Ground Report ꞉ ਚੰਗੀਆਂ ਗੱਲਾਂ ਮਨਵਾਉਣ ਲਈ ਡੰਡਾ ਜ਼ਰੂਰੀ – ਆਰਐਸਐਸ ਮੁਖੀ ਮੋਹਨ ਭਾਗਵਤ

ਸਵੈਮ ਸੇਵਕ

ਦ੍ਰਿਸ਼ ਪਹਿਲਾ

ਮੇਰਠ ਦੇ ਜਾਗ੍ਰਿਤੀ ਵਿਹਾਰ ਤੋਂ ਕੋਈ 15 ਕਿਲੋਮੀਟਰ ਦੂਰ ਸੰਘ ਦੀ ਵਰਦੀ ਪਾਈ ਇੱਕ 10 ਸਾਲਾਂ ਦਾ ਮੁੰਡਾ ਆਪਣੇ ਸਾਥੀਆਂ ਨਾਲ ਬੱਸ 'ਚ ਚੜ੍ਹਨ ਲਈ ਤਿਆਰ ਹੈ।

ਇਹ ਮੁੰਡਾ ਆਰਐੱਸਐੱਸ ਦੇ ਮੇਰਠ ਜ਼ਿਲ੍ਹੇ ਦੇ ਪ੍ਰੋਗਰਾਮ 'ਰਾਸ਼ਟਰ ਉਦੈ' ਵਿੱਚ ਹਿੱਸਾ ਲੈਣ ਆਇਆ ਹੈ। ਨਾਮ ਦੱਸਦੀ ਉਸਦੀ ਆਵਾਜ਼ ਲਾਊਡ ਸਪੀਕਰ ਦੇ ਰੌਲੇ ਵਿੱਚ ਕਿਤੇ ਗੁਆਚ ਗਈ।

ਰਾਸ਼ਟਰੀ ਸਵੈਮ ਸੇਵਕ ਸੰਘ ਮੁਤਾਬਕ ਐਤਵਾਰ ਦਾ ਇਹ ਸਮਾਗਮ ਇਕੱਠ ਪੱਖੋਂ ਸਭ ਤੋਂ ਵੱਡਾ ਸੀ।

'ਰਾਸ਼ਟਰ ਉਦੈ' ਦਾ ਅਰਥ ਪੁੱਛਣ 'ਤੇ ਉਸਨੇ ਮਾਸੂਮੀਅਤ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾ।

ਦ੍ਰਿਸ਼ ਦੂਜਾ

ਮੇਰਠ ਦੇ ਜਾਗ੍ਰਿਤੀ ਵਿਹਾਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਵੈਮ ਸੇਵਕਾਂ ਵਿੱਚ ਇੱਕ ਹੋਰ ਥੋੜ੍ਹਾ ਜਿਹਾ ਵੱਡਾ ਮੁੰਡਾ ਹੈ। ਇਸ ਦਾ ਨਾਮ ਰਾਜੀਵ ਹੈ।

ਇਹ ਜ਼ਮੀਨ ਤੋਂ 60 ਫੁੱਟ ਉੱਚੇ 200x100 ਫੁੱਟ ਦੀ ਸਟੇਜ ਦੇ ਖੱਬੇ ਪਾਸੇ ਘੋਸ਼ ਦਲ (ਸੰਘ ਦਾ ਬੈਂਡ) ਵਿੱਚ ਸਭ ਤੋਂ ਮੂਹਰੇ ਬੈਠਾ ਹੈ।

'ਰਾਸ਼ਟਰ ਉਦੈ' ਕੀ ਹੈ? ਇਸ ਬਾਰੇ ਰਾਜੀਵ ਕਹਿੰਦਾ ਹੈ, ਨਾਮ ਤੋਂ ਹੀ ਸਾਫ਼ ਹੈ 'ਰਾਸ਼ਟਰ ਦਾ ਉਦੈ'।

ਇਕੱਠ ਵਿੱਚ ਕਿੰਨੇ ਲੋਕ ਆਏ ਹਨ? ਇਸ ਬਾਰੇ ਉਹ ਕਹਿੰਦਾ ਹੈ '3 ਲੱਖ 11 ਹਜ਼ਾਰ' ਕਿਵੇਂ ਪਤਾ, ਇਸ ਬਾਰੇ ਉਹ ਕਹਿੰਦਾ ਹੈ ਕਿ ਰਜਿਸ਼ਟਰੇਸ਼ਨ ਹੋਇਆ ਹੈ ਤੇ ਹੁਣੇ ਸਟੇਜ ਤੋਂ ਘੋਸ਼ਣਾ ਹੋਈ ਹੈ।

