#HerChoice: 'ਖਾਣੇ ਤੋਂ ਬਾਅਦ ਉਸ ਨੂੰ ਬਿਸਤਰ 'ਚ ਮੇਰੀ ਲੋੜ ਹੁੰਦੀ'

ਔਰਤ

ਪਤੀ ਨਾਲ ਇਸ ਤੋਂ ਪਹਿਲਾਂ ਵੀ ਝੂਠ ਬੋਲਿਆ ਸੀ। ਪਰ ਉਦੋਂ ਨਫ਼ਾ-ਨੁਕਸਾਨ ਸਮਝਦੀ ਸੀ। ਇਸ ਵਾਰ ਲੱਗ ਰਿਹਾ ਸੀ ਕਿ ਹਨੇਰੇ ਖੂਹ ਵਿੱਚ ਛਾਲ ਮਾਰਨ ਜਾ ਰਹੀ ਹਾਂ।

ਉਦੋਂ ਮਾਮਲਾ ਕੁਝ ਹੋਰ ਸੀ। ਮੈਂ ਆਪਣੇ ਪਤੀ ਨੂੰ ਆਪਣੀ ਤਨਖਾਹ ਅਸਲ 'ਚ ਘੱਟ ਦੱਸੀ ਤਾਂ ਜੋ ਕੁਝ ਪੈਸੇ ਬਚਾ ਸਕਾਂ ਤਾਂ ਜੋ ਸਾਰੇ ਪੈਸੇ ਉਸਦੀ ਸ਼ਰਾਬ ਵਿੱਚ ਨਾ ਚਲ ਜਾਣ।

ਪਤਾ ਸੀ ਕਿ ਫੜੀ ਗਈ ਤਾਂ ਬਹੁਤ ਮਾਰ ਪਵੇਗੀ। ਅੱਖਾਂ ਸੁੱਜ ਜਾਣਗੀਆਂ, ਪਸਲੀਆਂ 'ਚ ਦਰਦ ਰਹੇਗਾ, ਲੱਕ 'ਤੇ ਕੁਝ ਨਿਸ਼ਾਨ ਪੈ ਜਾਣਗੇ।

ਪਰ ਚੈਨ ਸੀ ਕਿ ਬੈਂਕ ਦੀ ਫਿਕਸਡ ਡਿਪਾਜਿਟ 'ਚ ਜਮ੍ਹਾਂ ਕੀਤੇ ਪੈਸੇ ਉਹ ਫੇਰ ਵੀ ਨਹੀਂ ਕੱਢ ਸਕੇਗਾ।

ਇਹ ਵੀ ਪੜ੍ਹੋ :

ਅਜਿਹਾ ਮੈਡਮ ਨੇ ਸਮਝਾਇਆ ਸੀ। ਨਹੀਂ ਤਾਂ ਬੈਂਕ ਅਕਾਊਂਟ ਖੋਲ੍ਹਣਾ ਅਤੇ ਪੈਸੇ ਜਮ੍ਹਾਂ ਕਰਨਾ ਮੇਰੇ ਵਰਗੀਆਂ ਪੇਂਡੂ ਕੁੜੀਆਂ ਦੇ ਵਸ ਦੀ ਗੱਲ ਕਿੱਥੇ ਸੀ।

ਅੱਜ ਵੀ ਜੋ ਕਰਨ ਜਾ ਰਹੀ ਸੀ ਉਸ ਦੇ ਬਾਰੇ ਮੈਡਮ ਨੇ ਹੀ ਦੱਸਿਆ ਸੀ। ਪਰ ਕਾਲਜਾ ਮੂੰਹ ਨੂੰ ਆ ਰਿਹਾ ਸੀ।

ਇਸ ਵਾਰ ਦਾਅ 'ਤੇ ਮੇਰਾ ਸਰੀਰ ਸੀ ਅਤੇ ਸੁਣਿਆ ਸੀ ਕਿ ਇਸ ਆਪਰੇਸ਼ਨ 'ਚ ਮੌਤ ਵੀ ਹੋ ਸਕਦੀ ਹੈ।

------------------------------------------------------------------------------------------------------------------------------------

