#SexEducation: ਹੱਥਰਸੀ ਕਰਨ ਵਾਲਿਆਂ ਲਈ ਇਹ ਜਾਨਣਾ ਹੈ ਜ਼ਰੂਰੀ

ਹੱਥਰਸੀ Image copyright LAURÈNE BOGLIO/BBC

ਹੱਥਰਸੀ ਸਬੰਧੀ ਲੈ ਕੇ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਹੁੰਦੀਆਂ ਹਨ। ਕਈ ਲੋਕ ਇਸ ਨੂੰ ਗ਼ਲਤ ਸਮਝਦੇ ਹਨ ਅਤੇ ਕਈ ਠੀਕ।

ਹਾਲਾਂਕਿ ਵਿਗਿਆਨ ਇਸ ਨੂੰ ਗ਼ਲਤ ਨਹੀਂ ਮੰਨਦਾ। ਹੱਥਰਸੀ ਨੂੰ ਸਿਹਤ ਲਈ ਚੰਗਾ ਅਤੇ ਇੱਕ ਆਮ ਕਿਰਿਆ ਮੰਨਿਆ ਗਿਆ ਹੈ।

ਹੱਥਰਸੀ ਨਾਲ ਜੁੜੀਆਂ ਅਹਿਮ ਗੱਲਾਂ ਦਾ ਖ਼ਿਆਲ ਰੱਖ ਸਕਦੇ ਹੋ, ਪਰ ਪਹਿਲਾਂ ਉਨ੍ਹਾਂ ਗੱਲਾਂ ਦੀ ਜਾਣਕਾਰੀ ਤਾਂ ਲੈ ਲਓ।

ਕੀ ਹੁੰਦਾ ਹੈ ਹੱਥਰਸੀ?

ਖ਼ੁਦ ਨੂੰ ਚੰਗਾ ਮਹਿਸੂਸ ਕਰਾਉਣ ਲਈ ਜਦੋਂ ਤੁਸੀਂ ਆਪਣੇ ਗੁਪਤ ਅੰਗਾਂ ਨੂੰ ਛੂਹਦੇ ਹੋ ਤਾਂ ਇਸ ਨੂੰ ਹੱਥਰਸੀ ਮੰਨਿਆ ਜਾਂਦਾ ਹੈ। ਹਰ ਆਦਮੀ ਇਸ ਨੂੰ ਵੱਖ-ਵੱਖ ਤਰੀਕੇ ਨਾਲ ਕਰਦਾ ਹੈ।

ਹੱਥਰਸੀ ਦੌਰਾਨ ਆਦਮੀ ਆਪਣੇ ਦਿਮਾਗ਼ ਵਿੱਚ ਖ਼ੂਬਸੂਰਤ ਪਲਾਂ ਦੀ ਕਲਪਨਾ ਕਰਦਾ ਹੈ ਅਤੇ ਉਸ ਦੇ ਬਾਰੇ ਸੋਚਦਾ ਹੈ।

ਕੀ ਹੱਥਰਸੀ ਗ਼ਲਤ ਹੈ?

ਬਿਲਕੁਲ ਨਹੀਂ। ਇਹ ਆਪਣੇ ਆਪ ਨੂੰ ਚੰਗਾ ਅਹਿਸਾਸ ਕਰਾਉਣ ਦਾ ਕੁਦਰਤੀ ਤਰੀਕਾ ਹੈ। ਇਸ ਨਾਲ ਤੁਸੀਂ ਆਪਣੇ ਆਪ ਨੂੰ ਖ਼ੁਸ਼ੀ ਦਿੰਦੇ ਹੋ। ਇਸ ਨੂੰ ਬੇਹੱਦ ਨਿੱਜੀ ਮਾਮਲਾ ਮੰਨਿਆ ਜਾਂਦਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜਨਤਕ ਥਾਵਾਂ 'ਤੇ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੈ।

ਇਸ ਨੂੰ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਕਰਦੇ ਹਨ। ਮੁੰਡਿਆਂ ਵਿੱਚ 17 ਸਾਲ ਦੀ ਉਮਰ ਤੋਂ ਬਾਅਦ ਇਸ ਨੂੰ ਕਰਨ ਦੀ ਇੱਛਾ ਵਧਣ ਲੱਗਦੀ ਹੈ।

ਹਾਲਾਂਕਿ ਕੁਝ ਨੌਜਵਾਨ ਅਜਿਹਾ ਨਹੀਂ ਕਰਦੇ ਹਨ। ਜਦੋਂ ਤੱਕ ਤੁਹਾਨੂੰ ਹੱਥਰਸੀ ਕਰਨ ਦਾ ਮਨ ਨਾਂ ਹੋਵੇ, ਇਸ ਨੂੰ ਨਾਂ ਕਰੋ।

ਕੀ ਇਹ ਸਿਹਤ ਲਈ ਨੁਕਸਾਨਦਾਇਕ ਹੈ?

