ਯੋ ਯੋ ਹਨੀ ਸਿੰਘ ਨੂੰ ਕੀ ਬਿਮਾਰੀ ਸੀ ਤੇ ਹੁਣ ਕਿਹੋ ਜਿਹੀ ਹੈ ਉਨ੍ਹਾਂ ਦੀ ਤਬੀਅਤ?

  • ਸੁਨੀਲ ਕਟਾਰੀਆ
  • ਬੀਬੀਸੀ ਪੱਤਰਕਾਰ
ਹਨੀ ਸਿੰਘ

ਤਸਵੀਰ ਸਰੋਤ, BBC/FB/YOYOHONEYSINGH

''ਯੋ ਯੋ ਹਨੀ ਸਿੰਘ ਦਾ ਅੱਜ ਜਨਮਦਿਨ ਹੈ ਤੇ ਇਸ ਮੌਕੇ ਜਾਣੋ ਲੰਮੀ ਬਿਮਾਰੀ ਤੋਂ ਬਾਅਦ ਹੁਣ ਉਨ੍ਹਾਂ ਦੀ ਸਿਹਤ ਕਿਵੇਂ ਹੈ?''

''ਯੋ ਯੋ ਹਨੀ ਸਿੰਘ ਹੁਣ ਬਿਲਕੁਲ ਠੀਕ ਹਨ ਅਤੇ ਬਿਮਾਰੀ ਤੋਂ ਉੱਭਰ ਚੁੱਕੇ ਹਨ। ਫਿਲਹਾਲ ਸੰਗੀਤ 'ਤੇ ਬਹੁਤ ਕੰਮ ਕਰ ਰਹੇ ਹਨ। ਹੁਣ ਤਾਂ ਬਸ ਗਾਣੇ 'ਤੇ ਗਾਣੇ ਆਉਣਗੇ।''

ਇਹ ਗੱਲ ਕਹੀ ਹੈ ਹਨੀ ਸਿੰਘ ਦੇ ਨਵੇਂ ਗੀਤ 'ਚ ਉਨ੍ਹਾਂ ਨਾਲ ਆਵਾਜ਼ ਦੇਣ ਵਾਲੀ ਗਾਇਕਾ ਸਿਮਰ ਕੌਰ ਨੇ।

ਹੁਣ ਕਿਵੇਂ ਹੈ ਹਨੀ ਸਿੰਘ ਦੀ ਤਬੀਅਤ?

ਰਿਪੋਰਟਾਂ ਸਨ ਕਿ ਹਨੀ ਸਿੰਘ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਹਨ। ਇਹੀ ਵਜ੍ਹਾ ਸੀ ਕਿ ਉਹ ਡੇਢ ਸਾਲ ਤੱਕ ਲੋਕਾਂ ਸਾਹਮਣੇ ਨਹੀਂ ਆਏ।

ਸਿਮਰ ਅਨੁਸਾਰ, ''ਹੁਣ ਹਨੀ ਸਿੰਘ ਫੁੱਲ ਪਾਵਰ ਵਿੱਚ ਹਨ। ਉਹ ਬਿਲਕੁਲ ਠੀਕ ਹਨ। ਫਿਲਹਾਲ ਸੰਗੀਤ 'ਤੇ ਕੰਮ ਕਰ ਰਹੇ ਹਨ। ਹੁਣ ਗਾਣੇ 'ਤੇ ਗਾਣੇ ਆਉਣਗੇ।''

ਇਹ ਸੀ ਹਨੀ ਸਿੰਘ ਦੀ ਬਿਮਾਰੀ

ਹਨੀ ਸਿੰਘ ਨੂੰ 'ਬਾਇਪੋਲਰ ਡਿਸਆਰਡਰ' ਨਾਂ ਦੀ ਬਿਮਾਰੀ ਨੇ ਘੇਰ ਲਿਆ ਸੀ।

ਬੀਬੀਸੀ ਏਸ਼ੀਅਨ ਨੈਟਵਰਕ ਨਾਲ 2016 'ਚ ਇੰਟਰਵੀਊ ਦੌਰਾਨ ਆਪਣੀ ਬਿਮਾਰੀ ਬਾਰੇ ਉਨ੍ਹਾਂ ਖੁੱਲ ਕੇ ਗੱਲ ਰੱਖੀ ਸੀ।