ਛੇਵੀਂ ਕਲਾਸ ਵਿੱਚ ਪੜ੍ਹਨ ਵਾਲਾ ਰਾਜੀਵ ਜਦੋਂ ਇਹ ਦੱਸ ਰਹੇ ਸਨ ਤਾਂ ਮੁੱਖ ਮੰਚ ਤੋਂ ਐਲਾਨ ਹੋਇਆ ਕਿ ਪੱਤਰਕਾਰ ਸਵੈਮ ਸੇਵਕਾਂ ਤੋਂ ਬਾਈਟ ਨਾ ਲੈਣ।

ਸਾਰੇ ਜਵਾਬ ਦੇਣ ਤੋਂ ਇਨਕਾਰ ਕਰਕੇ ਸਟੇਜ ਦੇ ਐਲਾਨ ਸੁਣਨ ਨੂੰ ਕਹਿੰਦੇ ਹਨ।

ਦ੍ਰਿਸ਼ ਤੀਜਾ

ਭਾਰਤ ਮਾਤਾ ਦੇ ਪਿਛੋਕੜ ਵਾਲੇ ਅਤੇ ਲਿਫ਼ਟ ਵਾਲੇ ਵੱਡੇ ਮੰਚ ਤੋਂ ਕੋਈ ਢਾਈ ਸੌ ਮੀਟਰ ਦੇ ਫਰਕ 'ਤੇ ਮੇਰਠ ਤੇ ਪੱਛਮੀ ਯੂਪੀ ਦੇ 13 ਜ਼ਿਲ੍ਹਿਆਂ ਤੋਂ ਆਏ ਸਵੈਮ ਸੇਵਕ ਕਤਾਰਾਂ ਬੰਨ੍ਹੀ ਬੈਠੇ ਹਨ।

ਦੂਜੀ ਸਟੇਜ ਤੋਂ ਮਿਲ ਰਹੇ ਨਿਰਦੇਸ਼ਾਂ ਮੁਤਾਬਕ ਇਹ ਲੋਕ ਅਭਿਆਸ ਕਰ ਰਹੇ ਹਨ।

ਮੰਚ ਤੋਂ ਯਾਦ ਕਰਾਇਆ ਜਾ ਰਿਹਾ ਹੈ ਸੰਘ ਮੁਖੀ ਦੇ ਸਟੇਜ 'ਤੇ ਆਉਣ ਸਮੇਂ ਉਹ ਇਹ ਸਾਰਾ ਕੁਝ ਦੁਹਰਾਉਣ।

ਦ੍ਰਿਸ਼ ਚੌਥਾ

ਮੁੱਖ ਸਟੇਜ ਦੇ ਖੱਬੇ ਪਾਸੇ ਕੋਈ ਤਿੰਨ ਸੌ ਮੀਟਰ ਦੂਰ ਬਣੀ ਪੱਤਰਕਾਰ ਗੈਲਰੀ ਵਿੱਚ ਇੱਕ ਚੈਨਲ ਦੇ ਨੁਮਾਇੰਦੇ ਤੇ ਸੰਘ ਦੇ ਸਵੈਮ ਸੇਵਕ ਵਿਚਾਲੇ ਬਹਿਸ ਹੋਣ ਲਗਦੀ ਹੈ।

ਮਾਮਲਾ ਸ਼ਾਂਤ ਕਰਨ ਕਈ ਲੋਕ ਅੱਗੇ ਆਏ। ਪੱਤਰਕਾਰ ਅਭਿਸ਼ੇਕ ਸ਼ਰਮਾ ਦੱਸਦੇ ਹਨ, "ਦਿੱਕਤ ਇਹ ਹੈ ਕਿ ਸਾਥੋਂ ਕੰਮ ਨਹੀਂ ਹੋ ਰਿਹਾ। ਇੱਥੇ ਨਾ ਇੰਟਰਨੈਟ ਚੱਲ ਰਿਹਾ ਹੈ ਨਾ ਕੁਝ ਹੋਰ ਚੱਲ ਰਿਹਾ ਹੈ। ਇੱਥੇ ਮੀਡੀਆ ਬੰਦੀ। ਇਹ ਪ੍ਰਬੰਧਾਂ ਦੀ ਖ਼ਬਰ ਨਹੀਂ ਕਰਨ ਦੇ ਰਹੇ।"

ਇੱਥੇ ਵੀ ਸੰਘ ਦੇ ਸਵੈਮ ਸੇਵਕ ਤਾਂ ਕਈ ਹਨ ਪਰ ਪਰੋਗਰਾਮ 'ਤੇ ਬੋਲਣ ਨੂੰ ਕੋਈ ਤਿਆਰ ਨਹੀਂ।

ਦ੍ਰਿਸ਼ ਪੰਜਵਾਂ

ਕੋਈ ਤਿੰਨ ਵਜੇ ਖੁੱਲ੍ਹੀ ਜੀਪ ਵਿੱਚ ਸੰਘ ਦੇ ਮੁਖੀ ਪਹੁੰਚਦੇ ਹਨ। ਆਸਮਾਨ ਵਿੱਚ ਡਰੋਨ ਮੰਡਰਾ ਰਹੇ ਹਨ। ਸਟੇਜ ਦੇ ਕੋਲ ਪਹੁੰਚ ਕੇ ਮੋਹਨ ਭਾਗਵਤ ਲਿਫ਼ਟ ਰਾਹੀਂ ਉੱਪਰ ਚਲੇ ਜਾਂਦੇ ਹਨ।