#HerChoice 12 ਭਾਰਤੀ ਔਰਤਾਂ ਦੀ ਜ਼ਿੰਦਗੀ ਦੀਆਂ ਸੱਚੀ ਕਹਾਣੀਆਂ ਦੀ ਲੜੀ ਹੈ। ਇਹ ਲੜੀ ਅੱਜ ਦੀਆਂ ਮਾਡਰਨ ਭਾਰਤੀ ਔਰਤਾਂ ਦੀ ਜ਼ਿੰਦਗੀ ਪ੍ਰਤੀ ਚੋਣ, ਪ੍ਰਾਥਮੀਕਤਾ, ਚਾਹਤਾਂ ਆਦਿ ਤੇ ਅਧਾਰਿਤ ਹੈ।

------------------------------------------------------------------------------------------------------------------------------------

ਪਰ ਹੁਣ ਤਾਂ ਜ਼ਿੰਦਗੀ ਵੀ ਮੌਤ ਵਾਂਗ ਲੱਗਣ ਲੱਗੀ ਸੀ। ਮੈਂ ਸੀ 22 ਸਾਲ ਦੀ ਪਰ 40 ਸਾਲਾਂ ਦੀ ਦਿਖਣ ਲੱਗੀ ਸੀ।

ਸਰੀਰ ਪਤਲਾ ਜਰੂਰ ਸੀ ਪਰ ਜਵਾਨ ਨਹੀਂ। ਹੱਡੀਆਂ ਦਾ ਪਿੰਜਰ ਜਿਹਾ ਰਹਿ ਗਿਆ ਸੀ।

ਅੱਖਾਂ ਹੇਠਾਂ ਕਾਲੇ ਘੇਰੇ ਅਤੇ ਚਿਹਰੇ 'ਤੇ ਮਾਸੂਮੀਅਤ ਦੀ ਥਾਂ ਥਕਾਣ ਛਾਈ ਹੋਈ ਸੀ।

ਤੁਰਦੀ ਤਾਂ ਲੱਗਦਾ ਸੀ ਕਿ ਕੁੱਬ ਨਿਕਲ ਆਇਆ ਹੈ ਅਤੇ ਇਹ ਸਿਰਫ਼ ਉਹ ਸੀ ਜੋ ਸਾਰਿਆਂ ਨੂੰ ਦਿਖਾਈ ਦਿੰਦਾ ਸੀ।

ਇਹ ਵੀ ਪੜ੍ਹੋ:

ਜੋ ਕੁਝ ਅੰਦਰ ਟੁੱਟਿਆ ਪਿਆ ਸੀ ਉਸ ਦੀ ਚੀਕ ਤਾਂ ਸਿਰਫ਼ ਮੇਰੇ ਕੰਨਾਂ ਵਿੱਚ ਹੀ ਗੂੰਜਦੀ ਸੀ।

ਸ਼ੁਰੂਆਤ ਵਿੱਚ ਤਾਂ ਉਹ ਮੈਨੂੰ ਗ਼ਲਤ ਵੀ ਨਹੀਂ ਲਗਦਾ ਸੀ। 15 ਸਾਲ ਦੀ ਉਮਰ 'ਚ ਵਿਆਹ ਹੋਇਆ ਅਤੇ ਸ਼ਹਿਰ ਆ ਗਏ।

