ਹਨੀਫ਼ ਦਾ Vlog: 'ਜੇ ਰੱਬ ਨੂੰ ਮੰਨਦੇ ਹੋ ਤਾਂ ਮੁੰਡੇ ਮੰਗਣੇ ਛੱਡੋ'
- ਮੁਹੰਮਦ ਹਨੀਫ਼
- ਲੇਖਕ ਤੇ ਸੀਨੀਅਰ ਪੱਤਰਕਾਰ

ਤਸਵੀਰ ਸਰੋਤ, Getty Images
ਕਦੇ-ਕਦੇ ਅਖ਼ਬਾਰ ਦੇ ਅੰਦਰ ਵਾਲੇ ਸਫ਼ਿਆਂ ਵਿੱਚ ਇੱਕ ਛੋਟੀ ਜਿਹੀ ਖ਼ਬਰ ਪੜ੍ਹ ਕੇ ਦਿਲ ਦਹਿਲ ਜਿਹਾ ਜਾਂਦਾ ਹੈ।
ਪਿਛਲੇ ਦਿਨੀਂ ਭਾਰਤ ਤੋਂ ਖ਼ਬਰ ਆਈ ਸੀ ਕਿ ਦੋ ਕਰੋੜ ਅਜਿਹੀਆਂ ਹਨ ਜਿਹੜੀਆਂ ਉਨ੍ਹਾਂ ਦੇ ਮਾਂ-ਪਿਓ ਨੂੰ ਚਾਹੀਦੀਆਂ ਹੀ ਨਹੀਂ।
ਕੀ ਹੈ ਮੁੰਡੇ ਮੰਗਣ ਵਾਲਿਆਂ ਨੂੰ ਹਨੀਫ਼ ਦੀ ਨਸੀਹਤ?
ਮਤਲਬ ਮੁੰਡੇ ਦੀ ਆਸ ਸੀ ਪਰ ਕੁੜੀ ਜੰਮ ਪਈ ਤੇ ਉਦੋਂ ਤੱਕ ਲੱਗੇ ਰਹੇ ਜਦੋਂ ਤੱਕ ਮੁੰਡਾ ਨਹੀਂ ਹੋ ਗਿਆ। ਤਬੀਜ਼ ਵੀ ਪਾਏ ਹੋਣਗੇ, ਰੱਬ ਕੋਲ ਦੁਆ ਵੀ ਮੰਗੀ ਹੋਵੇਗੀ ਕੀ ਯਾ ਅੱਲ੍ਹਾ ਸਾਨੂੰ ਕੁੜੀ ਨਹੀਂ ਚਾਹੀਦੀ, ਸਾਨੂੰ ਮੁੰਡਾ ਹੀ ਦਿਓ।
ਮੇਰਾ ਉਨ੍ਹਾਂ ਲੋਕਾਂ ਕੋਲ ਇਹੀ ਸੁਆਲ ਹੈ ਬਈ ਤੁਸੀਂ ਕੌਣ ਲੋਕ ਹੋ। ਕਦੇ ਆਪਣੇ ਆਲੇ-ਦੁਆਲੇ ਵੇਖੋ, ਸਾਡੇ ਮੁੰਡੇ ਕੀ ਕਰਦੇ ਹਨ ਤੇ ਸਾਡੀਆਂ ਕੁੜੀਆਂ ਕਿੱਥੇ ਅੱਪੜ ਗਈਆਂ ਹਨ।
ਕੁੜੀਆਂ ਵਧੇਰੇ ਕਾਮਯਾਬ
ਪਾਕਿਸਤਾਨ ਵਿੱਚ ਬੀਤੇ 20 ਵਰ੍ਹਿਆਂ ਤੋਂ ਯੂਨੀਵਰਸਿਟੀ ਦਾ ਹਰ ਇਮਤਿਹਾਨ ਕੁੜੀਆਂ ਟਾਪ ਕਰਦੀਆਂ ਆ ਰਹੀਆਂ ਹਨ।
ਸਭ ਤੋਂ ਵੱਡੀ ਲਿਖਾਰੀ ਜਾਂ ਵਕੀਲ ਵੀ ਕੁੜੀਆਂ ਹਨ। ਸਾਡੇ ਘਰ ਤੇ ਖੇਤ ਕੁੜੀਆਂ ਦੇ ਮੋਢਿਆਂ 'ਤੇ ਚੱਲ ਰਹੇ ਹਨ। ਅਸੀਂ ਫਿਰ ਵੀ ਕਹਿੰਦੇ ਹਾਂ ਕਿ ਸਾਨੂੰ ਕੁੜੀਆਂ ਨਹੀਂ ਚਾਹੀਦੀਆਂ।
