ਹਰਿਆਣਾ ਦੀ ਮਲਿਕ ਖਾਪ ਪੰਚਾਇਤ ਇਸ ਫ਼ੈਸਲੇ ਤੋਂ ਬੀਬੀਆਂ ਬਾਗੋ-ਬਾਗ

ਖਾਪ ਪੰਚਾਇਤ

ਤਸਵੀਰ ਸਰੋਤ, Getty Images

ਚਿਰਾਂ ਤੋਂ ਚਲੀ ਆ ਰਹੀ ਪ੍ਰਥਾ ਨੂੰ ਬਦਲਦਿਆਂ ਪਹਿਲੀ ਵਾਰ ਹਰਿਆਣਾ ਦੀ ਖਾਪ ਪੰਚਾਇਤ ਨੇ ਔਰਤਾਂ ਨੂੰ ਘੁੰਡ ਚੁੱਕਣ ਦੀ ਹਦਾਇਤ ਕੀਤੀ ਹੈ। ਜ਼ਿਲਾ ਸੋਨੀਪਤ ਦੇ ਕਸਬੇ ਗੋਹਾਨਾ ਵਿੱਚ ਹੋਈ ਗਾਠਵਾਲਾ ਖਾਪ ਪੰਚਾਇਤ ਵਿੱਚ ਇਹ ਤੈਅ ਕੀਤਾ ਗਿਆ।

ਇੱਥੇ ਸਰਕਾਰ ਦੀ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਅਧੀਨ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਕਿਹਾ ਜਾਂਦਾ ਹੈ।

ਖਾਪ ਆਗੂ ਬਲਜੀਤ ਮਲਿਕ ਦੀ ਅਗਵਾਈ ਵਿੱਚ ਜਾਰੀ ਕੀਤੀਆਂ ਹਦਾਇਤਾਂ ਮੌਕੇ ਬਿਹਾਰ ਦੇ ਰਾਜਪਾਲ ਸਤਿਆਪਾਲ ਮਲਿਕ, ਕੇਂਦਰੀ ਸਟੀਲ ਮੰਤਰੀ ਚੌਧਰੀ ਬਿਰੇਂਦਰ ਸਿੰਘ ਅਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਰਾਜ਼ਰ ਸਨ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਹਰ ਰੋਜ਼ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੀਆਂ ਹਨ। ਅੱਜ ਦੇ ਦੌਰ ਨਾਲ ਪੁਰਾਣੀਆਂ ਰਵਾਇਤਾਂ ਮੇਲ ਨਹੀਂ ਖਾਂਦੀਆਂ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਵੱਡਿਆਂ ਦਾ ਆਦਰ ਸਤਿਕਾਰ ਕਰਨ ਦੇ ਮੱਦੇਨਜ਼ਰ ਔਰਤਾਂ ਸਿਰ ਨੂੰ ਚੁੰਨੀ ਨਾਲ ਜ਼ਰੂਰ ਢਕ ਲੈਣ।

ਖਾਪ ਦੇ ਇਸ ਫੈਸਲੇ ਤੋਂ ਔਰਤਾਂ ਵਿੱਚ ਕਾਫੀ ਖੁਸ਼ੀ ਪਾਈ ਜਾਵੇਗੀ ਕਿਉਂਕਿ ਘੁੰਡ ਕੱਢਣ ਨਾਲ ਉਹ ਕਾਫੀ ਮੁਸ਼ਕਲ ਵਿੱਚ ਜਾਪਦੀਆਂ ਸਨ।

ਤਸਵੀਰ ਸਰੋਤ, Manoj Dhaka

ਰੋਹਤਕ ਦੇ ਖਰਾਵਰ ਪਿੰਡ ਦੀ 70 ਸਾਲਾ ਕਰਤਾਰੀ ਦੇਵੀ ਨੇ ਬੀਬੀਸੀ ਨੂੰ ਦੱਸਿਆ ਕਿ ਹਰ ਵੇਲੇ ਘੁੰਡ ਕੱਢ ਕੇ ਰੱਖਣ ਨਾਲ ਉਨ੍ਹਾਂ ਵਿੱਚ ਹੀਣਭਾਵਨਾ ਅਤੇ ਚੰਗੀ ਤਰ੍ਹਾਂ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ।

ਉਸ ਨੇ ਅੱਗੇ ਕਿਹਾ ਕਿ ਨਵੀਂ ਪੀੜ੍ਹੀ ਦੀ ਔਰਤ ਪੜ੍ਹੀ ਲਿਖੀ ਹੈ ਅਤੇ ਉਹ ਆਜ਼ਾਦੀ ਨਾਲ ਜਿਊਣਾ ਚਾਹੁੰਦੀ ਹੈ।