ਨਹੀਂ। ਹੱਥਰਸੀ ਤੁਹਾਨੂੰ ਅੰਨ੍ਹਾ ਜਾਂ ਪਾਗਲ ਨਹੀਂ ਬਣਾਉਂਦਾ ਹੈ। ਇਸ ਨੂੰ ਕਰਨ ਨਾਲ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਧੱਬੇ ਨਹੀਂ ਪੈਂਦਾ ਹੁੰਦੇ ਅਤੇ ਨਾਂ ਹੀ ਇਹ ਤੁਹਾਡੇ ਸਰੀਰਕ ਵਿਕਾਸ ਨੂੰ ਰੋਕਦਾ ਹੈ।

ਸਚਾਈ ਇਹ ਹੈ ਕਿ ਇਸ ਨੂੰ ਕਰਨ ਨਾਲ ਤੁਹਾਡਾ ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ਵਿੱਚ ਖ਼ੁਸ਼ ਕਰਨ ਵਾਲੇ ਹਾਰਮੋਨ ਇੰਡਾਰਫਿੰਸ ਰਿਲੀਜ਼ ਹੁੰਦੇ ਹਨ, ਜੋ ਤੁਹਾਨੂੰ ਰਿਲੈਕਸ ਕਰਦੇ ਹਨ।

ਇਹ ਤੁਹਾਡੀ ਨੀਂਦ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਨਿੱਜੀ ਅੰਗ ਨੂੰ ਸਰਗਰਮ ਰੱਖਦਾ ਹੈ।

ਇਸ ਨੂੰ ਕਰਨ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਸਰੀਰ ਨੂੰ ਕੀ ਚਾਹੀਦਾ ਹੈ, ਮਤਲਬ ਇਹ ਹੈ ਕਿ ਤੁਸੀਂ ਆਪਣੇ ਹੋਣ ਵਾਲੇ ਪਾਰਟਨਰ ਨੂੰ ਆਪਣੀਆਂ ਇੱਛਾਵਾਂ ਬਾਰੇ ਦੱਸ ਸਕਦੇ ਹੋ।

ਇਸ ਨੂੰ ਸੁਰੱਖਿਅਤ ਸੈਕਸ ਦਾ ਬਿਹਤਰ ਤਰੀਕਾ ਮੰਨਿਆ ਜਾਂਦਾ ਹੈ।

ਕੀ ਸੈਕਸ ਟੋਆਏ ਦੀ ਵਰਤੋਂ ਠੀਕ ਹੈ?

ਕੁੜੀਆਂ ਹੱਥਰਸੀ ਕਰਨ ਵੇਲੇ ਆਪਣੇ ਗੁਪਤ ਅੰਗਾਂ ਵਿੱਚ ਕੁਝ ਪਾਉਂਦੀਆਂ ਹਨ। ਇਹ ਸੈਕਸ ਟੋਆਏ ਵੀ ਹੋ ਸਕਦੇ ਹਨ। ਅਜਿਹਾ ਕਰਨਾ ਤਦ ਤੱਕ ਸੁਰੱਖਿਅਤ ਹੈ ਜਦੋਂ ਤੱਕ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾਂ ਹੋਵੇ।

ਅਜਿਹਾ ਕਰਨ ਸਮੇਂ ਸਾਫ਼-ਸਫ਼ਾਈ ਦੀ ਧਿਆਨ ਰੱਖੇ ਜਾਣ ਦੀ ਸਖ਼ਤ ਲੋੜ ਹੈ।

ਇਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਚੀਜ਼ ਨੂੰ ਤੁਸੀਂ ਠੀਕ ਤਰ੍ਹਾਂ ਨਾਲ ਫੜੋ ਤਾਂਕਿ ਇਹ ਅੰਦਰ ਨਾ ਹੀ ਰਹਿ ਜਾਵੇ। ਇਸ ਗੱਲ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਅੰਦਰ ਜਾਣ ਵਾਲੀ ਚੀਜ਼ ਬੈਕਟੀਰੀਆ ਰਹਿਤ ਹੋਵੇ।

ਉਨ੍ਹਾਂ ਚੀਜ਼ਾਂ ਦਾ ਇਸਤੇਮਾਲ ਬਿਲਕੁਲ ਨਾਂ ਕਰੋ ਜੋ ਗੰਦੀਆਂ ਹੋਣ। ਜੇਕਰ ਕਿਸੇ ਤਰ੍ਹਾਂ ਦਾ ਸ਼ੱਕ ਹੋਵੇ ਤਾਂ ਚੀਜ਼ ਉੱਤੇ ਕੰਡੋਮ ਚੜ੍ਹਾ ਕੇ ਇਸਤੇਮਾਲ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)