ਸ਼੍ਰੀਦੇਵੀ ਦੀ ਮੌਤ ਆਖ਼ਿਰ ਕਿਵੇਂ ਹੋਈ?

ਸ਼੍ਰੀਦੇਵੀ Image copyright Twitter@SrideviBKapoor

ਸ਼ਨੀਵਾਰ ਦੇਰ ਰਾਤ ਜਦ ਭਾਰਤ ਸੌਂ ਰਿਹਾ ਸੀ ਤਾਂ ਦੁਬਈ ਤੋਂ ਆਈ ਇੱਕ ਬੁਰੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਕਾਫੀ ਸਮੇਂ ਤਾਂ ਇਸ ਖਬਰ 'ਤੇ ਯਕੀਨ ਨਹੀਂ ਹੋਇਆ ਅਤੇ ਜ਼ਿਆਦਾਤਰ ਲੋਕ ਇਸ ਨੂੰ ਅਫਵਾਹ ਦੱਸਦੇ ਰਹੇ ਜਾਂ ਫਿਰ ਇਸਦੇ ਅਫਵਾਹ ਹੋਣ ਦੀ ਦੁਆ ਕਰਦੇ ਰਹੇ।

ਕੁਝ ਹੀ ਦੇਰ ਵਿੱਚ ਖ਼ਬਰ ਦੀ ਪੁਸ਼ਟੀ ਹੋ ਗਈ। 54 ਸਾਲ ਦੀ ਉਮਰ ਵਿੱਚ ਸ਼੍ਰੀਦੇਵੀ ਦੁਨੀਆਂ ਛੱਡ ਗਈ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਉਹ ਦੁਬਈ ਵਿੱਚ ਇੱਕ ਵਿਆਹ 'ਤੇ ਗਏ ਸੀ ਅਤੇ ਉੱਥੇ ਉਨ੍ਹਾਂ ਨੂੰ ਕਾਰਡੀਐਕ ਅਰੈਸਟ ਹੋਇਆ।

ਪਤਲੀ ਜਿਹੀ ਸ਼੍ਰੀਦੇਵੀ ਨੂੰ ਵੇਖ ਇਹ ਕਹਿਣਾ ਔਖਾ ਹੈ ਕਿ ਫਿਟਨੈੱਸ ਵੱਲ ਧਿਆਨ ਦੇਣ ਵਾਲੀ ਇਸ ਸ਼ਖਸੀਅਤ ਦੀ ਅਜਿਹੀ ਬਿਮਾਰੀ ਕਰਕੇ ਮੌਤ ਹੋ ਗਈ।

Image copyright iStock

ਕਾਰਡੀਐਕ ਅਰੈਸਟ ਕੀ ਹੁੰਦਾ ਹੈ?

ਕਾਰਡੀਐਕ ਅਰੈਸਟ ਕੀ ਹੁੰਦਾ ਹੈ, ਮਨੁੱਖ ਦੇ ਸਰੀਰ ਲਈ ਇਹ ਇੰਨਾ ਖ਼ਤਰਨਾਕ ਕਿਉਂ ਹੈ ਅਤੇ ਦਿਲ ਦੇ ਦੌਰੇ ਨਾਲੋਂ ਇਹ ਵੱਖਰਾ ਕਿਵੇਂ ਹੈ?

ਹਾਰਟ ਮੁਤਾਬਕ ਕਾਰਡੀਐਕ ਅਰੈਸਟ ਅਚਾਨਕ ਹੁੰਦਾ ਹੈ ਅਤੇ ਸਰੀਰ ਵਲੋਂ ਕੋਈ ਚਿਤਾਵਨੀ ਨਹੀਂ ਦਿੱਤੀ ਜਾਂਦੀ।

ਆਮ ਤੌਰ 'ਤੇ ਇਹ ਦਿਲ ਵਿੱਚ ਹੋਣ ਵਾਲੀ ਇਲੈਕਟ੍ਰੀਕਲ ਗੜਬੜ ਕਰ ਕੇ ਹੁੰਦਾ ਹੈ ਜਿਸ ਵਿੱਚ ਧੜਕਣ ਦਾ ਤਾਲਮੇਲ ਵਿਗੜ ਜਾਂਦਾ ਹੈ।

