#HerChoice: ‘...ਮੈਨੂੰ ਸਾਥ ਲਈ ਪਤੀ ਦੀ ਲੋੜ ਨਹੀਂ’

herchoice

"ਮੇਰੀ ਸੱਤ ਸਾਲ ਦੀ ਧੀ ਕਿਸੇ ਵੀ ਬੱਚੇ ਦੀ ਤਰ੍ਹਾਂ ਖੁਸ਼, ਬੇਪ੍ਰਵਾਹ ਅਤੇ ਉਤਸੁਕ ਹੈ-ਆਪਣੇ ਆਸ-ਪਾਸ ਦੀ ਦੁਨੀਆਂ ਅਤੇ ਜ਼ਿੰਦਗੀ ਬਾਰੇ ਉਤਸਕ। ਉਹ ਅਕਸਰ ਪੁੱਛਦੀ ਹੈ ਕਿ ਮੇਰੇ ਪਿਤਾ ਕਿਉਂ ਨਹੀਂ ਹਨ?"

ਮੈਂ ਕੁਆਰੀ ਰਹਿਣ ਦਾ ਫੈਸਲਾ ਕੀਤਾ ਅਤੇ ਹਮੇਸ਼ਾ ਉਹੀ ਸੱਚ ਧੀ ਨੂੰ ਵੀ ਦੱਸਿਆ, "ਮੈਂ ਕੁਆਰੀ ਹਾਂ ਇਸ ਕਰਕੇ ਤੇਰੇ ਪਿਤਾ ਨਹੀਂ ਹਨ।"

ਮੈਨੂੰ ਨਹੀਂ ਲੱਗਦਾ ਕਿ ਉਹ ਇਸ ਜਵਾਬ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ।

ਮੈਂ ਧੀ ਨੂੰ ਗੋਦ ਲਿਆ ਸੀ ਅਤੇ ਪਰਿਵਾਰ ਵਿੱਚ ਮਾਂ ਤਾਂ ਹੈ ਪਰ ਪਿਤਾ ਨਹੀਂ।

ਸ਼ਾਇਦ ਇਸ ਨੇ ਉਸ ਦੇ ਛੋਟੇ ਜਿਹੇ ਦਿਮਾਗ ਨੂੰ ਉਲਝਣ ਵਿੱਚ ਪਾ ਦਿੱਤਾ।

ਜਦੋਂ ਉਹ ਪੰਜ ਸਾਲ ਦੀ ਸੀ ਤਾਂ ਇੱਕ ਦਿਨ ਉਸ ਨੇ ਪੁੱਛਿਆ, "ਮਾਂ, ਤੁਸੀਂ ਮੈਨੂੰ ਦੱਸਿਆ ਸੀ ਕਿ ਜਦੋਂ ਮੁੰਡੇ ਅਤੇ ਕੁੜੀ ਵੱਡੇ ਹੋ ਜਾਂਦੇ ਹਨ ਤਾਂ ਉਹ ਵਿਆਹ ਕਰਵਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਬੱਚੇ ਹੁੰਦੇ ਹਨ। ਮੈਨੂੰ ਜਨਮ ਦੇਣ ਵਾਲੀ ਮਾਂ ਨੇ ਵੀ ਕਿਸੇ ਨਾਲ ਵਿਆਹ ਕਰਵਾਇਆ ਹੋਵੇਗਾ। ਜਿਵੇਂ ਮੈਨੂੰ ਜਨਮ ਦੇਣ ਵਾਲੀ ਮਾਂ ਬਾਰੇ ਨਹੀਂ ਜਾਣਦੇ ਉਸ ਤਰ੍ਹਾਂ ਹੀ ਅਸੀਂ ਮੈਨੂੰ ਜਨਮ ਦੇਣ ਵਾਲੇ ਪਿਤਾ ਨੂੰ ਨਹੀਂ ਜਾਣਦੇ ਪਰ ਇਹ ਨਾ ਕਹੋ ਕਿ ਮੇਰੇ ਪਿਤਾ ਨਹੀਂ ਹਨ।"