ਭੈਣੋਂ ਤੇ ਭਰਾਵੋਂ ਆਪਣੇ ਆਲੇ-ਦੁਆਲੇ ਵੇਖੋ, ਮੁੰਡੇ ਵੇਖੋ, ਕੁੜੀਆਂ ਵੇਖੋ ਤੇ ਫਿਰ ਦੱਸੋ ਕੁੜੀਆਂ ਚਾਹੀਦੀਆਂ ਹਨ ਜਾਂ ਮੁੰਡੇ।
ਤਸਵੀਰ ਸਰੋਤ, Getty Images
ਸਾਡੇ ਆਪਣੇ ਯਾਰ ਬਾਲ-ਬੱਚੇਦਾਰ ਹਨ। ਉਨ੍ਹਾਂ ਨਾਲ ਗੱਲ ਹੁੰਦੀ ਹੈ ਤਾਂ ਜੇ ਪੁੱਛੇ ਤੁਹਾਡੀ ਧੀ ਕੀ ਕਰਦੀ ਹੈ ਤਾਂ ਜਵਾਬ ਮਿਲੇਗਾ ਐੱਮ.ਏ ਸੋਸ਼ੋਲੋਜੀ ਕਰ ਰਹੀ ਹੈ, ਨਾਲ ਸ਼ਾਮ ਨੂੰ ਕੰਪਿਊਟਰ ਕੋਰਸ ਵੀ ਕਰਨ ਜਾਂਦੀ ਹੈ।
ਮੁੰਡੇ ਵਾਲੇ ਕੋਲੋਂ ਪੁੱਛੋ, ਬੇਟਾ ਕੀ ਕਰਦਾ ਹੈ? ਤਾਂ ਜਵਾਬ ਮਿਲਦਾ ਹੈ, ਬੇਟਾ ਸਿਰਫ਼ ਚਰਸ ਪੀਂਦਾ ਹੈ, ਹੋਰ ਕੁਝ ਨਹੀਂ ਕਰਦਾ।
ਕੁੜੀ ਅਜੇ ਸਕੂਲ ਪੜ੍ਹਦੀ ਹੁੰਦੀ ਹੈ ਤੇ ਘਰ 'ਤੇ ਜੇ ਔਖਾ ਵਕਤ ਆ ਜਾਏ ਤਾਂ ਪੂਰਾ ਘਰ ਸਾਂਭ ਲੈਂਦੀ ਹੈ। ਮੁੰਡਾ 50 ਸਾਲ ਦਾ ਹੋ ਜਾਏ ਤਾਂ ਉਸ ਨੂੰ ਇਹ ਸਮਝ ਨਹੀਂ ਹੁੰਦੀ ਕਿ ਪੈਂਟ ਲਾਹ ਕੇ ਫਰਸ਼ 'ਤੇ ਨਹੀਂ ਸੁੱਟੀ ਜਾਂਦੀ, ਅਲਮਾਰੀ ਵਿੱਚ ਟੰਗੀ ਜਾਂਦੀ ਹੈ।
ਸ਼ਿਕਾਰ ਸ਼ੇਰਨੀ ਹੀ ਕਰਦੀ ਹੈ
ਛੋਟੀ ਉਮਰ ਵਿੱਚ ਲੜਾਈ ਪੈ ਜਾਏ ਤਾਂ ਮਲਾਲਾ ਵਰਗੀਆਂ ਕੁੜੀਆਂ ਲਲਕਾਰਦੀਆਂ ਵੀ ਹਨ ਤੇ ਸਿਰ ਵਿੱਚ ਗੋਲੀ ਖਾ ਕੇ ਗਾਲ਼ ਨਹੀਂ ਕੱਢਦੀਆਂ।