Image copyright iStock

ਇਸ ਨਾਲ ਦਿਲ ਵੱਲੋਂ ਪੰਪ ਕਰਨ ਦੀ ਸਮਰਥਤਾ 'ਤੇ ਅਸਰ ਪੈਂਦਾ ਹੈ ਅਤੇ ਉਹ ਦਿਮਾਗ ਜਾਂ ਸਰੀਰ ਦੇ ਦੂਜੇ ਹਿੱਸਿਆਂ ਤੱਕ ਖੂਨ ਨਹੀਂ ਪਹੁੰਚਾ ਪਾਉਂਦਾ।

ਕੁਝ ਹੀ ਪਲਾਂ ਦੇ ਅੰਦਰ ਇਨਸਾਨ ਬੇਹੋਸ਼ ਹੋ ਜਾਂਦਾ ਹੈ ਅਤੇ ਨਬਜ਼ ਰੁੱਕ ਜਾਂਦੀ ਹੈ।

ਜੇ ਸਹੀ ਸਮੇਂ 'ਤੇ ਇਲਾਜ ਨਾ ਮਿਲੇ ਤਾਂ ਕੁਝ ਸਕਿੰਟਾਂ ਜਾਂ ਮਿੰਟਾਂ ਵਿੱਚ ਹੀ ਮੌਤ ਹੋ ਜਾਂਦੀ ਹੈ।

ਕਾਰਡੀਐਕ ਅਰੈਸਟ 'ਤੇ ਮੌਤ ਪੱਕੀ?

ਅਮਰੀਕਾ ਵਿੱਚ ਕੰਮ ਕਰਦੇ ਸੀਨੀਅਰ ਡਾਕਟਰ ਸੌਰਭ ਬੰਸਲ ਨੇ ਬੀਬੀਸੀ ਨੂੰ ਦੱਸਿਆ, ''ਇਹ ਬਹੁਤ ਦੁਖਦਾਈ ਹੈ। ਕਿਸੇ ਨੇ ਵੀ ਇਹ ਸੋਚਿਆ ਨਹੀਂ ਹੋਵੇਗਾ।''

"ਦਰਅਸਲ ਕਾਰਡੀਐਕ ਅਰੈਸਟ ਮੌਤ ਦਾ ਆਖ਼ਰੀ ਬਿੰਦੂ ਹੈ। ਇਸ ਦਾ ਮਤਲਬ ਹੈ ਕਿ ਦਿਲ ਦੀ ਧੜਕਣ ਬੰਦ ਹੋ ਗਈ ਹੈ ਅਤੇ ਇਹੀ ਮੌਤ ਦੀ ਵਜ੍ਹਾ ਹੈ।''

ਇਸ ਦੀ ਵਜ੍ਹਾ ਕੀ ਹੁੰਦੀ ਹੈ? ਡਾਕਟਰ ਬੰਸਲ ਨੇ ਦੱਸਿਆ, ''ਇਸਦੇ ਵੱਖ ਵੱਖ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ ਦਿਲ ਦਾ ਦੌਰਾ ਪੈਣਾ ਇਸ ਦੀ ਵਜ੍ਹਾ ਹੋ ਸਕਦਾ ਹੈ।''

Image copyright iStock

ਉਨ੍ਹਾਂ ਅੱਗੇ ਕਿਹਾ, ''ਹਾਲਾਂਕਿ 54 ਸਾਲ ਦੀ ਉਮਰ ਵਿੱਚ ਆਮ ਤੌਰ 'ਤੇ ਜਾਨਲੇਵਾ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਰਹਿੰਦਾ ਹੈ।''

''ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੋਈ ਹੋਰ ਵੀ ਬੀਮਾਰੀਆਂ ਰਹੀਆਂ ਹੋਣ ਜਿਸ ਬਾਰੇ ਅਸੀਂ ਨਹੀਂ ਜਾਣਦੇ।''

ਬ੍ਰਿਟਿਸ਼ਹਾਰਟ.ਫਾਉਂਡੇਸ਼ਨ ਅਨੁਸਾਰ ਦਿਲ ਵਿੱਚ ਇਲੈਕਟ੍ਰਿਕਲ ਸਿਗਨਲਾਂ ਦੀਆਂ ਦਿੱਕਤਾਂ ਕਾਰਨ ਜਦ ਸਰੀਰ ਵਿੱਚ ਖੂਨ ਨਹੀਂ ਪਹੁੰਚਦਾ ਤਾਂ ਉਹ ਕਾਰਡੀਐਕ ਅਰੈਸਟ ਬਣ ਜਾਂਦਾ ਹੈ।

ਜਦ ਸਰੀਰ ਖੂਨ ਪੰਪ ਨਹੀਂ ਕਰਦਾ ਤਾਂ ਦਿਮਾਗ ਨੂੰ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਨਸਾਨ ਬੇਹੋਸ਼ ਹੋਣ ਲੱਗਦਾ ਹੈ ਅਤੇ ਸਾਹ ਬੰਦ ਹੋ ਜਾਂਦੇ ਹਨ।

ਕੀ ਲੱਛਣ ਹੁੰਦੇ ਹਨ ?

ਸਮੱਸਿਆ ਇਹ ਹੈ ਕਿ ਕਾਰਡੀਐਕ ਅਰੈਸਟ ਤੋਂ ਪਹਿਲਾਂ ਇਸ ਦੇ ਕੋਈ ਵੀ ਲੱਛਣ ਨਹੀਂ ਦਿਸਦੇ।

ਇਹੀ ਵਜ੍ਹਾ ਹੈ ਕਿ ਕਾਰਡੀਐਕ ਅਰੈਸਟ ਵਿੱਚ ਮੌਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਦੀ ਸਭ ਤੋਂ ਆਮ ਵਜ੍ਹਾ ਅਸਾਧਾਰਨ ਹਾਰਟ ਰਿਦਮ ਹੈ ਜਿਸ ਨੂੰ ਵੈਂਟ੍ਰੀਕੁਲਰ ਫਿਬ੍ਰਿਲਸ਼ਨ ਕਹਿੰਦੇ ਹਨ।

ਦਿਲ ਦੀਆਂ ਇਲੈਕਟ੍ਰਿਕਲ ਗਤੀਵਿਧੀਆਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਉਹ ਧੜਕਣ ਬੰਦ ਕਰ ਕੇ ਕੰਬਣ ਲੱਗਦਾ ਹੈ।

Image copyright iStock

ਕਾਰਡੀਐਕ ਅਰੈਸਟ ਦਿਲ ਨਾਲ ਜੁੜੀਆਂ ਇਨ੍ਹਾਂ ਬੀਮਾਰੀਆਂ ਕਰਕੇ ਵੀ ਹੋ ਸਕਦਾ ਹੈ:

 • ਕੋਰੋਨਰੀ ਹਾਰਟ ਦੀ ਬੀਮਾਰੀ
 • ਹਾਰਟ ਅਟੈਕ
 • ਕਾਰਡੀਓਮਾਯੋਪੈਥੀ
 • ਕਾਨਜੈਨੀਟਲ ਹਾਰਟ ਦੀ ਬੀਮਾਰੀ
 • ਹਾਰਟ ਵਾਲਵ ਵਿੱਚ ਪਰੇਸ਼ਾਨੀ
 • ਹਾਰਟ ਮਸਲ ਵਿੱਚ ਇੰਨਫਲੇਮੇਸ਼ਨ
 • ਲਾਂਗ ਕਿਊਟੀ ਸਿੰਨਡਰੋਮ ਵਰਗੇ ਡਿਸਾਰਡਰ

