ਪ੍ਰੈੱਸ ਰੀਵਿਊ: ਪੰਜਾਬ 'ਚ ਮੈਡੀਕਲ ਡਿਗਰੀਆਂ ਵੇਚਣ ਦਾ ਕਰੋੜਾਂ ਦਾ ਵਪਾਰ!

Image copyright INDRANIL MUKHERJEE/AFP/Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਮੁਹਾਲੀ ਵਿੱਚ ਚੱਲ ਰਹੀ ਪੈਰਾ ਮੈਡੀਕਲ ਕੌਂਸਲ (ਪੰਜਾਬ) ਵੱਲੋਂ ਸਿਰਫ਼ ਇੱਕ ਕੋਰਸ ਲਈ 6 ਹਜ਼ਾਰ ਤੋਂ ਵੱਧ ਫਰਜ਼ੀ ਡਿਗਰੀਆਂ ਦੇ ਵਪਾਰ ਕੀਤੇ ਜਾਣ ਦੀ ਖ਼ਬਰ ਨਸ਼ਰ ਹੋਈ ਹੈ।

ਸੰਸਥਾ ਨੇ ਹਰੇਕ ਡਿਗਰੀ ਇੱਕ ਤੋਂ ਦੋ ਲੱਖ ਰੁਪਏ 'ਚ ਵੇਚੀ ਹੈ। ਸੰਸਥਾ ਪਿਛਲੇ 10 ਸਾਲਾਂ ਤੋਂ ਸਰਗਰਮ ਦੱਸੀ ਜਾ ਰਹੀ ਹੈ

ਪੰਜਾਬ ਦੇ ਆਯੂਰਵੈਦਿਕ ਤੇ ਯੂਨਾਨੀ ਸਿਸਟਮਜ਼ ਆਫ ਮੈਡੀਕਲ ਬੋਰਡ ਵੱਲੋਂ ਲਏ ਗਏ 8 ਰਜਿਸਟਰਾਂ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਫਰਜ਼ੀ ਕੌਂਸਲ ਨੇ ਆਯੂਰਵੈਦਿਲ ਮੈਡੀਸਨ ਅਤੇ ਸਰਜਰੀ ਕੋਰਸ ਲਈ 6136 ਡਿਗਰੀਆਂ ਜਾਰੀਆਂ ਕੀਤੀਆਂ ਹਨ।

ਦੈਨਿਕ ਭਾਸਕਰ ਅਖ਼ਬਾਰ ਦੀ ਖ਼ਬਰ ਮੁਤਾਬਕ ਸੀਬੀਆਈ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ 'ਚ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਗੋਕੁਲਨਾਥ ਸ਼ੈੱਟੀ ਅਤੇ ਦੋ ਹੋਰ ਬੈਂਕ ਅਧਿਕਾਰੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ |

ਘੋਟਾਲੇ ਦੇ ਮਾਮਲੇ 'ਚ ਹੋਈ ਇਸ ਪਹਿਲੀ ਗਿਰਫ਼ਤਾਰੀ 'ਚ ਸ਼ੈੱਟੀ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਹੈ |

Image copyright Getty Images

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਗੁਰਜੰਟ ਸਿੰਘ ਨੂੰ ਉਸ ਦੇ ਇੱਕ ਹੋਰ ਸਾਥੀ ਸਣੇ 1.5 ਕਿਲੋ ਹੈਰੋਈਨ ਨਾਲ ਲੁਧਿਆਣਾ ਜ਼ਿਲੇ ਤੋਂ ਗ੍ਰਿਫਡਤਾਰ ਕੀਤਾ ਗਿਆ ਹੈ।

ਇਸ ਦੇ ਨਾਲ ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਰਿਵੋਲਵਰ, 5 ਜ਼ਿੰਦਾ ਕਾਰਤੂਸ ਅਤੇ ਇਟਲੀ ਨੰਬਰ ਵਾਲਾ ਮੋਬਾਈਲ ਫੋਨ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।

ਉਨ੍ਹਾਂ 'ਤੇ ਐੱਨਡੀਪੀਸੀ ਐਕਟ ਅਤੇ ਆਰਮ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Image copyright Getty Images

ਅੰਗਰੇਜ਼ੀ ਅਖ਼ਬਾਰ ਦਿ ਟਾਈਮਜ਼ ਆਫ ਇੰਡੀਆ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲਾ ਪ੍ਰਸ਼ਾਸਨ ਹਾਈ ਅਲਰਟ 'ਤੇ ਹਨ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਸ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਕੋਈ ਕਿਸੇ ਵੱਲੋਂ ਵੀ ਖ਼ਾਲਿਸਤਾਨ ਦੇ ਸਮਰਥਨ ਵਿੱਚ ਸਲੋਗਨ ਨਾ ਦਿਖਾਏ ਜਾਣ।

ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੁਤਾਬਕ, "ਅਸੀਂ ਆਪਣੀ ਟਾਸਕ ਫੋਰਸ ਨੂੰ ਅਲਰਟ ਕੀਤਾ ਹੈ ਕਿ ਜਸਟਿਨ ਦੀ ਫੇਰੀ ਦੌਰਾਨ ਅਜਿਹੀ ਕੋਈ ਵਾਰਦਾਤ ਨਾ ਵਾਪਰੇ ਕਿ ਜਿਸ ਨਾਲ ਸਾਨੂੰ ਸ਼ਰਮਸਾਰ ਹੋਣਾ ਪਵੇ।"

ਜਸਟਿਨ ਟਰੂਡੋ ਆਪਣੇ ਪਰਿਵਾਰ ਸਮੇਤ ਸ਼ਨੀਵਾਰ ਨੂੰ ਆਪਣੇ 7 ਦਿਨਾਂ ਦੌਰੇ ਲਈ ਭਾਰਤ ਪਹੁੰਚ ਗਏ ਹਨ ਅਤੇ ਅੱਜ ਉਹ ਆਗਰਾ, ਤਾਜ ਮਹਿਲ ਦੇਖਣ ਜਾਣਗੇ। ਟਰੂਡੋ 21 ਨੂੰ ਸ੍ਰੀ ਦਰਬਾਰ ਸਾਹਿਬ ਜਾਣਗੇ।

Image copyright Getty Images

ਦਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਆਸਟ੍ਰੇਲੀਆ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ 'ਤੇ ਪਾਬੰਦੀ ਵਾਲੇ ਐਲਾਨ 'ਤੇ ਕਿਹਾ ਕਿ ਇਹ ਗੁਰਦੁਆਰਿਆਂ ਦਾ ਨਿੱਜੀ ਮਾਮਲਾ ਹੈ।

ਉਨ੍ਹਾਂ ਨੇ ਕਿਹਾ ਉਨ੍ਹਾਂ ਮੁਤਾਬਕ ਆਸਟ੍ਰੇਲੀਆ ਦੇ ਇਕੋ ਗੁਰਦੁਆਰੇ 'ਚ ਹੀ ਅਜਿਹਾ ਹੈ ਪਰ ਉਹ ਗੁਰਦੁਆਰਾ ਕਮੇਟੀ ਦਾ ਅੰਦਰੂਨੀ ਮਸਲਾ ਹੈ ਅਸੀਂ ਦਖ਼ਲ ਦੇ ਨਹੀਂ ਸਕਦੇ।

ਪੰਜਾਬ ਦੇ 4 ਦਿਨਾਂ ਦੌਰੇ 'ਤੇ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)