ਉਨ੍ਹਾਂ ਕਿਹਾ ਸੀ, ''ਬੀਤੇ ਕੁਝ ਸਮੇਂ ਤੋਂ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਰਿਹਾ। ਮੈਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ। ਕਈਆਂ ਨੇ ਇਸ ਸਮੇਂ ਨੂੰ ਨਸ਼ੇ ਦੇ ਵੱਧ ਮਾਤਰਾ 'ਚ ਲੈਣ ਨਾਲ ਜੋੜ ਕੇ ਦੇਖਿਆ। ਸੱਚ ਤਾਂ ਹੈ ਕਿ ਮੈਂ ਬਾਇਪੋਲਰ ਡਿਸਆਰਡਰ ਨਾਲ ਗੁਜ਼ਰ ਰਿਹਾ ਸੀ।''

ਹਨੀ ਸਿੰਘ ਨੇ ਅੱਗੇ ਕਿਹਾ ਸੀ ਕਿ ਸੱਚ ਤਾਂ ਇਹ ਵੀ ਹੈ ਕਿ ਮੈਂ ਬਾਇਪੋਲਰ ਅਤੇ ਸ਼ਰਾਬੀ ਹਾਂ ਜਿਸ ਕਰਕੇ ਹਾਲਾਤ ਵਿਗੜ ਗਏ ਸਨ।

ਕਰੀਬ ਡੇਢ ਸਾਲ ਤੱਕ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹੇ ਹਿਰਦੇਸ਼ ਸਿੰਘ ਉਰਫ਼ ਯੋ ਯੋ ਹਨੀ ਸਿੰਘ ਕੁਝ ਸਮਾਂ ਪਹਿਲਾਂ ਨਵੇਂ ਗਾਣੇ ਨਾਲ ਫਿਰ ਪਰਤੇ ਸਨ।

ਗਲੈਮਰ ਤੇ ਮਨੋਰੰਜਨ ਦੀ ਦੁਨੀਆਂ ਤੋਂ ਦੂਰ ਰਹੇ ਯੋ ਯੋ ਹਨੀ ਸਿੰਘ ਨੇ ਇਹ ਵਾਪਸੀ ਬਾਲੀਵੁੱਡ ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਵਿੱਚ ਗਾਏ ਗੀਤ 'ਦਿਲ ਚੋਰੀ ਸਾਡਾ ਹੋ ਗਿਆ' ਦੇ ਰੀਮੇਕ ਵਰਜ਼ਨ ਨਾਲ ਕੀਤੀ।

ਯੂ-ਟੀਊਬ 'ਤੇ ਟ੍ਰੈਂਡਿਗ 'ਚ ਰਹੇ ਇਸ ਗਾਣੇ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਦੇਖਿਆ।

ਹੰਸ ਰਾਜ ਹੰਸ ਦੇ ਮਕਬੂਲ ਗੀਤ 'ਦਿਲ ਚੋਰੀ ਸਾਡਾ ਹੋ ਗਿਆ' ਦੇ ਰੀਮੇਕ ਗਾਣੇ ਵਿੱਚ ਜਿਹੜੀ ਕੁੜੀ ਦੀ ਆਵਾਜ਼ ਹੈ ਉਹ ਹਨ ਸਿਮਰ ਕੌਰ।

ਆਵਾਜ਼ ਪੰਜਾਬ ਦੀ ਨਾਂ ਦੇ ਗਾਇਕੀ ਦੇ ਰਿਐਲਟੀ ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਸਿਮਰ ਕੌਰ ਨੇ ਗਾਇਕੀ ਦੀ ਦੁਨੀਆਂ ਵਿੱਚ ਕਦਮ ਰੱਖਿਆ। ਉਹ ਪੰਜਾਬ ਦੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ।

ਯੋ ਯੋ ਹਨੀ ਸਿੰਘ ਦੀ ਸਿਹਤ ਤੋਂ ਇਲਾਵਾ ਵੀ ਉਨ੍ਹਾਂ ਸਮਾਜ, ਗਾਇਕੀ ਤੇ ਨੌਜਵਾਨ ਪੀੜੀ ਬਾਰੇ ਦਿੱਲੀ 'ਚ ਹੋਏ ਬਾਲੀਵੁੱਡ ਮਿਊਜ਼ਿਕ ਪ੍ਰੋਜੈਕਟ ਦੌਰਾਨ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

'ਮੌਕੇ ਮਿਲਣ ਨਾਲ ਸੰਤੁਸ਼ਟੀ ਤੇ ਸਕੂਨ ਮਿਲਦਾ ਹੈ'