ਇਸ ਤੋਂ ਇਲਾਵਾ ਇਨ੍ਹਾਂ ਕਾਰਨਾਂ ਕਰਕੇ ਵੀ ਕਾਰਡੀਐਕ ਅਰੈਸਟ ਹੋ ਸਕਦਾ ਹੈ:

 • ਬਿਜਲੀ ਦੇ ਝਟਕੇ ਨਾਲ
 • ਨਸ਼ੇ ਦੀ ਓਵਰਡੋਜ਼ ਨਾਲ
 • ਹੈਮਰੇਜ ਨਾਲ ਜਿਸ ਵਿੱਚ ਖੂਨ ਦਾ ਕਾਫੀ ਨੁਕਸਾਨ ਹੁੰਦਾ ਹੈ
 • ਪਾਣੀ ਵਿੱਚ ਡੁੱਬਣ ਨਾਲ

ਕੀ ਇਸ ਤੋਂ ਬਚਿਆ ਜਾ ਸਕਦਾ ਹੈ?

ਕਈ ਵਾਰ ਛਾਤੀ ਜ਼ਰੀਏ ਇਲੈਕਟ੍ਰਿਕ ਸ਼ੌਕ ਦੇਣ ਨਾਲ ਇਸ ਤੋਂ ਰਿਕਵਰ ਕੀਤਾ ਜਾ ਸਕਦਾ ਹੈ।

ਇਸ ਲਈ ਡਿਫਿਬ੍ਰੀਲੇਟਰ ਨਾਂ ਦਾ ਟੂਲ ਇਸਤੇਮਾਲ ਹੁੰਦਾ ਹੈ। ਆਮ ਤੌਰ 'ਤੇ ਇਹ ਸਾਰੇ ਵੱਡੇ ਹਸਪਤਾਲਾਂ ਵਿੱਚ ਹੁੰਦਾ ਹੈ।

ਇਸ ਵਿੱਚ ਮੁੱਖ ਮਸ਼ੀਨ ਅਤੇ ਸ਼ੌਕ ਦੇਣ ਦੇ ਬੇਸ ਹੁੰਦੇ ਹਨ, ਜਿਨ੍ਹਾਂ ਨੂੰ ਛਾਤੀ ਨਾਲ ਲਗਾਕੇ ਅਰੈਸਟ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

Image copyright iStock

ਪਰ ਜੇ ਕਾਰਡੀਐਕ ਅਰੈਸਟ ਵੇਲੇ ਆਲੇ ਦੁਆਲੇ ਡਿਫਿਬ੍ਰੀਲੇਟਰ ਨਾ ਹੋਵੇ ਤਾਂ ਕੀ ਕੀਤਾ ਜਾਏ?

ਫਿਰ CPR ਯਾਨੀ ਕਿ ਕਾਰਡੀਓਪਲਮੋਨਰੀ ਰਿਸਸਿਟੇਸ਼ਨ ਮਦਦਗਾਰ ਸਾਬਤ ਹੋ ਸਕਦਾ ਹੈ।

ਇਸ ਵਿੱਚ ਦੋਵੇਂ ਹੱਥਾਂ ਨੂੰ ਸਿੱਧਾ ਰੱਖਦੇ ਹੋਏ ਮਰੀਜ਼ ਦੀ ਛਾਤੀ 'ਤੇ ਜ਼ੋਰ ਨਾਲ ਦਬਾਅ ਪਾਇਆ ਜਾਂਦਾ ਹੈ।

ਇਸ ਵਿੱਚ ਮੁੰਹ ਜ਼ਰੀਏ ਹਵਾ ਵੀ ਦਿੱਤੀ ਜਾਂਦੀ ਹੈ।

ਹਾਰਟ ਅਟੈਕ ਤੋਂ ਵੱਖ ਕਿਵੇਂ?