ਜੈਨ ਮੁਨੀ ਵਿਹਰਸ਼ ਸਾਗਰ ਅਤੇ ਮਹਾਂਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਤੋਂ ਬਾਅਦ ਮਾਈਕ ਸੰਭਾਲਦੇ ਹਨ ਤੇ ਕੋਈ ਅੱਧਾ ਘੰਟਾ ਹਾਜ਼ਰੀਨ ਨੂੰ 'ਰਾਸ਼ਟਰ ਉਦੈ' ਦਾ ਅਰਥ ਸਮਝਾਉਂਦੇ ਹਨ।

ਭਾਗਵਤ ਆਪਣੇ ਭਾਸ਼ਨ ਵਿੱਚ ਸਿਆਸਤ ਦੀ ਕੋਈ ਚਰਚਾ ਨਹੀਂ ਕਰਦੇ, ਹਾਂ ਤਾਕਤ ਬਾਰੇ ਜ਼ਰੂਰ ਤਫ਼ਸੀਲ ਵਿੱਚ ਬੋਲਦੇ ਹਨ।

ਫੋਟੋ ਕੈਪਸ਼ਨ ਮੋਹਨ ਭਾਗਵਤ ਇਹ ਵੀ ਦੱਸਦੇ ਹਨ ਕਿ ਜੇ ਤਾਕਤ ਹੋਵੇ ਤਾਂ ਉਹ ਦੱਸਣੀ ਨਹੀਂ ਪੈਂਦੀ।

ਉਹ ਕਹਿੰਦੇ ਹਨ, "ਦੁਨੀਆਂ ਦਾ ਇੱਕ ਵਿਹਾਰਕ ਨਿਯਮ ਹੈ। ਦੁਨੀਆਂ ਚੰਗੀਆਂ ਗੱਲਾਂ ਤਾਂ ਹੀ ਮੰਨਦੀ ਹੈ ਜੇ ਉਸ ਦੇ ਪਿੱਛੇ ਕੋਈ ਸ਼ਕਤੀ ਖੜ੍ਹੀ ਹੋਵੇ, ਡੰਡਾ ਹੋਵੇ। ਦੇਵਤੇ ਵੀ ਕਹਿੰਦੇ ਹਨ ਕਿ ਬੱਕਰੇ ਦੀ ਬਲੀ ਦਿਓ। ਉਹ ਕੁਝ ਨਹੀਂ ਕਹਿੰਦਾ, ਮੈਂ...ਮੈਂ... ਕਰਦਾ ਹੈ। ਦੇਵ ਵੀ ਦੁਰਬਲਾਂ ਦਾ ਸਨਮਾਨ ਨਹੀਂ ਕਰਦੇ।"

ਮੋਹਨ ਭਾਗਵਤ ਇਹ ਵੀ ਦੱਸਦੇ ਹਨ ਕਿ ਜੇ ਤਾਕਤ ਹੋਵੇ ਤਾਂ ਉਹ ਦੱਸਣੀ ਨਹੀਂ ਪੈਂਦੀ।

ਉਹ ਕਹਿੰਦੇ ਹਨ, "ਇਹ ਪ੍ਰੋਗਰਾਮ ਦਿਖਾਵੇ ਲਈ ਨਹੀਂ। ਤਾਕਤ ਦਾ ਅਸੀਂ ਹਿਸਾਬ ਲਾਉਂਦੇ ਹਾਂ ਕਿ ਕਿੰਨੀ ਤਾਕਤ ਆਈ ਪਰ ਤਾਕਤ ਦਾ ਦਿਖਾਵਾ ਨਹੀਂ ਕਰਦੇ।''

''ਤਾਕਤ ਹੁੰਦੀ ਹੈ ਤਾਂ ਦਿਖਾਈ ਦਿੰਦੀ ਹੈ। ਸਾਡੀ ਕਿੰਨੀ ਤਾਕਤ ਹੈ? ਕਿੰਨੇ ਲੋਕਾਂ ਨੂੰ ਬੁਲਾ ਸਕਦੇ ਹਾਂ? ਕਿੰਨੇ ਲੋਕਾਂ ਨੂੰ ਬਿਠਾ ਸਕਦੇ ਹਾਂ? ਕਿੰਨੇ ਲੋਕ ਅਨੁਸ਼ਾਸ਼ਨ ਵਿੱਚ ਰਹਿ ਸਕਦੇ ਹਨ? ਇਸੇ ਨੂੰ ਅਸੀਂ ਨਾਪਦੇ ਹਾਂ ਤੇ ਨਤੀਜੇ ਦੇ ਆਧਾਰ 'ਤੇ ਅੱਗੇ ਵਧਦੇ ਹਾਂ।"

