‘ਜੇ ਭਾਜਪਾ ਛੱਡਣ ਦਾ ਸਮਾਂ ਆਇਆ ਤਾਂ ਛੱਡਾਂਗੇ’

‘ਜੇ ਭਾਜਪਾ ਛੱਡਣ ਦਾ ਸਮਾਂ ਆਇਆ ਤਾਂ ਛੱਡਾਂਗੇ’

ਭਾਜਪਾ ਦੇ ਨਾਲ ਸਾਥ ਸਬੰਧੀ ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਨੇਫਿਊ ਰਿਓ ਨੇ ਕਿਹਾ, 'ਜੇ ਇਹ ਸਾਨੂੰ ਦਬਾਉਣਗੇ ਤਾਂ ਅਸੀਂ ਜ਼ਰੂਰ ਲੜਾਈ ਕਰਾਂਗੇ। ਜੇ ਛੱਡਣ ਦੀ ਗੱਲ ਹੈ ਤਾਂ ਅਸੀਂ ਛੱਡਾਂਗੇ, ਕਿਉਂ ਨਹੀਂ।'

ਨਾਗਾਲੈਂਡ ਵਿੱਚ 27 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਬੀਬੀਸੀ ਪੱਤਰਕਾਰ ਮਯੂਰੇਸ਼ ਕੁਣੂਰ ਨੇ ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਨੇਫਿਊ ਰਿਓ ਨਾਲ ਗੱਲਬਾਤ ਕੀਤੀ ਅਤੇ ਚੋਣ ਰਣਨੀਤੀ ਬਾਰੇ ਜਾਣਿਆ।

ਦਰਅਸਲ ਨਾਗਾਲੈਂਡ 'ਚ 27 ਫਰਵਰੀ ਨੂੰ ਚੋਣਾਂ ਹਨ, ਪਰ ਇਹ ਚੋਣਾਂ ਹੋਣਗੀਆਂ ਜਾਂ ਨਹੀਂ ਇਸ 'ਤੇ ਹਾਲੇ ਤਸਵੀਰ ਸਾਫ ਨਹੀਂ ਹੈ।

ਨਾਗਾਲੈਂਡ ਦੀ ਸਿਆਸਤ 'ਚ ਪਿਛਲੇ ਕੁਝ ਸਾਲਾਂ ਤੋਂ ਹਲਚਲ ਚੱਲ ਰਹੀ ਹੈ।

ਨਾਗਾਲੈਂਡ ਪੂਰਬੀ ਉੱਤਰ ਭਾਰਤ ਦਾ ਸੂਬਾ ਹੈ। ਨਾਗਾਲੈਂਡ ਦੀ ਆਬਾਦੀ 19 ਲੱਖ ਹੈ, ਜਿਸ ਵਿੱਚੋਂ ਕਰੀਬ 11 ਲੱਖ ਵੋਟਰ ਹਨ।

ਨਾਗਾਲੈਂਡ 'ਚ ਸਭ ਤੋਂ ਵੱਧ 87.93 ਫੀਸਦੀ ਆਬਾਦੀ ਇਸਾਈ ਧਰਮ ਦੀ ਹੈ ਅਤੇ 8.75 ਫੀਸਦੀ ਆਬਾਦੀ ਹਿੰਦੂ ਧਰਮ ਦੀ ਹੈ।

ਨਾਗਾਲੈਂਡ ਦੀਆਂ ਨਾਗਾ ਜਨਜਾਤੀਆਂ ਕੋਲ ਆਪਣੇ ਮਾਮਲਿਆਂ ਦਾ ਸੰਚਾਲਨ ਕਰਨ ਦਾ ਵਿਸ਼ੇਸ ਅਧਿਕਾਰ ਹੈ।

60 ਵਿਧਾਨਸਭਾ ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਆਮ ਹੈ, ਬਾਕੀ ਸੀਟਾਂ 59 ਜਨਜਾਤੀਆਂ ਲਈ ਰਾਖਵੀਆਂ ਹਨ।

ਨਾਗਾਲੈਂਡ ਦੀ ਸਿਆਸਤ ਦੇ ਤਿੰਨ ਮੁੱਖ ਕਿਰਦਾਰ ਹਨ - ਸਾਬਕਾ ਮੁੱਖ ਮੰਤਰੀ ਨੇਫਿਊ ਰਿਓ, ਸ਼ੂਰੋਜੇਲੀ ਲੀਜਿਏਤੁ ਅਤੇ ਮੁੱਖ ਮੰਤਰੀ ਟੀਆਰ ਜ਼ੀਲਿਆਂਗ। ਤਿੰਨੇ ਐੱਨਪੀਐਫ (ਨਾਗਾ ਪੀਪਲਜ਼ ਫਰੰਟ) ਪਾਰਟੀ ਨਾਲ ਸੰਬਧ ਰਖਦੇ ਹਨ।

2014 ਦੀਆਂ ਚੋਣਾਂ 'ਚ ਸਾਬਕਾ ਸੀਐਮ ਨੇਫਿਊ ਰਿਓ ਜੇਤੂ ਰਹੇ।

ਉਸ ਤੋਂ ਬਾਅਦ ਰਿਓ ਨੇ ਦਿੱਲੀ ਫੇਰੇ ਪਾ ਲਏ ਅਤੇ ਜ਼ਿਆਦਾਤਰ ਐੱਨਪੀਐਫ ਵਿਧਾਇਕ ਮੁੱਖ ਮੰਤਰੀ ਦੇ ਰੂਪ 'ਚ ਜ਼ੀਲਿਆਂਗ ਦਾ ਸਮਰਥਨ ਕਰਨ ਲੱਗੇ।

ਨਾਗਾਲੈਂਡ 'ਚ ਐੱਨਪੀਐਫ਼ ਪਾਰਟੀ 'ਚ ਧੜੇ ਬਾਜ਼ੀ ਨੂੰ ਲੈ ਕੇ ਸਵਾਲ ਲਗਾਤਾਰ ਇਹੀ ਹੈ ਕਿ ਇੱਥੇ ਚੋਣਾਂ ਹੋਣਗੀਆਂ ਜਾਂ ਨਹੀਂ।

ਸੂਬੇ ਦੀਆਂ ਕਈ ਧਿਰਾਂ ਵੱਲੋਂ ਚੋਣਾਂ ਤੋਂ ਪਹਿਲਾਂ ਨਾਗਾ ਸ਼ਾਂਤੀ ਵਾਰਤਾ ਦੀ ਗੁੱਥੀ ਸੁਲਝਾਉਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਦੀ ਮੰਗ ਹੈ ਕਿ ਚੋਣਾਂ ਤੋਂ ਪਹਿਲਾਂ ਨਾਗਾ ਜਾਤੀ ਨਾਲ ਜੁੜੇ ਮਸਲਿਆਂ ਦਾ ਹੱਲ ਕੱਢਿਆ ਜਾਵੇ।

ਇਸ ਬਾਬਤ ਕਈ ਧਿਰਾਂ ਵੱਲੋਂ ਕਈ ਇਕਰਾਰਾਂ 'ਤੇ ਦਸਤਖ਼ਤ ਵੀ ਹੋਏ, ਜਿਸ ਮੁਤਾਬਕ ਨਾਗਾ ਸ਼ਾਂਤੀ ਵਾਰਤਾ ਦਾ ਹੱਲ ਲੱਭਣ ਤਕ ਕੋਈ ਵੀ ਸਿਆਸੀ ਪਾਰਟੀ ਚੋਣਾਂ 'ਚ ਹਿੱਸਾ ਨਹੀਂ ਲਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)