ਜ਼ਿਆਦਾਤਰ ਲੋਕ ਹਾਰਟ ਅਟੈਕ ਅਤੇ ਕਾਰਡੀਐਕ ਅਰੈਸਟ ਨੂੰ ਇੱਕ ਹੀ ਮੰਨਦੇ ਹਨ ਪਰ ਇਨ੍ਹਾਂ ਵਿੱਚ ਕਾਫੀ ਫਰਕ ਹੈ।

ਹਾਰਟ ਅਟੈਕ ਕੋਰੋਨਰੀ ਆਰਟਰੀ ਵਿੱਚ ਥੱਕਾ ਜੰਮਣ ਨਾਲ ਹੁੰਦਾ ਹੈ। ਇਸ ਕਰਕੇ ਦਿਲ ਦੀਆਂ ਮਾਂਸਪੇਸ਼ੀਆਂ ਵਿੱਚ ਖੂਨ ਨਹੀਂ ਪਹੁੰਚ ਪਾਉਂਦਾ।

ਛਾਤੀ ਵਿੱਚ ਤੇਜ਼ ਦਰਦ ਹੁੰਦਾ ਹੈ। ਹਾਲਾਂਕਿ ਕਈ ਵਾਰ ਲੱਛਣ ਕਮਜ਼ੋਰ ਹੁੰਦੇ ਹਨ ਪਰ ਨੁਕਸਾਨ ਲਈ ਕਾਫੀ ਹੁੰਦੇ ਹਨ।

Image copyright Twitter @SrideviBKapoor

ਹਾਰਟ ਅਟੈਕ ਵਿੱਚ ਦਿਲ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖੂਨ ਪਹੁੰਚਾਉਂਦਾ ਰਹਿੰਦਾ ਹੈ ਅਤੇ ਮਰੀਜ਼ ਹੋਸ਼ ਵਿੱਚ ਹੁੰਦਾ ਹੈ।

ਹਾਰਟ ਅਟੈਕ ਦੇ ਮਰੀਜ਼ ਲਈ ਕਾਰਡੀਐਕ ਅਰੈਸਟ ਦਾ ਖ਼ਤਰਾ ਵੱਧ ਜਾਂਦਾ ਹੈ।

ਕੀ ਵਜ੍ਹਾ ਹੋ ਸਕਦੀ ਹੈ ?

ਡਾਕਟਰ ਬੰਸਲ ਮੁਤਾਬਕ, ''ਕਾਰਡੀਐਕ ਅਰੈਸਟ ਦਾ ਮਤਲਬ ਦਿਲ ਦੀ ਧੜਕਣ ਦਾ ਬੰਦ ਹੋਣਾ ਹੁੰਦਾ ਹੈ। ਅਤੇ ਹਾਰਟ ਅਟੈਕ ਦਾ ਮਤਲਬ ਦਿਲ ਨੂੰ ਸਹੀ ਮਾਤਰਾ ਵਿੱਚ ਖੂਨ ਨਾ ਮਿਲ ਪਾਉਣਾ ਹੁੰਦਾ ਹੈ।''

"ਇਹ ਵੀ ਹੋ ਸਕਦਾ ਹੈ ਕਿ ਖੂਨ ਨਾ ਮਿਲਣ ਕਰਕੇ ਕਾਰਡੀਐਕ ਅਰੈਸਟ ਹੋ ਜਾਵੇ। ਅਜਿਹੇ ਵਿੱਚ ਹਾਰਟ ਅਟੈਕ ਇਸ ਦੇ ਕਈ ਕਾਰਨਾਂ 'ਚੋਂ ਇੱਕ ਹੈ।''

''ਇੱਕ ਖੂਨ ਦਾ ਥੱਕਾ ਕਾਰਡੀਐਕ ਅਰੈਸਟ ਦੀ ਵਜ੍ਹਾ ਬਣ ਸਕਦਾ ਹੈ। ਦਿਲ ਦੇ ਆਸਪਾਸ ਹੋਣ ਵਾਲਾ ਫਲੂਇਡ ਇਸਦਾ ਕਾਰਨ ਬਣ ਸਕਦਾ ਹੈ।''

