#HerChoice: '...ਲਿਵ-ਇਨ ਰਿਲੇਸ਼ਨਸ਼ਿਪ ਦਾ ਮਤਲਬ ਕਾਮੁਕਤਾ ਨਹੀਂ'

#HerChoice

ਕਈ ਵਾਰੀ ਉਹ ਭੁੱਲ ਵੀ ਜਾਂਦਾ ਸੀ ਕਿ ਮੇਰਾ ਖੱਬਾ ਹੱਥ ਨਹੀਂ ਹੈ। ਜੇ ਤੁਸੀਂ ਖੁਦ ਨੂੰ ਉਸੇ ਤਰ੍ਹਾਂ ਹੀ ਕਬੂਲ ਕਰ ਲੈਂਦੇ ਹੋ ਜਿਵੇਂ ਹੋ ਤਾਂ ਤੁਹਾਡੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਤੁਹਾਨੂੰ ਸੌਖਾ ਹੀ ਕਬੂਲ ਕਰ ਲੈਂਦੇ ਹਨ।

ਉਹ ਅਪਾਹਿਜ ਨਹੀਂ ਸੀ, ਸੰਪੂਰਨ ਸੀ। ਉਸ ਨੂੰ ਕੋਈ ਵੀ ਕੁੜੀ ਮਿਲ ਸਕਦੀ ਸੀ ਪਰ ਉਹ ਮੇਰੇ ਨਾਲ ਸੀ।

ਇੱਕ ਘਰ ਵਿੱਚ ਬਿਨਾਂ ਵਿਆਹ ਕੀਤੇ ਇਕੱਠੇ ਰਹਿੰਦੇ ਹੋਏ ਸਾਨੂੰ ਇੱਕ ਸਾਲ ਹੋ ਗਿਆ ਸੀ ਪਰ ਵਿਆਹ ਤੋਂ ਪਹਿਲਾਂ ਇਕੱਠੇ ਰਹਿਣ ਦਾ ਇਹ ਫੈਸਲਾ ਸੌਖਾ ਨਹੀਂ ਸੀ।

ਇਹ ਸਭ ਕੁਝ ਸ਼ੁਰੂ ਹੋਇਆ ਇੱਕ ਮੈਟਰੀਮੋਨੀਅਲ ਸਾਈਟ ਜ਼ਰੀਏ ਜਿਸ 'ਤੇ ਮਾਂ ਦੀ ਫ਼ਿਕਰ ਕਾਰਨ ਮੈਂ ਪ੍ਰੋਫਾਈਲ ਬਣਾਈ ਸੀ।

ਮੈਂ 26 ਸਾਲ ਦੀ ਹੋ ਗਈ ਸੀ ਅਤੇ ਮਾਂ ਚਾਹੁੰਦੀ ਸੀ ਕਿ ਹੁਣ ਮੇਰਾ ਵਿਆਹ ਹੋ ਜਾਵੇ।

ਮੇਰਾ ਇੱਕ ਹੱਥ ਬਚਪਨ ਵਿੱਚ ਇੱਕ ਹਾਦਸੇ ਵਿੱਚ ਕੱਟਿਆ ਗਿਆ ਸੀ ਇਸ ਲਈ ਮਾਂ ਦੀ ਫ਼ਿਕਰ ਕੁਝ ਜਾਇਜ਼ ਲੱਗੀ।

ਇੱਕ ਦਿਨ ਮੈਟਰੀਮੋਨੀਅਲ ਸਾਈਟ 'ਤੇ ਇੱਕ ਰਿਕਵੈਸਟ ਆਈ ਜੋ ਕੁਝ ਵੱਖਰੀ ਲੱਗੀ।

ਮੁੰਡਾ ਪੇਸ਼ੇ ਤੋਂ ਇੰਜਨੀਅਰ ਸੀ ਤੇ ਮੇਰੀ ਤਰ੍ਹਾਂ ਬੰਗਾਲੀ ਵੀ ਸੀ ਪਰ ਦੂਜੇ ਸ਼ਹਿਰ ਦਾ ਰਹਿਣ ਵਾਲਾ ਸੀ।

