45 ਸਾਲ 'ਚ ਕਣਕ ਦਾ ਭਾਅ 20 ਗੁਣਾਂ ਵਧਿਆ ਅਤੇ ਤਨਖਾਹਾਂ 150

ਕਣਕ Image copyright Getty Images

ਦੇਸ ਭਰ ਵਿੱਚੋਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਮਾਰਚ ਕਰ ਰਹੀਆਂ ਹਨ ਤਾਂਕਿ ਉਹ ਸਰਕਾਰ 'ਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਦਬਾਅ ਬਣਾ ਸਕਣ।

ਕਈ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਹੈ ਫਿਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚੇ ਹੋਏ ਨੇ।

ਜ਼ਿਕਰਯੋਗ ਹੈ ਕਿ ਇਹ ਮੁਜ਼ਾਹਰੇ ਉਸ ਵੇਲੇ ਹੋ ਰਹੇ ਹਨ ਜਦੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਸ ਮੁੱਦੇ 'ਤੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੇ ਖੇਤੀ ਮਾਹਿਰ ਦਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਮੈਂ ਇੱਕ ਅਧਿਅਨ ਕੀਤਾ ਹੈ। 1970 'ਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 76 ਰੁਪਏ ਸੀ। 2015 'ਚ ਉਹ ਵੱਧ ਕੇ 1450 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਅੱਜ ਇਹ 1735 ਰੁਪਏ ਪ੍ਰਤੀ ਕੁਇੰਟਲ ਹੈ।"

ਉਨ੍ਹਾਂ ਅੱਗੇ ਕਿਹਾ, "ਜੇ ਅਸੀਂ 45 ਸਾਲ ਦਾ ਸਮਾਂ ਵੇਖੀਏ ਤਾਂ ਕਣਕ ਦੀਆਂ ਤਕਰੀਬਨ 20 ਗੁਣਾ ਕੀਮਤਾਂ ਵਧੀਆਂ ਹਨ।"

ਦਵਿੰਦਰ ਸ਼ਰਮਾ ਕਹਿੰਦੇ ਹਨ ਕਿ ਜੇ ਸਰਕਾਰੀ ਮੁਲਾਜ਼ਮ ਦੀ ਬੇਸਿਕ ਤਨਖ਼ਾਹ ਤੇ ਡੀਏ 1970 'ਚ ਕੀ ਸੀ ਤੇ 2015 'ਚ ਕੀ ਸੀ ਵੇਖੀਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਤਨਖ਼ਾਹ 'ਚ ਔਸਤਨ ਵਾਧਾ 120 ਤੋਂ 150 ਗੁਣਾ ਹੋਇਆ ਹੈ।

Image copyright NARINDER NANU/AFP/Getty Images

ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ 'ਚ 150 ਤੋਂ 170 ਗੁਣਾ ਵਧੀਆਂ ਹਨ। ਕਣਕ ਦੀ ਕੀਮਤ ਉਸੇ ਸਮੇਂ ਦੌਰਾਨ 20 ਗੁਣਾ ਵਧਦੀ ਹੈ।

ਉਨ੍ਹਾਂ ਅੱਗੇ ਕਿਹਾ, "ਜੇ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਵੀ 20 ਗੁਣਾ ਵਧਣ ਤੋਂ ਹੀ ਰੋਕ ਦਿੱਤੀ ਜਾਂਦੀ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਨੌਕਰੀਆਂ ਛੱਡ ਗਏ ਹੁੰਦੇ।"

ਦਵਿੰਦਰ ਸ਼ਰਮਾ ਕਹਿੰਦੇ ਹਨ ਕਿ ਅਸੀਂ ਜਾਣਬੁੱਝ ਕੇ ਕਿਸਾਨ ਨੂੰ ਗ਼ਰੀਬ ਰੱਖਿਆ ਹੋਇਆ ਹੈ ਤਾਂਕਿ ਸ਼ਹਿਰਾਂ ਵਿੱਚ ਮਹਿੰਗਾਈ ਨਾ ਵਧੇ। ਸ਼ਹਿਰਾਂ ਦੇ ਲੋਕਾਂ ਨੂੰ ਸਸਤਾ ਅਨਾਜ ਦੇਣ ਲਈ ਕਿਸਾਨਾਂ ਨੂੰ ਗ਼ਰੀਬ ਰੱਖਿਆ ਜਾ ਰਿਹਾ ਹੈ।

Image copyright SHAMMI MEHRA/AFP/Getty Images

"ਕਿਸਾਨ ਸਰਕਾਰ ਤੋਂ ਇਸ ਲਈ ਵੀ ਖ਼ੁਸ਼ ਨਹੀਂ ਹੈ ਕਿਉਂਕਿ ਉਹ ਜਾਣਦਾ ਹੈ ਕਿ ਜਿਹੜੀ ਦੋ ਸਾਲ ਵਿੱਚ ਉਨ੍ਹਾਂ ਦੀ ਆਮਦਨੀ ਦੁੱਗਣੀ ਕਰਨ ਦੀ ਗੱਲ ਹੋ ਰਹੀ ਹੈ ਉਹ ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਲਮਕਾ ਰਹੀ ਹੈ।"

ਉਨ੍ਹਾਂ ਅੱਗੇ ਕਿਹਾ, "ਜੇ ਅਸੀਂ ਇਸ ਨੂੰ ਦੁੱਗਣਾ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਧੋਖਾ ਅਤੇ ਬੇਇਨਸਾਫ਼ੀ ਹੈ। ਕਿਸਾਨ ਜਾਣਦੇ ਹਨ ਕਿ ਇਹ ਵੀ ਇੱਕ ਜੁਮਲਾ ਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)