Image copyright iStock

ਉਨ੍ਹਾਂ ਅੱਗੇ ਕਿਹਾ, ''ਦਿਲ ਦੇ ਅੰਦਰ ਕਿਸੇ ਤਰ੍ਹਾਂ ਦੀ ਇੰਨਫੈਕਸ਼ਨ ਨਾਲ ਵੀ ਕਾਰਡੀਐਕ ਅਰੈਸਟ ਹੋ ਸਕਦਾ ਹੈ। ਇਸ ਤੋਂ ਇਲਾਵਾ ਵੀ ਕਈ ਕਾਰਨ ਹੋ ਸਕਦੇ ਹਨ।''

''ਦੁਬਈ ਵਿੱਚ ਡਾਕਟਰਾਂ ਨੇ ਇਸ ਗੱਲ ਦਾ ਪਤਾ ਲਗਾਇਆ ਹੋਵੇਗਾ ਜਾਂ ਲਗਾ ਰਹੇ ਹੋਣਗੇ ਕਿ ਸ਼੍ਰੀਦੇਵੀ ਨੂੰ ਕਾਰਡੀਐਕ ਅਰੈਸਟ ਕਿਉਂ ਹੋਇਆ। ਸ਼ਾਅਦ ਹੁਣ ਤੱਕ ਉਨ੍ਹਾਂ ਨੂੰ ਇਸ ਦੀ ਵਜ੍ਹਾ ਵੀ ਪਤਾ ਲੱਗ ਗਈ ਹੋਵੇਗੀ।''

ਹਾਰਟ ਅਟੈਕ ਵਿੱਚ ਬਚਾਅ ਆਸਾਨ?

ਹਾਰਟ ਅਟੈਕ ਵਿੱਚ ਆਰਟਰੀ ਰੁਕਣ ਕਰਕੇ ਆਰਟਰੀ ਵਾਲਾ ਖੂਨ ਦਿਲ ਦੇ ਇੱਕ ਖਾਸ ਹਿੱਸਿਆਂ ਤੱਕ ਨਹੀਂ ਪਹੁੰਚਦਾ।

ਜੇ ਇਸ ਦਾ ਤੁਰੰਤ ਨਹੀਂ ਖੋਲ੍ਹਿਆ ਜਾਂਦਾ ਤਾਂ ਉਸ ਦੇ ਜ਼ਰੀਏ ਦਿਲ ਦੇ ਜਿਸ ਹਿੱਸੇ ਵਿੱਚ ਖੂਨ ਪਹੁੰਚ ਰਿਹਾ ਹੈ, ਉਸ ਨਾਲ ਕਾਫੀ ਨੁਕਸਾਨ ਹੁੰਦਾ ਹੈ।

ਹਾਰਟ ਅਟੈਕ ਵਿੱਚ ਇਲਾਜ ਵਿੱਚ ਜਿੰਨੀ ਦੇਰੀ ਹੁੰਦੀ ਰਹੇਗੀ, ਦਿਲ ਅਤੇ ਸਰੀਰ ਨੂੰ ਓਨਾ ਵੱਧ ਨੁਕਸਾਨ ਹੋਵੇਗਾ।

ਕਾਰਡੀਐਕ ਅਰੈਸਟ ਵਾਂਗ ਹਾਰਟ ਅਟੈਕ ਵਿੱਚ ਦਿਲ ਦੀ ਧੜਕਣ ਬੰਦ ਨਹੀਂ ਹੁੰਦੀ। ਇਸ ਲਈ ਹਾਰਟ ਅਟੈਕ ਵਿੱਚ ਮਰੀਜ਼ ਦੇ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ।