ਕੁਝ ਤੈਅ ਨਹੀਂ ਕਰ ਪਾ ਰਹੀ ਸੀ ਇਸ ਲਈ ਮੈਂ ਜਵਾਬ ਵਿੱਚ ਲਿਖਿਆ ਕਿ ਮੈਂ ਵਿਆਹ ਕਰਨ ਲਈ ਤਿਆਰ ਨਹੀਂ ਹਾਂ।

ਪਲਟ ਕੇ ਜਵਾਬ ਆਇਆ, "ਗੱਲ ਤਾਂ ਕਰ ਹੀ ਸਕਦੇ ਹਾਂ।"

------------------------------------------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀਆਂ ਸੱਚੀਆਂ ਕਹਾਣੀਆਂ ਦੀ ਲੜੀ ਹੈ। ਇਹ ਕਹਾਣੀਆਂ 'ਮਾਡਰਨ ਭਾਰਤੀ ਔਰਤਾਂ'ਦੀ ਵਿਚਾਰਧਾਰਾ ਦਾ ਦਾਇਰਾ ਵਧਾਉਂਦੀਆਂ ਹਨ ਤੇ ਚੁਣੌਤੀ ਦਿੰਦੀਆਂ ਹਨ। ਉਨ੍ਹਾਂ ਔਰਤਾਂ ਦੀ ਚੋਣ, ਖਾਹਿਸ਼ਾਂ, ਇੱਛਾਵਾਂ ਨੂੰ ਪੇਸ਼ ਕਰਦੀਆਂ ਹਨ।

------------------------------------------------------------------------------------------------------------------------------------

ਮੈਂ ਇੱਕ ਫਲੈਟ ਵਿੱਚ ਦੋ ਸਹੇਲੀਆਂ ਦੇ ਨਾਲ ਰਹਿੰਦੀ ਸੀ।

ਉਨ੍ਹਾਂ ਨੂੰ ਡਰ ਸੀ ਕਿ ਕਿਤੇ ਕੋਈ 'ਫ੍ਰੌਡ' (ਧੋਖੇਬਾਜ਼) ਨਾ ਹੋਵੇ ਜੋ ਇਸਤੇਮਾਲ ਕਰਕੇ ਚਲਾ ਜਾਵੇ।

ਮੇਰੇ ਦੋ ਬ੍ਰੇਕ-ਅਪ ਹੋ ਚੁੱਕੇ ਸਨ ਅਤੇ ਪੁਰਾਣੇ ਪ੍ਰੇਮ ਸਬੰਧਾਂ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ ਸੀ।

ਮੈਂ ਅਜੇ ਨਵੇਂ ਰਿਸ਼ਤੇ ਲਈ ਤਿਆਰ ਤਾਂ ਨਹੀਂ ਸੀ ਪਰ ਇਕੱਲੇਪਣ 'ਚ ਨਹੀਂ ਜਿਉਣਾ ਚਾਹੁੰਦੀ ਸੀ।

ਇਸ ਲਈ ਮੈਂ ਗੱਲਬਾਤ ਕਰਨੀ ਜਾਰੀ ਰੱਖੀ ਅਤੇ ਉਸ ਦਾ ਨੰਬਰ 'ਟਾਈਮਪਾਸ' ਦੇ ਨਾਂ ਤੋਂ 'ਸੇਵ' ਕਰ ਲਿਆ।

ਫਿਰ ਇੱਕ ਦਿਨ ਅਸੀਂ ਮਿਲਣ ਦਾ ਫੈਸਲਾ ਕੀਤਾ।

ਮੈਂ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੇਰਾ ਇੱਕ ਹੱਥ ਨਹੀਂ ਹੈ।

ਫਿਰ ਵੀ ਮੈਨੂੰ ਡਰ ਲੱਗ ਰਿਹਾ ਸੀ ਕਿ ਮੈਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਉਸ ਦਾ 'ਪ੍ਰਤੀਕਰਮ' ਕੀ ਹੋਏਗਾ।

ਫਰਵਰੀ ਦੀ ਹਲਕੀ ਠੰਢ ਦਾ ਇੱਕ ਦਿਨ ਸੀ। ਮੈਂ ਆਪਣੇ ਦਫ਼ਤਰ ਦੇ ਕਪੜਿਆਂ ਵਿੱਚ ਹੀ ਸੀ। ਬੱਸ ਕੱਜਲ ਅਤੇ ਲਿਪਸਟਿਕ ਜ਼ਰੂਰ ਚੰਗੀ ਤਰ੍ਹਾਂ ਲਾ ਲਏ ਸਨ।