ਪਤੀ ਕੰਮ ਕਰਕੇ ਘਰ ਆਉਂਦਾ ਤਾਂ ਖਾਣ ਤੋਂ ਬਾਅਦ ਬਿਸਤਰ 'ਚ ਮੇਰੀ ਲੋੜ ਹੁੰਦੀ।

ਫੋਟੋ ਕੈਪਸ਼ਨ ਪ੍ਰਤੀਕਾਤਮ ਤਸਵੀਰ

ਸਿਰਫ਼ ਲੋੜ, ਮੈਂ ਕੇਵਲ ਇੱਕ ਸਰੀਰ ਸੀ। ਜਿਸ ਦੀਆਂ ਭਾਵਨਾਵਾਂ ਨਾਲ ਉਸ ਦਾ ਕੋਈ ਸਰੋਕਾਰ ਨਹੀਂ ਸੀ।

ਪਰ ਇਸ ਤੋਂ ਵੱਧ ਵੀ ਕੋਈ ਆਸ ਨਹੀਂ ਸੀ। ਮਾਂ ਨੇ ਦੱਸਿਆ ਸੀ ਅਜਿਹਾ ਹੀ ਹੁੰਦਾ ਹੈ।

ਉਥੋਂ ਤੱਕ ਵੀ ਠੀਕ ਸੀ।

ਫਿਰ ਪਹਿਲਾਂ ਕੁੜੀ ਹੋਈ।

ਫਿਰ ਪਹਿਲੀ ਕੁੱਟਮਾਰ।

ਫਿਰ ਉਸ ਨੇ ਪਹਿਲੀ ਵਾਰ ਸ਼ਰਾਬ ਪੀਤੀ।

ਫਿਰ ਬਿਸਤਰੇ 'ਚ ਸਾਰਾ ਗੁੱਸਾ ਕੱਢਿਆ।

ਫਿਰ ਦੂਜੀ ਕੁੜੀ ਹੋਈ।

ਫਿਰ ਉਸ ਨੇ ਕੰਮ ਛੱਡ ਦਿੱਤਾ।

ਫਿਰ ਮੈਂ ਕੰਮ ਕਰਨਾ ਸ਼ੁਰੂ ਕੀਤਾ।

ਫਿਰ ਤੀਜੀ ਕੁੜੀ ਹੋਈ।

ਇਹ ਵੀ ਪੜ੍ਹੋ:

ਮੇਰੇ ਨਾਲ ਕੁੱਟਮਾਰ, ਮੇਰੇ ਕਮਾਏ ਪੈਸਿਆਂ ਨਾਲ ਸ਼ਰਾਬ ਅਤੇ ਬਿਸਤਰੇ 'ਚ ਸ਼ੈਤਾਨ ਦੀ ਤਰ੍ਹਾਂ ਮੇਰੇ ਹੀ ਸਰੀਰ ਦੀ ਵਰਤੋਂ, ਸਭ ਜਾਰੀ ਰਿਹਾ।

ਪਰ ਮੈਂ ਚੁੱਪ ਸੀ। ਔਰਤ ਨਾਲ ਇਹ ਸਭ ਹੁੰਦਾ ਹੈ। ਮਾਂ ਨੇ ਦੱਸਿਆ ਸੀ।

ਚੌਥੀ ਵਾਰ ਜਦੋਂ ਗਰਭਵਤੀ ਸੀ ਤਾਂ 20 ਸਾਲਾਂ ਦੀ ਹੋ ਗਈ ਸੀ। ਅਧਮਰੇ ਸਰੀਰ ਨੂੰ ਜਦੋਂ ਮੈਡਮ (ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਸੀ) ਨੇ ਫੇਰ ਫੁੱਲਦੇ ਦੇਖਿਆ ਤਾਂ ਨਾਰਾਜ਼ ਹੋ ਗਈ।

ਪੁੱਛਿਆ, ਪੈਦਾ ਕਰ ਪਾਵੇਂਗੀ? ਇੰਨਾਂ ਖ਼ੂਨ ਵੀ ਹੈ ਸਰੀਰ 'ਚ ?

ਮੈਂ ਕਿਹਾ ਹੋ ਜਾਵੇਗਾ।

ਸੋਚਿਆਂ ਵੱਡੇ ਘਰ ਦੀ ਇਹ ਔਰਤ ਨਹੀਂ ਸਮਝੇਗੀ ਮੇਰੀ ਜ਼ਿੰਦਗੀ ਨੂੰ। ਬੇਟਾ ਪੈਦਾ ਹੋਣ ਤੱਕ ਮੈਨੂੰ ਇਹ ਸਭ ਝੱਲਣਾ ਹੀ ਪਿਆ ਸੀ।

ਬੈਂਕ 'ਚ ਪੈਸੇ ਜਮ੍ਹਾਂ ਕਰਨ ਦੀ ਸਲਾਹ ਅਤੇ ਮਦਦ ਇੱਕ ਗੱਲ ਸੀ ਪਰ ਉਸ ਨੂੰ ਘਰ ਪਰਿਵਾਰ ਦੀ ਇਹ ਬਾਰੀਕੀ ਨਹੀਂ ਸਮਝਾ ਸਕਦੀ ਸੀ।