ਮੇਰੀਆਂ ਅੱਖਾਂ 'ਚੋਂ ਹੰਝੂ ਵਹਿ ਗਏ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪ੍ਰਤੀਕਰਮ ਨੇ ਉਸ ਨੂੰ ਕਿਵੇਂ ਦਾ ਮਹਿਸੂਸ ਕਰਵਾਇਆ ਹੋਏਗਾ।

ਉਸ ਲਈ ਇਹ ਸੌਖਾ ਜਿਹਾ ਤਰਕ ਸੀ। ਪੰਜ ਸਾਲ ਦੀ ਬੱਚੀ ਨੇ ਆਪਣੇ ਹੀ ਸਵਾਲ ਵਿੱਚ ਜਵਾਬ ਲੱਭ ਲਿਆ ਸੀ।

ਇੱਕ ਮਾਂ ਅਤੇ ਇੱਕ ਇਨਸਾਨ ਹੋਣ ਦੇ ਨਾਤੇ ਮੈਂ ਸੋਚਣ ਲਈ ਮਜ਼ਬੂਰ ਹੋ ਗਈ ਕਿ ਮੈਂ ਉਸ ਨੂੰ ਕਿਸ ਤਰ੍ਹਾਂ ਦਾ ਤਜਰਬਾ ਦੇ ਰਹੀ ਸੀ।

------------------------------------------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀਆਂ ਹਨ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀਆਂ ਹਨ।

------------------------------------------------------------------------------------------------------------------------------------

ਉਹ ਕਹਿੰਦੀ ਰਹਿੰਦੀ ਹੈ, "ਮਾਂ ਵਿਆਹ ਕਰਵਾ ਲਓ..."

ਮੈਂ ਉਸ ਨੂੰ ਦੱਸਿਆ, "ਅਜਿਹਾ ਨਹੀਂ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ...ਹੋ ਸਕਦਾ ਹੈ ਕਿਸੇ ਦਿਨ ਵਿਆਹ ਕਰਵਾ ਲਵਾਂ ਪਰ ਜੇ ਮੈਨੂੰ ਉਹ ਸ਼ਖ਼ਸ ਮਿਲੇ ਜੋ ਮੈਨੂੰ ਸਮਝ ਸਕੇ ਅਤੇ ਮੈਂ ਉਸ ਨੂੰ ਸਮਝ ਸਕਾਂ।"

ਜਦੋਂ ਉਹ ਵੱਡੀ ਹੋ ਜਾਵੇਗੀ ਅਤੇ ਇਹੀ ਸਵਾਲ ਪੁੱਛੇਗੀ ਤਾਂ ਮੇਰਾ ਜਵਾਬ ਵੀ ਉਹੀ ਰਹੇਗਾ।

ਕੁਆਰੀ ਰਹਿਣਾ ਮੇਰੇ ਲਈ ਕਿਸੇ ਤਰ੍ਹਾਂ ਵੀ ਦੁਖ ਦੇਣ ਵਾਲਾ ਨਹੀਂ ਹੈ।

ਮੈਂ ਆਪਣੀ ਧੀ ਨਾਲ 'ਸਿੰਗਲ ਪੇਰੈਂਟ' (ਇਕੱਲੀ ਪਾਲਣਹਾਰ) ਹੋਣ ਦਾ ਆਨੰਦ ਮਾਣ ਰਹੀ ਹਾਂ।

ਮੈਂ ਮਰਦਾਂ ਤੋਂ ਨਫ਼ਰਤ ਨਹੀਂ ਕਰਦੀ। ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ ਅਤੇ ਆਪਣੀ ਧੀ ਨੂੰ ਵੀ ਉਹੀ ਸਿਖਾ ਰਹੀ ਹਾਂ।

ਮੈਂ ਵਿਆਹ ਕਿਉਂ ਨਹੀਂ ਕਰਵਾਇਆ ਕੀ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਹੈ?

ਮੈਂ ਕੁਆਰੀ ਹੁੰਦੇ ਹੋਏ ਵੀ ਕਿਉਂ ਬੱਚੀ ਗੋਦ ਲੈਣ ਦਾ ਫੈਸਲਾ ਕੀਤਾ?

