ਇਮਰਾਨ ਖ਼ਾਨ ਦੀ ਨਵੀਂ ਬੇਗ਼ਮ ਬੁਸ਼ਰਾ ਮਾਨਿਕਾ ਬਾਰੇ ਜਾਣੋ 7 ਗੱਲਾਂ

ਇਮਰਾਨ ਖਾਨ Image copyright @PTIofficial/Twitter
ਫੋਟੋ ਕੈਪਸ਼ਨ ਵਿਆਹ ਵਿੱਚ ਕਰੀਬੀ ਲੋਕ ਤੇ ਦੋਸਤ ਸ਼ਾਮਿਲ ਸਨ

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਆਪਣੇ ਮੁਖੀ ਇਮਰਾਨ ਖ਼ਾਨ ਦੀ ਬੁਸ਼ਰਾ ਮਾਨਿਕਾ ਨਾਲ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ।

ਪੀਟੀਆਈ ਵੱਲੋਂ ਟਵਿੱਟਰ 'ਤੇ ਇਮਰਾਨ ਖ਼ਾਨ ਦੇ ਤੀਜੇ ਵਿਆਹ ਦੀ ਤਸਵੀਰ ਜਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ।

ਪੀਟੀਆਈ ਨੇ ਆਪਣੇ ਟਵੀਟ ਵਿੱਚ ਲਿਖਿਆ, ''ਐਤਵਾਰ 18 ਫ਼ਰਵਰੀ ਨੂੰ ਰਾਤ 9 ਵਜੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਦੇ ਵਿਚਾਲੇ ਨਿਕਾਹ ਹੋਇਆ।''

ਇਸਤੋਂ ਪਹਿਲਾਂ ਜਦੋਂ ਇਮਰਾਨ ਖ਼ਾਨ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਤਾਂ ਉਸ ਵੇਲੇ ਉਨ੍ਹਾਂ ਦੀ ਪਾਰਟੀ ਨੇ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਪਾਰਟੀ ਮੁਖੀ ਨੇ ਬੁਸ਼ਰਾ ਮਾਨਿਕਾ ਨਾਂ ਦੀ ਔਰਤ ਨੂੰ ਵਿਆਹ ਲਈ ਪੁੱਛਿਆ ਹੈ ਅਤੇ ਉਹ ਜਵਾਬ ਦੀ ਉਡੀਕ ਕਰ ਰਹੇ ਹਨ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਟਵੀਟ ਨੂੰ ਬੁਸ਼ਰਾ ਨੇ ਰੀਟਵੀਟ ਕਰਦਿਆਂ ਲਿਖਿਆ, "ਅੱਲਾਹ ਦੇ ਫ਼ਜ਼ਲੋ ਕਰਮ ਨਾਲ ਅਸੀਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹਾਂ। ਤੁਹਾਡੀਆਂ ਦੁਆਵਾਂ ਦੀ ਲੋੜ ਹੈ।"

ਪੀਟੀਆਈ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਮਰਾਨ ਖ਼ਾਨ ਤੇ ਬੁਸ਼ਰਾ ਮਾਨਿਕਾ ਦਾ ਨਿਕਾਹ ਮੁਫ਼ਤੀ ਸਈਦ ਨੇ ਪੜ੍ਹਾਇਆ।

ਇਸਤੋਂ ਪਹਿਲਾਂ ਇਮਰਾਨ ਖ਼ਾਨ ਅਤੇ ਰੇਹਾਮ ਖ਼ਾਨ ਦਾ ਨਿਕਾਹ ਵੀ ਮੁਫ਼ਤੀ ਸਈਦ ਨੇ ਪੜ੍ਹਾਇਆ ਸੀ।

ਇਮਰਾਨ ਖ਼ਾਨ ਅਤੇ ਬੁਸ਼ਰਾ ਮਾਨਿਕਾ ਦੇ ਵਿਆਹ ਦੀ ਖ਼ਬਰ ਆਉਂਦਿਆਂ ਹੀ ਸੋਸ਼ਲ ਮੀਡੀਆ 'ਤੇ ਇੱਕ ਵਾਰ ਫ਼ਿਰ ਚਰਚਾ ਸ਼ੁਰੂ ਹੋ ਗਈ ਹੈ ਅਤੇ 'ਮੁਬਾਰਕ ਇਮਰਾਨ ਖ਼ਾਨ' ਪਾਕਿਸਤਾਨ ਵਿੱਚ ਟੌਪ ਟਰੇਂਡ ਕਰਨ ਲੱਗਿਆ।