ਰਮਾਇਣ ਤੇ ਮਹਾਂਭਾਰਤ ਦੀਆਂ ਕਹਾਣੀਆਂ ਰਾਹੀਂ ਸਵੈਮ ਸੇਵਕਾਂ ਨੂੰ ਆਪਣੀ ਗੱਲ ਸਮਝਾਉਣ ਵਾਲੇ ਮੋਹਨ ਭਾਗਵਤ ਦਾ ਜਿਸ ਤੀਜੀ ਗੱਲ 'ਤੇ ਜ਼ੋਰ ਸੀ ਉਹ ਸੀ, ਸਮਾਜਿਕ ਏਕਤਾ।

'ਰਾਸ਼ਟਰ ਉਦੈ' ਬਾਰੇ ਦੱਸਣ ਵਾਲੇ ਹੋਰਡਿੰਗਾਂ ਵਿੱਚ ਵਧੇਰੇ ਹੋਰਡਿੰਗ ਸਮਾਜਿਕ ਏਕਤਾ ਅਤੇ ਛੂਆ-ਛੂਤ ਦੇ ਖਿਲਾਫ਼ ਸੰਦੇਸ਼ ਦੇ ਰਹੇ ਸਨ।

ਮੋਹਨ ਭਾਗਵਤ ਕਹਿੰਦੇ ਹਨ, " ਅਸੀਂ ਆਪਣੇ-ਆਪ ਨੂੰ ਭੁੱਲ ਗਏ ਹਾਂ। ਆਪਸ ਵਿੱਚ ਜਾਤ-ਪਾਤ ਵਿੱਚ ਵੰਡ ਕੇ ਲੜਾਈ ਕਰਦੇ ਹਾਂ। ਅਸੀਂ ਲੜਾਈ ਕਰ ਸਕਦੇ ਹਾਂ। ਇਹ ਜਾਣਨ ਵਾਲੇ ਸਾਨੂੰ ਉਕਸਾਉਂਦੇ ਹਨ। ਸਾਡੀਆਂ ਲੜਾਈਆਂ ਦੀ ਜਾਂਚ 'ਤੇ ਸਾਰੀ ਦੁਨੀਆਂ ਦੇ ਲੋਕ ਆਪਣੀਆਂ ਰੋਟੀਆਂ ਸੇਕਦੇ ਹਨ।

"ਜੇ ਇਸ ਨੂੰ ਬੰਦ ਕਰਨਾ ਹੈ ਤਾਂ ਹਰ ਹਿੰਦੂ ਮੇਰਾ ਭਾਈ ਹੈ। ਹਿੰਦੂ ਮੇਰਾ ਆਪਣਾ ਭਾਈ ਹੈ। ਸਮਾਜ ਦੇ ਹਰੇਕ ਹਿੱਸੇ ਨੂੰ ਅਸੀਂ ਗਲੇ ਲਾਈਏ।''

ਰਾਸ਼ਟਰੀ ਸਵੈਮ ਸੇਵਕ ਸੰਘ ਦਾ ਪ੍ਰੋਗਰਾਮ ਕਵਰ ਕਰਨ ਆਏ ਪੱਤਰਕਾਰਾਂ ਨੇ ਮੋਹਨ ਭਾਗਵਤ ਦੇ ਸੰਦੇਸ਼ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ।

ਦਲਿਤ ਅਤੇ ਦਿਹਾਤ 'ਤੇ ਫੋਕਸ

ਅਖ਼ਬਾਰ 'ਹਿੰਦੁਸਤਾਨ' ਦੇ ਸਥਾਨਕ ਸੰਪਾਦਕ ਪੁਸ਼ਪਿੰਦਰ ਸ਼ਰਮਾ ਕਹਿੰਦੇ ਹਨ, "ਪਟਨਾ, ਬਨਾਰਸ, ਆਗਰਾ ਅਤੇ ਹੁਣ ਮੇਰਠ ਵਿੱਚ ਜੇਕਰ ਮੋਹਨ ਭਾਗਵਤ ਦੇ ਸੰਦੇਸ਼ਾਂ ਨੂੰ ਦੇਖੀਏ ਤਾਂ ਇੱਕੋ ਆਸ਼ੇ ਹੀ ਨਜ਼ਰ ਆਉਂਦਾ ਹੈ। ਸੰਘ ਦਾ ਜੋ ਪ੍ਰਮੁੱਖ ਏਜੰਡਾ ਹੈ, ਪ੍ਰਬਲ ਹਿੰਦੂਤਵ, ਉਹ ਉਸ ਦੇ ਪਿੱਛੇ ਨਹੀਂ ਜਾਣ ਦੇ ਰਹੇ ਹਨ।