ਸਿਮਰ ਦਾ ਕਹਿਣਾ ਹੈ ਕਿ ਉਹ ਹਨੀ ਸਿੰਘ ਨੂੰ ਕਾਫੀ ਸਾਲਾਂ ਤੋਂ ਜਾਣਦੇ ਹਨ।

ਤਸਵੀਰ ਸਰੋਤ, BBC/FB/SIMARKAUR

ਉਨ੍ਹਾਂ ਮੁਤਾਬਕ, ''ਹਨੀ ਸਿੰਘ ਨੂੰ ਪਤਾ ਸੀ ਕਿ ਇਸ ਗਾਣੇ ਵਿੱਚ ਮੇਰੀ ਆਵਾਜ਼ ਫਿੱਟ ਬੈਠੇਗੀ। ਉਨ੍ਹਾਂ ਨਾਲ ਕੰਮ ਕਰਨਾ ਇੱਕ ਖ਼ਾਸ ਅਨੁਭਵ ਸੀ।''

ਸਿਮਰ ਅੱਗੇ ਕਹਿੰਦੇ ਹਨ, ''ਇਸ ਤਰ੍ਹਾਂ ਦੇ ਮੌਕੇ ਮਿਲਣ ਨਾਲ ਸੰਤੁਸ਼ਟੀ ਅਤੇ ਸਕੂਨ ਮਿਲਦਾ ਹੈ। ਇਸ ਦੇ ਨਾਲ ਹੀ ਪ੍ਰੇਰਣਾ ਵੀ ਮਿਲਦੀ ਹੈ।''

ਤਸਵੀਰ ਸਰੋਤ, Getty Images

'ਕੁੜੀਆਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ'

ਕੁੜੀਆਂ ਆਪਣੇ ਕਰਿਅਰ 'ਚ ਅੱਗੇ ਕਿਵੇਂ ਵਧਣ ਜਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਔਂਕੜਾਂ ਆਉਂਦੀਆਂ ਹਨ, ਇਸ 'ਤੇ ਵੀ ਸਿਮਰ ਬੋਲੇ।

ਉਨ੍ਹਾਂ ਕਿਹਾ, ''ਔਕੜਾਂ ਤਾਂ ਹਨ ਪਰ ਹੌਲੀ-ਹੌਲੀ ਬਦਲਾਅ ਆ ਰਿਹਾ ਹੈ। ਸਮਾਜ ਨਾਲ ਲੜਨ ਲਈ ਪਰਿਵਾਰ ਦਾ ਨਾਲ ਹੋਣਾ ਜ਼ਰੂਰੀ ਹੈ ਅਤੇ ਆਪਣੇ ਉੱਤੇ ਵਿਸ਼ਵਾਸ ਵੀ ਲਾਜ਼ਮੀ ਹੈ। ਕਦੀ ਵੀ ਹਾਰ ਨਾ ਮੰਨੋ।''

ਸਿਮਰ ਅੱਗੇ ਕਹਿੰਦੇ ਹਨ, ''ਜਦੋਂ ਤੱਕ ਆਪਣੇ ਆਪ ਨੂੰ ਸਹੀ ਸਾਬਿਤ ਨਹੀਂ ਕਰਦੇ ਤਾਂ ਲੋਕ ਨਹੀਂ ਮੰਨਦੇ। ਤੁਹਾਡਾ ਕੰਮ ਆਪਣੇ ਆਪ ਬੋਲਦਾ ਹੈ।''

ਤਸਵੀਰ ਸਰੋਤ, BBC/FB/SIMARKAUR

ਅਜੋਕੀ ਗਾਇਕੀ ਦਾ ਨੌਜਵਾਨਾਂ 'ਤੇ ਅਸਰ?

ਅਜੋਕੇ ਪੰਜਾਬੀ ਗਾਣਿਆ ਵਿੱਚ ਹਿੰਸਾ, ਹਥਿਆਰ ਅਤੇ ਸ਼ਰਾਬ ਦੇ ਮੇਲ 'ਤੇ ਬਹਿਸ ਦਾ ਦੌਰ ਜਾਰੀ ਹੈ।

ਇਸ ਮੁੱਦੇ 'ਤੇ ਸਿਮਰ ਕਹਿੰਦੇ ਹਨ, ''ਬੜਾ ਮਾੜਾ ਤੇ ਉਦਾਸ ਕਰਨ ਵਾਲਾ ਵਰਤਾਰਾ ਹੈ। ਗਾਇਕੀ ਦਾ ਅਸਰ ਨੌਜਵਾਨਾਂ 'ਤੇ ਪੈ ਰਿਹਾ ਹੈ ਅਤੇ ਉਹ ਕੁਰਾਹੇ ਪੈ ਰਹੇ ਹਨ। ਸਾਡੀ ਪੰਜਾਬੀ ਇੰਡਸਟਰੀ ਇੱਕ ਅਜੀਬ ਦੌਰ ਵਿੱਚ ਹੈ। ਵਪਾਰਕ ਲਿਹਾਜ਼ ਨਾਲ ਸਾਰਿਆਂ ਦੇ ਆਪੋ-ਆਪਣੇ ਤਰਕ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)