20 ਸਾਲ ਪਹਿਲਾਂ ਜਦੋਂ ਮੇਰੀ ਵਿਆਹ ਦੀ ਉਮਰ ਸੀ ਸਾਡੇ ਭਾਈਚਾਰੇ ਵਿੱਚ ਵਧੇਰੇ ਲੋਕ ਵਪਾਰ ਕਰਦੇ ਸਨ ਅਤੇ ਮੁੰਡੇ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ।

ਜ਼ਿਆਦਾਤਰ 'ਪੜ੍ਹੇ-ਲਿਖੇ' ਨੌਜਵਾਨਾਂ ਲਈ ਸਰੀਰਕ ਦਿੱਖ ਮਾਅਨੇ ਰੱਖਦੀ ਸੀ।

ਮੈਨੂੰ ਅਜਿਹੇ ਸ਼ਖ਼ਸ ਦੀ ਭਾਲ ਸੀ ਜੋ ਪੜ੍ਹਿਆ-ਲਿਖਿਆ ਹੋਵੇ, ਚੰਗੇ ਸੰਸਕਾਰ ਹੋਣ ਅਤੇ ਮੇਰੀ ਅਹਿਮੀਅਤ ਮੇਰੀ ਆਪਣੀ ਸ਼ਖ਼ਸੀਅਤ ਕਰਕੇ ਹੋਵੇ, ਮੇਰੀ ਅੰਦਰੂਨੀ ਖੂਬਸੂਰਤੀ ਕਰਕੇ।

ਇਸ ਭਾਲ ਨੇ ਮੈਨੂੰ ਆਪਣੇ ਬਾਰੇ ਜਾਣਨ ਦਾ ਮੌਕਾ ਵੀ ਦਿੱਤਾ।

ਮੈਂ ਮਹਾਰਾਸ਼ਟਰ ਦੇ ਇੱਕ ਪੇਂਡੂ ਖੇਤਰ ਦੇ ਇੱਕ ਰੂੜੀਵਾਦੀ ਪਰਿਵਾਰ ਨਾਲ ਸਬੰਧ ਰੱਖਦੀ ਹਾਂ।

ਕਈ ਭਾਰਤੀ ਕੁੜੀਆਂ ਵਾਂਗ ਮੈਂ ਆਪਣੇ ਘਰ ਵਿੱਚ ਕੁਝ ਵੀ ਮਾਇਨੇ ਨਹੀਂ ਰੱਖਦੀ ਸੀ।

ਮੇਰੀ ਰਾਇ ਕੁਝ ਵੀ ਮਾਅਨੇ ਨਹੀਂ ਰੱਖਦੀ ਸੀ।

ਮੇਰੇ ਪਿਤਾ ਨੇ ਮੈਨੂੰ ਉਚੇਰੀ ਸਿੱਖਿਆ ਲਈ ਸਮਰਥਨ ਦਿੱਤਾ ਜੋ ਕਿ ਸਾਡੇ ਭਾਈਚਾਰੇ ਵਿੱਚ ਆਮ ਗੱਲ ਨਹੀਂ ਸੀ।

ਮੈਨੂੰ ਚੰਗੀ ਨੌਕਰੀ ਵੀ ਮਿਲ ਗਈ। ਮੈਨੂੰ ਖੁਦ 'ਤੇ ਭਰੋਸਾ ਸੀ।

ਜਿਵੇਂ ਸਮਾਂ ਲੰਘਦਾ ਗਿਆ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਕ ਆਜ਼ਾਦ ਜ਼ਿੰਦਗੀ ਦੀ ਤਰਜ਼ਮਾਨੀ ਕਰਦੀ ਹਾਂ ਜੋ ਕਿ ਮੈਨੂੰ ਜਿਉਣੀ ਚਾਹੀਦੀ ਹੈ।

ਵਿਆਹ ਕਿਸੇ ਵੀ ਸ਼ਖ਼ਸ ਦੀ ਜ਼ਿੰਦਗੀ ਵਿੱਚ ਅਹਿਮ ਫੈਸਲਾ ਹੁੰਦਾ ਹੈ। ਇਹ ਸਿਰਫ਼ ਮੇਰਾ ਹੀ ਫੈਸਲਾ ਹੋਣਾ ਚਾਹੀਦਾ ਹੈ।

ਕਿਸੇ ਨੂੰ ਮੇਰੀ ਜ਼ਿੰਦਗੀ ਦਾ ਫੈਸਲਾ ਲੈਣ ਦਾ ਕੀ ਹੱਕ ਹੈ?

ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਸਾਥ ਲਈ 'ਪਤੀ' ਦੀ ਲੋੜ ਨਹੀਂ। ਇਸ ਲਈ ਮੈਂ ਕੁਆਰੀ ਹਾਂ।

ਮੇਰੇ ਮਾਪੇ ਮੇਰੇ ਫੈਸਲੇ ਨਾਲ ਸਹਿਮਤ ਸਨ।

ਮੇਰੀ ਜ਼ਿੰਦਗੀ ਵਿੱਚ ਕੁਝ ਵੀ ਬਦਲਾਅ ਨਹੀਂ ਹੁੰਦਾ ਜੇ ਮੈਂ ਅਨਾਥ ਬੱਚਿਆਂ ਦੇ ਨਾਲ ਕੰਮ ਕਰਨਾ ਸ਼ੁਰੂ ਨਾ ਕੀਤਾ ਹੁੰਦਾ।

ਇਹ ਮੇਰੀ ਕੰਪਨੀ ਦੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲੀਟੀ (CSR) ਪ੍ਰੋਗਰਾਮ ਦਾ ਹਿੱਸਾ ਸੀ।

ਪੜ੍ਹਨਾ, ਖੇਡਣਾ ਅਤੇ ਬੱਚਿਆਂ ਨਾਲ ਸਿਰਫ਼ ਸਮਾਂ ਬਿਤਾਉਣਾ ਬਹੁਤ ਮਜ਼ੇਦਾਰ ਸੀ। ਮੇਰਾ ਮਨ ਇਸ ਲਈ ਹੋਰ ਤੜਫ਼ਦਾ ਸੀ।

ਹਾਲਾਂਕਿ ਮੈਂ ਬਹੁਤ ਕੁਝ ਕਰਨਾ ਚਾਹੁੰਦੀ ਸੀ ਪਰ ਕੁਝ ਹੱਦਾਂ ਸਨ ਅਤੇ ਦੂਰੀ ਬਰਕਰਾਰ ਰੱਖਣਾ ਕਾਫ਼ੀ ਦਰਦ ਭਰਿਆ ਸੀ।

ਉਦੋਂ ਮੈਂ ਬੱਚਾ ਗੋਦ ਲੈਣ ਦਾ ਫੈਸਲਾ ਕੀਤਾ ਪਰ ਇਸ ਫੈਸਲੇ ਦੇ ਰਾਹ ਵਿੱਚ ਕਈ ਸਵਾਲ ਖੜ੍ਹੇ ਸਨ।

ਬੱਚਾ ਪਰਿਵਾਰ ਨਾਲ ਕਿਵੇਂ ਸਾਂਝ ਬਣਾਏਗਾ? ਕੀ ਮੈਂ ਚੰਗੀ ਮਾਂ ਬਣ ਸਕਾਂਗੀ? ਕੀ ਮੈਂ ਬੱਚੀ ਨੂੰ ਇਕੱਲੇ ਪਾਲ ਸਕਾਂਗੀ?

ਦੋ ਸਾਲ ਤੱਕ ਇਹ ਸਵਾਲ ਮੇਰੇ ਮਨ ਵਿੱਚ ਉੱਠਦੇ ਰਹੇ। ਹਾਲਾਂਕਿ ਖਦਸ਼ੇ ਬਰਕਾਰ ਸਨ ਪਰ ਬਾਵਜੂਦ ਉਸ ਦੇ ਮੈਂ ਇੱਕ ਕੁੜੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ।

ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਅਤੇ ਉਹ ਸਭ ਸਵਾਲ ਤੇ ਮੁੱਦੇ ਇੱਕ ਕਾਗਜ਼ ਤੇ ਲਿਖੇ ਜੋ ਮੈਨੂੰ ਪ੍ਰੇਸ਼ਾਨ ਕਰ ਰਹੇ ਸਨ।