ਪਰ ਅਜਿਹਾ ਤੁਸੀਂ ਜਾਣਦੇ ਹੋ ਕਿ 2019 ਨੇੜੇ ਹੈ। ਚੋਣਾਂ ਨੇੜੇ ਹਨ ਤਾਂ ਇਹ ਸਾਰੀ ਕਵਾਇਦ ਬੇਮਾਨੀ ਨਹੀਂ ਹੋ ਸਕਦੀ ਹੈ। ਇਸ ਦਾ ਇਕੋ ਹੀ ਉਦੇਸ਼ ਹੈ ਜੇਕਰ ਭਾਰਤੀ ਜਨਤਾ ਪਾਰਟੀ ਨਾਲ ਕੋਈ ਵੋਟਰ ਟੁੱਟ ਰਿਹਾ ਹੈ ਤਾਂ ਉਹ ਫੇਰ ਨਾਲ ਜੁੜ ਜਾਏ। ਉਸ ਵਿੱਚ ਵੀ ਫੋਕਸ ਨੌਜਵਾਨ, ਦਲਿਤ ਅਤੇ ਦਿਹਾਤ 'ਤੇ ਹੀ ਨਜ਼ਰ ਆਉਂਦਾ ਹੈ।"

ਪੁਸ਼ਪਿੰਦਰ ਸ਼ਰਮਾ ਯਾਦ ਦਿਵਾਉਂਦੇ ਹਨ ਕਿ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਦਲਿਤਾਂ ਅਤੇ ਸਵਰਣਾਂ ਵਿਚਾਲੇ ਹੋਏ ਸੰਘਰਸ਼ ਦਾ ਅਸਰ ਜ਼ਿਮਨੀ ਚੋਣਾਂ ਵਿੱਚ ਨਜ਼ਰ ਆਇਆ ਸੀ। ਉਹ ਕਹਿੰਦੇ ਹਨ ਕਿ ਉਦੋਂ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ ਸੀ।

ਪੁਸ਼ਪਿੰਦਰ ਸ਼ਰਮਾ ਦਾ ਅਨੁਮਾਨ ਹੈ, "ਸਹਾਰਨਪੁਰ ਦੀ ਘਟਨਾ ਤੋਂ ਬਾਅਦ ਨਵੀਂ ਸ਼ਕਤੀ ਉਜਾਗਰ ਹੋਈ ਹੈ ਜਿਸ ਦਾ ਨਾਂ ਹੈ ਚੰਦਰਸ਼ੇਖਰ ਰਾਵਣ। ਇਸ ਵਿੱਚ ਜਿਗਨੇਸ਼ ਮਿਵਾਣੀ ਵੀ ਆਉਂਦੇ ਹਨ। ਜੋ ਨੌਜਵਾਨ ਆਗੂ ਵਜੋਂ ਪੂਰੇ ਦੇਸ ਵਿੱਚ ਉਭਰ ਰਹੇ ਹਨ। ਸਹਾਰਨਪੁਰ ਉਸ ਦਾ ਪਲੇਟਫਾਰਮ ਬਣ ਗਿਆ ਹੈ।

ਇਸ ਲਈ ਦਲਿਤਾਂ ਨੂੰ ਜੋੜ ਦੀ ਇਹ ਇੱਕ ਬਣਾਈ ਗਈ ਕੋਸ਼ਿਸ਼ ਹੈ। ਇਸ ਪ੍ਰੋਗਰਾਮ ਵਿੱਚ ਖਾਣਾ ਦਲਿਤਾਂ ਦੀ ਵੱਧ ਸੰਖਿਆ ਵਾਲੇ ਇਲਾਕੇ 'ਚੋਂ ਮੰਗਵਾਇਆ ਗਿਆ।"

ਹਰੇਕ ਪਿੰਡ ਵਿੱਚ ਸ਼ਾਖਾ ਦਾ ਉਦੇਸ਼

ਸਾਲ 1998 'ਚ ਮੇਰਠ ਵਿੱਚ ਹੋਏ ਆਰਐੱਸਐੱਸ ਦੇ ਅਜਿਹੇ ਪ੍ਰੋਗਰਾਮ ਨੂੰ ਕਵਰ ਕਰ ਚੁੱਕੇ ਸੀਨੀਅਰ ਪੱਤਰਕਾਰ ਬ੍ਰਿਜੇਸ਼ ਚੌਧਰੀ ਦੀ ਰਾਏ ਵੀ ਕੁਝ ਅਜਿਹੀ ਹੈ।