ਪੀਟੀਆਈ ਦੇ ਵੀ ਤਕਰੀਬਨ ਸਾਰੇ ਆਗੂਆਂ ਵੱਲੋਂ ਟਵਿੱਟਰ 'ਤੇ ਵਧਾਈ ਸੰਦੇਸ਼ ਆਉਣੇ ਸ਼ੁਰੂ ਹੋ ਗਏ।

Image copyright @PTIofficial/Twitter
ਫੋਟੋ ਕੈਪਸ਼ਨ ਮੁਫ਼ਤੀ ਸਈਦ ਨੇ ਇਮਰਾਨ ਖ਼ਾਨ ਦਾ ਨਿਕਾਹ ਪੜ੍ਹਾਇਆ

ਕੌਣ ਹੈ ਬੁਸ਼ਰਾ ਮਾਨਿਕਾ?

  1. ਪਾਕਿਸਤਾਨ ਦੇ ਅਖ਼ਬਾਰ 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਮੰਨੀਏ ਤਾਂ ਬੁਸ਼ਰਾ ਮਾਨਿਕਾ ਤੇ ਇਮਰਾਨ ਦੀ ਪਹਿਲੀ ਮੁਲਾਕਾਤ ਸਾਲ 2015 ਵਿੱਚ ਲੋਧਰਨ ਵਿੱਚ ਐੱਨਏ-154 ਸੀਟ ਲਈ ਹੋਣ ਵਾਲੀ ਜਿਮਨੀ ਚੋਣ ਤੋਂ ਪਹਿਲਾਂ ਹੋਈ ਸੀ।
  2. ਅਖ਼ਬਾਰ ਮੁਤਾਬਕ ਬੁਸ਼ਰਾ ਪੰਜ ਬੱਚਿਆਂ ਦੀ ਮਾਂ ਹਨ ਅਤੇ ਉਨ੍ਹਾਂ ਦੀ ਉਮਰ 40 ਸਾਲ ਹੈ।
  3. ਬੁਸ਼ਰਾ ਦੇ ਸਾਬਕਾ ਪਤੀ ਦਾ ਨਾਂ ਖ਼ਾਵਰ ਫ਼ਰੀਦ ਮਾਨਿਕਾ ਹੈ ਅਤੇ ਦੋਹਾਂ ਦਾ ਕੁਝ ਸਮਾਂ ਪਹਿਲਾਂ ਤਲਾਕ ਹੋਇਆ ਹੈ। ਖ਼ਾਵਰ ਕਸਟਮ ਅਧਿਕਾਰੀ ਹਨ।
  4. ਅਖ਼ਬਾਰ ਅੱਗੇ ਲਿਖ਼ਦਾ ਹੈ ਕਿ ਬੁਸ਼ਰਾ ਦੇ ਦੋ ਮੁੰਡੇ ਇਬਰਾਹਿਮ ਤੇ ਮੂਸਾ ਲਾਹੌਰ ਦੇ ਐਚਿਸਨ ਕਾਲਜ ਤੋਂ ਪੜ੍ਹਾਈ ਕਰਕੇ ਵਿਦੇਸ਼ ਵਿੱਚ ਅੱਗੇ ਦੀ ਪੜ੍ਹਾਈ ਕਰ ਰਹੇ ਹਨ।
  5. ਬੁਸ਼ਰਾ ਦੀਆਂ ਤਿੰਨ ਕੁੜੀਆਂ ਹਨ। ਸਭ ਤੋਂ ਵੱਡੀ ਧੀ ਮੇਹਰੂ ਪੰਜਾਬ (ਪਾਕਿਸਤਾਨ) ਦੇ ਸਾਂਸਦ ਮੀਆਂ ਅੱਟਾ ਮੁਹੰਮਦ ਮਾਨਿਕਾ ਦੀ ਨੂੰਹ ਹੈ।
  6. ਪਾਕਿਸਤਾਨ ਦੇ ਇੱਕ ਹੋਰ ਵੱਡੇ ਅਖ਼ਬਾਰ 'ਡਾਨ' ਨੇ ਮਾਨਿਕਾ ਦੇ ਬਾਰੇ ਲਿਖਿਆ ਹੈ ਕਿ ਉਨ੍ਹਾਂ ਦਾ ਸਬੰਧ ਵੱਟੂ ਬਿਰਾਦਰੀ ਨਾਲ ਹੈ।
  7. ਦਿ ਨਿਊਜ਼ ਵੈੱਬਸਾਈਟ ਨੇ ਦੱਸਿਆ ਕਿ ਇਮਰਾਨ ਬੁਸ਼ਰਾ ਕੋਲ ਅਧਿਆਤਮ ਦਾ ਗਿਆਨ ਲੈਣ ਜਾਂਦੇ ਸਨ।
Image copyright Getty Images