ਸਭ ਕੁਝ ਕੁਆਰੀ ਮਾਂ ਬਣਨ ਦੀ ਜ਼ਿੰਮੇਵਾਰੀ ਤੱਕ ਸੀਮਿਤ ਹੋ ਗਿਆ।

ਮੈਨੂੰ ਅਹਿਸਾਸ ਹੋਇਆ ਕਿ ਦੋਸਤਾਂ ਅਤੇ ਪਰਿਵਾਰ ਦਾ ਸਾਥ ਇਸ ਲਈ ਕਿੰਨਾ ਜ਼ਰੂਰੀ ਹੈ।

6 ਮਹੀਨੇ ਦੀ ਮੇਰੀ ਧੀ ਜਦੋਂ ਘਰ ਆਈ ਤਾਂ ਮੇਰੀ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ।

ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਤਿਉਹਾਰ ਹੋਵੇ। ਤਕਰੀਬਨ 50 ਲੋਕ ਉਸ ਦੇ ਸਵਾਗਤ ਲਈ ਖੜ੍ਹੇ ਸਨ।

ਜਦੋਂ ਉਹ ਘਰ ਆਈ ਤਾਂ ਮੇਰੇ ਸਾਰੇ ਖਦਸ਼ੇ ਦੂਰ ਹੋ ਗਏ। ਉਹ ਪਿਆਰੀ ਪੋਤੀ ਬਣ ਗਈ ਅਤੇ ਮੈਂ ਮਜ਼ਬੂਤ ਦਲੇਰ ਸਿੰਗਲ ਪੇਰੈਂਟ।

ਹੌਲੀ-ਹੌਲੀ ਮੈਂ ਆਪਣੇ ਮਾਪਿਆਂ ਦੇ ਘਰ 'ਚੋਂ ਨਿਕਲ ਕੇ ਆਜ਼ਾਦ ਰਹਿਣ ਦਾ ਫੈਸਲਾ ਕੀਤਾ।

ਸਾਡੇ ਵਿਚਾਲੇ ਗੂੜ੍ਹਾ ਸਬੰਧ ਬਣ ਗਿਆ ਸੀ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਉਸ ਦੀ ਅਸਲੀ ਮਾਂ ਨਹੀਂ ਹਾਂ।

ਮੇਰੀ ਧੀ ਮੈਨੂੰ ਬਹੁਤ ਪਿਆਰ ਕਰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਦੁਨੀਆਂ ਦੀ 'ਸਭ ਤੋਂ ਚੰਗੀ ਮਾਂ' ਹਾਂ।

ਜਦੋਂ ਉਹ ਮੈਨੂੰ ਕੰਮ ਕਰਦੇ ਹੋਏ ਦੇਖਦੀ ਹੈ ਉਹ ਕਹਿੰਦੀ ਹੈ ਕਿ ਹੁਣ ਤੁਸੀਂ ਮੇਰੇ ਪਿਤਾ ਹੋ! ਅਤੇ ਉਹ ਮੇਰੇ ਲਈ ਅਨਮੋਲ ਹੈ।

ਗੋਦ ਲਏ ਬੱਚੇ ਲਈ ਜ਼ਿੰਦਗੀ ਸੌਖੀ ਨਹੀਂ ਹੁੰਦੀ ਅਤੇ ਅਸੀਂ ਦੋਵੇਂ ਸਮਾਜ ਦੇ ਕਈ ਸਵਾਲਾਂ ਦੇ ਜਵਾਬ ਦੇਣੇ ਸਿੱਖ ਰਹੇ ਹਾਂ ਜਿਨ੍ਹਾਂ ਵਿੱਚੋਂ ਕਈ ਸੰਵੇਦਨਹੀਣ ਵੀ ਹੁੰਦੇ ਹਨ।

ਕਈ ਲੋਕ ਮੇਰੀ ਧੀ ਦੇ ਅਤੀਤ ਬਾਰੇ ਪੁੱਛਦੇ ਹਨ ਪਰ ਜੇ ਉਹ ਅਤੀਤ ਹੀ ਹੈ ਤਾਂ ਫਿਰ ਸਵਾਲ ਕਰਨ ਦੀ ਕੀ ਲੋੜ ਹੈ?