ਉਹ ਕਹਿੰਦੇ ਹਨ, "ਸਾਲ 2014 ਦੀਆਂ ਚੋਣਾਂ ਵਿੱਚ ਪੱਛਮੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਹਨੇਰੀ ਵਾਂਗ ਜਿੱਤੀ। ਹੁਣ 2019 ਦੀਆਂ ਚੋਣਾਂ ਆਉਣ ਵਾਲੀਆਂ ਹਨ। ਤੁਸੀਂ ਦੇਖ ਰਹੇ ਹੋ, ਦੋ ਲੱਖ ਲੋਕ ਇੱਕ ਥਾਂ 'ਤੇ ਹਨ।

ਇੱਕ ਘਰ ਤੋਂ ਇੱਕ ਆਦਮੀ ਆਇਆ ਹੋਵੇ ਤਾਂ ਘੱਟੋ ਘੱਟ 5 ਲੱਖ ਪਰਿਵਾਰਾਂ ਦੇ ਲੋਕ ਇੱਥੇ ਹਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਦਾ ਉਦੇਸ਼ ਕੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਰੇਕ ਪਿੰਡ ਵਿੱਚ ਇੱਕ ਸ਼ਾਖਾ ਹੋਣੀ ਚਾਹੀਦੀ ਹੈ।"

"ਮੈਂ ਤੁਹਾਨੂੰ ਦੱਸ ਦੇਵਾਂ ਕਿ ਪੱਛਮੀ ਉੱਤਰ ਪ੍ਰਦੇਸ਼ ਦੀ ਜੋ ਸਮਾਜਕ ਸੰਰਚਨਾ ਹੈ। ਇਹ ਵੱਡੇ ਵੱਡੇ ਪਿੰਡ ਹਨ ਅਤੇ ਹਰੇਕ ਪਿੰਡ ਵਿੱਚ 10 ਹਜ਼ਾਰ ਲੋਕ ਹਨ। ਚਾਰ ਪਿੰਡ ਇੱਕ ਪਾਸੇ ਚਲੇ ਜਾਂਦੇ ਤਾਂ ਨਤੀਜਾ ਬਦਲ ਸਕਦਾ ਹੈ।"

ਸਾਰੇ ਜਾਣਦੇ ਹਨ ਕਿ ਕਿੱਥੇ ਲੱਗਦੀ ਹੈ ਆਰਐੱਸਐੱਸ ਦਾ ਸ਼ਕਤੀ

ਪਰ ਕਦੇ ਭਾਰਤੀ ਕ੍ਰਿਕਟ ਟੀਮ ਦੀ ਕਿੱਟ ਨਾਲ ਦਿਖਣ ਵਾਲੇ ਅਤੇ ਐਤਵਾਰ ਨੂੰ ਸੰਘ ਵਿੱਚ ਹਿੱਸਾ ਲੈਣ ਲਈ ਸੰਘ ਦੀ ਵਰਦੀ ਵਿਚ ਪੁੱਜੇ ਉੱਤਰ ਪ੍ਰਦੇਸ਼ ਦੇ ਮੰਤਰੀ ਚੇਤਨ ਚੌਹਾਨ ਨੇ ਇਨ੍ਹਾਂ ਅਨੁਮਾਨਾਂ ਨੂੰ ਖਾਰਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ, "ਦੂਜੇ ਸੋਚ ਰਹੇ ਹਨ ਕਿ ਇਹ ਸਾਲ 2019 ਦੀ ਤਿਆਰੀ ਹੈ। ਰਾਜਨੀਤੀ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਇਹ ਪੂਰੇ ਹਿੰਦੂ ਸਮਾਜ ਨੂੰ ਇਕੱਠਾ ਕਰਨ ਲਈ ਤਿਆਰ ਹਨ। ਸਾਨੂੰ ਵੰਡਣ ਵਾਲੀਆਂ ਸ਼ਕਤੀਆਂ ਨੂੰ ਹਰਾਉਣਾ ਹੈ।"

ਨਾਈਜ਼ੀਰੀਆ ਵਿੱਚ ਲੱਗਣ ਵਾਲੀਆਂ ਦੋ ਸ਼ਾਖਾਵਾਂ 'ਚੋਂ ਇੱਕ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਅਤੇ ਮੂਲ ਤੌਰ 'ਤੇ ਮੇਰਠ ਰਹਿਣ ਵਾਲੇ ਭਰਤ ਪਾਂਡੇ ਵੀ ਕਹਿੰਦਾ ਹਨ ਕਿ ਇਸ ਪ੍ਰੋਗਰਾਮ ਦਾ ਕੋਈ ਰਾਜਨੀਤਕ ਉਦੇਸ਼ ਨਹੀਂ ਹੈ।

