ਬਲਾਤਕਾਰ ਦੋਸ਼ੀ ਦੇ ਹੱਕ ਵਿੱਚ ਕਿੱਥੇ ਲਹਿਰਾਏ ਗਏ ਤਿਰੰਗੇ

ਤਿਰੰਗਾ Image copyright TWITTER/SHAKEEL AHMAD

ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਅੱਠ ਸਾਲ ਦੀ ਆਸਿਫਾ ਦੀ ਕਹਾਣੀ ਉਸ ਸਮੇਂ ਸ਼ੁਰੂ ਹੋਈ ਜਦੋਂ ਉਨ੍ਹਾਂ ਨੂੰ ਅਚਾਨਕ ਅਗਵਾ ਕਰ ਲਿਆ ਗਿਆ।

ਇਹ ਪਿਛਲੀ 10 ਜਨਵਰੀ ਦੀ ਗੱਲ ਹੈ। ਆਸਿਫਾ ਦੇ ਗੁੰਮ ਹੋਣ ਤੋਂ ਇੱਕ ਦਿਨ ਬਾਅਦ ਘਰਵਾਲਿਆਂ ਨੇ ਪੁਲਿਸ ਵਿੱਚ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ।

ਠੀਕ ਸੱਤ ਦਿਨਾਂ ਬਾਅਦ ਆਸਿਫਾ ਦੀ ਲਾਸ਼ ਕਠੁਆ ਦੇ ਵਸਾਉਣੇ ਪਿੰਡ ਵਿੱਚ ਮਿਲੀ।

ਜਿਸ ਦਿਨ ਆਸਿਫਾ ਨੂੰ ਅਗਵਾ ਕੀਤਾ ਗਿਆ, ਉਸ ਦਿਨ ਉਹ ਕੋਲ ਦੇ ਇੱਕ ਜੰਗਲ ਵਿੱਚ ਆਪਣੀਆਂ ਬੱਕਰੀਆਂ ਚਰਾਉਣ ਗਈ ਸੀ। ਆਸਿਫਾ ਗੁੱਜਰ ਭਾਈਚਾਰੇ ਤੋਂ ਸੀ।

ਆਸਿਫਾ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਇਲਾਕੇ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਬਦਲੇ ਵਿੱਚ ਉਨ੍ਹਾਂ ਨੂੰ ਪੁਲਿਸ ਦੀਆਂ ਲਾਠੀਆਂ ਖਾਣੀਆਂ ਪਈਆਂ।

ਪੁਲਿਸ ਅਧਿਕਾਰੀ ਮੁਅੱਤਲ

ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਿੱਚ ਆਸਿਫਾ ਦੀ ਹੱਤਿਆ ਅਤੇ ਬਲਾਤਕਾਰ ਦੀ ਗੂੰਜ ਕਈ ਦਿਨਾਂ ਤੱਕ ਸੁਣਾਈ ਦਿੰਦੀ ਰਹੀ।

ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸਰਕਾਰ ਨੇ ਸਦਨ ਵਿੱਚ ਦੱਸਿਆ ਕਿ ਇਸ ਸਿਲਸਿਲੇ ਵਿੱਚ ਪੰਦਰਾਂ ਸਾਲ ਦੇ ਇੱਕ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਦਨ ਵਿੱਚ ਸਰਕਾਰ ਦੇ ਬਿਆਨ ਅਤੇ ਪੰਦਰਾਂ ਸਾਲ ਦੇ ਮੁੰਡੇ ਦੀ ਗ੍ਰਿਫ਼ਤਾਰੀ ਦੇ ਦਾਅਵੇ ਦੇ ਬਾਵਜੂਦ ਆਸਿਫਾ ਦੇ ਅਸਲ ਗੁਨਾਹਗਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਜ਼ੋਰ ਫੜਦਾ ਗਿਆ।

Image copyright Getty Images

ਦਬਾਅ ਵਿੱਚ ਸਰਕਾਰ ਨੇ ਇਲਾਕੇ ਦੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕੀਤਾ ਅਤੇ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਨੂੰ ਦੇ ਦਿੱਤੀ ਹੈ।