ਸੜਕ ਦੇ ਕੰਢੇ ਤੁਰਦਿਆਂ ਅਸੀਂ ਗੱਲਬਾਤ ਕੀਤੀ। ਸਾਡੇ ਵਿੱਚ ਕਾਫ਼ੀ ਚੀਜ਼ਾਂ ਮਿਲਦੀਆਂ ਸਨ ਅਤੇ ਅਸੀਂ ਦੋਸਤ ਬਣ ਗਏ।

ਉਹ ਘੱਟ ਬੋਲਦਾ ਸੀ। ਮੇਰਾ ਕਾਫ਼ੀ ਖ਼ਿਆਲ ਰੱਖਦਾ ਸੀ।

ਉਸ ਨੂੰ ਦੇਰ ਵੀ ਹੋ ਰਹੀ ਹੁੰਦੀ ਸੀ ਤਾਂ ਵੀ ਮੈਨੂੰ ਘਰ ਛੱਡ ਕੇ ਆਉਂਦਾ ਸੀ।

ਜੇ ਮੈਂ ਘਰ ਇਕੱਲੇ ਪਹੁੰਚਣਾ ਹੁੰਦਾ ਤਾਂ ਮੈਨੂੰ ਰਾਤ 10 ਵਜੇ ਤੋਂ ਪਹਿਲਾਂ ਘਰ ਪਹੁੰਚਣ ਲਈ ਕਹਿੰਦਾ ਸੀ।

ਮੈਂ ਚੰਗੀ ਪਤਨੀ ਬਣ ਸਕਾਂਗੀ ਜਾਂ ਨਹੀਂ ਪਤਾ ਨਹੀਂ ਸੀ ਪਰ ਉਹ ਚੰਗਾ ਪਤੀ ਬਣਨ ਦੀ ਕਾਬਲੀਅਤ ਰੱਖਦਾ ਸੀ।

ਮੈਨੂੰ ਨਹੀਂ ਪਤਾ ਸੀ ਕਿ ਰਿਸ਼ਤੇ ਦੀ ਮੰਜ਼ਿਲ ਕੀ ਹੈ ਪਰ ਹੌਲੀ-ਹੌਲੀ ਸਾਨੂੰ ਇੱਕ-ਦੂਜੇ ਦਾ ਸਾਥ ਚੰਗਾ ਲੱਗਣ ਲੱਗਾ।

ਇੱਕ ਵਾਰੀ ਜਦੋਂ ਮੈਂ ਬੀਮਾਰ ਸੀ ਤਾਂ ਉਸ ਨੇ ਮੈਨੂੰ ਦਵਾਈ ਲਿਆ ਕੇ ਦਿੱਤੀ ਅਤੇ ਖਾਣਾ ਵੀ ਖਵਾਇਆ।

ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਮੈਨੂੰ ਗਲ਼ ਲਾਇਆ ਸੀ। ਉਸ ਦਿਨ ਕਾਫ਼ੀ ਚੰਗਾ ਮਹਿਸੂਸ ਹੋਇਆ।

ਫਿਰ ਅਸੀਂ ਹੱਥ ਵਿੱਚ ਹੱਥ ਪਾ ਕੇ ਚੱਲਦੇ ਸੀ-ਮੇਰਾ ਸੱਜਾ ਹੱਥ।

ਹਾਲਾਂਕਿ ਮੈਂ ਖੱਬੀ ਬਾਂਹ 'ਤੇ ਪਲਾਸਟਿਕ ਦੀ ਆਰਟੀਫਿਸ਼ੀਅਲ ਬਾਂਹ ਲਾਉਂਦੀ ਸੀ।

ਕੁਝ ਮਹੀਨੇ ਬਾਅਦ ਮੇਰੇ ਫਲੈਟਮੇਟਸ ਦਾ ਵਿਆਹ ਹੋ ਗਿਆ। ਪੂਰੇ ਫਲੈਟ ਦਾ ਕਿਰਾਇਆ ਇਕੱਲੇ ਦੇਣਾ ਮੇਰੇ ਲਈ ਔਖਾ ਸੀ।