ਮੋਹਨ ਭਾਗਵਤ ਨੇ ਵੀ ਮੰਚ ਤੋਂ ਵੀ ਕੋਈ ਰਾਜਨੀਤਕ ਗੱਲ ਨਹੀਂ ਕੀਤੀ। ਕਿਸੇ ਸਿਆਸੀ ਦਲ ਦਾ ਨਾਂ ਨਹੀਂ ਲਿਆ।

ਪਰ ਪੁਸ਼ਪਿੰਦਰ ਸ਼ਰਮਾ ਕਹਿੰਦੇ ਹਨ, "ਇਹ ਸਭ ਜਾਣਦੇ ਹਨ ਕਿ ਇਹ ਰਾਜਨੀਤਕ ਸੰਗਠਨ ਨਹੀਂ ਹੈ ਪਰ ਜਦੋਂ ਸੰਸਕ੍ਰਿਤੀ ਸੰਗਠਨ ਦੀ ਸ਼ਕਤੀ ਇੱਕ ਪਾਰਟੀ ਨੂੰ ਮਿਲਦੀ ਹੈ ਤਾਂ ਉਸ ਦਾ ਅਰਥ ਸਮਝ ਵਿੱਚ ਆ ਜਾਂਦਾ ਹੈ।

ਅਤੇ ਜੇਕਰ ਇਹ ਭਾਰਤੀ ਜਨਤਾ ਪਾਰਟੀ ਦੇ ਕਹਿਣ 'ਤੇ ਹੋ ਰਿਹਾ ਹੈ ਤਾਂ ਸਾਫ ਹੈ ਕਿ 2019 ਦੇ ਪ੍ਰਚਾਰ ਵਿੱਚ ਇੱਕ ਵਾਰ ਫੇਰ ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।"

ਦ੍ਰਿਸ਼-ਛੇਵਾਂ

ਮੋਹਨ ਭਾਗਵਤ ਦੇ ਭਾਸ਼ਣ ਅਤੇ ਰਾਸ਼ਟਰ ਉਦੈ ਪ੍ਰੋਗਰਾਮ ਦੀ ਸ਼ੁਰੂਆਤ ਕਰੀਬ ਦੋ ਘੰਟੇ ਪਹਿਲਾਂ ਮੇਰਠ ਦੀ ਮਿਲੀ-ਜੁਲੀ ਆਬਾਦੀ ਵਾਲੇ ਅਹਿਮਦ ਰੋਡ ਇਲਾਕੇ ਵਿੱਚ ਲਗਭਗ ਸੁੰਨ ਵਾਲੇ ਹਾਲਾਤ ਹਨ।

ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਦੁਕਾਨਦਾਰ ਮੌਜੂਦ ਹਨ ਪਰ ਭੀੜ ਨਹੀਂ ਹੈ।

ਇਸੇ ਇਲਾਕੇ 'ਚ ਰਹਿਣ ਵਾਲੇ ਅਤੇ ਖੁਦ ਨੂੰ ਸਾਬਕਾ ਕਾਂਗਸਰੀ ਨੇਤਾ ਦੱਸਣ ਵਾਲੇ ਹਾਜੀ ਮੁਹੰਮਦ ਇਸ਼ਰਤ ਕਹਿੰਦਾ ਹਨ, "ਤਿੰਨ ਦਿਨਾਂ ਤੋਂ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੰਨਾ ਵੱਡਾ ਮੰਚ ਹੈ। ਲਿਫਟ ਹੈ, ਲਿਫਟ ਲੱਗੀ ਹੋਈ ਹੈ ਪਤਾ ਨਹੀਂ ਕੀ ਕੀ ਹੋ ਰਿਹਾ ਹੈ। ਕੀ ਕੀ ਹੋਵੇਗਾ। ਇਧਰ ਵੀ ਸੈਨਾ ਤਾਇਨਾਤ ਹੈ।"

ਕੋਲ ਹੀ ਮੌਜੂਦ ਪੇਸ਼ੇ ਵਜੋਂ ਦਰਜੀ ਮੁਹੰਮਦ ਉਸਮਾਨ ਕਹਿੰਦੇ ਹਨ, "ਹਿੰਦੁਸਤਾਨ 'ਚ ਕਿਸੇ ਸੰਗਠਨ ਨੂੰ ਇਜਾਜ਼ਤ ਨਹੀਂ ਹੈ ਕਿ ਉਹ ਭੇਦਭਾਵ ਦੀ ਗੱਲ ਕਰੇ। ਹਿੰਦੂ-ਮੁਸਲਮਾਨ ਦੀ ਗੱਲ ਕਰੇ।"

