਿਹੜੀਆਂ ਟ੍ਰਾਂਜੈਕਸ਼ਨਾਂ ਹੋਈਆਂ ਅਤੇ ਅਧਿਕਾਰਤ ਤੌਰ 'ਤੇ ਕਿਸ ਨੂੰ ਮਨਜ਼ੂਰੀ ਮਿਲੀ।

ਕੀ ਅਸਰ ਪਵੇਗਾ ਪੀਐੱਨਬੀ 'ਤੇ?

ਇਹ ਸਪੱਸ਼ਟ ਹੈ ਕਿ ਟ੍ਰਾਂਜੈਕਸ਼ਨ ਸਨ, ਉਸ ਲਈ ਬੈਂਕ ਕੋਲ ਕੋਈ ਸਕਿਓਰਿਟੀ (ਬੈਂਕ ਸੁਰੱਖਿਆ) ਨਹੀਂ ਸੀ ਕਿਉਂਕਿ ਇਸ ਵਿੱਚ ਪੀਐੱਨਬੀ ਤਾਂ ਸ਼ਾਮਲ ਹੀ ਨਹੀਂ ਸੀ।

ਇਹ ਤਾਂ ਉਨ੍ਹਾਂ ਦੋ ਕਰਮੀਆਂ ਨੇ ਅਧਿਕਾਰਤ ਤੌਰ 'ਤੇ ਕੀਤਾ ਜਿਨ੍ਹਾਂ ਕੋਲ ਇਸ ਸੰਵੇਦਨਸ਼ੀਲ ਸਿਸਟਮ ਦੀ ਕੁੰਜੀ ਸੀ।

ਜੇਕਰ ਜਿਨ੍ਹਾਂ ਕੰਪਨੀਆਂ ਨੇ ਇਹ ਘੋਟਾਲਾ ਕੀਤਾ ਹੈ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇ ਤਾਂ ਕੁਝ ਵਸੂਲੀ ਹੋ ਸਕਦੀ ਹੈ ਬਸ ਇਹੀ ਪੀਐੱਨਬੀ ਨੂੰ ਮਿਲਣ ਦੀ ਉਮੀਦ ਹੈ।

ਦੱਸਿਆ ਜਾ ਰਿਹਾ ਕਿ ਨੀਰਵ ਮੋਦੀ ਨੇ ਚਿੱਠੀ ਦਿੱਤੀ ਹੈ ਕਿ ਉਹ 5-6 ਹਜ਼ਾਰ ਕਰੋੜ ਰਾਸ਼ੀ ਅਦਾ ਕਰ ਦੇਣਗੇ ਪਰ ਜੇਕਰ ਉਨ੍ਹਾਂ ਦੇ ਇਰਾਦੇ ਇੰਨੇ ਇਮਾਨਦਾਰ ਹੁੰਦੇ ਤਾਂ ਉਹ ਅਜਿਹਾ ਕਰਦੇ ਹੀ ਕਿਉਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)