ਉਸੇ ਵੇਲੇ ਮੈਟਰੀਮੋਨੀਅਲ ਸਾਈਟ ਵਾਲੇ ਦੋਸਤ ਦੀ ਬਿਲਡਿੰਗ ਵਿੱਚ ਇੱਕ ਕਮਰਾ ਖਾਲੀ ਹੋਇਆ ਸੀ ਜੋ ਉਸ ਦੇ ਘਰ ਵਿੱਚ ਬਾਹਰ ਵੱਲ ਸੀ। ਮੈਂ ਉੱਥੇ ਸ਼ਿਫ਼ਟ ਹੋ ਗਈ।

ਇੱਕ ਤਰ੍ਹਾਂ ਅਸੀਂ ਸਭ ਨੂੰ ਝਾਂਸਾ ਦੇ ਰਹੇ ਸੀ ਕਿ ਅਸੀਂ ਇਕੱਠੇ ਨਹੀਂ ਰਹਿੰਦੇ ਸੀ ਪਰ ਮੇਰੀ ਮਾਂ ਜਦੋਂ ਪਹਿਲੀ ਵਾਰੀ ਮੈਨੂੰ ਮਿਲਣ ਆਈ ਤਾਂ ਉਹ ਸ਼ਾਇਦ ਸਮਝ ਹੀ ਗਈ ਸੀ ਕਿ ਅਸੀਂ ਇਕੱਠੇ ਰਹਿੰਦੇ ਹਾਂ।

ਇਸ ਦੌਰਾਨ ਅਸੀਂ ਇੱਕ-ਦੂਜੇ ਨੂੰ ਹੋਰ ਨੇੜਿਓਂ ਜਾਣਿਆ।

ਮੇਰਾ ਇੱਕ ਹੱਥ ਨਾ ਹੋਣ ਕਾਰਨ ਉਸ ਦੇ ਜੋ ਡਰ ਸਨ ਉਹ ਵੀ ਦੂਰ ਹੋ ਗਏ ਕਿਉਂਕਿ ਮੈਂ ਸਾਰੇ ਕੰਮ ਆਸਾਨੀ ਨਾਲ ਹੀ ਕਰ ਲੈਂਦੀ ਸੀ।

ਫਿਰ ਨੌਕਰੀ ਬਦਲੀ ਅਤੇ ਅਸੀਂ ਨਵਾਂ ਘਰ ਲੱਭਣਾ ਸ਼ੁਰੂ ਕਰ ਦਿੱਤਾ। ਹੁਣ ਅਸੀਂ ਪੂਰੀ ਤਰ੍ਹਾਂ ਤਿਆਰ ਸੀ।

ਪਤਾ ਸੀ ਕਿ ਲਿਵ-ਇਨ-ਰਿਲੇਸ਼ਨਸ਼ਿਪ ਦਾ ਮਤਲਬ ਸਿਰਫ਼ ਕਾਮੁਕਤਾ ਹੀ ਨਹੀਂ ਹੁੰਦਾ, ਤੁਸੀਂ ਕਿਸੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਨਿੱਜੀ ਗੱਲਾਂ ਸਾਂਝੀਆਂ ਕਰਦੇ ਹੋ।

ਸਾਥ ਨਿਭਾਉਣ ਅਤੇ ਇੱਕ-ਦੂਜੇ ਨੂੰ ਅਪਣਾਉਣ ਦਾ ਵਾਅਦਾ ਹੁੰਦਾ ਹੈ।

ਸ਼ਾਇਦ ਇਹੀ ਵਜ੍ਹਾ ਹੈ ਕਿ ਸਾਡੀਆਂ ਅਦਾਲਤਾਂ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।

ਉਸ ਨੂੰ ਖਾਣਾ ਪਕਾਉਣਾ ਨਹੀਂ ਆਉਂਦਾ ਸੀ ਅਤੇ ਮੈਂ ਵੀ ਕਦੇ ਜ਼ਿਆਦਾ ਨਹੀਂ ਪਕਾਇਆ ਸੀ ਪਰ ਮੈਂ ਹੌਲੀ-ਹੌਲੀ ਸਭ ਕੁਝ ਸਿੱਖ ਲਿਆ ਸੀ।