ਮੁਹੰਮਦ ਇਸ਼ਰਤ ਸਵਾਲ ਕਰਦੇ ਹਨ ਕਿ ਆਰਐੱਸਐੱਸ ਦੇ ਪ੍ਰਬੰਧ ਲਈ ਪੈਸਾ ਕਿੱਥੋਂ ਆਵੇਗਾ। ਨਾਲ ਹੀ ਇਹ ਇਲਜ਼ਾਮ ਲਗਦੇ ਹਨ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ 'ਸਾਰੀ ਤਾਕਤ ਆਰਐੱਸਐੱਸ ਵੱਲ ਆ ਗਈ ਹੈ। ਉਹ ਕਹਿੰਦੇ ਹਨ ਕਿ ਵੰਦੇ ਵਾਤਰਮ ਕਹੋਗੇ ਤਾਂ ਹਿੰਦੁਸਤਾਨ ਵਿੱਚ ਰਹੋਗੇ।'

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੁਜਰਾਤ ਦੇ ਨੌਜਵਾਨ ਦਲਿਤ ਨੇਤਾ ਜਿਗਨੇਸ਼ ਮੇਵਾਣੀ ਤੋਂ 10 ਸਿੱਧੇ ਸਵਾਲ

ਦ੍ਰਿਸ਼-ਸੱਤਵਾਂ

ਰਾਸ਼ਟਰ ਉਦੈ ਪ੍ਰਬੰਧ ਵਾਲੀ ਥਾਂ ਦੇ ਗੇਟ ਨੰਬਰ 1 ਤੋਂ ਕਰੀਬ 300 ਮੀਟਰ ਦੂਰ ਰਾਸ਼ਟਰੀ ਮੁਸਲਿਮ ਮੰਚ ਦਾ ਇੱਕ ਸਟਾਲ ਹੈ। ਜਿੱਥੇ ਕਰੀਬ ਇੱਕ ਦਰਜਨ ਵਰਕਰ ਆਉਣ ਵਾਲਿਆਂ ਨੂੰ ਪਾਣੀ ਪਿਲਾ ਰਹੇ ਹਨ ਅਤੇ ਫੁੱਲ ਪਾ ਕੇ ਸਵਾਗਤ ਕਰ ਰਹੇ ਹਨ।

ਮੰਚ ਦੇ ਪ੍ਰਾਂਤ ਸਹਿ ਪ੍ਰਬੰਧਕ ਮੌਲਾਨਾ ਹਮੀਦੁੱਲਾਹ ਖਾ਼ਨ ਰਾਜਸ਼ਾਹੀ ਕਹਿੰਦੇ ਹਨ, "ਮੈਂ ਸਮਝਦਾ ਹਾਂ ਕਿ ਮੁਸਲਮਾਨਾਂ ਨੂੰ ਆਰਐੱਸਐੱਸ ਦਾ ਸਾਥ ਦੇਣਾ ਚਾਹੀਦਾ ਹੈ। ਆਰਐੱਸਐੱਸ ਰਾਸ਼ਟਰਵਾਦੀ ਸੰਗਠਨ ਹੈ।"

ਉੱਥੇ ਹੀ ਮੌਜੂਦ ਕਦੀਮ ਆਲਮ ਪ੍ਰੋਗਰਾਮ 'ਚ ਖਰਚ ਹੋਣ ਵਾਲੀ ਰਾਸ਼ੀ ਦੇ ਸਵਾਲ 'ਤੇ ਕਹਿੰਦੇ ਹਨ, "ਇੱਕ-ਇੱਕ ਪੈਸਾ ਇਕੱਠਾ ਹੋ ਕੇ ਪ੍ਰੋਗਰਾਮ ਹੁੰਦਾ ਹੈ।"

ਉਹ ਵੰਦੇਮਾਤਰਮ ਦਾ ਸਮਰਥਨ ਕਰਦੇ ਹੋਏ ਕਹਿੰਦੇ ਹਨ, "ਵੰਦੇਮਾਤਰਮ ਸਾਡੇ ਸੰਸਕਾਰ ਦਾ ਹਿੱਸਾ ਹੈ। ਇਹ ਨਵਾਂ ਨਾਅਰਾ ਨਹੀਂ ਹੈ।"

ਅਤੇ ਇਨ੍ਹਾਂ ਸਾਰੇ ਦ੍ਰਿਸ਼ਾਂ ਦੇ ਮਾਹਿਰ ਟਿੱਪਣੀ ਕਰਦੇ ਹੋਏ ਬ੍ਰਜੇਸ਼ ਚੌਧਰੀ ਕਹਿੰਦੇ ਹਨ, "ਮੇਰੀ ਖਿਆਲ ਵਿੱਚ ਭੀੜ ਤੰਤਰ ਸਭ ਤੋਂ ਵੱਡਾ ਤੰਤਰ ਹੁੰਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)