ਇਸੇ ਤਰ੍ਹਾਂ ਸੁਨੀਤਾ, ਜੋ ਕਰਤਾਰੀ ਦੇਵੀ ਦੀ ਨੂੰਹ ਹੈ, ਨੇ ਵੀ ਇਸ ਫੈਸਲੇ ਨੂੰ ਇੱਕ ਚੰਗਾ ਕਦਮ ਦੱਸਿਆ।

ਤਸਵੀਰ ਸਰੋਤ, Manoj Dhaka

ਉਸ ਨੇ ਕਿਹਾ, ''ਇਹ ਭਾਗਾਂ ਵਾਲੇ ਪਲ ਹਨ ਕਿ ਸਾਡੇ ਵੱਡਿਆਂ ਨੇ ਸਾਡੀ ਭਲਾਈ ਅਤੇ ਬਿਹਤਰੀ ਲਈ ਅਜਿਹਾ ਕਦਮ ਚੁੱਕਿਆ ਹੈ।''

ਸੁਧਾ ਜਿਸ ਦਾ ਵਿਆਹ ਲਗਪਗ 30 ਸਾਲ ਪਹਿਲਾਂ ਹੋਇਆ ਸੀ, ਦਾ ਕਹਿਣਾ ਹੈ ਕਿ ਪਹਿਲਾਂ ਮਰਦ ਉਨ੍ਹਾਂ ਦੀ ਆਵਾਜ਼ ਦਬਾਅ ਦਿੰਦੇ ਸਨ।

ਉਸ ਨੇ ਕਿਹਾ, ''ਹੁਣ ਸਾਨੂੰ ਖੁਸ਼ੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਵਿਤਕਰਾ ਨਹੀਂ ਸਹਿਣਾ ਪਵੇਗਾ।''

ਤਸਵੀਰ ਸਰੋਤ, Manoj Dhaka

ਇੱਥੇ ਚੇਤੇ ਕਰਾਇਆ ਜਾਂਦਾ ਹੈ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਉੱਤਰੀ ਭਾਰਤ ਦੀਆਂ ਖਾਪ ਪੰਚਾਇਤਾਂ ਵੱਲੋਂ ਪ੍ਰੇਮ ਵਿਆਹਾਂ ਵਿੱਚ ਦਖਲ ਦੇਣ ਦੇ ਫੈਸਲੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਪਰ ਕਈ ਖਾਪ ਪੰਚਾਇਤਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਮਹਿਲਾਵਾਂ ਦੇ ਹੱਕ ਵਿੱਚ ਬਦਲਦੇ ਦੌਰ ਵਿੱਚ ਕਈ ਸਕਾਰਾਤਮਕ ਫੈਸਲੇ ਵੀ ਸੁਣਾਏ ਹਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਰਵਰ ਦੀ ਅਧਿਆਪਿਕਾ ਜੋਤੀ ਮਲਿਕ ਦਾ ਕਹਿਣਾ ਹੈ, ''ਇਸ ਰਵਾਇਤ ਦੇ ਖਾਤਮੇ ਲਈ ਕੀਤੇ ਗਏ ਸੰਘਰਸ਼ ਦਾ ਅੰਤ ਹੋ ਗਿਆ ਹੈ। ਅਸੀਂ ਪੜ੍ਹੀਆਂ ਲਿਖੀਆਂ ਹੋਣ ਦੇ ਬਾਵਜੂਦ ਘੁੰਡ ਵਿੱਚ ਮੁਸ਼ਕਲ ਮਹਿਸੂਸ ਕਰਦੀਆਂ ਸੀ।''

ਤਸਵੀਰ ਸਰੋਤ, Manoj Dhaka

ਇਸੇ ਤਰ੍ਹਾਂ ਇੱਕ ਹੋਰ ਅਧਿਆਪਕਾ ਸੁਕਸ਼ਮ ਲਤਾ ਦਾ ਕਹਿਣਾ ਹੈ, ''ਇਹ ਫੈਸਲਾ ਸਿਹਤ ਲਈ ਬਹੁਤ ਚੰਗਾ ਹੈ। ਸਾਨੂੰ ਘੁੰਡ 'ਚ ਸਾਹ ਲੈਣ, ਤੁਰਨ ਫਿਰਨ ਅਤੇ ਦੇਖਣ ਵਿੱਚ ਕਾਫੀ ਦਿੱਕਤ ਮਹਿਸੂਸ ਹੁੰਦੀ ਸੀ। ਹੁਣ ਸਾਨੂੰ ਸਭ ਕੁਝ ਆਸਾਨ ਹੋ ਗਿਆ ਹੈ।''

