ਜਗਤਾਰ ਸਿੰਘ ਜੌਹਲ ਨਹੀਂ ਜਾਵੇਗਾ ਤਿਹਾੜ ਜੇਲ੍ਹ

  • ਅਰਵਿੰਦ ਛਾਬੜਾ
  • ਬੀਬੀਸੀ ਪੰਜਾਬੀ, ਚੰਡੀਗੜ੍ਹ
ਜਗਤਾਰ ਜੌਹਲ

ਤਸਵੀਰ ਸਰੋਤ, BBC/Pal Singh Nauli

ਮੋਹਾਲੀ ਦੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (NIA) ਦੀ ਸਪੈਸ਼ਲ ਅਦਾਲਤ ਨੇ ਐੱਨਆਈਏ ਦੀ ਸਿਆਸੀ ਕਤਲਾਂ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਹੋਏ ਸਕੌਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਤਿਹਾੜ ਜੇਲ੍ਹ 'ਚ ਭੇਜਣ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ।

ਇਸ ਦੀ ਪੁਸ਼ਟੀ ਜੌਹਲ ਦੇ ਵਕੀਲ, ਜਸਪਾਲ ਸਿੰਘ ਮੰਝਪੁਰ ਨੇ ਕੀਤੀ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਉਹ ਜਲਦੀ ਹੀ ਇਸ ਦੇ ਆਰਡਰ ਦੀ ਕਾਪੀ ਲਈ ਅਰਜ਼ੀ ਦੇਣਗੇ।

ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੇ ਅਦਾਲਤ ਨੂੰ ਕਿਹਾ ਸੀ ਕਿ ਭਾਰਤ ਸਰਕਾਰ ਨੇ ਜੌਹਲ ਸਮੇਤ ਸਿਆਸੀ ਕਤਲਾਂ ਦੇ ਸਾਰੇ ਕੈਦੀਆਂ ਨੂੰ ਨਾਭਾ ਜੇਲ੍ਹ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਭੇਜਣ ਦੀ ਮਨਜ਼ੂਰੀ ਪਹਿਲਾਂ ਤੋਂ ਹੀ ਦੇ ਦਿੱਤੀ ਸੀ।

ਐੱਨਆਈਏ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਸਰਕਾਰ ਨੇ ਵੀ ਜੌਹਲ ਨੂੰ ਤਿਹਾੜ ਜੇਲ੍ਹ ਲਈ ਕੋਈ ਇਤਰਾਜ਼ ਨਹੀਂ ਜਤਾਇਆ।

ਐੱਨਆਈਏ ਨੇ ਕਿਹਾ, "ਕਈ ਸਰੋਤਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ।"

ਏਜੰਸੀ ਨੇ ਅੱਗੇ ਕਿਹਾ, "ਉਨ੍ਹਾਂ ਦਾ ਇਸ ਪਿੱਛੇ ਮਕਸਦ ਭਾਰਤੀ ਸੰਵਿਧਾਨ ਦੀ ਧਾਰਾ 21 ਅਧੀਨ ਅਜਿਹੇ ਮੁਲਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।"

ਹਾਲਾਂਕਿ ਜੌਹਲ ਦੇ ਵਕੀਲ ਨੇ ਐੱਨਆਈਏ ਇਸ ਦਾਅਵੇ ਦਾ ਵਿਰੋਧ ਕਰਦੇ ਹੋਏ ਕਿਹਾ, "ਐੱਨਆਈਏ ਜੌਹਲ ਨੂੰ ਇਕੱਲਿਆਂ ਕਰਨਾ ਚਾਹੁੰਦੀ ਹੈ ਜਿੱਥੇ ਉਸ ਨੂੰ ਜ਼ਰੂਰੀ ਮਦਦ ਵੀ ਮੁਹੱਈਆ ਨਾ ਹੋਵੇ।"

ਇਹ ਦੇਖਣਾ ਬਾਕੀ ਹੈ ਕਿ ਐੱਨਆਈਏ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਲੈ ਕੇ ਜਾਂਦੀ ਹੈ ਜਾਂ ਨਹੀਂ।

ਐੱਨਆਈਏ ਨੇ ਇਹ ਅਰਜ਼ੀ ਆਰਐੱਸਐੱਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਦਾਇਰ ਕੀਤੀ ਸੀ।

60 ਸਾਲਾ ਗੋਸਾਈਂ ਨੂੰ ਅਕਤੂਬਰ 2017 ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁਧਿਆਣਾ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਪੰਜਾਬ ਪੁਲਿਸ ਤੋਂ ਬਾਅਦ, ਅੱਤਵਾਦ ਵਿਰੋਧੀ ਏਜੰਸੀ ਐੱਨਆਈਏ ਪੰਜਾਬ 'ਚ ਸਿਆਸੀ ਕਤਲਾਂ ਦੀ ਜਾਂਚ ਕਰ ਰਹੀ ਹੈ।

ਜਗਤਾਰ ਜੌਹਲ ਆਪਣੇ ਵਿਆਹ ਲਈ 2 ਅਕਤੂਬਰ 2017 ਨੂੰ ਭਾਰਤ ਆਏ ਸਨ।

ਜਗਤਾਰ ਸਿੰਘ ਜੌਹਲ ਨੂੰ ਨੂੰ 4 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)