'ਦਲਿਤਾਂ ਦੀ ਮੌਤ 'ਤੇ ਚੁੱਪੀ ਬੇਚੈਨ ਕਰਨ ਵਾਲੀ ਹੈ'

Workers Cleaning Sewer

ਤਸਵੀਰ ਸਰੋਤ, Sudhakar Olve

ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਸੀਵਰ ਹੌਜ ਦੀ ਸਫ਼ਾਈ ਕਰਨ ਸਮੇਂ 7 ਕਾਮਿਆਂ ਦੀ ਮੌਤ।

ਚਿਤੂਰ ਦੇ ਐੱਸਪੀ ਸ੍ਰੀ ਵੈਂਕਟੇਸ਼ਵਰ ਨੇ ਇਸ ਦੁਰਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮਰਨ ਵਾਲੇ ਸਫ਼ਾਈ ਕਾਮਿਆਂ ਨੂੰ ਸੀਵਰ ਹੌਜ ਦੀ ਸਫ਼ਾਈ ਲਈ ਦਿਹਾੜੀ ਉੱਤੇ ਬੁਲਾਇਆ ਗਿਆ ਸੀ ।

ਦੱਸਿਆ ਗਿਆ ਕਿ ਜਿਸ ਹੌਜ ਦੀ ਸਫ਼ਾਈ ਕੀਤੀ ਜਾਣੀ ਸੀ, ਉਸ ਦੇ ਢੱਕਣ ਦੇ ਦੋ ਹਿੱਸੇ ਸਨ।

ਜਿਹੜੇ ਸਫ਼ਾਈ ਕਾਮੇ ਹੌਜ ਵਿੱਚ ਦਾਖਲ ਹੋਏ ਸਨ ਉਹ ਦੂਜੇ ਪੈਨਲ ਨੂੰ ਖੋਲ ਨਹੀਂ ਸਕੇ ।

ਸੀਵਰ ਹੌਜ ਦੀ ਹੱਥੀਂ ਸਫ਼ਾਈ ਕਰਨ ਦੀ ਮਾਲਕ ਨੇ ਆਗਿਆ ਲਈ ਸੀ ਜਾਂ ਨਹੀਂ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ।

ਪੁਲਿਸ ਮੁਤਾਬਕ ਮੁੱਢਲੀ ਜਾਣਕਾਰੀ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ।

ਅਜਿਹੀਆਂ ਘਟਨਾਵਾਂ ਦੀ ਖ਼ਬਰ ਸਮੇਂ-ਸਮੇਂ 'ਤੇ ਆਉਂਦੀ ਰਹਿੰਦੀ ਹੈ। ਬੀਬੀਸੀ ਪੱਤਰਕਾਰ ਵਿਨੀਤ ਖਰੇ ਨੇ ਦਿੱਲੀ ਦੇ ਕੁਝ ਸੀਵਰ ਮੁਲਾਜ਼ਮਾਂ ਦਾ ਹਾਲ ਜਾਣਿਆ। ਪੜ੍ਹੋ:-

ਤਸਵੀਰ ਸਰੋਤ, Sudhakar Olve

ਸੀਵਰ ਦੀ ਸਫ਼ਾਈ ਦਾ ਕੰਮ ਕਰਨ ਵਾਲੇ ਮੁਲਾਜ਼ਮ ਰੋਜ਼ ਆਪਣੀ ਜਾਨ ਤਲੀ 'ਤੇ ਰੱਖ ਕੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਚੀਕਾਂ 'ਤੇ ਖਾਮੋਸ਼ੀ ਇੱਕ ਵੱਡਾ ਸਵਾਲ ਹੈ।

ਦਿੱਲੀ ਦੇ ਹਿਰਣ ਕੁਦਨਾ ਇਲਾਕੇ ਵਿੱਚ ਵਹਿਣ ਵਾਲੇ ਨਾਲ਼ੇ ਵਿੱਚ ਆਲੇ-ਦੁਆਲੇ ਦੇ ਘਰ, ਮੁਹੱਲੇ ਦਾ ਮਲ-ਮੂਤਰ ਅਤੇ ਫੈਕਟਰੀਆਂ ਦੇ ਰਸਾਇਣ ਤੇ ਕੂੜਾ ਜਮ੍ਹਾਂ ਹੁੰਦਾ ਹੈ।