ਖਾਪ ਦੇ ਇਸ ਫੈਸਲੇ ਤੇ ਪ੍ਰਤੀਕਿਰਿਆ ਕਰਦਿਆਂ 12ਵੀਂ ਜਮਾਤ ਦੀ ਵਿਦਿਆਰਥਣ ਪਿੰਕੀ ਮਲਿਕ ਦਾ ਕਹਿਣਾ ਹੈ ਕਿ ਔਰਤਾਂ ਨੂੰ ਫੌਜ ਤੇ ਪੁਲਿਸ ਵਿੱਚ ਨੌਕਰੀ ਮਿਲਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।

ਉਸ ਨੇ ਕਿਹਾ ਕਿ ਹਰ ਵੇਲੇ ਘੁੰਡ ਕੱਢਣ ਨਾਲ ਉਹ ਮਰਦਾਂ ਤੋਂ ਪੱਛੜੀਆਂ ਮਹਿਸੂਸ ਕਰਦੀਆਂ ਹਨ।

ਸਾਕਸ਼ੀ ਮਲਿਕ ਕੀ ਸੋਚਦੀ ਹੈ?

12ਵੀਂ ਜਮਾਤ ਦੀ ਇੱਕ ਹੋਰ ਵਿਦਿਆਰਥਣ ਸਾਨੀਆ ਮਲਿਕ ਦਾ ਵੀ ਕਹਿਣਾ ਹੈ ਕਿ ਹਰ ਵੇਲੇ ਘੁੰਡ ਕੱਢਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਵੱਡਿਆਂ ਦਾ ਆਦਰ ਸਤਿਕਾਰ ਮਨ ਦੇ ਅੰਦਰ ਹੁੰਦਾ ਹੈ।

ਉਲੰਪਿਕ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਬੀਬੀਸੀ ਨੂੰ ਮੁੰਬਈ ਤੋਂ ਫੋਨ 'ਤੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਇਹ ਰਵਾਇਤ ਕਾਫੀ ਸਮਾਂ ਪਹਿਲਾਂ ਹੀ ਬੰਦ ਕਰ ਦਿੱਤੀ ਸੀ।

ਉਸ ਨੇ ਕਿਹਾ, ''ਜਦੋਂ ਮੇਰੀ ਭਾਬੀ ਸਾਡੇ ਘਰ ਆਈ ਤਾਂ ਉਸ ਨੇ ਕਦੇ ਵੀ ਘੁੰਡ ਨਹੀਂ ਕੱਢਿਆ। ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਵੀ ਕਦੇ ਘੁੰਡ ਕੱਢਣ ਲਈ ਨਹੀਂ ਕਿਹਾ।''

ਤਸਵੀਰ ਸਰੋਤ, Getty Images

ਉਸ ਨੇ ਕਿਹਾ ਕਿ ਮੈਂ ਖਿਡਾਰਮ ਹੋਣ ਕਾਰਣ ਇਸ ਰਵਾਇਤ ਨੂੰ ਨਹੀਂ ਅਪਣਾ ਸਕਦੀ ਸੀ।

ਇਸ ਦੌਰਾਨ ਖਾਪ ਨੇ ਕਈ ਹੋਰ ਫੈਸਲੇ ਵੀ ਸਮਾਜ ਦੇ ਹੱਕ ਵਿੱਚ ਸੁਣਾਏ ਹਨ ਜਿਨ੍ਹਾਂ ਦੀ ਸ਼ਲਾਘਾ ਵੀ ਹੋਈ ਹੈ।

ਇਨ੍ਹਾਂ ਵਿੱਚ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਵਿਆਹ ਸਮਾਗਮਾਂ ਦੌਰਾਨ ਪਟਾਕੇ ਚਲਾਉਣ 'ਤੇ ਮੁਕੰਮਲ ਰੋਕ ਲਾਉਣ ਲਈ ਵੀ ਕਿਹਾ ਹੈ।

ਵਿਆਹ ਸਮਾਗਮਾਂ ਵਿੱਚ ਉੱਚੀ ਆਵਾਜ਼ ਵਿੱਚ ਸਪੀਕਰ ਨਾ ਚਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ।

ਖਾਪ ਦਾ ਕਹਿਣਾ ਹੈ ਕਿ ਇਸ ਫਜ਼ੂਲ ਖਰਚੀ ਬਦਲੇ ਕਿਸੇ ਗਰੀਬ ਪਰਿਵਾਰ ਦੀ ਮਦਦ ਕਰ ਦੇਣੀ ਚਾਹੀਦੀ ਹੈ।

ਗੌਰਤਲਬ ਹੈ ਕਿ ਮਲਿਕ ਗਾਠਵਾਲਾ ਖਾਪ ਨਾਲ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ 700 ਪਿੰਡ ਜੁੜੇ ਹੋਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)