ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਭਾਵੁਕ ਹੋ ਕੇ ਇਹ ਕੀ ਕਹਿ ਗਏ ਰਾਮ ਗੋਪਾਲ ਵਰਮਾ?

ਸ਼੍ਰੀਦੇਵੀ

ਤਸਵੀਰ ਸਰੋਤ, Getty Images

ਸ਼੍ਰੀਦੇਵੀ ਦੀ ਮੌਤ ਦੀ ਖਬਰ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪੱਗਟ ਕਰ ਰਹੇ ਹਨ। ਉਨ੍ਹਾਂ ਫੇਸਬੁੱਕ 'ਤੇ ਸ਼੍ਰੀਦੇਵੀ ਲਈ ਚਿੱਠੀ ਲਿਖੀ।

ਉਨ੍ਹਾਂ ਲਿਖਿਆ, ''ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ। ਮੈਂ ਸ਼੍ਰੀਦੇਵੀ ਨੂੰ ਨਫਰਤ ਕਰਦਾ ਹਾਂ ਕਿਉਂਕਿ ਹੋਰਾਂ ਵਾਂਗ ਉਸ ਦਾ ਵੀ ਦਿਲ ਰੁੱਕ ਗਿਆ।''

ਉਨ੍ਹਾਂ ਅੱਗੇ ਲਿਖਿਆ, ''ਸ਼੍ਰੀਦੇਵੀ ਨੂੰ ਮਾਰਣ ਲਈ ਮੈਂ ਰੱਬ ਨੂੰ ਨਫਰਤ ਕਰਦਾ ਹਾਂ। ਮਰਨ ਲਈ ਮੈਂ ਸ਼੍ਰੀਦੇਵੀ ਨੂੰ ਨਫਰਤ ਕਰਦਾ ਹਾਂ''

ਇਹੀ ਨਹੀਂ ਵਰਮਾ ਨੇ ਸ਼੍ਰੀਦੇਵੀ ਅਤੇ ਆਪਣੀਆਂ ਕਈ ਤਸਵੀਰਾਂ ਟਵੀਟ ਵੀ ਕੀਤੀਆਂ।

ਉਨ੍ਹਾਂ ਲਿਖਿਆ, ''ਸ਼੍ਰੀਦੇਵੀ ਅਤੇ ਬਰੂਸ ਲਈ ਵਰਗੇ ਚੰਗੇ ਮਨੁੱਖਾਂ ਨੂੰ ਮਾਰ ਕੇ ਰੱਬ ਨੇ ਆਪਣੀ ਤਾਕਤ ਦਿਖਾਈ ਹੈ। ਕਾਸ਼ ਬਰੂਸ ਲੀ ਨੂੰ ਰੱਬ ਨੂੰ ਦੋ ਮੁੱਕੇ ਮਾਰੇ, ਇੱਕ ਆਪਣੀ ਮੌਤ ਲਈ ਅਤੇ ਦੂਜਾ ਸ਼੍ਰੀਦੇਵੀ ਦੀ ਮੌਤ ਲਈ।''

ਬੀਤੀ ਰਾਤ ਦੁਬਈ ਵਿੱਚ ਕਾਰਡੀਐਕ ਅਰੈਸਟ ਹੋਣ ਕਰਕੇ ਸ਼੍ਰੀਦੇਵੀ ਦਾ ਦੇਹਾਂਤ ਹੋ ਗਿਆ।

ਸ਼੍ਰੀਦੇਵੀ ਦੀ ਮੌਤ ਦੀ ਖਬਰ 'ਤੇ ਬਾਲੀਵੁੱਡ ਅਤੇ ਹੋਰ ਸ਼ਖਸੀਅਤਾਂ ਨੇ ਸੋਗ ਜ਼ਾਹਿਰ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ਸ਼੍ਰੀਦੇਵੀ ਦੇ ਦੇਹਾਂਤ ਦੀ ਖਬਰ ਬੇਹਦ ਦੁਖਦ ਹੈ। ਉਨ੍ਹਾਂ ਦਾ ਕਰੀਅਰ ਯਾਦਗਾਰੀ ਸੀ, ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਹਮਦਰਦੀ ਹੈ।''

ਅਮਿਤਾਭ ਬੱਚਨ ਨੇ ਟਵੀਟ ਕੀਤਾ, ''ਨਾ ਜਾਣੇ ਕਿਉਂ, ਇੱਕ ਅਜੀਬ ਜਿਹੀ ਘਬਰਾਹਟ ਹੋ ਰਹੀ ਹੈ।''

ਹਾਲਾਂਕਿ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੇ ਇਹ ਟਵੀਟ ਮੌਤ ਦੀ ਖਬਰ ਮਿਲਣ ਤੋਂ ਬਾਅਦ ਵਿੱਚ ਕੀਤਾ ਸੀ ਜਾਂ ਪਹਿਲਾਂ।

ਪੱਤਰਕਾਰ ਅਤੇ ਕਮੈਂਟੇਟਰ ਹਰਸ਼ਾ ਭੋਗਲੇ ਨੇ ਵੀ ਟਵੀਟ ਕੀਤਾ।

ਉਨ੍ਹਾਂ ਲਿਖਿਆ, ''ਆਪਣੇ ਤਰੀਕੇ ਨਾਲ ਸਕ੍ਰੀਨ ਨੂੰ ਚਮਕਾਇਆ, ਬੇਹਦ ਖੂਬਸੁਰਤ ਸਿਤਾਰਾ, ਜੋ ਉਮਰ ਤੋਂ ਪਹਿਲਾਂ ਹੀ ਚਲਾ ਗਿਆ।''

