ਪ੍ਰੈਸ ਰੀਵਿਊ꞉ ਸੀਬੀਆਈ ਵੱਲੋਂ ਬੈਂਕ ਕਰਜ ਧੋਖਾਧੜੀ 'ਚ ਅਮਰਿੰਦਰ ਦੇ ਜਵਾਈ ਖਿਲਾਫ਼ ਕੇਸ ਦਰਜ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੀਬੀਆਈ ਨੇ 13 ਹੋਰਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਖਿਲਾਫ਼ ਬੈਂਕ ਕਰਜੇ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਇਹ ਮਾਮਲਾ ਉੱਤਰ ਪ੍ਰਦੇਸ਼ ਦੀ ਖੰਡ ਮਿੱਲ, ਸਿਮਭੋਲੀ ਸ਼ੂਗਰ ਲਿਮਟਿਡ ਨਾਲ ਜੁੜਿਆ ਹੋਇਆ ਹੈ।

ਮਿੱਲ ਦੇ ਸਿਖਰਲੇ ਨਿਰਦੇਸ਼ਕਾਂ 'ਤੇ ਪ੍ਰਮੋਟਰਾਂ ਖਿਲਾਫ਼ ਬੈਂਕ ਦੇ ਕਰਜੇ ਵਿੱਚੋਂ 97.85 ਕਰੋੜ ਰੁਪਏ ਖੁਰਦ ਬੁਰਦ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਜਾਂਚ ਏਜੰਸੀ ਦੇ ਕਿਸੇ ਸੂਤਰ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕੰਪਨੀ ਦੇ ਅੱਠ ਨਿਰਦੇਸ਼ਕਾਂ ਦੀਆਂ ਰਹਾਇਸ਼ਾਂ ਦੀ ਤਲਾਸ਼ੀ ਲਈ ਹੈ।

ਖਬਰ ਮੁਤਾਬਕ ਓਰੀਐਂਟਲ ਬੈਂਕ ਆਫ਼ ਕਾਮਰਸ ਨੇ ਕਰਜਾ ਨਾ ਵਾਪਸ ਕਰਨ ਦੀ ਐਫਆਈਆਰ ਦਰਜ ਕੀਤੀ ਹੈ। ਇਸ ਮੁਤਾਬਕ, ਮਾਮਲਾ ਵਾਪਰਨ ਸਮੇਂ ਗੁਰਪਾਲ ਸਿੰਘ ਮਿਲ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਨ।

ਤਸਵੀਰ ਸਰੋਤ, Getty Images

ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੇਸ਼ ਦੇ ਹਿੰਦੂਆਂ ਨੂੰ ਇੱਕਠੇ ਹੋਣਾ ਪਵੇਗਾ ਕਿਉਂਕਿ ਦੇਸ ਦੀ ਜਿੰਮੇਵਾਰੀ ਉਨ੍ਹਾਂ ਉੱਪਰ ਹੈ।

ਇੰਡੀਅਨ ਐਕਸਪ੍ਰੈਸ ਮੁਤਾਬਕ ਉਹ ਮੇਰਠ ਵਿੱਚ 25ਵੇਂ ਰਾਸ਼ਟਰੀ ਸਵੈਮ ਸੇਵਕ ਸਮਾਗਮ ਦੌਰਾਨ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ, "ਜੇ ਦੇਸ ਦਾ ਨੁਕਸਾਨ ਹੋਇਆ ਤਾਂ ਹਿੰਦੂਆਂ 'ਤੇ ਸਵਾਲ ਉੱਠੇਗਾ।"

ਖ਼ਬਰ ਮੁਤਾਬਕ ਉਨ੍ਹਾਂ ਅੱਗੇ ਕਿਹਾ, "ਗਰਵ ਨਾਲ ਕਹੋ ਕਿ ਅਸੀਂ ਹਿੰਦੂ ਹਾਂ, ਹਿੰਦੂਆਂ ਨੂੰ ਇੱਕਠੇ ਹੋਣਾ ਪਵੇਗਾ ਕਿਉਂਕਿਦੇਸ ਦੀ ਜਿੰਮੇਵਾਰੀ ਸਾਡੇ ਉੱਪਰ ਹੈ।"