ਅਤੇ ਉਸ ਤੋਂ ਉਹ ਸਵਾਲ ਕਿਉਂ ਪੁੱਛਣੇ ਹਨ?

ਇਨ੍ਹਾਂ ਸਭ ਗੁੰਝਲ਼ਦਾਰ ਚੀਜ਼ਾਂ ਦੀ ਥਾਂ ਜ਼ਿੰਦਗੀ ਵਿੱਚ ਕਾਫ਼ੀ ਸਾਧਾਰਨ ਖੁਸ਼ੀ ਅਤੇ ਪਿਆਰ ਦੇ ਪਲ਼ ਹੁੰਦੇ ਹਨ।

ਇਸ ਦਾ ਇਹ ਨਤੀਜਾ ਨਿਕਲਿਆ ਕਿ ਹੁਣ ਮੇਰੀ ਭੈਣ ਨੇ ਵੀ ਇੱਕ ਬੱਚੀ ਨੂੰ ਗੋਦ ਲਿਆ ਹੈ।

ਗੋਦ ਲੈਣਾ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ।

ਹੁਣ ਮੈਂ ਉਨ੍ਹਾਂ ਮਾਪਿਆਂ ਅਤੇ ਬੱਚਿਆਂ ਦੀ ਕਾਊਂਸਲਿੰਗ ਕਰਦੀ ਹਾਂ ਜਿਹੜੇ ਗੋਦ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹਨ।

ਮੇਰੀ ਧੀ ਸਕੂਲ ਜਾਣਾ ਪਸੰਦ ਨਹੀਂ ਕਰਦੀ ਇਸ ਲਈ ਮੈਂ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਮੈਂ ਉਸ ਨੂੰ ਆਪਣੇ ਫੈਸਲੇ ਖੁਦ ਲੈਣ ਵਿੱਚ ਮਦਦ ਕਰਨਾ ਚਾਹੁੰਦੀ ਹਾਂ।

ਮੈਂ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਇਹ ਨਹੀਂ ਕਰ ਸਕੀ ਸੀ ਪਰ ਹੁਣ ਇਸ ਨੂੰ ਕਾਫ਼ੀ ਅਹਿਮੀਅਤ ਦਿੰਦੀ ਹਾਂ।

ਜਦੋਂ ਉਹ ਸਕੂਲ ਜਾਣ ਦੀ ਇਛੁੱਕ ਹੋਏਗੀ ਮੈਂ ਉਸ ਨੂੰ ਲੈ ਕੇ ਜਾਵਾਂਗੀ।

ਉਸ ਦੀ ਖੁਦ ਦੀ ਪਛਾਣ ਹੀ ਉਸ ਨੂੰ ਮੇਰੀ ਤਰ੍ਹਾਂ ਖੁਦ ਦਾ ਮਾਲਿਕ ਬਣਾਵੇਗੀ।

ਮੈਂ ਇਕੱਲਾਪਣ ਮਹਿਸੂਸ ਨਹੀਂ ਕਰਦੀ। ਬਸ ਮੈਨੂੰ ਇਕੱਲੇ ਰਹਿਣਾ ਚੰਗਾ ਲਗਦਾ ਹੈ।

ਮੈਨੂੰ ਸਭ ਤੋਂ ਵੱਧ ਚੰਗਾ ਲਗਦਾ ਹੈ ਜਦੋਂ ਮੈਂ ਆਪਣੀ ਧੀ ਨਾਲ ਹੁੰਦੀ ਹਾਂ।

(ਇਹ ਸੰਗੀਤਾ ਬੰਗਵਾਰ ਨਾਲ ਬੀਬੀਸੀ ਪੱਤਰਕਾਰ ਪ੍ਰਾਜਕਤਾ ਧੂਲਪ ਵੱਲੋਂ ਪੂਣੇ ਵਿੱਚ ਕੀਤੇ ਇੰਟਰਵਿਊ 'ਤੇ ਆਧਾਰਿਤ ਹੈ ਜੋ ਕਿ ਦਿਵਿਆ ਆਰਿਆ ਨੇ ਪ੍ਰੋਡਿਊਸ ਕੀਤੀ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)