ਫਿਲਮ 'ਚਾਂਦਨੀ' ਵਿੱਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਅਦਾਕਾਰ ਰਿਸ਼ੀ ਕਪੂਰ ਨੇ ਟਵੀਟ ਕੀਤਾ, ''ਉੱਠਦੇ ਸਾਰ ਹੀ ਇਹ ਬੁਰੀ ਖਬਰ ਮਿਲੀ। ਬੇਹਦ ਹੈਰਾਨ ਅਤੇ ਦੁਖੀ ਹਾਂ। ਬੋਨੀ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਮੇਰੀ ਹਮਦਰਦੀ।''

ਪ੍ਰਿਅੰਕਾ ਚੋਪੜਾ ਨੇ ਵੀ ਟਵੀਟ ਕੀਤਾ, ''ਯੇ ਲਮਹੇ, ਯੇ ਪਲ ਹਮ ਹਰ ਪਲ ਯਾਦ ਕਰੇਂਗੇ, ਯੇ ਮੌਸਮ ਚਲੇ ਗਏ ਤੋ ਹਮ ਫਰਿਆਦ ਕਰੇਂਗੇ।''

ਅਨੁਪਮ ਖੇਰ ਨੇ ਲਿਖਿਆ, ''ਕੀ ਮੈਂ ਕੋਈ ਬੁਰਾ ਸੁਫਨਾ ਵੇਖ ਰਿਹਾ ਹਾਂ, ਇਹ ਬਹੁਤ ਦੁਖਦ ਹੈ। ਸਭ ਤੋਂ ਸ਼ਾਨਦਾਰ ਅਤੇ ਹੋਨਹਾਰ ਅਦਾਕਾਰਾਂ ਚੋਂ ਇੱਕ ਸੀ ਸ਼੍ਰੀਦੇਵੀ, ਭਾਰਤੀ ਸਿਨੇਮਾ ਦੀ ਰਾਣੀ ਅਤੇ ਇੱਕ ਦੋਸਤ ਵੀ ਸੀ। ਕਈ ਫਿਲਮਾਂ ਵਿੱਚ ਉਨ੍ਹਾਂ ਨਾਲ ਕੰਮ ਕੀਤਾ, ਕਈ ਖੂਬਸੁਰਤ ਯਾਦਾਂ ਹਨ।''

ਨਿਰਦੇਸ਼ਕ ਮਹੇਸ਼ ਭੱਟ ਨੇ ਸ਼੍ਰੀਦੇਵੀ ਦੀ ਇੱਕ ਤਸਵੀਰ ਸਾਂਝੇ ਕਰਦੇ ਹੋਏ ਲਿਖਿਆ, ''ਸ਼੍ਰੀਦੇਵੀ ਦੀ ਅਚਾਨਕ ਮੌਤ ਦੀ ਖਬਰ ਨਾਲ ਧੱਕਾ ਲੱਗਿਆ ਹੈ।''

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਟਵੀਟ ਕੀਤਾ, ''ਮੈਂ ਹੈਰਾਨ ਹਾਂ, ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨੂੰ ਮੇਰੀ ਹਮਦਰਦੀ।''

ਇਸ ਬਾਰੇ ਕੁਝ ਪੰਜਾਬੀ ਕਲਾਕਾਰਾਂ ਨੇ ਟਵੀਟ ਕਰ ਕੇ ਸ਼ੋਕ ਜਤਾਇਆ।

ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ, ''ਯਕੀਨ ਨਹੀਂ ਹੋ ਰਿਹਾ, ਤੁਹਾਡੀ ਬਹੁਤ ਯਾਦ ਆਏਗੀ। ਸ਼੍ਰੀਦੇਵੀ ਦੀਆਂ ਫਿਲਮਾਂ ਵੇਖ ਕੇ ਵੱਡੇ ਹੋਏ ਹਾਂ, ਇੰਡਸਟ੍ਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।''

ਰੈਪਰ ਯੋ ਯੋ ਹਨੀ ਸਿੰਘ ਨੇ ਵੀ ਲਿਖਿਆ, ''ਇਸ ਖਬਰ ਨੇ ਹੈਰਾਨ ਕਰ ਦਿੱਤਾ ਹੈ, ਦੋਸਤਾਂ ਅਤੇ ਪਰਿਵਾਰ ਨੂੰ ਹਮਦਰਦੀ।''

ਸ਼੍ਰੀਦੇਵੀ ਦਾ ਜਨਮ ਤਾਮਿਲਨਾਡੂ ਵਿੱਚ ਹੋਇਆ ਸੀ। ਚਾਰ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਕੀਤੀ ਸੀ।

ਸ੍ਰੀਦੇਵੀ ਨੇ 'ਹਿੰਮਤਵਾਲਾ', 'ਤੋਹਫਾ', 'ਜੁਦਾਈ', 'ਮਿਸਟਰ ਇੰਡੀਆ' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ।

ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ 'ਮੌਮ' ਰਿਲੀਜ਼ ਹੋਈ ਸੀ। ਇਹ ਉਨ੍ਹਾਂ ਦੀ 300ਵੀਂ ਫਿਲਮ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)