ਤਸਵੀਰ ਸਰੋਤ, Getty Images

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਦੇਸ ਦੇ ਵਰਤਮਾਨ ਰਾਸ਼ਟਰਪਤੀ ਸ਼ੀ ਜਿੰਨਪਿੰਗ ਦਾ ਵਰਤਮਾਨ ਕਾਰਜਕਾਲ ਮੁੱਕਣ ਮਗਰੋਂ ਅਜੀਵਨ ਦੇਸ ਦੇ ਰਾਸ਼ਟਰਪਤੀ ਬਣੇ ਰਹਿਣ ਲਈ ਰਾਹ ਪੱਧਰਾ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ੀ ਦਾ ਕਾਰਜਕਾਲ 2022 ਵਿੱਚ ਮੁੱਕਣਾ ਹੈ ਤੇ ਪਾਰਟੀ ਸੰਵਿਧਾਨ ਵਿੱਚੋਂ ਰਾਸ਼ਟਰਪਤੀ ਦੇ ਕਾਰਜਕਾਲ ਲਈ ਮਿਆਦ ਖ਼ਤਮ ਕਰਨਾ ਚਾਹ ਰਹੀ ਹੈ। ਇਸ ਨਾਲ ਸ਼ੀ ਚੀਨ ਦੇ ਸਭ ਤੋਂ ਤਾਕਤਵਰ ਆਗੂ ਬਣ ਜਾਣਗੇ।

ਖ਼ਬਰ ਮੁਤਾਬਕ, ਇਸ ਤੋਂ ਪਹਿਲਾਂ ਰਾਸ਼ਟਰਪਤੀ ਦੂਜੇ ਕਾਰਜਕਾਲ ਤੋਂ ਬਾਅਦ ਅਹੁਦਾ ਛੱਡ ਦਿੰਦੇ ਸਨ ਤਾਂ ਕਿ ਹੋਰਾਂ ਨੂੰ ਮੌਕਾ ਮਿਲ ਸਕੇ।

ਸ਼ੀ ਤੋਂ ਪਹਿਲਾਂ ਜਿਆਂਗ ਜ਼ੇਮਿਨ ਤੇ ਹੂ ਜਿਨਤਾਓ ਨੇ ਇਸੇ ਰਵਾਇਤ ਮੁਤਾਬਕ ਅਹੁਦਾ ਛੱਡਿਆ ਸੀ। ਇਸ ਦੇ ਇਲਾਵਾ ਚੀਨ ਵਿੱਚ ਸਿਆਸਤਦਾਨਾਂ ਦੇ 68 ਸਾਲ ਦੀ ਉਮਰ ਮਗਰੋਂ ਰਿਟਾਇਰ ਹੋਣ ਦੀ ਰਵਾਇਤ ਵੀ ਹੈ।

ਤਸਵੀਰ ਸਰੋਤ, Getty Images

ਪੰਜਾਬ ਸਰਕਾਰ ਪਾਵਰਕੌਮ ਨੂੰ ਮਾੜੀ ਵਿੱਤੀ ਹਾਲਤ ਕਰਕੇ 2017-18 ਦੀ ਅਗਾਊਂ ਸਬਸਿਡੀ ਦੇਣ ਤੋਂ ਭੱਜ ਗਈ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਰਾਜ ਦੇ ਬਿਜਲੀ ਰੈਗੂਲੇਟਰ ਨੇ ਸਰਕਾਰ ਨੂੰ ਇਸ ਸੰਬੰਧੀ ਤਿੰਨ ਹਫ਼ਤਿਆਂ ਵਿੱਚ ਕਾਰਜ ਯੋਜਨਾ ਬਣਾਉਣ ਲਈ ਕਿਹਾ ਹੈ।

ਸਰਕਾਰ ਦੇ ਭੱਜਣ ਨਾਲ ਪਾਵਰਕੌਮ ਲਈ ਇੰਡਸਟਰੀ ਨੂੰ ਐਲਾਨ ਕੀਤੀ ਗਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਮੁਸ਼ਕਿਲ ਹੋ ਜਾਵੇਗਾ।

ਖ਼ਬਰ ਮੁਤਾਬਕ, ਸਰਕਾਰ ਦਾ ਕਹਿਣਾ ਹੈ ਕਿ ਆਟਾ ਦਾਲ ਤੇ ਹੋਰ ਸਕੀਮਾਂ 'ਤੇ 3000 ਕਰੋੜ ਖਰਚ ਹੋਣ ਕਾਰਨ ਉਹ ਇਹ ਸਬਸਿਡੀ ਦੇਣ ਦੀ ਸਥਿਤੀ ਵਿੱਚ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)