ਮਨ ਕਰਦਾ ਸੀ ਕਿ ਸਭ ਚੁੱਪਚਾਪ ਹੋ ਜਾਵੇ। ਕਿਸੇ ਨੂੰ ਪਤਾ ਨਾ ਚੱਲੇ ਕਿ ਮੈਂ ਗਰਭਵਤੀ ਹਾਂ, ਮੇਰਾ ਸਰੀਰ ਨਾ ਬਦਲੇ, ਮੇਰੀ ਜ਼ਿੰਦਗੀ ਦੀ ਕਹਾਣੀ ਮੈਨੂੰ ਚੌਰਾਹੇ 'ਚ ਨਾ ਖੜੀ ਕਰ ਦੇਵੇ।

ਮੈਨੂੰ ਯਕੀਨ ਸੀ ਕਿ ਬੇਟਾ ਹੋ ਜਾਵੇਗਾ ਤਾਂ ਸਭ ਠੀਕ ਹੋ ਜਾਵੇਗਾ।

ਕੁੱਟਮਾਰ, ਸ਼ਰਾਬ, ਬਿਸਤਰ ਦਾ ਉਹ ਮਨਹੂਸ ਸਿਲਸਿਲਾ ਟੁੱਟ ਜਾਵੇਗਾ ਅਤੇ ਇਸ ਵਾਰ ਮੁੰਡਾ ਹੀ ਹੋਇਆ।

ਹਸਪਤਾਲ 'ਚ ਜਦੋਂ ਨਰਸ ਨੇ ਆ ਕੇ ਇਹ ਦੱਸਿਆ ਤਾਂ ਮੈਂ ਰੋਣ ਲੱਗੀ।

ਬੱਚੇ ਨੂੰ ਪੈਦਾ ਕਰਨ ਲਈ 10 ਘੰਟਿਆਂ ਬੱਧੀ ਸਹਾਰਿਆ ਦਰਦ ਅਤੇ ਨੌਂ ਮਹੀਨੇ ਤੱਕ ਕਮਜ਼ੋਰ ਸਰੀਰ ਵਿੱਚ ਪਾਲਣ ਦੀ ਥਕਾਣ ਮੰਨੋ ਇੱਕ ਪਲ 'ਚ ਗਾਇਬ ਹੋ ਗਈ।

ਪਰ ਫਿਰ... ਫਿਰ ਕੁਝ ਨਹੀਂ ਬਦਲਿਆ। ਉਹ ਮਨਹੂਸ ਸਿਲਸਿਲਾ ਜਾਰੀ ਰਿਹਾ।

ਹੁਣ ਮੇਰੀ ਕੀ ਗਲਤੀ ਸੀ? ਹੁਣ ਤਾਂ ਮੈਂ ਮੁੰਡਾ ਵੀ ਪੈਦਾ ਕਰ ਦਿੱਤਾ ਸੀ।

ਮੇਰੇ ਪਤੀ ਨੂੰ ਸ਼ਾਇਦ ਸ਼ੈਤਾਨ ਬਣਨ ਦੀ ਆਦਤ ਪੈ ਗਈ ਸੀ।

ਮੇਰਾ ਸਰੀਰ ਬਹੁਤ ਟੁੱਟ ਗਿਆ ਸੀ। ਫਿਰ ਕਿਤੇ ਗਰਭਵਤੀ ਨਾ ਹੋ ਜਾਵਾਂ, ਇਹ ਡਰ ਮੈਨੂੰ ਹਰ ਵੇਲੇ ਸਤਾਉਂਦਾ ਰਹਿੰਦਾ ਸੀ।

ਇੱਕ ਦਿਨ ਮੇਰੀ ਮੈਡਮ ਨੇ ਮੇਰਾ ਬੇਜਾਨ ਚਿਹਰਾ ਦੇਖਿਆ ਤਾਂ ਮੈਨੂੰ ਪੁੱਛਿਆ ਕਿ ਆਪਣੀ ਜ਼ਿੰਦਗੀ 'ਚ ਇੱਕ ਚੀਜ਼ ਬਦਲਣੀ ਹੋਵੇ ਤਾਂ ਕੀ ਬਦਲੇਗੀ?