ਮੇਰੇ ਦਿਮਾਗ ਵਿੱਚ ਖੁਦ ਨੂੰ ਲੈ ਕੇ ਜੋ ਖਦਸ਼ੇ ਸਨ ਉਹ ਦੂਰ ਹੋ ਗਏ ਸਨ।

ਯਕੀਨ ਹੋ ਗਿਆ ਸੀ ਕਿ ਮੈਂ ਚਾਹੇ ਜ਼ਿਆਦਾ ਰੋਮਾਂਟਿਕ ਨਹੀਂ ਸੀ ਪਰ ਇੱਕ ਚੰਗੀ ਪਤਨੀ ਬਣਨ ਦੀ ਪੂਰੀ ਕਾਬਲੀਅਤ ਸੀ।

ਇਹ ਉਹ ਵੀ ਸਮਝਦਾ ਸੀ ਪਰ ਉਸ ਦੇ ਪਰਿਵਾਰ ਦੀ ਨਜ਼ਰ ਵਿੱਚ ਅਸਮਰੱਥ ਸੀ।

ਉਹ ਮਾਪਿਆਂ ਦਾ ਇੱਕਲੌਤਾ ਮੁੰਡਾ ਸੀ। ਮੇਰੇ ਬਾਰੇ ਪਹਿਲੀ ਵਾਰੀ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਸ ਦੀ ਮਾਂ ਨੇ ਕਿਹਾ ਕਿ ਕੁੜੀ ਨਾਲ ਦੋਸਤੀ ਤੱਕ ਤਾਂ ਠੀਕ ਹੈ ਪਰ ਵਿਆਹ ਭੁੱਲ ਜਾਓ।

ਲੋਕ ਅਜਿਹਾ ਕਿਉਂ ਸੋਚਦੇ ਹਨ? ਤੇ ਉਨ੍ਹਾਂ ਦੀ ਸੋਚ ਮੈਂ ਆਪਣੇ 'ਤੇ ਕਿਉਂ ਥੋਪਾਂ? ਮੈਂ ਬੇਵਜ੍ਹਾ ਕਿਉਂ ਖੁਦ ਨੂੰ ਸੀਮਤ ਕਰਾਂ।

ਮੈਂ ਕਿਉਂ ਅਜਿਹੇ ਜੀਵਨ-ਸਾਥੀ ਦੀ ਹੀ ਇੱਛਾ ਰੱਖਾਂ ਜਿਸ ਦਾ ਕੋਈ ਅੰਗ ਖਰਾਬ ਹੋਵੇ।

ਮੇਰੀਆਂ ਵੀ ਸਾਰੀਆਂ ਕੁੜੀਆਂ ਵਾਂਗ ਇੱਛਾਵਾਂ ਸਨ। ਇੱਕ ਅਜਿਹੇ ਜੀਵਨ ਸਾਥੀ ਦੀ ਜੋ ਮੈਨੂੰ ਸਮਝੇ।

ਫਿਰ ਉਸ ਨੇ ਆਪਣੇ ਮਾਪਿਆਂ ਨਾਲ ਮੇਰੀ ਫੋਨ 'ਤੇ ਗੱਲਬਾਤ ਕਰਵਾਈ ਪਰ ਇਹ ਨਹੀਂ ਦੱਸਿਆ ਕਿ ਮੈਂ ਉਹੀ ਕੁੜੀ ਹਾਂ।

ਉਹ ਚਾਹੁੰਦਾ ਸੀ ਕਿ ਪਹਿਲਾਂ ਉਹ ਮੈਨੂੰ ਇੱਕ ਇਨਸਾਨ ਦੇ ਤੌਰ 'ਤੇ ਜਾਣ ਲੈਣ।

ਮੇਰੇ 'ਤੇ ਸ਼ੁਰੂ ਤੋਂ ਹੀ ਇਹ ਦਬਾਅ ਰਿਹਾ ਹੈ ਕਿ ਮੈਂ ਇਹ ਸਾਬਿਤ ਕਰਾਂ ਕਿ ਮੈਂ ਵੀ ਆਮ ਕੁੜੀਆਂ ਵਾਂਗ ਹੀ ਕੰਮ ਕਰ ਸਕਦੀ ਹਾਂ।

ਉਹ ਵੀ ਜਦੋਂ ਮਿਲਣ ਆਏ ਤਾਂ ਇਹੀ ਜਾਂਚ ਕਰ ਰਹੇ ਸਨ।

ਉਨ੍ਹਾਂ ਨੇ ਦੇਖਿਆ ਕਿ ਮੈਂ ਉਹ ਸਾਰੇ ਕੰਮ ਕਰ ਸਕਦੀ ਸੀ ਜੋ ਇੱਕ ਆਮ ਗ੍ਰਹਿਣੀ ਕਰਦੀ ਹੈ।

ਸਬਜ਼ੀਆਂ ਕੱਟਣਾ, ਭੋਜਨ ਪਕਾਉਣਾ, ਚਾਦਰ ਵਿਛਾਉਣਾ, ਭਾਂਡੇ ਧੋਣਾ, ਸਾਫ਼-ਸਫ਼ਾਈ ਕਰਨਾ ਸਭ ਕੁਝ ਮੈਂ ਆਪਣੇ ਇੱਕ ਹੱਥ ਨਾਲ ਕਰ ਪਾ ਰਹੀ ਸੀ।

ਅਪੰਗਤਾ ਇੱਕ ਸ਼ਖ਼ਸ ਨੂੰ ਸੀਮਤ ਕਰ ਦਿੰਦੀ ਹੈ- ਇਹ ਭਰਮ ਹੁਣ ਉਸ ਦੇ ਮਾਪਿਆਂ ਦੇ ਦਿਮਾਗ ਵਿੱਚੋਂ ਨਿਕਲ ਚੁੱਕਿਆ ਸੀ।

ਅੱਜ ਵਿਆਹ ਤੋਂ ਇੱਕ ਸਾਲ ਬਾਅਦ ਸਾਡਾ ਪਿਆਰ ਹੋਰ ਮਿੱਠਾ ਹੀ ਹੋਇਆ ਹੈ।

ਮੇਰਾ ਅਪਾਹਿਜ ਹੋਣਾ ਨਾ ਮੇਰੇ ਲਿਵ-ਇਨ-ਰਿਲੇਸ਼ਨਸ਼ਿਪ ਦੇ ਰਾਹ ਵਿੱਚ ਆਇਆ ਅਤੇ ਨਾ ਹੀ ਵਿਆਹ ਦੇ।

ਹੁਣ ਸੋਚਦੀ ਹਾਂ ਕਿ ਕੀ ਬੱਚਾ ਸੰਭਾਲ ਸਕੂੰਗੀ? ਇਸ ਜਵਾਬ ਲਈ ਵੀ ਲੱਗਦਾ ਹੈ ਕਿ ਪਹਿਲਾਂ ਮੈਂ ਖੁਦ 'ਤੇ ਯਕੀਨ ਕਰ ਲਵਾਂ ਫਿਰ ਮੇਰੇ ਆਲੇ-ਦੁਆਲੇ ਰਹਿਣ ਵਾਲਿਆਂ ਨੂੰ ਵੀ ਮੇਰੀ ਮਾਂ ਬਣਨ ਦੀ ਕਾਬਲੀਅਤ 'ਤੇ ਵਿਸ਼ਵਾਸ ਹੋ ਜਾਵੇਗਾ।

(ਇਹ ਉੱਤਰੀ-ਭਾਰਤ ਦੀ ਰਹਿਣ ਵਾਲੀ ਇੱਕ ਔਰਤ ਦੀ ਕਹਾਣੀ ਹੈ ਜੋ ਕਿ ਬੀਬੀਸੀ ਪੱਤਰਕਾਰ ਇੰਦਰਜੀਤ ਕੌਰ ਨਾਲ ਸਾਂਝੀ ਕੀਤੀ ਗਈ ਹੈ। ਇਸ ਨੂੰ ਦਿਵਿਆ ਆਰਿਆ ਨੇ ਪ੍ਰੋਡਿਊਜ਼ ਕੀਤਾ ਹੈ। ਔਰਤ ਦੀ ਪਛਾਣ ਗੁਪਤ ਰੱਖੀ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)