ਜਸਟਿਨ ਟਰੂਡੋ ਅੱਗੇ ਕਿੰਨਰਾਂ ਦੇ ਹੱਕਾਂ ਦਾ ਮੁੱਦਾ ਚੁੱਕਾਂਗੀ: ਧਨੰਜੇ ਚੌਹਾਨ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
ਧਨੰਜੇ ਚੌਹਾਨ

ਕਿੰਨਰ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਸਮਾਜਸੇਵੀ ਧਨੰਜੇ ਚੌਹਾਨ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਨਮਾਨ ਵਿੱਚ ਆਯੋਜਿਤ ਭੋਜ ਲਈ 22 ਫਰਵਰੀ ਨੂੰ ਸੱਦਾ ਦਿੱਤਾ ਗਿਆ ਹੈ।

ਧਨੰਜੇ ਚੌਹਾਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੁੱਖੀ ਅਧਿਕਾਰ ਅਤੇ ਡਿਊਟੀਜ਼ ਵਿਭਾਗ ਦੇ ਕਿੰਨਰ ਵਿਦਿਆਰਥੀ ਹਨ।

ਉਨ੍ਹਾਂ ਨੂੰ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਉਨ੍ਹਾਂ ਦੇ ਘਰ ਵਿੱਚ ਆਯੋਜਿਤ ਭੋਜ ਲਈ ਸੱਦਾ ਦਿੱਤਾ ਗਿਆ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਧਨੰਜੇ ਚੌਹਾਨ ਨੇ ਦੱਸਿਆ, "ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਗੇ ਕਿੰਨਰਾਂ ਦੇ ਹੱਕਾਂ ਦਾ ਮੁੱਦਾ ਚੁੱਕਾਂਗੀ।''

'ਟਰੂਡੋ ਤੋਂ ਨੈਤਿਕ ਸਹਾਇਤਾ ਦੀ ਆਸ'

"ਮੈਂ ਮੰਨਦੀ ਹਾਂ ਕਿ ਦਾਖਲੇ ਦੇ ਫਾਰਮ ਵਿੱਚ ਲਿੰਗ ਲਈ ਕੋਈ ਕਾਲਮ ਨਹੀਂ ਹੋਣਾ ਚਾਹੀਦਾ ਤਾਂ ਜੋ ਲੋਕ ਆਪਣੇ ਲਿੰਗ ਬਾਰੇ ਸਮਝਣ 'ਤੇ ਖੁਦ ਫੈਸਲਾ ਕਰ ਸਕਣ।''

"ਇਸ ਦੇ ਨਾਲ ਹੀ ਕਈ ਹੋਰ ਮਸਲਿਆਂ ਕਾਰਨ ਵੀ ਸਾਡਾ ਭਾਈਚਾਰਾ ਪਿਛੜਿਆ ਹੋਇਆ ਹੈ।''

ਧਨੰਜੇ ਤੋਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਜੁੜੀਆਂ ਉਮੀਦਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋਂ ਤੋਂ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਸਹਾਇਤਾ ਮਿਲਣ ਦੀ ਆਸ ਹੈ।

ਪੰਜਾਬ ਯੂਨੀਵਰਸਿਟੀ ਵਿੱਚ ਵੀ ਧਨੰਜੇ ਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਕਈ ਅਹਿਮ ਮੁਹਿੰਮਾਂ ਦਾ ਰਹੇ ਹਿੱਸਾ

ਉਸੇ ਵਿਭਾਗ ਵਿੱਚ ਅਸਿਟੈਂਟ ਪ੍ਰੋਫੈਸਰ ਨਮਿਤਾ ਗੁਪਤਾ ਨੇ ਦੱਸਿਆ, "ਧਨੰਜੇ ਕਿੰਨਰ ਭਾਈਚਾਰੇ ਬਾਰੇ ਚਰਚਾਵਾਂ ਆਯੋਜਿਤ ਕਰਵਾਉਂਦੇ ਹਨ। ਕੁਝ ਮਹੀਨੇ ਪਹਿਲਾਂ ਧਨੰਜੇ ਨੇ ਯੂਨੀਵਰਸਿਟੀ ਵਿੱਚ ਕਿੰਨਰਾਂ ਲਈ ਪਾਖਾਨੇ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।''

ਚੌਹਾਨ ਉਨ੍ਹਾਂ 5 ਕਿੰਨਰ ਵਿਦਿਆਰਥੀਆਂ ਵਿੱਚੋਂ ਹਨ ਜੋ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੜ੍ਹਦੇ ਹਨ।

ਨਮਿਤਾ ਨੇ ਦੱਸਿਆ, "ਬੀਤੇ ਕੁਝ ਸਾਲਾਂ ਤੋਂ ਧਨੰਜੇ ਦੇ ਕਿੰਨਰ ਸਮਾਜ ਲਈ ਕੀਤੇ ਕਾਰਜਾਂ 'ਤੇ ਯੂਨੀਵਰਸਿਟੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਗੌਰ ਫਰਮਾ ਰਹੇ ਹਨ।''

ਧਨੰਜੇ ਕਿੰਨਰ ਸਮਾਜ ਦੇ ਹੱਕਾਂ ਦੀ ਰਾਖੀ ਲਈ ਇੱਕ ਗੈਰ-ਸਰਕਾਰੀ ਸੰਸਥਾ ਵੀ ਚਲਾਉਂਦੇ ਹਨ।

ਉਨ੍ਹਾਂ ਨੂੰ ਨੀਦਰਲੈਂਡਜ਼ ਵਿੱਚ ਅਗਸਤ 2016 ਵਿੱਚ ਕਿੰਨਰ ਸਮਾਜ ਦੇ ਹੱਕਾਂ ਲਈ ਪ੍ਰਬੰਧਿਤ ਗਲੋਬਲ ਮੀਟ ਵਿੱਚ ਹਿੱਸਾ ਲੈਣ ਲਈ ਵੀ ਸੱਦਿਆ ਗਿਆ ਸੀ।

ਬੀਤੇ ਸਾਲ ਧਨੰਜੇ ਨੇ ਯੂਨੀਵਰਸਿਟੀ ਕੈਂਪਸ ਵਿੱਚ 'ਪ੍ਰਾਈਡ ਵਾਕ' ਆਯੋਜਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਕਿੰਨਰ ਸਮਾਜ ਦੇ ਹੱਕਾਂ ਲਈ ਪ੍ਰਬੰਧਿਤ ਇਸ ਵਾਕ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਜਿਨ੍ਹਾਂ ਵਿੱਚ ਕੈਨੇਡਾ ਦੇ ਕੌਂਸਲ ਜਨਰਲ ਕ੍ਰਿਸਟੋਫਰ ਗਿਬਿੰਸ ਵੀ ਸ਼ਾਮਿਲ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)