ਮੈਂ ਹੱਸ ਪਈ। ਆਪਣੀ ਚਾਹਤ ਬਾਰੇ ਮੈਂ ਨਾ ਕਦੇ ਸੋਚਿਆ ਸੀ ਨਾ ਕਿਸੇ ਨੇ ਪੁੱਛਿਆ ਸੀ।

ਪਰ ਗੱਲ ਹਾਸੇ 'ਚ ਟਾਲੀ ਨਹੀਂ ਗਈ। ਬਹੁਤ ਸੋਚਿਆ ਇੱਕ ਹਫਤੇ ਬਾਅਦ ਮੈਡਮ ਨੂੰ ਕਿਹਾ ਕਿ ਮੇਰਾ ਜਵਾਬ ਤਿਆਰ ਹੈ।

ਉਹ ਤਾਂ ਉਦੋਂ ਤੱਕ ਭੁੱਲ ਵੀ ਗਈ ਸੀ ਸ਼ਾਇਦ।

ਮੈਂ ਕਿਹਾ ਕਿ ਮੈਂ ਫਿਰ ਮਾਂ ਨਹੀਂ ਬਣਨਾ ਚਾਹੁੰਦੀ ਪਰ ਆਪਣੇ ਪਤੀ ਨੂੰ ਕਿਵੇਂ ਰੋਕਾ ਇਹ ਨਹੀਂ ਜਾਣਦੀ।

ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਕਿਹਾ ਸੀ ਕਿ ਚਾਰ ਬੱਚਿਆਂ ਨੂੰ ਖਵਾਉਣ ਲਈ ਪੈਸੇ ਨਹੀਂ ਹਨ।

ਪਰ ਬਿਸਤਰ 'ਤੇ ਉਹ ਆਪਣੀ ਮਰਜ਼ੀ ਕਰਦਾ ਹੈ। ਮੇਰੇ ਕਮਜ਼ੋਰ ਸਰੀਰ ਦੀ ਪਰਵਾਹ ਨਹੀਂ ਕਰਦਾ।

ਮੈਡਮ ਨੇ ਕਿਹਾ ਨਸਬੰਦੀ ਦਾ ਆਪਰੇਸ਼ਨ ਕਰਵਾ ਲੈ। ਇਹ ਤੇਰੇ ਹੱਥ ਵਿੱਚ ਹੈ, ਤੂੰ ਘੱਟੋ ਘੱਟ ਆਪਣੇ ਆਪ ਨੂੰ ਗਰਭਵਤੀ ਹੋਣ ਤੋਂ ਤਾਂ ਬਚਾ ਸਕੇਂਗੀ।

ਮੈਨੂੰ ਇਸ ਬਾਰੇ ਪਤਾ ਨਹੀਂ ਸੀ। ਕਈ ਦਿਨ ਨਿਕਲ ਗਏ ਮੇਰੇ ਬਹੁਤ ਸਾਰੇ ਸਵਾਲ ਸਨ।

ਜਦੋਂ ਮੈਡਮ ਜਵਾਬ ਦਿੰਦਿਆਂ ਥੱਕ ਗਈ ਤਾਂ ਇੱਕ ਕਲਿਨਿਕ ਦਾ ਪਤਾ ਦਿੱਤਾ।

ਉੱਥੇ ਮੇਰੇ ਵਰਗੀਆਂ ਹੋਰ ਔਰਤਾਂ ਸਨ। ਉਨ੍ਹਾਂ ਕੋਲੋਂ ਹੀ ਪਤਾ ਲੱਗਾ ਕਿ ਨਸਬੰਦੀ ਦਾ ਆਪਰੇਸ਼ ਛੇਤੀ ਤਾਂ ਹੋ ਜਾਂਦਾ ਹੈ ਪਰ ਜੇਕਰ ਕੁਝ ਗੜਬੜ ਹੋ ਜਾਵੇ ਤਾਂ ਜਾਨ ਵੀ ਜਾ ਸਕਦੀ ਹੈ।

Image copyright Getty Images

ਇੱਕ ਦਿਨ ਪਤੀ ਅਤੇ ਬੱਚਿਆਂ ਨੂੰ ਝੂਠ ਬੋਲ ਕੇ ਇਕੱਲੀ ਕਲਿਨਿਕ ਆਈ ਤਾਂ ਵੀ ਦਿਮਾਗ 'ਚ ਇਹੀ ਡਰ ਛਾਇਆ ਹੋਇਆ ਸੀ।