ਜੰਮੂ ਕਸ਼ਮੀਰ ਪੁਲਿਸ ਨੇ 10 ਫਰਵਰੀ ਨੂੰ ਮਾਮਲੇ ਵਿੱਚ ਇੱਕ ਪੁਲਿਸ ਕਰਮੀਂ ਨੂੰ ਗ੍ਰਿਫ਼ਤਾਰ ਕੀਤਾ।

ਗ੍ਰਿਫ਼ਤਾਰ ਪੁਲਿਸ ਕਰਮੀਂ ਦਾ ਨਾਮ ਦੀਪਕ ਖਜੂਰਿਆ ਹੈ ਅਤੇ ਉਸ ਦੀ ਉਮਰ 28 ਸਾਲ ਹੈ। ਤਿੰਨ ਦਿਨ ਪਹਿਲਾਂ ਵੀ ਇੱਕ ਹੋਰ ਪੁਲਿਸ ਕਰਮੀਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੀਪਕ ਖਜੂਰਿਆ ਹੀਰਾ ਨਗਰ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ। ਉਹ ਉਸ ਟੀਮ ਵਿੱਚ ਸ਼ਾਮਿਲ ਸੀ ਜੋ ਆਸਿਫਾ ਨੂੰ ਲੱਭਣ ਜੰਗਲ ਗਈ ਸੀ।

ਸੀਬੀਆਈ ਜਾਂਚ ਦੀ ਮੰਗ

ਪੁਲਿਸ ਦੇ ਹਵਾਲੇ ਵੱਲੋਂ ਛਪੀਆਂ ਖ਼ਬਰਾਂ ਵਿੱਚ ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਆਸਿਫਾ ਨੂੰ ਇੱਕ ਹਫ਼ਤੇ ਤੱਕ ਆਪਣੇ ਨਾਲ ਰੱਖਿਆ ਸੀ।

ਇਸ ਦੌਰਾਨ ਉਨ੍ਹਾਂ ਨੇ ਆਸਿਫਾ ਨੂੰ ਨਸ਼ੇ ਦੀਆਂ ਗੋਲੀਆਂ ਵੀ ਦਿੱਤੀਆਂ ਸਨ।

ਦੀਪਕ ਖਜੂਰਿਆ ਦੀ ਗ੍ਰਿਫ਼ਤਾਰੀ ਦੇ ਠੀਕ ਸੱਤ ਦਿਨ ਬਾਅਦ ਕਠੂਆ ਵਿੱਚ ਹਿੰਦੂ ਏਕਤਾ ਮੋਰਚਾ ਨੇ ਉਨ੍ਹਾਂ ਦੇ ਸਮਰਥਨ ਵਿੱਚ ਰੈਲੀ ਦਾ ਪ੍ਰਬੰਧ ਕੀਤਾ।

ਮੁਜ਼ਾਹਰੇ ਵਿੱਚ ਕਥਿਤ ਤੌਰ ਉੱਤੇ ਭਾਜਪਾ ਦੇ ਕੁਝ ਲੋਕ ਵੀ ਸ਼ਾਮਿਲ ਸਨ। ਪ੍ਰਦਰਸ਼ਨਕਾਰੀਆਂ ਹੱਥਾਂ ਵਿੱਚ ਤਰੰਗਾ ਲੈ ਕੇ ਦੋਸ਼ੀ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਭਾਜਪਾ ਦੇ ਜਰਨਲ ਸਕੱਤਰ ਅਸ਼ੋਕ ਕੌਲ ਨੇ ਬੀਬੀਸੀ ਨੂੰ ਦੱਸਿਆ, "ਖੇਤਰ ਦੇ ਵਿਧਾਇਕ ਲੋਕਾਂ ਦੇ ਵਿੱਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਹ ਉਸ ਸਭਾ ਵਿੱਚ ਗਏ ਸਨ।"

Image copyright Getty Images

ਕੀ ਭਾਜਪਾ ਰੈਲੀ ਕੱਢਣ ਵਾਲਿਆਂ ਉੱਤੇ ਕਾਰਵਾਈ ਕਰੇਗੀ?

ਇਸ ਸਵਾਲ ਉੱਤੇ ਅਸ਼ੋਕ ਕੌਲ ਨੇ ਕਿਹਾ, "ਬੀਜੇਪੀ ਘਟਨਾ ਦੀ ਨਿੰਦਾ ਕਰਦੀ ਹੈ। ਅਸੀਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ। ਜੋ ਵੀ ਦੋਸ਼ੀ ਹੋਵੇ, ਉਸ ਨੂੰ ਸੱਜਾ ਮਿਲਣੀ ਚਾਹੀਦੀ ਹੈ।"

ਗੁੱਜਰਾਂ ਦਾ ਬਾਈਕਾਟ

ਇਲਾਕੇ ਦੇ ਸਮਾਜਕ ਕਾਰਕੁਨ ਅਤੇ ਵਕੀਲ ਤਾਲਿਬ ਹੁੱਸਿਅਨ ਕਹਿੰਦੇ ਹਨ ਕਿ ਗੁੱਜਰਾਂ ਦੇ ਖ਼ਿਲਾਫ਼ ਨਾ ਸਿਰਫ਼ ਰੈਲੀ ਕੱਢੀ ਗਈ ਸਗੋਂ ਹੁਣ ਉਨ੍ਹਾਂ ਦਾ ਬਾਈਕਾਟ ਵੀ ਕੀਤਾ ਜਾਣ ਲੱਗਾ ਹੈ।