ਨੇੜੇ ਹੀ ਸੜਕ ਦੀ ਖਾਲੀ ਥਾਂ 'ਤੇ ਕੱਢ ਕੇ ਰੱਖਿਆ ਗਿਆ ਪੁਰਾਣਾ ਕੂੜਾ ਜੰਮ ਕੇ ਸਖ਼ਤ ਤਹਿ ਬਣ ਚੁੱਕਿਆ ਸੀ। ਚਾਰੇ ਪਾਸੇ ਫੈਲੀ ਸੜਾਂਦ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਸੀ।

ਵੀਡੀਓ ਕੈਪਸ਼ਨ,

ਸੀਵਰ ਮੁਲਾਜ਼ਮਾਂ ਦੀਆਂ ਮੌਤਾਂ ‘ਤੇ ਚੁੱਪੀ ਕਿਉਂ?

'ਗੈਸ ਜੋ ਲੋਕਾਂ ਦੀ ਜਾਨ ਲੈ ਲੈਂਦੀ ਹੈ'

ਨੀਤੂ ਅਤੇ ਅਜੀਤ ਨਾਲ਼ੇ ਵਿੱਚ ਗਲ਼ੇ ਤੱਕ ਡੁੱਬੇ ਹੋਏ ਸੀ। ਕਦੇ-ਕਦੇ ਮੈਲਾ ਪਾਣੀ ਉਨ੍ਹਾਂ ਦੀ ਨੱਕ ਦੀ ਉੱਚਾਈ ਤੱਕ ਜਾਂਦਾ ਸੀ। ਉਨ੍ਹਾਂ ਨੇ ਜ਼ੋਰ ਨਾਲ ਮੂੰਹ ਬੰਦ ਕੀਤਾ ਹੋਇਆ ਸੀ।

ਇੱਕ ਦੇ ਹੱਥ ਵਿੱਚ ਬਾਂਸ ਦਾ ਢਾਂਗੂ ਸੀ। ਦੂਜੇ ਦੇ ਹੱਥ ਵਿੱਚ ਲੋਹੇ ਦਾ ਕਾਂਟਾ ਸੀ, ਜਿਸ ਨਾਲ ਉਹ ਨਾਲ਼ੇ ਦੇ ਤਲ ਵਿੱਚ ਫ਼ਸੇ ਕੂੜੇ ਨੂੰ ਇਕੱਠਾ ਕਰ ਰਿਹਾ ਸੀ।

ਕਾਂਟੇ ਨੂੰ ਹਿਲਾਉਂਦੇ ਹੀ ਕਾਲਖ਼ ਮਟਮੈਲੇ ਪਾਣੀ ਦੀ ਸਤ੍ਹਾ 'ਤੇ ਤੈਰ ਗਈ। ਜਿਸ ਨੇ ਉਨ੍ਹਾਂ ਨੂੰ ਘੇਰ ਲਿਆ।

ਨੀਤੂ ਨੇ ਇਸ਼ਾਰਾ ਕੀਤਾ, "ਕਾਲ਼ਾ ਪਾਣੀ ਗੈਸ ਦਾ ਪਾਣੀ ਹੁੰਦਾ ਹੈ। ਉਹੀ ਗੈਸ ਜੋ ਲੋਕਾਂ ਦੀ ਜਾਨ ਲੈ ਲੈਂਦੀ ਹੈ।''

"ਅਸੀਂ ਬਾਂਸ ਮਾਰ ਕੇ ਦੇਖ ਲੈਂਦੇ ਹਾਂ ਕਿ ਉਹ ਗੈਸ ਹੈ ਕਿ ਨਹੀਂ, ਫਿਰ ਅਸੀਂ ਇਸ ਵਿੱਚ ਵੜ੍ਹਦੇ ਹਾਂ। ਬੰਦੇ ਇਸ ਲਈ ਮਰਦੇ ਹਨ ਕਿਉਂਕਿ ਉਹ ਬਿਨਾਂ ਦੇਖੇ ਵੜ੍ਹ ਜਾਂਦੇ ਹਨ।''

ਦਿਨ ਦੇ 300 ਰੁਪਏ ਕਮਾਉਣ ਦੇ ਲਈ ਉਹ ਨਾਲ਼ੇ ਵਿੱਚ ਘੁੰਮਣ ਵਾਲੇ ਸੱਪ, ਡੱਡੂ ਵਰਗੇ ਜਾਨਵਰਾਂ ਲਈ ਵੀ ਤਿਆਰ ਸੀ।

