ਸ਼੍ਰੀਦੇਵੀ ਦੀ ਮੌਤ: ਏਜੰਸੀਆਂ ਕਿਹੜੀ ਜਾਂਚ 'ਚ ਜੁਟੀਆਂ?

अभिनेत्री श्रीदेवी

ਤਸਵੀਰ ਸਰੋਤ, STR/Getty Images

ਮਰਹੂਮ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਦੇਹ ਭਾਰਤ ਲਿਆਉਣ ਲਈ ਇੱਕ ਵਿਸ਼ੇਸ਼ ਜਹਾਜ਼ ਦੁਬਈ ਵਿੱਚ ਮੌਜੂਦ ਹੈ। ਪਰ ਇਹ ਜਹਾਜ਼ ਕਦੋਂ ਉਡਾਣ ਭਰੇਗਾ ਇਹ ਤੈਅ ਨਹੀਂ ਹੈ।

ਦੁਬਈ ਪੁਲਿਸ ਨੇ ਮਾਮਲਾ ਹੁਣ ਦੁਬਈ ਦੇ ਪਬਲਿਕ ਪ੍ਰਾਸੀਕਿਊਟਰ ਨੂੰ ਭੇਜ ਦਿੱਤਾ ਹੈ ਜੋ ਇਸ ਮਾਮਲੇ ਵਿੱਚ ਨਿਯਮਾਂ ਮੁਤਾਬਕ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ। ਇਹੀ ਵਜ੍ਹਾ ਹੈ ਕਿ ਦੇਹ ਭਾਰਤ ਲਿਆਉਣ ਵਿੱਚ ਦੇਰ ਹੋ ਰਹੀ ਹੈ।

ਗਲਫ਼ ਨਿਊਜ਼ ਦੇ ਯੂਏਈ ਸੰਪਾਦਕ ਬੌਬੀ ਨਕਵੀ ਨੇ ਬੀਬੀਸੀ ਪੱਤਰਕਾਰ ਫ਼ੈਸਲ ਮੁਹੰਮਦ ਅਲੀ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਵਿੱਚ ਪ੍ਰਾਸੀਕਿਊਸ਼ਨ ਏਜੰਸੀ ਅਤੇ ਦੁਬਈ ਪੁਲਿਸ ਦੋਵੇਂ ਵੱਖ ਮਹਿਕਮੇ ਹਨ ਅਤੇ ਵੱਖ-ਵੱਖ ਢੰਗ ਨਾਲ ਕੰਮ ਕਰਦੇ ਹਨ।

ਤਸਵੀਰ ਸਰੋਤ, Twitter/@SrideviBKapoor

ਉਨ੍ਹਾਂ ਕਿਹਾ, "ਇਸ ਮਾਮਲੇ ਵਿੱਚ ਦੁਬਈ ਪੁਲਿਸ ਦੀ ਜਾਂਚ ਹੋਈ ਹੈ ਅਤੇ ਇੱਕ ਫੋਰੈਂਸਿਕ ਰਿਪੋਰਟ ਹੈ। ਪ੍ਰਾਸੀਕਿਊਸ਼ਨ ਏਜੰਸੀ ਹੁਣ ਇਨ੍ਹਾਂ ਦੋਹਾਂ ਰਿਪੋਰਟਾਂ ਨੂੰ ਵੇਖੇਗੀ ਅਤੇ ਸੰਤੁਸ਼ਟੀ ਹੋਣ 'ਤੇ ਹੀ ਮ੍ਰਿਤਕ ਦੇਹ ਲਿਜਾਣ ਦੀ ਇਜਾਜ਼ਤ ਦੇਵੇਗੀ।"

ਬੌਬੀ ਨਕਵੀ ਨੇ ਦੱਸਿਆ, "ਹੁਣ ਤੱਕ ਦੇਹ ਪੁਲਿਸ ਦੇ ਮੁਰਦਾਘਰ ਵਿੱਚ ਹੀ ਰੱਖੀ ਗਈ ਹੈ। ਆਮ ਤੌਰ 'ਤੇ ਦੇਹ ਨੂੰ ਸੁਰੱਖਿਅਤ ਰੱਖਣ ਲਈ ਲੇਪ ਲਗਾਉਣ ਲਈ ਦੂਜੀ ਥਾਂ 'ਤੇ ਭੇਜਿਆ ਜਾਂਦਾ ਹੈ। ਪਰ ਮੇਰਾ ਅੰਦਾਜ਼ਾ ਹੈ ਕਿ ਇਸ ਕੇਸ ਵਿੱਚ ਅਜਿਹਾ ਵੀ ਹੋ ਸਕਦਾ ਹੈ ਕਿ ਪੁਲਿਸ ਦੇ ਮੁਰਦਾਘਰ ਵਿੱਚ ਹੀ ਇਹ ਕੰਮ ਹੋ ਜਾਵੇ।"

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਦੁਬਈ ਪੁਲਿਸ ਨੇ ਸ਼੍ਰੀਦੇਵੀ ਦੀ ਮੌਤ ਦੀ ਵਜ੍ਹਾ ਦੀ ਇੱਕ ਨਵੀਂ ਜਾਣਕਾਰੀ ਦਿੱਤੀ ਸੀ।

ਦੁਬਈ ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਐਨਾਲਿਸਸ ਤੋਂ ਪਤਾ ਚਲਦਾ ਹੈ ਕਿ ਸ਼੍ਰੀਦੇਵੀ ਦੀ ਮੌਤ ਹੋਟਲ ਦੇ ਕਮਰੇ ਦੇ ਬਾਥ ਟੱਬ ਵਿੱਚ ਡੁੱਬਣ ਕਾਰਨ ਹੋਈ ਸੀ।

ਸੰਯੁਕਤ ਅਰਬ ਅਮੀਰਾਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਸਰਟੀਫਿਕੇਟ ਵਿੱਚ ਉਨ੍ਹਾਂ ਦੀ ਮੌਤ ਦੀ ਵਜ੍ਹਾ 'ਹਾਦਸੇ ਵਜੋਂ ਡੁੱਬਣਾ' ਦੱਸਿਆ ਗਿਆ ਹੈ।

ਤਸਵੀਰ ਸਰੋਤ, Twitter

ਇਸ ਤੋਂ ਪਹਿਲਾਂ ਕਾਰਡੀਅਕ ਅਰੈਸਟ ਨੂੰ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਸੀ।

ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ 24 ਫ਼ਰਵਰੀ ਦੀ ਰਾਤ ਨੂੰ ਦੁਬਈ ਵਿੱਚ ਮੌਤ ਹੋ ਗਈ ਸੀ।

ਉਹ ਆਪਣੇ ਪਰਿਵਾਰ ਨਾਲ ਆਪਣੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਗਏ ਸੀ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)