ਉਨ੍ਹਾਂ ਕਿਹਾ, "ਉਨ੍ਹਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਕਿ ਬੁੱਧਵਾਰ ਤੱਕ ਉਹ ਆਪਣਾ ਘਰ ਖ਼ਾਲੀ ਕਰ ਇੱਥੋਂ ਚਲੇ ਜਾਣ। ਉਨ੍ਹਾਂ ਦੇ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਲੋਕਾਂ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਗੁੱਜਰਾਂ ਤੋਂ ਦੁੱਧ ਨਾ ਖ਼ਰੀਦਣ।"

ਉਹ ਅੱਗੇ ਦੱਸਦੇ ਹਨ ਕਿ ਇਹ ਸਭ ਕੁਝ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਇਹ ਸਭ ਕਈ ਦਿਨਾਂ ਤੋਂ ਚੱਲ ਰਿਹਾ ਹੈ। ਤਾਲਿਬ ਨੇ ਕਿਹਾ ਕਿ ਰੈਲੀ ਵਿੱਚ ਕਾਂਗਰਸ ਦੇ ਲੋਕ ਵੀ ਸ਼ਾਮਿਲ ਸਨ। ਹੁਣ ਕਾਂਗਰਸ ਅਤੇ ਭਾਜਪਾ ਦੇ ਵਿੱਚ ਟੱਕਰ ਹੈ ਕਿ ਕੌਣ ਜ਼ਿਆਦਾ ਕੱਟੜ ਹਿੰਦੂ ਹੈ।

ਕਠੂਆ ਵਿੱਚ ਰੈਲੀ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, "ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਫੜੇ ਗਏ ਦੋਸ਼ੀਆਂ ਦੇ ਸਮਰਥਨ ਵਿੱਚ ਕਠੂਆ ਵਿੱਚ ਇੱਕ ਰੈਲੀ ਕੱਢੀ ਗਈ। ਰੈਲੀ ਵਿੱਚ ਤਿਰੰਗੇ ਵੀ ਲਹਿਰਾਏ ਗਏ। ਇਹ ਤਿਰੰਗੇ ਦੀ ਬੇਇੱਜ਼ਤੀ ਹੈ। ਕਾਨੂੰਨ ਆਪਣਾ ਕੰਮ ਕਰੇਗਾ।"

ਉੱਥੇ ਹੀ, ਵਿਰੋਧੀ ਨੈਸ਼ਨਲ ਕਾਨਫਰੈਂਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾਕਟਰ ਫ਼ਾਰੂਕ ਅਬਦੁੱਲਾ ਨੇ ਵੀ ਇਸ ਤਰ੍ਹਾਂ ਦੀ ਰੈਲੀ ਅਤੇ ਤਿਰੰਗੇ ਲਹਿਰਾਉਣ ਨੂੰ ਖ਼ਤਰਨਾਕ ਦੱਸਿਆ ਹੈ।

ਵੱਖਵਾਦੀਆਂ ਦੀ ਧਮਕੀ

ਕਸ਼ਮੀਰ ਦੇ ਵੱਖਵਾਦੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਆਸਿਫਾ ਨੂੰ ਇਨਸਾਫ਼ ਨਹੀਂ ਮਿਲਿਆ ਉਹ ਸੂਬੇ ਵਿੱਚ ਅੰਦੋਲਨ ਸ਼ੁਰੂ ਕਰਨਗੇ।

ਆਸਿਫਾ ਦੇ ਰਿਸ਼ਤੇਦਾਰਾਂ ਨੇ ਪਿਛਲੇ ਦਿਨੀਂ ਕਸ਼ਮੀਰ ਦੇ ਅਨੰਤਨਾਗ ਵਿੱਚ ਪ੍ਰਦਰਸ਼ਨ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਇੱਕ ਵੱਡਾ ਅੰਦੋਲਨ ਸ਼ੁਰੂ ਕਰਨਗੇ।

ਆਸਿਫਾ ਦਾ ਪਰਿਵਾਰ ਖ਼ਾਨਾਬਦੋਸ਼ ਹੈ ਜੋ ਛੇ ਮਹੀਨੇ ਜੰਮੂ ਵਿੱਚ ਰਹਿੰਦਾ ਹੈ ਅਤੇ ਛੇ ਮਹੀਨੇ ਕਸ਼ਮੀਰ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)