ਕੱਚ, ਕੰਕਰੀਟ ਤੇ ਜਾਨਵਰਾਂ ਤੋਂ ਖ਼ਤਰਾ

ਨਾਲ਼ੇ ਤੋਂ ਨਿਕਲ ਕੇ ਲੰਗੋਟ ਪਹਿਨੀ ਮਾੜਕੂ ਜਿਹੇ ਨੀਤੂ ਥੋੜ੍ਹੀ ਦੇਰ ਧੁੱਪ ਵਿੱਚ ਖੜ੍ਹੇ ਹੋਏ ਸੀ ਤਾਂ ਪਸੀਨਾ ਉਨ੍ਹਾਂ ਦੇ ਨੰਗੇ ਸਰੀਰ 'ਤੇ ਲੱਗੇ ਬਦਬੂਦਾਰ ਪਾਣੀ ਅਤੇ ਚਿੱਕੜ ਨਾਲ ਮਿਲ ਕੇ ਅਜੀਬ ਜਿਹੀ ਬਦਬੂ ਪੈਦਾ ਕਰ ਰਿਹਾ ਸੀ।

ਸੀਵਰ ਵਿੱਚ ਕੱਚ, ਕੰਕਰੀਟ ਜਾਂ ਜੰਗ ਲੱਗੇ ਲੋਹੇ ਕਰਕੇ ਕਈ ਵਾਰ ਨੀਤੂ ਦਾ ਪੈਰ ਵੀ ਕੱਟ ਚੁੱਕਿਆ ਸੀ।

ਕਾਲ਼ੇ ਚਿੱਕੜ ਨਾਲ ਲਿੱਬੜੇ ਪੈਰ੍ਹ ਦਾ ਕੁਝ ਜ਼ਖ਼ਮ ਅਜੇ ਵੀ ਤਾਜ਼ਾ ਸੀ, ਕਿਉਂਕਿ ਉਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਹੀ ਨਹੀਂ ਮਿਲਿਆ।

ਗ਼ੈਰ-ਸਰਕਾਰੀ ਜਥੇਬੰਦੀ 'ਪ੍ਰੈਕਟਿਸ' ਨੇ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਹਰ ਸਾਲ ਦਿੱਲੀ ਵਿੱਚ ਕਰੀਬ 100 ਸੀਵਰ ਮੁਲਾਜ਼ਮਾਂ ਦੀ ਮੌਤ ਹੁੰਦੀ ਹੈ।

ਵਧਦੀ ਮੌਤ ਦਰ

ਸਾਲ 2017 ਵਿੱਚ ਜੁਲਾਈ-ਅਗਸਤ ਦੇ ਮਹੀਨਿਆਂ ਦੌਰਾਨ ਕੇਵਲ ਸਿਰਫ਼ 35 ਦਿਨਾਂ 'ਚ 10 ਸੀਵਰ ਮੁਲਾਜ਼ਮਾਂ ਦੀ ਮੌਤ ਹੋਈ ਸੀ।

ਸਫ਼ਾਈ ਮੁਲਾਜ਼ਮਾਂ ਦੇ ਅੰਦੋਲਨ ਮੁਤਾਬਕ 1993 ਤੋਂ ਹੁਣ ਤੱਕ ਭਾਰਤ ਵਿੱਚ ਹੋਈਆਂ ਕਰੀਬ 1500 ਮੌਤਾਂ ਦੇ ਦਸਤਾਵੇਜ਼ ਜੁਟਾਏ ਹਨ। ਅਸਲ ਗਿਣਤੀ ਕਿਤੇ ਵੱਧ ਦੱਸੀ ਜਾਂਦੀ ਹੈ।

ਲੱਖਾਂ ਲੋਕ ਅੱਜ ਵੀ ਇਸ ਕੰਮ ਨਾਲ ਜੁੜੇ ਹਨ। ਇਹ ਕੰਮ ਕਰਨ ਵਾਲੇ ਜ਼ਿਆਦਾਤਰ ਦਲਿਤ ਹਨ।

ਸੀਵਰ ਵਿੱਚ ਮੌਤਾਂ ਹਾਈਡ੍ਰੋਜਨ ਸਲਫਾਈਡ ਗੈਸ ਚੜ੍ਹਨ ਕਾਰਨ ਹੁੰਦੀਆਂ ਹਨ।

ਤਸਵੀਰ ਸਰੋਤ, Getty Images

ਸੀਵਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਾਹ, ਚਮੜੀ ਤੇ ਪੇਟ ਦੀਆਂ ਵੱਖ-ਵੱਖ ਬਿਮਾਰੀਆਂ ਨਾਲ ਲੜਨਾ ਪੈਂਦਾ ਹੈ।