ਕਰਮਾਂ ਵਾਲੀ ਨੇ ਨੋਬਲ ਪ੍ਰਾਈਜ਼ ਵੀ ਜਿੱਤ ਲਿਆ ਹੈ ਪਰ ਉਸ ਦੀ ਉਮਰ ਦਾ ਮੁੰਡਾ ਪਿਓ ਦੀ ਕਮਾਈ ਤੋਂ ਖਰੀਦੇ ਫੋਨ 'ਤੇ ਫੇਸਬੁਕ ਅਕਾਊਂਟ ਬਣਾ ਕੇ ਖੁਸ਼ ਹੋ ਜਾਂਦਾ ਹੈ ਤੇ ਪੁੱਛਦਾ ਹੈ ਮਲਾਲਾ ਨੇ ਇਸ ਦੇਸ ਵਾਸਤੇ ਕੀ ਕੀਤਾ।
ਤਸਵੀਰ ਸਰੋਤ, Getty Images
ਜੋ ਲੋਕ ਚਾਹੁੰਦੇ ਹਨ ਕਿ ਮੁੰਡਾ ਹੀ ਹੋਵੇ, ਉਨ੍ਹਾਂ ਦੇ ਬਸ ਦੋ ਕੰਮ ਹਨ। ਉਹ ਜਾਂ ਤਾਂ ਕ੍ਰਿਕਟ ਵੇਖਦੇ ਹਨ ਤੇ ਸੋਚਦੇ ਹਨ ਕਿ ਸਾਡਾ ਮੁੰਡਾ ਵਿਰਾਟ ਕੋਹਲੀ ਬਣੇਗਾ ਜਾਂ ਐਨੀਮਲ ਪਲੈਨੈੱਟ ਵੇਖਦੇ ਹਨ ਤੇ ਸੋਚਦੇ ਹਨ ਕਿ ਸਾਡਾ ਮੁੰਡਾ ਬੱਬਰ ਸ਼ੇਰ ਹੈ।
ਇਹ ਵੀ ਸਮਝਣਾ ਚਾਹੀਦਾ ਹੈ ਕਿ ਸ਼ਿਕਾਰ ਤਾਂ ਸ਼ੇਰਨੀ ਕਰਕੇ ਲਿਆਉਂਦੀ ਹੈ। ਸ਼ੇਰ ਤਾਂ ਇੰਨੀ ਦੇਰ ਤੱਕ ਸੁੱਤਾ ਰਹਿੰਦਾ ਹੈ ਕਿ ਉੱਠਦਾ ਹੀ ਉਦੋਂ ਹੈ ਜਦੋਂ ਰੋਟੀ ਤਿਆਰ ਹੋ ਜਾਏ।
ਜਿਨ੍ਹਾਂ ਭਰਾਵਾਂ ਨੂੰ ਕੁੜੀ ਨਹੀਂ ਮੁੰਡਾ ਚਾਹੀਦਾ ਹੈ ਉਹ ਪਾਕਿਸਤਾਨ ਦੀ ਇੱਕ ਕੁੜੀ ਵੇਖ ਲੈਣ।
ਅਸਮਾਂ ਤੋਂ ਲੈਣ ਪ੍ਰੇਰਨਾ
ਅਸਮਾਂ ਜਹਾਂਗੀਰ ਭਾਵੇਂ ਟੁਰ ਗਏ ਹਨ ਪਰ ਉਨ੍ਹਾਂ ਦੇ ਕੰਮ ਵੇਖੋ। 18 ਸਾਲ ਦੀ ਉਮਰ ਵਿੱਚ ਸਾਡੇ ਮੁੰਡੇ ਇੱਕ ਪਹੀਏ 'ਤੇ ਮੋਟਰਸਾਈਕਲ ਚਲਾ ਕੇ ਖੁਦ ਨੂੰ ਹੀਰੋ ਸਮਝਦੇ ਹਨ।
ਅਸਮਾਂ ਨੇ 18 ਸਾਲ ਦੀ ਉਮਰ ਵਿੱਚ ਇੱਕ ਫੌਜੀ ਤਾਨਾਸ਼ਾਹ ਦੇ ਖਿਲਾਫ਼ ਮੁਕੱਦਮਾ ਕੀਤਾ ਤੇ ਜਿੱਤ ਵੀ ਲਿਆ।