ਪਰ ਮੈਂ ਥੱਕ ਗਈ ਸੀ। ਡਰ ਵੀ ਸੀ ਅਤੇ ਹਤਾਸ਼ ਵੀ ਸੀ। ਇਹ ਕਰਨਾ ਖਤਰਨਾਕ ਸੀ ਪਰ ਆਸ ਸੀ ਕਿ ਘੱਟੋ ਘੱਟ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਇੱਕ ਸਿਰਾ ਤਾਂ ਮੇਰੇ ਕਾਬੂ ਵਿੱਚ ਹੋਣ ਵਾਲਾ ਹੈ।

ਫੇਰ ਮੇਰਾ ਆਪਰੇਸ਼ ਹੋਇਆ ਅਤੇ ਮੈਂ ਮਰੀ ਨਹੀਂ।

ਕੁਝ ਦਿਨ ਲੱਗੇ, ਕਮਜ਼ੋਰੀ ਰਹੀ ਦਰਦ ਰਿਹਾ ਪਰ ਹੁਣ ਸਭ ਠੀਕ ਹੈ।

10 ਸਾਲ ਹੋ ਗਏ ਹਨ। ਹੁਣ ਮੇਰੀ ਉਮਰ 32 ਸਾਲ ਹੈ ਅਤੇ ਮੈਂ ਫਿਰ ਕਦੀ ਮਾਂ ਨਹੀਂ ਬਣੀ।

ਇਹ ਵੀ ਪੜ੍ਹੋ:

ਮੇਰੇ ਪਤੀ ਨੂੰ ਕੁਝ ਅਜੀਬ ਵੀ ਨਹੀਂ ਲੱਗਿਆ।

ਉਸ ਦੀ ਜ਼ਿੰਦਗੀ ਅਜੇ ਵੀ ਨਸ਼ੇ, ਕੁੱਟਮਾਰ ਅਤੇ ਬਿਸਤਰੇ 'ਚ ਆਰਾਮ ਨਾਲ ਕੱਟ ਰਹੀ ਹੈ। ਸ਼ਾਇਦ ਉਸ ਨੂੰ ਕੋਈ ਫਰਕ ਨਹੀਂ ਪੈਂਦਾ।

ਅਤੇ ਮੈਂ, ਮੈਂ ਵੀ ਉਹੀ ਕਰ ਰਹੀ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ।

ਮੈਡਮਾਂ ਦੇ ਘਰਾਂ ਵਿੱਚ ਸਫਾਈ-ਭਾਂਡੇ, ਜਿਸ ਤੋਂ ਮਿਲਣ ਵਾਲੇ ਪੈਸਿਆਂ ਨਾਲ ਬੱਚੇ ਵੱਡੇ ਹੋ ਰਹੇ ਹਨ।

ਪਤੀ ਨੂੰ ਛੱਡ ਨਹੀਂ ਸਕਦੀ, ਮਾਂ ਨੇ ਕਿਹਾ ਸੀ। ਨਾ ਉਸ ਦੀਆਂ ਆਦਤਾਂ ਬਦਲ ਸਕਦੀ ਹਾਂ। ਇਸ ਲਈ ਮੈਂ ਆਦਤ ਪਾ ਲਈ ਹੈ।

ਬਾਕੀ ਚੈਨ ਹੈ ਕਿ ਉਸ ਨੇ ਨਹੀਂ ਰੱਖਿਆ ਤਾਂ ਕੀ, ਆਪਣੇ ਥੋੜਾ ਖਿਆਲ ਮੈਂ ਰੱਖ ਲਿਆ।

ਮੇਰਾ ਆਪਰੇਸ਼ਨ ਮੇਰਾ ਰਾਜ਼ ਹੈ। ਮਾਣ ਹੈ, ਇੱਕ ਫੈਸਲਾ ਤਾਂ ਸੀ ਜੋ ਮੈਂ ਸਿਰਫ਼ ਆਪਣੇ ਲਈ ਲਿਆ।

(ਇਹ ਉੱਤਰ ਭਾਰਤ ਵਿੱਚ ਰਹਿੰਦੀ ਇਕ ਔਰਤ ਦੀ ਸੱਚੀ ਕਹਾਣੀ ਹੈ, ਉਸਨੇ ਆਪਣੀ ਕਹਾਣੀ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨਾਲ ਸਾਂਝੀ ਕੀਤੀ। ਔਰਤ ਦੀ ਬੇਨਤੀ 'ਤੇ ਉ ਦੀ ਪਛਾਣ ਗੁਪਤ ਰੱਖੀ ਗਈ ਹੈ)

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)