ਨੀਤੂ ਨੇ ਇਹ ਕੰਮ 16 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ।

ਦਿੱਲੀ ਵਿੱਚ ਉਹ ਆਪਣੇ ਜੀਜਾ ਦਰਸ਼ਨ ਸਿੰਘ ਦੀ ਫਾਸਟ ਫੂਡ ਦੀ ਦੁਕਾਨ ਵਿੱਚ ਰਹਿੰਦੇ ਹਨ।

ਦੁਕਾਨ ਤੱਕ ਪਹੁੰਚਣ ਲਈ ਝੁੱਗੀਆਂ ਦੀਆਂ ਤੰਗ ਗਲੀਆਂ ਤੋਂ ਗੁਜਰਨਾ ਪੈਂਦਾ ਹੈ। ਇਨ੍ਹਾਂ ਝੁੱਗੀਆਂ ਵਿੱਚ ਕਈ ਸੀਵਰ ਮੁਲਾਜ਼ਮ ਰਹਿੰਦੇ ਹਨ।

ਤੰਗ ਗਲੀਆਂ ਦੇ ਦੋਵੇਂ ਪਾਸੇ ਘਰ ਦੇ ਦਰਵਾਜ਼ਿਆਂ 'ਤੇ ਕਿਤੇ ਔਰਤਾਂ ਚੁੱਲੇ 'ਤੇ ਰੋਟੀਆਂ ਪਕਾ ਰਹੀਆਂ ਸੀ ਤਾਂ ਕਿਤੇ ਦੁਕਾਨਦਾਰ ਸਬਜ਼ੀਆਂ ਦੇ ਨਾਲ-ਨਾਲ ਮੁਰਗੀਆਂ ਦੇ ਵੱਖ-ਵੱਖ ਹਿੱਸਿਆਂ ਨੂੰ ਇੱਕ ਪਟਰੀ 'ਤੇ ਸਜਾ ਕੇ ਗਾਹਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ।

ਆਲੇ-ਦੁਆਲੇ ਦੀ ਆਬਾਦੀ ਇੰਨੀ ਜ਼ਿਆਦੀ ਸੀ ਕਿ ਸਾਹ ਲੈਣ ਦੇ ਲਈ ਵੀ ਜ਼ੋਰ ਲਾਉਣਾ ਪੈ ਰਿਹਾ ਸੀ।

ਕੂੜੇ ਨੂੰ ਪਾਰ ਕਰ ਕੇ ਅਸੀਂ ਦਰਸ਼ਨ ਸਿੰਘ ਦੇ ਢਾਬੇ 'ਤੇ ਪਹੁੰਚੇ।

ਕੁਝ ਲੋਕਾਂ ਨੇ ਕੰਮ ਵੀ ਛੱਡਿਆ

ਦਰਸ਼ਨ ਸਿੰਘ ਨੇ 12 ਸਾਲ ਸੀਵਰ ਸਾਫ਼ ਕਰਨ ਦਾ ਕੰਮ ਕੀਤਾ। ਨੇੜੇ ਦੀ ਇਮਾਰਤ ਵਿੱਚ ਦੋ ਸਾਥੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡਣ ਦਾ ਫੈ਼ਸਲਾ ਕੀਤਾ।

ਉਨ੍ਹਾਂ ਨੇ ਦੱਸਿਆ, "ਇੱਕ ਅਪਾਰਟਮੈਂਟ ਵਿੱਚ ਪੁਰਾਣਾ ਸੀਵਰ ਲੰਬੇ ਸਮੇਂ ਤੋਂ ਬੰਦ ਸੀ। ਉਸ ਵਿੱਚ ਬਹੁਤ ਗੈਸ ਸੀ। ਸਾਡੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਦੋ ਲੋਕਾਂ ਨੇ 2000 ਰੁਪਏ ਵਿੱਚ ਉਸ ਨੂੰ ਸਾਫ਼ ਕਰਨ ਦਾ ਠੇਕਾ ਲਿਆ ਸੀ।

