ਪ੍ਰੈਸ ਰਿਵੀਊ: ਕੀ ਹਰਸਿਮਰਤ ਨੂੰ ਟਰੂਡੋ ਦਾ ਸਵਾਗਤ ਕਰਨ ਤੋਂ ਰੋਕਿਆ ਗਿਆ?

ਹਰਸਿਮਰਤ ਬਾਦਲ

ਤਸਵੀਰ ਸਰੋਤ, GETTYIMAGES

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਨਹੀਂ ਕਰਨ ਦਿੱਤਾ ਗਿਆ।

ਕੇਂਦਰ ਸਰਕਾਰ ਨੇ ਟਰੂਡੋ ਦੇ ਸਵਾਗਤ ਲਈ ਆਪਣੇ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਭੇਜਿਆ ਸੀ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਵਿੱਚ ਲਿਖਿਆ ਹੈ ਕਿ ਟਰੂਡੋ ਦਾ ਸਵਾਗਤ ਕਰਨ ਦੀ ''ਇਜਾਜ਼ਤ'' ਨਾ ਦਿੱਤੇ ਜਾਣ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਾਅ ਖਾ ਸਕਦਾ ਹੈ।

ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਾਲ ਪਹਿਲਾਂ ਅਕਾਲੀ ਦਲ ਦੇ ਮੰਤਰੀਆਂ ਤੇ ਆਗੂਆਂ ਦੀ ਕੈਨੇਡਾ ਵਿੱਚ ਖਾਸੀ ਲਾਹ ਪਾਹ ਹੋਈ ਸੀ ਤੇ ਹੁਣ ਬਾਦਲਾਂ ਨੂੰ ਕੈਨੇਡੀਅਨ ਸਿੱਖਾਂ ਨੂੰ ਖੁਸ਼ ਕਰਨ ਦਾ ਇਹ ਚੰਗਾ ਮੌਕਾ ਲੱਗ ਰਿਹਾ ਸੀ।

ਅਖਬਾਰ ਨੇ ਦਾਅਵਾ ਕੀਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਅੰਦਰ ਸ਼੍ਰੀ ਟਰੂਡੋ ਦੇ ਪ੍ਰਥਮ ਸੁਰੱਖਿਆ ਚੱਕਰ ਦੇ ਨੇੜੇ ਢੁਕਣ ਦੀ ਆਗਿਆ ਨਾ ਮਿਲ ਸਕੀ ਤੇ ਇਵੇਂ ਟਰੂਡੋ ਪਰਿਵਾਰ ਨਾਲ ਮਿਸਾਲੀ ਫੋਟੋ ਖਿਚਵਾਉਣ ਦਾ ਮੌਕਾ ਨਾ ਬਣ ਸਕਿਆ ।

ਉਂਜ, ਉਨ੍ਹਾਂ ਐਸਜੀਪੀਸੀ ਦੇ ਦਫ਼ਤਰ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ

ਜਦਕਿ ਦੋ ਦਿਨ ਪਹਿਲਾਂ ਤੋਂ ਅਕਾਲੀ ਦੇ ਅਧਿਕਾਰਤ ਬਿਆਨ ਦੇ ਹਵਾਲੇ ਨਾਲ ਇਹ ਖਬਰਾਂ ਆਈਆਂ ਸਨ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੋਵੇਂ ਟਰੂਡੋ ਦਾ ਸਵਾਗਤ ਕਰਨਗੇ।

ਚਰਚਾ ਇਹ ਸੀ ਕਿ ਭਾਜਪਾ ਦੀ ਹਾਈ ਕਮਾਂਡ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਸਵਾਗਤ ਪਰੇਡ ਤੋਂ ਲਾਂਭੇ ਰਹਿਣ ਲਈ ਕਿਹਾ ਸੀ।

ਹਾਲਾਂਕਿ ਅਕਾਲੀ ਦਲ ਲੀਡਰਸ਼ਿਪ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਹ ਨਹੀਂ ਆ ਸਕੀ।

ਅਖਬਾਰ ਨੇ ਲਿਖਿਆ ਹੈ ਕਿ ਸ਼ਾਇਦ ਇਸੇ ਕਾਰਨ ਸਵਾਗਤ ਲਈ ਪਹੁੰਚੇ ਹਰਦੀਪ ਸਿੰਘ ਪੁਰੀ ਤੇ ਨਵਜੋਤ ਸਿੰਘ ਸਿੱਧੂ ਨੂੰ ਸਿਰੋਪਾ ਨਾ ਦਿੱਤਾ ਗਿਆ ਜਦਕਿ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਆਏ ਬਾਕੀ ਸਾਰੇ ਮੈਂਬਰਾਂ ਨੂੰ ਸਿਰੋਪੇ ਭੇਟ ਕੀਤੇ ਗਏ।

