ਪਿਸਤੌਲ ਵੇਚਣ ਦੇ ਇਲਜ਼ਾਮ, 2 'ਪੁਜਾਰੀ' ਗ੍ਰਿਫ਼ਤਾਰ

  • ਸੁਖਚਰਨ ਪ੍ਰੀਤ
  • ਬੀਬੀਸੀ ਪੰਜਾਬੀ ਦੇ ਲਈ
ਸੰਗਰੂਰ ਵਿੱਚ 2 ਪੁਜਾਰੀ ਗ੍ਰਿਫ਼ਤਾਰ

ਤਸਵੀਰ ਸਰੋਤ, Sukhcharan preet/bbc

ਸੰਗਰੂਰ ਪੁਲਿਸ ਵੱਲੋਂ ਜ਼ਿਲ੍ਹੇ ਦੇ ਮੰਦਰਾਂ ਦੇ 2 ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸਲਾ ਵੇਚਣ ਦੇ ਇਲਜ਼ਾਮਾਂ ਤਹਿਤ ਦੋਵਾਂ ਪੁਜਾਰੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਪੁਜਾਰੀਆਂ ਕੋਲੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਦੋਵੇਂ ਪੁਜਾਰੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਥੁਰਾ ਦੇ ਰਹਿਣ ਵਾਲੇ ਹਨ।

ਪੁਲਿਸ ਅਨੁਸਾਰ ਉਨ੍ਹਾਂ ਨੇ ਹੁਣ ਤੱਕ ਸੰਗਰੂਰ ਵਿੱਚ 6 ਪਿਸਤੌਲ ਵੇਚੇ ਹਨ।

ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਪਿਸੌਤਲ ਖਰੀਦਣ ਵਾਲੇ ਇੱਕ ਗਾਹਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਦੋਵੇਂ ਪੁਜਾਰੀ ਮਥੁਰਾ ਦੇ ਰਹਿਣ ਵਾਲੇ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਪੁਜਾਰੀ ਭਗਵਾਨ ਦਾਸ ਉਰਫ਼ ਕਰਨ ਨਾਮੀ ਸ਼ਖ਼ਸ ਪਿੰਡ ਸੇਹੀ ਜ਼ਿਲ੍ਹਾ ਮਥੁਰਾ ਦਾ ਰਹਿਣ ਵਾਲਾ ਹੈ ਅਤੇ ਸੁਨਾਮ ਦੇ ਇੱਕ ਮੰਦਰ ਵਿੱਚ ਪੁਜਾਰੀ ਹੈ।

ਤਸਵੀਰ ਸਰੋਤ, Sukhcharan preet/bbc

ਦੂਜਾ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਲੇਖਰਾਜ ਹੈ ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਡਿਆਲ ਦੇ ਸ਼ਿਵ ਮੰਦਰ ਵਿੱਚ ਪੁਜਾਰੀ ਦਾ ਕੰਮ ਕਰਦਾ ਸੀ। ਲੇਖਰਾਜ ਯੂਪੀ ਦੇ ਜ਼ਿਲ੍ਹਾ ਮਥੁਰਾ ਦੇ ਪਿੰਡ ਸਹਾਰ ਦਾ ਰਹਿਣ ਵਾਲਾ ਹੈ।

ਤੀਜਾ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਅਵਤਾਰ ਸਿੰਘ ਖਡਿਆਲ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸ 'ਤੇ ਭਗਵਾਨ ਦਾਸ ਨਾਮੀਂ ਪੁਜਾਰੀ ਤੋਂ ਇਕ ਬਾਰਾਂ ਬੋਰ ਦੇਸੀ ਕੱਟਾ ਅਤੇ ਦਸ ਬਾਰਾਂ ਬੋਰ ਦੇ ਕਾਰਤੂਸ ਖਰੀਦਣ ਦੇ ਇਲਜ਼ਾਮ ਸਨ।

ਪੁਲਿਸ ਅਨੁਸਾਰ ਬੀਤੀ 26 ਫਰਵਰੀ ਨੂੰ ਪੁਲਿਸ ਵੱਲੋਂ ਜ਼ਿਲ੍ਹੇ ਦੇ ਪਿੰਡ ਕਾਕੂਵਾਲ ਵਿੱਚ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਹੀ ਭਗਵਾਨ ਦਾਸ ਅਤੇ ਲੇਖਰਾਜ ਨੂੰ ਇਕ 32 ਬੋਰ ਪਿਸਤੌਲ,ਇੱਕ ਬਾਰਾਂ ਬੋਰ ਪਿਸਤੌਲ ਅਤੇ ਇੱਕ ਜਾਅਲੀ ਨੰਬਰ ਵਾਲੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਤਸਵੀਰ ਸਰੋਤ, Sukhcharan preet/bbc

ਇਨ੍ਹਾਂ ਦੋਹਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਹੀ ਅਵਤਾਰ ਸਿੰਘ ਨਾਮੀਂ ਤੀਜੇ ਮੁਲਜ਼ਮ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਜਾਰੀ ਭਗਵਾਨ ਦਾਸ ਅਤੇ ਲੇਖਰਾਜ ਨਾਮੀਂ ਦੋਵੇਂ ਪੁਜਾਰੀ ਸਾਲ 2007 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਆਏ ਸਨ। ਉਦੋਂ ਤੋਂ ਇਹ ਜ਼ਿਲ੍ਹੇ ਦੇ ਵੱਖ-ਵੱਖ ਮੰਦਿਰਾਂ ਵਿੱਚ ਪੁਜਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ

ਪੁਲਿਸ ਮੁਤਾਬਕ ਮੁਲਜ਼ਮਾਂ ਵੱਲੋਂ ਅੱਠ ਨਾਜਾਇਜ਼ ਪਿਸਤੌਲ ਵੇਚੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਬਰਾਮਦ ਕੀਤੇ ਜਾ ਚੁੱਕੇ ਹਨ।

ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਅਨੁਸਾਰ, "ਭਗਵਾਨ ਦਾਸ ਖਿਲਾਫ਼ 2011 ਵਿੱਚ ਮਥੁਰਾ(ਯੂ.ਪੀ.) ਵਿੱਚ ਵੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।''

''ਇਸ ਤੋਂ ਇਲਾਵਾ ਸਾਲ 2009 ਵਿੱਚ ਭਗਵਾਨ ਦਾਸ ਖਿਲ਼ਾਫ ਹੀ ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਵਿੱਚ ਇੱਕ ਕੁੜੀ ਨੂੰ 'ਵਰਗਲਾ ਕੇ ਲਿਜਾਣ' ਦਾ ਕੇਸ ਦਰਜ ਕੀਤਾ ਗਿਆ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)