ਪਹਿਲਾਂ ਜੋ ਬੰਦਾ ਵੜਿਆ ਉਹ ਉੱਥੇ ਹੀ ਰਹਿ ਗਿਆ ਕਿਉਂਕਿ ਗੈਸ ਜ਼ਬਰਦਸਤ ਸੀ। ਉਸਦੇ ਪੁੱਤਰ ਨੇ ਪਾਪਾ-ਪਾਪਾ ਦੀ ਆਵਾਜ਼ ਦਿੱਤੀ। ਪਾਪਾ ਨੂੰ ਲੱਭਣ ਉਹ ਵੜਿਆ ਪਰ ਵਾਪਸ ਨਾ ਆ ਸਕਿਆ।

ਦੋਵੇਂ ਅੰਦਰ ਹੀ ਖ਼ਤਮ ਹੋ ਗਏ। ਮੁਸ਼ਕਿਲ ਨਾਲ ਉਨ੍ਹਾਂ ਨੂੰ ਕੱਢਿਆ ਗਿਆ। ਉਸ ਵਕਤ ਤੋਂ ਅਸੀਂ ਕੰਮ ਬੰਦ ਕਰ ਦਿੱਤਾ।''

ਨੰਗੇ ਧੜ ਕਰਦੇ ਨੇ ਕੰਮ

ਕਾਨੂੰਨ ਮੁਤਾਬਕ ਸੀਵਰ ਨੂੰ ਹੱਥ ਸਾਫ਼ ਕਰਨ ਦਾ ਕੰਮ ਹੰਗਾਮੀ ਹਾਲਤਾਂ ਚ ਹੀ ਕਰਨਾ ਹੁੰਦਾ ਹੈ।

ਉਸਦੇ ਲਈ ਸੀਵਰ ਮੁਲਾਜ਼ਮਾਂ ਨੂੰ ਸੁਰੱਖਿਆ ਉਪਕਰਣ ਦੇਣਾ ਹੁੰਦਾ ਹੈ।

ਅਸਲ ਵਿੱਚ ਜ਼ਿਆਦਾਤਰ ਮੁਲਾਜ਼ਮ ਨੰਗੇ ਧੜ ਸੀਵਰ ਵਿੱਚ ਕੰਮ ਕਰਦੇ ਹਨ।

ਤਸਵੀਰ ਕੈਪਸ਼ਨ,

ਜਯੋਤੀ, ਰਿਸ਼ੀਪਾਲ ਦੀ ਧੀ

ਅਜਿਹੀ ਘਟਨਾ ਵਿੱਚ ਹਰ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ ਦਿੱਤੇ ਜਾਣ ਦੀ ਤਜਵੀਜ਼ ਹੈ।

ਅਖਿਲ ਭਾਰਤੀ ਦਲਿਤ ਮਹਾਂਪੰਚਾਇਤ ਦੇ ਮੋਰ ਸਿੰਘ ਮੁਤਾਬਕ ਇਸ ਵਿੱਚ ਕਾਗਜ਼ੀ ਕਾਰਵਾਈ ਇੰਨੀ ਜ਼ਿਆਦਾ ਹੁੰਦੀ ਹੈ ਕਿ ਹਰ ਸ਼ਖਸ ਨੂੰ ਇਹ ਮਦਦ ਨਹੀਂ ਮਿਲ ਪਾਉਂਦੀ।

ਸੁਰੱਖਿਆ ਉਪਕਰਨ ਦੀ ਵਰਤੋਂ ਨਹੀਂ

ਅਜਿਹੀ ਇੱਕ ਘਟਨਾ ਵਿੱਚ ਦਿੱਲੀ ਦੇ ਲੋਕ ਜਨਨਾਇਕ ਹਸਪਤਾਲ ਦੇ ਸੀਵਰ ਨੂੰ ਸਾਫ਼ ਕਰਨ ਦੇ ਦੌਰਾਨ 45 ਸਾਲਾ ਰਿਸ਼ੀ ਪਾਲ ਸਿੰਘ ਦੀ ਮੌਤ ਹੋ ਗਈ ਸੀ।

ਐਤਵਾਰ ਦਾ ਦਿਨ ਸੀ। ਰਿਸ਼ੀ ਪਾਲ ਦੀ ਧੀ ਜਯੋਤੀ ਨੂੰ ਪਾਪਾ ਦੇ ਸਾਥੀ ਦਾ ਫੋਨ ਆਇਆ ਕਿ ਉਹ ਜਲਦ ਹਸਪਤਾਲ ਪਹੁੰਚਣ ਕਿਉਂਕਿ ਪਾਪਾ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ।