Image copyright NARINDER NANU/AFP/Getty Images

ਦਿਲ ਨਾਲ ਜੁੜੀ ਇਹ ਦੋਵੇਂ ਬੀਮਾਰੀਆਂ ਆਪਸ ਵਿੱਚ ਵੀ ਜੁੜੀਆਂ ਹੋਈਆਂ ਹਨ।

ਹਾਰਟ ਅਟੈਕ ਜਾਂ ਉਸ ਦੀ ਰਿਕਵਰੀ ਦੌਰਾਨ ਵੀ ਕਾਰਡੀਐਕ ਅਰੈਸਟ ਆ ਸਕਦਾ ਹੈ।

ਪਰ ਇਹ ਜ਼ਰੂਰੀ ਵੀ ਨਹੀਂ ਹੈ ਕਿ ਹਾਰਟ ਅਟੈਕ ਆਉਣ 'ਤੇ ਅਰੈਸਟ ਹੋਵੇਗਾ ਵੀ ਹੋਵੇਗਾ।

ਕਾਰਡੀਐਕ ਅਰੈਸਟ ਮੌਤ ਦੀ ਕਿੰਨੀ ਵੱਡੀ ਵਜ੍ਹਾ ਹੈ?

NCBI ਮੁਤਾਬਕ ਦੁਨੀਆਂ ਵਿੱਚ ਸਾਲਾਨਾ ਕਰੀਬ 1.7 ਕਰੋੜ ਮੌਤਾਂ ਕਾਰਡੀਓਵੈਸਕੁਲਰ ਬੀਮਾਰੀਆਂ ਕਰਕੇ ਹੁੰਦੀਆਂ ਹਨ। ਇਹ ਕੁੱਲ ਮੌਤਾਂ ਦਾ 30 ਫੀਸਦ ਹੈ।

ਵਿਕਾਸਸ਼ੀਲ ਦੇਸਾਂ ਵਿੱਚ ਤਾਂ ਇਹ ਐੱਚਆਈਵੀ, ਮਲੇਰੀਆ ਅਤੇ ਟੀਬੀ ਨਾਲ ਹੋਈਆਂ ਮੌਤਾਂ ਤੋਂ ਦੁਗਣੀ ਮੌਤਾਂ ਲਈ ਜ਼ਿੰਮੇਵਾਰ ਹੈ।

ਇੱਕ ਅਨੁਮਾਨ ਅਨੁਸਾਰ ਦਿਲ ਦੀ ਬੀਮਾਰੀਆਂ ਤੋਂ ਹੋਣ ਵਾਲੀ ਮੌਤਾਂ ਵਿੱਚ ਸਡਨ ਕਾਰਡੀਐਕ ਅਰੈਸਟ ਤੋਂ ਹੋਣ ਵਾਲੀਆਂ ਮੌਤਾਂ ਦੀ ਹਿੱਸੇਦਾਰੀ 40-5- ਫੀਸਦ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦਿਲ ਬਦਲਣ ਲਈ ਕਿਹੜੀ ਤਕਨੀਕ ਕਾਰਗਰ?

ਦੁਨੀਆਂ ਭਰ ਵਿੱਚ ਕਾਰਡੀਐਕ ਅਰੈਸਟ ਤੋਂ ਬਚਣ ਦੀ ਦਰ ਇੱਕ ਫੀਸਦ ਤੋਂ ਵੀ ਘੱਟ ਹੈ ਅਤੇ ਅਮਰੀਕਾ ਵਿੱਚ ਇਹ ਕਰੀਬ 5 ਫੀਸਦ ਹੈ।

ਇਹ ਇਸ ਦਾ ਸੰਕੇਤ ਹੈ ਕਿ ਇਸ ਤੋਂ ਬਚਣਾ ਸੌਖਾ ਨਹੀਂ ਹੈ। ਇਸ ਲਈ ਬਦਲ ਦੀਆਂ ਰਣਨੀਤੀਆਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ।

ਕਾਰਡੀਐਕ ਅਰੈਸਟ ਤੋਂ ਰਿਕਰਵ ਹੋਣ ਲਈ ਮਦਦਗਾਰ ਟੂਲ ਆਸਾਨੀ ਨਾਲ ਉਪਲਬਧ ਨਹੀਂ ਹਨ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਹਾਲਾਤ ਹੋਰ ਵੀ ਖ਼ਰਾਬ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)