ਪ੍ਰੈਸ ਰਿਵੀਊ : ਕਿਸ ਤੋਂ ਖਫ਼ਾ ਹਨ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ?

ਸੁਰੇਸ਼ ਅਰੋੜਾ, ਡੀਜੀਪੀ ਪੰਜਾਬ

ਮੌੜ ਮੰਡੀ ਬੰਬ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਆਪਹੁਦਰੇ ਪੁਲਿਸ ਅਫ਼ਸਰਾਂ ਤੋਂ ਨਾਰਾਜ਼ ਦੱਸੇ ਜਾ ਰਹੇ ਹਨ।

ਮੌੜ ਧਮਾਕੇ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਡੀਜੀਪੀ ਸੁਰੇਸ਼ ਅਰੋੜਾ ਦੇ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਹੈ।

ਪੰਜਾਬੀ ਟ੍ਰੀਬੀਊਨ ਵਿੱਚ ਛਪੀ ਖ਼ਬਰ ਅਨੁਸਾਰ ਜਾਂਚ ਟੀਮ ਨੇ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਚਾਰ ਗਵਾਹਾਂ ਦੇ ਬਿਆਨ ਦਰਜ ਕਰਵਾਉਣ ਮਗਰੋਂ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਸਿੰਘ ਕਾਲਾ ਨੂੰ ਮੁੱਖ ਮੁਲਜ਼ਮ ਵਜੋਂ ਵੇਖਣਾ ਸ਼ੁਰੂ ਕਰ ਦਿੱਤਾ ਸੀ।

ਡੀਜੀਪੀ ਸੁਰੇਸ਼ ਅਰੋੜਾ ਅਫਸਰਾਂ ਵੱਲੋਂ ਕਾਲਾ ਦਾ ਨਾਂ ਜਨਤਕ ਕੀਤੇ ਜਾਣ ਤੋਂ ਖਫ਼ਾ ਹਨ।

ਕੈਨੇਡਾ ਦੇ ਪਹਿਲੇ ਸਿੱਖ ਪ੍ਰੀਮੀਅਰ ਤੇ ਲਿਬਰਲ ਪਾਰਟੀ ਦੇ ਆਗੂ ਉੱਜਲ ਦੁਸਾਂਝ ਨੇ ਕਿਹਾ ਹੈ ਕਿ ਲਿਬਰਲ ਪਾਰਟੀ ਦੇ ਆਗੂ ਪਹਿਲਾਂ ਵੱਖਵਾਦੀਆਂ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ ਅਤੇ ਹੁਣ ਉਹ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਖੁਦ ਨੂੰ ਬੇਗੁਨਾਹ ਕਰਾਰ ਨਹੀਂ ਦੇ ਸਕਦੇ ਹਨ।

ਤਸਵੀਰ ਸਰੋਤ, Getty Images

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਅਨੁਸਾਰ ਉੱਜਲ ਦੁਸਾਂਝ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਦੌਰੇ ਤੋਂ ਪਹਿਲਾਂ ਭਾਰਤ ਦੇ ਮੁੱਦੇ ਸਮਝਣੇ ਚਾਹੀਦੇ ਸੀ।

ਉਨ੍ਹਾਂ ਕਿਹਾ, "ਜੇ ਕੈਨੇਡਾ ਵਿੱਚ ਵੱਖਵਾਦੀਆਂ ਨੂੰ ਹਮਾਇਤ ਮਿਲ ਰਹੀ ਹੈ ਤਾਂ ਇਹ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਜੇ ਕੈਨੇਡਾ ਸਰਕਾਰ ਨੂੰ ਭਾਰਤ ਦੀ ਚਿੰਤਾਵਾਂ ਦੀ ਪਰਵਾਹ ਨਹੀਂ ਤਾਂ ਟਰੂਡੋ ਨੂੰ ਵੀ ਭਾਰਤ ਨਹੀਂ ਆਉਣਾ ਚਾਹੀਦਾ ਸੀ।''

ਭੁਪਿੰਦਰ ਹੁੱਡਾ ਮੁਸ਼ਕਿਲ ਵਿੱਚ

ਮਾਨੇਸਰ ਜ਼ਮੀਨ ਘੁਟਾਲੇ ਵਿੱਚ ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਹੋਣ ਦੇ ਇਲਜ਼ਾਮ ਲਾਏ ਹਨ।

ਤਸਵੀਰ ਸਰੋਤ, AFP/getty images

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਸੀਬੀਆਈ ਨੇ ਇਸ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਸੀਬੀਆਈ ਅਦਾਲਤ ਵਿੱਚ ਪੇਸ਼ ਕਰ ਦਿੱਤੀ ਹੈ।

ਚਾਰਜਸ਼ੀਟ ਵਿੱਚ ਸੀਬੀਆਈ ਨੇ ਭੁਪਿੰਦਰ ਹੁੱਡਾ ਸਣੇ ਕਈ ਅਫਸਰਾਂ ਨੂੰ ਵੀ 1,000 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਮੁਲਜ਼ਮ ਬਣਾਇਆ ਹੈ।

ਚਾਰਜਸ਼ੀਟ ਵਿੱਚ ਕਈ ਵੱਡੇ ਤਤਕਾਲੀ ਅਫਸਰਾਂ ਦੇ ਨਾਂ ਸ਼ਾਮਲ ਹਨ।

ਤਸਵੀਰ ਸਰੋਤ, Getty Images

ਨਵੇਂ ਜਨਮੇਂ ਬੱਚਿਆਂ ਦੇ ਲਈ ਪਾਕਿਸਤਾਨ ਸਭ ਤੋਂ ਖਤਰਨਾਕ ਦੇਸ ਹੈ। ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਹਰ 22 ਵਿੱਚੋਂ ਇੱਕ ਬੱਚੇ ਦੀ ਮੌਤ 1 ਮਹੀਨੇ ਦੇ ਹੋਣ ਤੋਂ ਪਹਿਲਾਂ ਹੀ ਹੋ ਜਾਂਦੀ ਹੈ।

ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ ਭਾਰਤ ਨਵੇਂ ਜਨਮੇਂ ਬੱਚਿਆਂ ਦੇ ਲਈ ਜ਼ਿਆਦਾ ਸੁਰੱਖਿਅਤ ਦੇਸ ਹੈ। ਘੱਟ ਆਮਦਨ ਵਾਲੇ 52 ਦੇਸਾਂ ਦੀ ਸੂਚੀ ਵਿੱਚ ਭਾਰਤ 12ਵੇਂ ਨੰਬਰ 'ਤੇ ਹੈ।

ਭਾਰਤ ਵਿੱਚ ਹਰ 1000 ਨਵੇਂ ਜਨਮੇਂ ਬੱਚਿਆਂ ਦੀ ਮੌਤ ਦੀ ਦਰ 25.4 ਹੈ। ਬੰਗਲਾਦੇਸ, ਨੇਪਾਲ ਤੇ ਭੂਟਾਨ ਇਸ ਸੂਚੀ ਵਿੱਚ ਭਾਰਤ ਤੋਂ ਅੱਗੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)