ਰਿਸ਼ੀ ਪਾਲ ਦੀ ਪਤਨੀ ਅਤੇ ਤਿੰਨ ਬੱਚੇ ਭੱਜਦੇ ਹੋਏ ਹਸਪਤਾਲ ਪਹੁੰਚੇ ਪਰ ਪਤਾ ਲੱਗਿਆ ਕਿ ਰਿਸ਼ੀ ਪਾਲ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦੀ ਲਾਸ਼ ਸਟ੍ਰੇਚਰ 'ਤੇ ਰੱਖੀ ਹੋਈ ਸੀ। ਉਨ੍ਹਾਂ ਦੇ ਸਰੀਰ ਅਤੇ ਕੱਪੜਿਆਂ 'ਤੇ ਸੀਵਰ ਦੀ ਗੰਦਗੀ ਅਜੇ ਵੀ ਲੱਗੀ ਹੋਈ ਸੀ।

ਜਯੋਤੀ ਨੇ ਮੱਧਮ ਆਵਾਜ਼ ਵਿੱਚ ਦੱਸਿਆ, " ਸਾਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਉਹ (ਪਾਪਾ) ਕਿਸੇ ਵੀ ਤਰੀਕੇ ਦਾ ਕੋਈ ਸੁਰੱਖਿਆ ਉਪਕਰਣ ਇਸਤੇਮਾਲ ਨਹੀਂ ਕਰਦੇ ਸੀ।"

ਨੇੜੇ ਹੀ ਚਾਦਰ 'ਤੇ ਔਰਤਾਂ ਦੇ ਨਾਲ ਬੈਠੀ ਜਯੋਤੀ ਦੀ ਮਾਂ ਅਜੇ ਵੀ ਸਦਮੇ ਵਿੱਚ ਸੀ।

ਸਾਥੀ ਸੀਵਰ ਮੁਲਾਜ਼ਮ ਰੋਹ ਵਿੱਚ ਸਨ। ਉਹ ਮੈਨੂੰ ਸੀਵਰ ਤੱਕ ਲੈ ਕੇ ਗਏ ਜਿੱਥੇ ਰਿਸ਼ੀ ਪਾਲ ਦੀ ਮੌਤ ਹੋਈ ਸੀ।

ਨਾਲ ਖੜੇ ਸੁਮਿਤ ਨੇ ਰਿਸ਼ੀ ਪਾਲ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹ ਖੁਦ ਮਰਦੇ-ਮਰਦੇ ਬਚੇ।

ਉਨ੍ਹਾਂ ਨੇ ਮੈਨੂੰ ਦੱਸਿਆ, "ਰਿਸ਼ੀ ਪਾਲ ਰੱਸੀ ਬੰਨ੍ਹ ਕੇ (ਸੀਵਰ ਵਿੱਚ) ਥੱਲੇ ਉੱਤਰੇ ਸੀ। ਮੈਂ ਉਨ੍ਹਾਂ ਨੂੰ ਆਵਾਜ਼ ਮਾਰੀ। ਉਸਤਾਦ ਕੀ ਤੁਸੀਂ ਥੱਲੇ ਪਹੁੰਚ ਗਏ? ਉਨ੍ਹਾਂ ਨੇ ਹੱਥ ਚੁੱਕਿਆ ਅਤੇ ਉਹ (ਅਚਾਨਕ) ਥੱਲੇ ਡਿੱਗ ਪਏ।

ਮੈਨੂੰ ਲੱਗਿਆ ਚਿੱਕੜ ਵਿੱਚ ਉਨ੍ਹਾਂ ਦਾ ਪੈਰ ਤਿਲਕ ਗਿਆ ਹੈ। ਮੈਂ ਥੱਲੇ ਜਾਣ ਲਈ ਪੌੜੀ 'ਤੇ ਪੈਰ ਰੱਖਿਆ। ਇੰਨੇ ਵਿੱਚ ਮੈਨੂੰ ਵੀ ਗੈਸ ਚੜ੍ਹ ਗਈ। ਮੈਂ ਹਿੰਮਤ ਕਰ ਕੇ ਬਾਹਰ ਆ ਗਿਆ ਅਤੇ ਨੇੜੇ ਹੀ ਢੇਰੀ ਹੋ ਗਿਆ। ਉਸ ਤੋਂ ਬਾਅਦ ਮੈਨੂੰ ਕੁਝ ਯਾਦ ਨਹੀਂ।''

ਨਾਲ ਹੀ ਖੜੇ ਇੱਕ ਦੂਜੇ ਸ਼ਖਸ ਨੇ ਕਿਹਾ, "ਜੇਕਰ ਇਹ ਘਟਨਾ ਹਸਪਤਾਲ ਦੇ ਬਾਹਰ ਕਿਤੇ ਹੋਈ ਹੁੰਦੀ ਤਾਂ ਹੋਰ ਲੋਕਾਂ ਦੀ ਮੌਤ ਹੋ ਜਾਂਦੀ''

ਕੌਣ ਜ਼ਿੰਮੇਵਾਰ?

ਹਸਪਤਾਲ ਦੇ ਮੈਡੀਕਲ ਡਾਇਰੈਕਟਰ ਜੇ.ਸੀ ਪਾਸੀ ਨੇ ਮੌਤ 'ਤੇ ਦੁੱਖ ਪ੍ਰਗਟਾਇਆ ਪਰ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ।

ਉਹ ਕਹਿੰਦੇ ਹਨ, "ਹਸਪਤਾਲ ਦੇ ਸੀਵਰ ਦੀ ਜ਼ਿੰਮੇਵਾਰੀ ਪੀ.ਡਬਲਿਊ.ਡੀ ਵਿਭਾਗ ਹੁੰਦੀ ਹੈ...ਜੇਕਰ ਸੀਵਰ ਮੁਲਾਜ਼ਮ ਨੂੰ ਸੁਰੱਖਿਆ ਉਪਕਰਣ ਨਹੀਂ ਦਿੱਤੇ ਗਏ ਤਾਂ ਮੇਰੀ ਜ਼ਿੰਮੇਵਾਰੀ ਨਹੀਂ।''

ਤਸਵੀਰ ਸਰੋਤ, SUDHAKAR OLVE

ਦਿੱਲੀ ਜਲ ਬੋਰਡ ਦੀ ਡਾਇਰੈਕਟਰ (ਰੇਵੈਨਿਊ) ਨਿਧੀ ਸ਼੍ਰੀਵਾਸਤਵ ਨੇ ਮੌਤਾਂ ਦੀ ਜ਼ਿੰਮੇਵਾਰੀ ਲਈ ਅਤੇ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ।

ਪਰ ਇਨ੍ਹਾਂ ਵਾਅਦਿਆਂ 'ਤੇ ਕਿੰਨਾ ਭਰੋਸਾ ਕੀਤਾ ਜਾਵੇ?

'ਗਾਂ ਦੇ ਮਰਨ 'ਤੇ ਅੰਦੋਲਨ, ਦਲਿਤ ਦੀ ਮੌਤ 'ਤੇ ਖ਼ਾਮੋਸ਼ੀ'

ਸਫ਼ਾਈ ਮੁਲਾਜ਼ਮ ਅੰਦੋਲਨ ਦੇ ਬੇਜਵਾੜਾ ਵਿਲਸਨ ਕਹਿੰਦੇ ਹਨ, "ਜੇਕਰ ਇੱਕ ਮਹੀਨੇ ਵਿੱਚ ਦਿੱਲੀ ਵਿੱਚ 10 ਗਾਊਆਂ ਮਰ ਜਾਣ ਤਾਂ ਹੰਗਾਮਾ ਮੱਚ ਜਾਵੇਗਾ ਅਤੇ ਲੋਕ ਸੜਕਾਂ 'ਤੇ ਨਿਕਲ ਜਾਣਗੇ।

ਉਨ੍ਹਾਂ ਅੱਗੇ ਕਿਹਾ, "ਇਸੇ ਸ਼ਹਿਰ ਵਿੱਚ ਇੱਕ ਮਹੀਨੇ ਵਿੱਚ 10 ਦਲਿਤ ਸੀਵਰ ਮੁਲਾਜ਼ਮਾਂ ਦੀ ਮੌਤ ਹੋ ਗਈ ਪਰ ਇੱਕ ਆਵਾਜ਼ ਨਹੀਂ ਉੱਠੀ। ਇਹ ਚੁੱਪੀ ਬੇਚੈਨ ਕਰਨ ਵਾਲੀ ਹੈ।''

ਉਹ ਕਹਿੰਦੇ ਹਨ, "ਕੋਈ ਵੀ ਵਿਅਕਤੀ ਦੂਜੇ ਦਾ ਮਲ-ਮੂਤਰ ਸਾਫ਼ ਨਹੀਂ ਕਰਨਾ ਚਾਹੁੰਦਾ ਪਰ ਸਮਾਜਿਕ ਢਾਂਚੇ ਕਰਕੇ ਦਲਿਤ ਇਹ ਕੰਮ ਕਰਨ ਲਈ ਮਜਬੂਰ ਹਨ।