ਤਸਵੀਰ ਸਰੋਤ, Getty Images

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ 2008 ਦੇ ਮੋਗਾ ਪਾਸਪੋਰਟ ਘੋਟਾਲੇ ਵਿੱਚ ਸਥਾਨਕ ਅਦਾਲਤ ਨੇ 25 ਬੰਦਿਆਂ ਨੂੰ ਸਜ਼ਾ ਸੁਣਾਈ ਹੈ। ਇਸ ਵਿੱਚ 19 ਟ੍ਰੈਵਲ ਏਜੰਟ ਅਤੇ ਤਿੰਨ ਪੁਲਿਸ ਵਾਲੇ ਵੀ ਸ਼ਾਮਲ ਹਨ।

ਇਨ੍ਹਾਂ ਨੂੰ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਅਤੇ 11,000 ਰੁਪਏ ਜੁਰਮਾਨਾ ਲਗਾਇਆ ਗਿਆ।

ਘੋਟਾਲੇ ਵਿੱਚ ਸਥਾਨਕ ਪਾਸਪੋਰਟ ਦਫਤਰ ਦੀ ਮਦਦ ਨਾਲ ਜਾਲੀ ਕਾਗਜ਼ਾਂ 'ਤੇ 400 ਪਾਸਪੋਰਟ ਬਣਵਾਏ ਗਏ ਸਨ।

ਤਸਵੀਰ ਸਰੋਤ, DIBYANGSHU SARKAR/AFP/GETTYIMAGES

ਅਖਬਾਰ ਇੰਡਿਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਕੇਂਦਰੀ ਰਾਜ ਮੰਤਰੀ ਬਾਬੁਲ ਸੁਪਰੀਯੋ ਨੇ ਪਾਕਿਸਤਾਨੀ ਕਲਾਕਾਰਾਂ ਤੇ ਅਸਥਾਈ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਨੂੰ ਫੌਜੀਆਂ ਨਾਲ ਇੱਕਜੁਟਤਾ ਵਿਖਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ, ''ਇੱਕ ਕਲਾਕਾਰ ਕਿਸੇ ਸਰਹੱਦ, ਧਰਮ ਜਾਂ ਜਾਤ ਦਾ ਨਹੀਂ ਹੁੰਦਾ। ਪਰ ਜਦ ਸਰਹੱਦ 'ਤੇ ਸਾਡੀ ਫੌਜੀ ਮਾਰੇ ਜਾ ਰਹੇ ਹਨ, ਉਦੋਂ ਬਾਲੀਵੁੱਡ ਵੱਲੋਂ ਇਹ ਕਦਮ ਅਹਿਮ ਹੋ ਸਕਦਾ ਹੈ।''

ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਲੁਧਿਆਣੇ ਦੇ ਇੱਕ ਸਕੂਲ ਵਿੱਚ ਦਰਜਾ ਚਾਰ ਮੁਲਾਜ਼ਮ ਵਿਦਿਆਰਥੀਆਂ ਨੂੰ ਨਸ਼ੇ ਵੇਚਦਾ ਸੀ।

ਸਿੱਖਿਆ ਵਿਭਾਗ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਮੁਲਾਜ਼ਮ ਦਾ ਨਾਂ ਬਹਾਦਰ ਸਿੰਘ ਹੈ ਜੋ ਨਾ ਸਿਰਫ ਨਸ਼ੇ ਕਰਦਾ ਸੀ ਬਲਕੀ ਉਨ੍ਹਾਂ ਨੂੰ ਅੱਗੇ ਵੀ ਵੇਚਦਾ ਸੀ। ਉਹ ਕਾਫੀ ਸਮੇਂ ਤੋਂ ਸਕੂਲ ਵਿੱਚ ਕੰਮ ਕਰ ਰਿਹਾ ਸੀ।

ਇਹ ਉਹੀ ਸਕੂਲ ਹੈ ਜੋ ਵਿਦਿਆਰਥੀ ਨਾਲ ਕੁਕਰਮ ਦੇ ਮਾਮਲੇ ਕਾਰਨ ਵਿਵਾਦ ਵਿੱਚ ਆਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)