ਇਮਰਾਨ ਖ਼ਾਨ ਦਾ ਦੂਜਾ ਵਿਆਹ ਟੀਵੀ ਐਂਕਰ ਰੇਹਾਮ ਖ਼ਾਨ ਨਾਲ ਸਾਲ 2014 ਵਿੱਚ ਹੋਇਆ ਸੀ।

ਹਾਲਾਂਕਿ ਇਹ ਵਿਆਹ ਕੁਝ ਸਮੇਂ ਹੀ ਚੱਲ ਸਕਿਆ ਸੀ ਇਸ ਵੇਲੇ ਵੀ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਦੀ ਪੁਸ਼ਟੀ ਹੋਣ ਨੂੰ ਸਮਾਂ ਲੱਗਿਆ ਸੀ।

Image copyright IMRAN KHAN OFFICIAL
ਫੋਟੋ ਕੈਪਸ਼ਨ ਇਮਰਾਨ ਖ਼ਾਨ ਦਾ ਦੂਜਾ ਵਿਆਹ ਟੀਵੀ ਐਂਕਰ ਰੇਹਾਮ ਖ਼ਾਨ ਨਾਲ ਹੋਇਆ ਸੀ

ਉਨ੍ਹਾਂ ਦੇ ਦੂਜੇ ਵਿਆਹ ਦੀ ਖ਼ਬਰ ਉਸ ਵੇਲੇ ਆਈ ਸੀ ਜਦੋਂ ਪੇਸ਼ਾਵਰ ਪਬਲਿਕ ਸਕੂਲ 'ਤੇ ਹਮਲੇ ਤੋਂ ਬਾਅਦ ਮੁਲਕ ਵਿੱਚ ਗ਼ਮ ਦਾ ਮਾਹੌਲ ਸੀ।

Image copyright Getty Images
ਫੋਟੋ ਕੈਪਸ਼ਨ ਜੇਮਿਮਾ ਦੇ ਨਾਲ ਇਮਰਾਨ

ਇਮਰਾਨ ਖ਼ਾਨ ਨੇ ਪਹਿਲਾ ਵਿਆਹ ਜੇਮਿਮਾ ਗੋਲਸਮਿੱਥ ਨਾਲ ਕਰਵਾਇਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੇਟੇ ਹਨ।

ਜੇਮਿਮਾ ਅਤੇ ਇਮਰਾਨ ਦਾ ਸਾਲ 2004 ਵਿੱਚ ਤਲਾਕ਼ ਹੋ ਗਿਆ।

ਜੇਮਿਮਾ ਬ੍ਰਿਟਿਸ਼ ਸਨਅਤਕਾਰ ਗੋਲਸਮਿੱਥ ਦੀ ਧੀ ਹਨ। ਤਲਾਕ਼ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਹੁਣ ਆਪਣਾ ਸਰਨੇਮ ਗੋਲਡਸਮਿੱਥ ਹੀ ਲਿਖਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)