ਜਦੋਂ ਅਸੀਂ ਮੰਗਲ ਗ੍ਰਹਿ ਤੱਕ ਜਾਣ ਦੀ ਸੋਚ ਸਕਦੇ ਹਾਂ ਤਾਂ ਇਸ ਸਮੱਸਿਆ ਨੂੰ ਕਿਉਂ ਹੱਲ ਨਹੀਂ ਕਰ ਰਹੇ।"

ਵਿਲਸਨ ਮੁਤਾਬਕ ਜਿੱਥੇ ਸਰਕਾਰ ਲੱਖਾਂ ਨਵੇਂ ਪਾਖਾਨੇ ਬਣਾਉਣ ਦੀ ਗੱਲ ਕਰਦੀ ਹੈ, ਉੱਥੇ ਇਨ੍ਹਾਂ ਪਾਖਾਨਿਆਂ ਦੇ ਲਈ ਬਣਾਏ ਜਾ ਰਹੇ ਪਿਟਸ ਜਾਂ ਟੋਇਆਂ ਨੂੰ ਸਾਫ਼ ਕਰਨ ਬਾਰੇ ਕੋਈ ਕਿਉਂ ਨਹੀਂ ਸੋਚਦਾ।

'ਮਿਲਦੀ ਹੈ ਨਫ਼ਰਤ'

ਨੀਤੂ ਦੇ ਜੀਜਾ ਦਰਸ਼ਨ ਸਿੰਘ ਕਹਿੰਦੇ ਹਨ, "ਅਸੀਂ ਅਨਪੜ੍ਹ ਹਾਂ, ਸਾਡੇ ਕੋਲ ਕੋਈ ਕੰਮ ਨਹੀਂ ਹੈ। ਪਰਿਵਾਰ ਨੂੰ ਪਾਲਣ ਲਈ ਸਾਨੂੰ ਇਹ ਕੰਮ ਕਰਨਾ ਪੈਂਦਾ ਹੈ।

"ਜੇਕਰ ਅਸੀਂ ਬੰਦ ਸੀਵਰ ਬਾਰੇ ਪੁੱਛਦੇ ਹਾਂ ਤਾਂ ਅਫ਼ਸਰ ਕਹਿੰਦੇ ਹਨ, "ਤੁਸੀਂ ਇਸ ਵਿੱਚ ਵੜੋ ਅਤੇ ਕੰਮ ਕਰੋ। ਪੇਟ ਲਈ ਸਾਨੂੰ ਕਰਨਾ ਪੈਂਦਾ ਹੈ।''

"ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ ਕਿਉਂਕਿ ਇਹ ਗੰਦਾ ਕੰਮ ਹੁੰਦਾ ਹੈ। ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਮਜ਼ਦੂਰੀ ਕਰਦੇ ਹਾਂ।

ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਉਨ੍ਹਾਂ ਨੂੰ ਸੱਚ ਦੱਸ ਦਿੱਤਾ ਤਾਂ ਉਹ ਸਾਡੇ ਤੋਂ ਨਫ਼ਰਤ ਕਰਨ ਲੱਗਣਗੇ।

ਕੁਝ ਲੋਕ ਸ਼ਰਾਬ ਪੀਂਦੇ ਹਨ। ਮਜਬੂਰੀ ਵਿੱਚ ਅੱਖ ਮੀਚ ਕੇ ਕੰਮ ਕਰਦੇ ਹਾਂ।"

"ਲੋਕ ਸਾਨੂੰ ਦੂਰ ਤੋਂ ਪਾਣੀ ਦਿੰਦੇ ਹਨ, ਕਹਿੰਦੇ ਹਨ, ਉੱਥੇ ਰੱਖਿਆ ਹੈ, ਲੈ ਲਓ। ਬਹੁਤ ਲੋਕ ਸਾਥੋਂ ਨਫ਼ਰਤ ਕਰਦੇ ਹਨ ਕਿਉਂਕਿ ਇਹ ਗੰਦਾ ਕੰਮ ਹੈ। ਅਸੀਂ ਜੇਕਰ ਨਫ਼ਰਤ ਕਰਾਂਗੇ ਤਾਂ ਸਾਡਾ ਪਰਿਵਾਰ ਕਿਵੇਂ ਚੱਲੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)