ਜਿਸ ਉਮਰ ਵਿੱਚ ਸਾਡੇ ਮੁੰਡੇ ਕਹਿੰਦੇ ਹਨ ਕਿ ਅੱਬੂ ਨੌਕਰੀ ਨਹੀਂ ਮਿਲ ਰਹੀ, ਸਾਨੂੰ ਗੱਡੀਆਂ ਦਾ ਸ਼ੋਅਰੂਮ ਖੋਲ੍ਹ ਦਿਓ। ਉਸ ਉਮਰ ਵਿੱਚ ਅਸਮਾਂ ਨੇ ਲੱਖਾਂ ਭੱਠਾਂ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਸੀ। ਇਸ ਸਾਰੇ ਕੰਮ ਉਸ ਨੇ ਹੱਸਦੇ ਖੇਡਦੇ ਕੀਤੇ।
ਤਸਵੀਰ ਸਰੋਤ, AFP
ਜਰਨੈਲਾਂ, ਜੱਜਾਂ ਤੇ ਮੌਲਵੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਤੇ ਜੁਗਤਾਂ ਵੀ ਮਾਰੀਆਂ। ਅਸਮਾਂ ਨੇ ਜੀਉਂਦੇ ਜੀਅ ਇੰਨਾ ਪਿਆਰ ਕਮਾਇਆ ਕਿ ਉਨ੍ਹਾਂ ਦੇ ਜਨਾਜੇ ਵਿੱਚ ਕੁੜੀਆਂ ਪਹਿਲੀ ਸਫ਼ ਆ ਕੇ ਖੜ੍ਹੀ ਹੋ ਗਈਆਂ।
ਇਸ 'ਤੇ ਵੀ ਮੇਰੇ ਭਰਾਵਾਂ ਨੂੰ ਤਕਲੀਫ਼ ਹੈ। ਇਹ ਤਾਂ ਰੱਬ ਦੀ ਮਰਜ਼ੀ ਨਹੀਂ ਕਿ ਕੁੜੀ ਪਹਿਲੀ ਸਫ (ਕਤਾਰ) ਵਿੱਚ ਆ ਕੇ ਖੜੀ ਹੋਵੇ। ਇਹ ਮੇਰੇ ਉਹੀ ਭਰਾ ਹਨ ਜੋ ਮੁੰਡੇ ਮੰਗਦੇ ਹਨ।
ਜੇ ਰੱਬ ਨੂੰ ਮੰਨਦੇ ਹੋ ਤੇ ਮੁੰਡੇ ਮੰਗਣੇ ਛੱਡੋ ਤੇ ਸਜਦੇ ਕਰੋ ਕਿ ਉਸ ਨੇ ਤੁਹਾਡੇ 'ਤੇ ਕਰਮ ਕੀਤਾ ਹੈ, ਤੇ ਤੁਹਾਨੂੰ ਕੁੜੀ ਦਿੱਤੀ ਹੈ। ਜੇ ਆਪਣੇ ਆਪ ਨੂੰ ਜੰਗਲ ਦਾ ਬਾਦਸ਼ਾਹ ਸਮਝਦੇ ਹੋ ਤਾਂ ਸੌ ਜਾਓ, ਸ਼ੇਰਨੀ ਸ਼ਿਕਾਰ 'ਤੇ ਨਿਕਲੀ ਹੈ, ਜਦੋਂ ਪਰਤੇਗੀ ਤਾਂ ਪਤਾ ਲੱਗ ਜਾਵੇਗਾ।
(ਮੁਹੰਮਦ ਹਨੀਫ਼ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਵੱਲੋਂ ਬੀਬੀਸੀ ਪੰਜਾਬੀ ਨੂੰ ਦਿੱਤੇ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ)